ਪ੍ਰਧਾਨ ਮੰਤਰੀ ਨੇ ਹਿੰਸਾ ਦੇ ਝੰਬੇ ਮਨੀਪੁਰ ਦਾ ਦੌਰਾ ਕਿਉਂ ਨਹੀਂ ਕੀਤਾ: ਆਰਥਰ
ਨਵੀਂ ਦਿੱਲੀ, 30 ਜੁਲਾਈ
ਕਾਂਗਰਸ ਦੇ ਆਊਟਰ ਮਨੀਪੁਰ ਤੋਂ ਸੰਸਦ ਮੈਂਬਰ ਐਲਫਰੈਡ ਆਰਥਰ ਨੇ ਅੱਜ ਲੋਕ ਸਭਾ ਵਿਚ ਕੇਂਦਰੀ ਬਜਟ ’ਤੇ ਬਹਿਸ ਦੌਰਾਨ ਆਪਣੀ ਜਜ਼ਬਾਤੀ ਤਕਰੀਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਕੀਤਾ ਕਿ ਉਨ੍ਹਾਂ ਹੁਣ ਤੱਕ ਹਿੰਸਾ ਦੇ ਝੰਬੇ ਸੂਬੇ ਦਾ ਦੌਰਾ ਕਿਉਂ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕੀ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਮਹਿਲਾਵਾਂ ਤੇ ਬੱਚਿਆਂ ਦੀਆਂ ਚੀਕਾਂ ਨਹੀਂ ਸੁਣਦੀਆਂ, ਜੋ ਵਾਪਸ ਆਪਣੇ ਘਰਾਂ ਨੂੰ ਨਹੀਂ ਜਾ ਸਕਦੇ? ਆਰਥਰ ਨੇ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ’ਤੇ ਜ਼ੋਰਦਾਰ ਹਮਲਾ ਕਰਦਿਆਂ ਸਵਾਲ ਕੀਤਾ ਕਿ ਕੇਂਦਰੀ ਮੰਤਰੀਆਂ ਨੇ 3 ਮਈ 2023 ਮਗਰੋਂ ਮਨੀਪੁਰ ਦਾ ਦੌਰਾ ਕਿਉਂ ਨਹੀਂ ਕੀਤਾ ਜਦੋਂਕਿ ਇਸ ਤੋਂ ਪਹਿਲਾਂ ਉਹ ਹਰ ਹਫ਼ਤੇ ਉੱਤਰ-ਪੂਰਬੀ ਰਾਜ ਦਾ ਦੌਰਾ ਕਰਦੇ ਸਨ। ਆਰਥਰ ਨੇ ਪ੍ਰਧਾਨ ਮੰਤਰੀ ਨੂੰ ਸਵਾਲ ਕੀਤਾ ਕਿ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਨੂੰ ਹੁਣ ਤੱਕ ਤਬਦੀਲ ਕਿਉਂ ਨਹੀਂ ਕੀਤਾ ਗਿਆ। ਉਨ੍ਹਾਂ ਹੈਰਾਨੀ ਜਤਾਈ ਕਿ ਸੂਬੇ ਵਿਚ ਅਮਨ ਸ਼ਾਂਤੀ ਲਿਆਉਣ ਲਈ ਇਕ ਵਿਅਕਤੀ ਨੂੰ ਹਟਾਉਣਾ ਕਿੰਨਾ ਕੁ ਮੁਸ਼ਕਲ ਹੈ। ਆਰਥਰ ਨੇ ਕਿਹਾ, ‘‘ਇਕ ਭਾਈਚਾਰਾ ਕਹਿ ਰਿਹਾ ਹੈ ਕਿ ਇਕ ਵਿਅਕਤੀ ਇਸ ਝਗੜੇ ਦੀ ਜੜ੍ਹ ਹੈ। ਤੁਹਾਡੇ ਕੋਲ ਮੁੱਖ ਮੰਤਰੀ ਤੋਂ ਇਲਾਵਾ 49 ਹੋਰ ਮੈਂਬਰ ਹਨ, ਜਿਨ੍ਹਾਂ ਨੂੰ ਮੁੱਖ ਮੰਤਰੀ ਦੀ ਥਾਂ ਲਾਇਆ ਜਾ ਸਕਦਾ ਹੈ। ਕੀ ਅਮਨ-ਸ਼ਾਂਤੀ ਲਈ ਕਿਸੇ ਇਕ ਵਿਅਕਤੀ ਨੂੰ ਤਬਦੀਲ ਕਰਨਾ ਇੰਨਾ ਮੁਸ਼ਕਲ ਹੈ? ਜੇ ਤੁਸੀਂ ਇਕ ਛੋਟੇ ਰਾਜ ਵਿਚ ਅਮਨ ਨਹੀਂ ਲਿਆ ਸਕਦੇ, ਤਾਂ ਫਿਰ ਇੰਨੇ ਵੱਡੇ ਦੇਸ਼ ਵਿਚ ਅਮਨ ਕਿਵੇਂ ਬਣਾ ਕੇ ਰੱਖੋਗੇ।’’
ਉਧਰ ਅਗਨੀਪਥ ਸਕੀਮ ਦੇ ਮੁੱਦੇ ’ਤੇ ਅੱਜ ਲੋਕ ਸਭਾ ਵਿਚ ਸਮਾਜਵਾਦੀ ਦੇ ਪ੍ਰਧਾਨ ਅਖਿਲੇਸ਼ ਯਾਦਵ ਤੇ ਭਾਜਪਾ ਦੇ ਅਨੁਰਾਗ ਠਾਕੁਰ ਮਿਹਣੋਂ-ਮਿਹਣੀ ਹੁੰਦੇ ਦਿਸੇ। ਕੇਂਦਰੀ ਬਜਟ ’ਤੇ ਚਰਚਾ ਦੌਰਾਨ ਯਾਦਵ ਨੇ ਦੋਸ਼ ਲਾਇਆ ਕਿ ਸਰਕਾਰ ਨੇ ‘ਅਗਨੀਪਥ’ ਸਕੀਮ ਦੇ ਪ੍ਰਚਾਰ ਪਾਸਾਰ ਲਈ ਸ਼ੁਰੂਆਤ ਵਿਚ ਪ੍ਰਮੁੱਖ ਸਨਅਤਕਾਰਾਂ ਕੋਲੋਂ ਟਵੀਟ ਕਰਵਾਏ ਗਏ। ਯਾਦਵ ਨੇ ਕਿਹਾ, ‘‘ਅਗਨੀਵੀਰ ਸਕੀਮ ਜਦੋਂ ਪਹਿਲੀ ਵਾਰ ਲਿਆਂਦੀ ਗਈ, ਉੱਘੇ ਸਨਅਤਕਾਰਾਂ ਤੋਂ ਟਵੀਟ ਕਰਵਾਏ ਗਏ ਕਿ ਇਸ ਤੋਂ ਬਿਹਤਰ ਯੋਜਨਾ ਨਹੀਂ ਹੋ ਸਕਦੀ ਤੇ ਉਹ ਅਗਨੀਵੀਰਾਂ ਨੂੰ ਨੌਕਰੀਆਂ ਦੀ ਪੇਸ਼ਕਸ਼ ਕਰਨਗੇ। ਸ਼ਾਇਦ ਸਰਕਾਰ ਨੂੰ ਵੀ ਇਸ ਦਾ ਚੇਤਾ ਹੋਵੇ ਕਿਉਂਕਿ ਇਸ ਨੇ ਮੰਨਿਆ ਸੀ ਕਿ ਸਕੀਮ ਸਹੀ ਨਹੀਂ ਹੈ, ਇਹੀ ਵਜ੍ਹਾ ਹੈ ਕਿ ਉਹ ਆਪਣੀਆਂ ਰਾਜ ਸਰਕਾਰਾਂ ਨੂੰ ਵਾਪਸ ਆਉਣ ਵਾਲੇ ਅਗਨੀਵੀਰਾਂ ਨੂੰ ਰਾਖਵਾਂਕਰਨ ਤੇ ਨੌਕਰੀਆਂ ਮੁਹੱਈਆ ਕਰਵਾਉਣ ਲਈ ਆਖ ਰਹੇ ਹਨ।’’ ਯਾਦਵ ਨੇ ਸੱਤਾਧਾਰੀ ਧਿਰ ਦੇ ਮੈਂਬਰਾਂ ਨੂੰ ਚੁਣੌਤੀ ਦਿੱਤੀ ਕਿ ਉਹ ਖੜ੍ਹੇ ਹੋ ਕੇ ਸਕੀਮ ਦੇ ਫਾਇਦੇ ਗਿਣਾਉਣ।
ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਅਗਨੀਪਥ ਸਕੀਮ ਦਾ ਬਚਾਅ ਕਰਦਿਆਂ ਆਪਣੇ ਜੱਦੀ ਸੂਬੇ ਹਿਮਾਚਲ ਪ੍ਰਦੇਸ਼ ਦੀ ਫੌਜ ਨਾਲ ਜੁੜੀ ਵਿਰਾਸਤ ਦਾ ਹਵਾਲਾ ਦਿੱਤਾ। ਠਾਕੁਰ ਨੇ ਕਿਹਾ, ‘‘ਮੈਂ ਹਿਮਾਚਲ ਪ੍ਰਦੇਸ਼ ’ਚੋਂ ਆਉਂਦਾ ਹੈ, ਜਿਸ ਨੇ ਪਹਿਲਾ ਪਰਮ ਵੀਰ ਚੱਕਰ ਐਵਾਰਡੀ ਸੋਮਨਾਥ ਸ਼ਰਮਾ ਦਿੱਤਾ, ਅਤੇ ਕਾਰਗਿਲ ਜੰਗ ਦੇ ਸਭ ਤੋਂ ਵੱਧ ਸ਼ਹੀਦ ਇਸੇ ਸੂਬੇ ’ਚੋਂ ਸਨ। ਹਾਂ, ਮੈਂ ਕਹਿੰਦਾ ਹਾਂ ਕਿ ‘ਇਕ ਰੈਂਕ ਇਕ ਪੈਨਸ਼ਨ’ ਦੀ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਨਰਿੰਦਰ ਮੋਦੀ ਸਰਕਾਰ ਵੱਲੋਂ ਪੂਰੀ ਕੀਤੀ ਗਈ। ਅਤੇ ਅਖਿਲੇਸ਼ ਜੀ ਮੈਂ ਸਾਫ਼ ਕਰ ਦਿਆਂ ਕਿ ਅਗਨੀਵੀਰ ਸਕੀਮ 100 ਫੀਸਦ ਰੁਜ਼ਗਾਰ ਦੀ ਗਾਰੰਟੀ ਹੈ।’’ ਇਸ ’ਤੇ ਯਾਦਵ ਨੇ ਸਵਾਲ ਕੀਤਾ ਕਿ ਜੇ ਇਹ ਗੱਲ ਹੈ ਤੇ ਜੇ ਸਕੀਮ ਇੰਨੀ ਹੀ ਅਸਰਦਾਰ ਹੈ, ਤਾਂ ਫਿਰ ਸਰਕਾਰ ਨੂੰ ਯੂਪੀ ਤੇ ਹੋਰਨਾਂ ਰਾਜਾਂ ਵਿਚ ਅਗਨੀਵੀਰਾਂ ਨੂੰ 10 ਫੀਸਦ ਕੋਟਾ ਦੇਣ ਦੀ ਲੋੜ ਕਿਉਂ ਮਹਿਸੂਸ ਹੋਈ। ਯਾਦਵ ਨੇ ਕਿਹਾ ਕਿ ਉਹ ਖੁ਼ਦ ਮਿਲਟਰੀ ਸਕੂਲ ਤੋਂ ਪੜ੍ਹੇ ਹਨ। ਉਨ੍ਹਾਂ ਠਾਕੁਰ ਵੱਲੋਂ ਪਰਮਵੀਰ ਚੱਕਰ ਨੂੰ ਲੈ ਕੇ ਕੀਤੇ ਦਾਅਵਿਆਂ ਦੇ ਹਵਾਲੇ ਨਾਲ ਕਿਹਾ ਕਿ ਯੂਪੀ ਨਾਲ ਸਬੰਧਤ ਫੌਜੀਆਂ ਨੇ ਵੀ ਦੇਸ਼ ਲਈ ਸ਼ਹੀਦੀਆਂ ਦਿੱਤੀਆਂ ਹਨ। -ਪੀਟੀਆਈ