ਫ਼ੌਜੀ ਜੀਵਨ ਮੇਰੀ ਲਿਖਤ ਦਾ ਆਧਾਰ ਕਿਉਂ ਹੈ?
ਜਸਬੀਰ ਭੁੱਲਰ
ਮੇਰੇ ਲਈ ਸਿਰਜਣਾ ਦੀ ਪੌਣ ਮੁੱਢੋਂ-ਸੁੱਢੋਂ ਹੀ ਵਗਣ ਲੱਗ ਪਈ ਸੀ। 1966 ਵਿਚ ਫ਼ੌਜ ਮੇਰਾ ਕਿੱਤਾ ਹੋ ਗਿਆ ਸੀ। ਮੈਂ ਹਰੀ ਵਰਦੀ ਪਹਿਨ ਲਈ ਸੀ। ਉਹ ਵਰਦੀ ਸੋਚ ਉੱਤੇ ਵੀ ਸੀ ਤੇ ਜਿਸਮ ਉੱਤੇ ਵੀ। ਕੋਈ ਵੀ ਫ਼ੌਜੀ ਆਪਣਾ ਨਹੀਂ ਸੀ, ਫ਼ੌਜ ਦਾ ਸੀ। ਲਿਖਣ-ਪੜ੍ਹਨ ਉੱਤੇ ਬੰਦਸ਼ਾਂ ਆਇਦ ਹੁੰਦੀਆਂ ਸਨ। ਮੈਨੂੰ ਫ਼ੌਜ ਚੇਤੇ ਰਹਿ ਗਈ ਸੀ ਤੇ ਕਈ ਵਰ੍ਹਿਆਂ ਤੱਕ ਲਿਖਣਾ ਭੁੱਲ ਗਿਆ ਸੀ। ਮੈਂ ਬੇਚੈਨ ਹੋ ਗਿਆ ਸਾਂ, ਪ੍ਰੇਸ਼ਾਨ ਰਹਿਣ ਲੱਗ ਪਿਆ ਸਾਂ, ਖਿਝਣ ਲੱਗ ਪਿਆ ਸਾਂ। ਮੈਂ ਸਾਹਿਤਕ ਮਾਹੌਲ ਵਿਚ ਵਿਚਰਨਾ ਚਾਹੁੰਦਾ ਸਾਂ। ਜਦੋਂ ਫੀਲਡ ਮਾਰਸ਼ਲ ਮਾਣਕਸ਼ਾਅ ਫ਼ੌਜ ਦੇ ਮੁਖੀ ਬਣੇ ਤਾਂ ਉਨ੍ਹਾਂ ਇਕ ਆਰਮੀ ਆਰਡਰ ਰਾਹੀਂ ਹੁਕਮਾਂ ਦੀ ਤਰਮੀਮ ਕਰ ਦਿੱਤੀ। ਪਿਛਲੀਆਂ ਬੰਦਸ਼ਾਂ ਨੂੰ ਥੋੜ੍ਹੀ ਜਿਹੀ ਢਿੱਲ ਮਿਲੀ, ਪਰ ਲਿਖਣ ਦੀ ਪੂਰਨ ਆਜ਼ਾਦੀ ਫੇਰ ਵੀ ਨਹੀਂ ਸੀ।
ਮੈਂ ਲਿਖਣ ਦੀ ਜ਼ਿਦ ਫੜੀ ਹੋਈ ਸੀ। ਸੁਖ਼ਨ-ਭੋਇੰ ਨੇ ਰੰਗ ਵਟਾ ਲਿਆ ਸੀ। ਉਹ ਪਹਿਲਾਂ ਵਾਂਗੂੰ ਨਹੀਂ ਸੀ, ਹਰੇ ਰੰਗ ਦੀ ਹੋ ਗਈ ਸੀ। ਹੁਣ ਮੈਂ ਆਪਣੀਆਂ ਕਹਾਣੀਆਂ ਇਸੇ ਮਿੱਟੀ ਵਿਚੋਂ ਲੱਭਣੀਆਂ ਸਨ। ‘ਤੰਬੋਲਾ’ ਫ਼ੌਜੀ ਜੀਵਨ ਦੀ ਪਹਿਲੀ ਕਹਾਣੀ ਸੀ ਜਿਹੜੀ ਮੈਂ ਸੈਨਿਕ ਹੋਣ ਪਿੱਛੋਂ ਲਿਖੀ। ਇਹ ਵਿਸ਼ਾ ਨਵਾਂ ਸੀ ਤੇ ਅਲੋਕਾਰ ਵੀ। ਮੈਂ ਉਸ ਜੀਵਨ ਦਾ ਹਿੱਸਾ ਸਾਂ। ਰਸਾਈ ਸਦਕਾ ਮੈਂ ਉਨ੍ਹਾਂ ਦੇ ਦਰਦ ਦੀ ਟਸ ਟਸ ਮਹਿਸੂਸ ਕਰਦਾ ਸਾਂ। ਮੈਂ ਉਸ ਜਿਊਣ ਦੇ ਹਰ ਛਿਣ ਨੂੰ ਕਲਮਬੰਦ ਕਰ ਲੈਣਾ ਚਾਹੁੰਦਾ ਸਾਂ।
ਮੈਂ ਆਪਣੇ ਦੁਆਲੇ ਦਾ ਸੱਚ ਲਿਖਣ ਵੱਲ ਰੁਚਿਤ ਹੋਇਆ ਸਾਂ। ਮੇਰੇ ਤੋਂ ਪਹਿਲਾਂ ਜੇ ਕਿਸੇ ਲੇਖਕ ਦੀ ਫ਼ੌਜੀ ਜੀਵਨ ਤੱਕ ਪਹੁੰਚ ਹੈ ਵੀ ਸੀ ਤਾਂ ਉਸ ਨੇ ਸੈਨਿਕ ਜੀਵਨ ਦੇ ਯਥਾਰਥ ਦੀ ਪੇਸ਼ਕਾਰੀ ਤੋਂ ਗੁਰੇਜ਼ ਕੀਤਾ ਸੀ।
* * *
ਜੰਮੂ-ਕਸ਼ਮੀਰ ਦੀ ਪੋਸਟਿੰਗ ਵੇਲੇ ਮੇਰੀ ਯੂਨਿਟ ਇਕ ਪਹਾੜ ਉੱਤੇ ਸੀ। ਉੱਥੇ ਸੱਪ ਬਹੁਤ ਸਨ। ਉੱਥੇ ਬਿਜਲੀ ਨਹੀਂ ਸੀ। ਤੌਖ਼ਲਾ ਬਣਿਆ ਰਹਿੰਦਾ ਸੀ ਕਿ ਤੀਲ੍ਹਾਂ ਵਾਲੀ ਡੱਬੀ ਲਈ ਹੱਥ ਮਾਰਦਿਆਂ ਕਿਧਰੇ ਸੱਪ ਨੂੰ ਹੀ ਹੱਥ ਨਾ ਪੈ ਜਾਵੇ।
ਤੌਖ਼ਲੇ ਭਰੀਆਂ ਰਾਤਾਂ ਦਾ ਇਕ ਬੜਾ ਸੁਖ ਸੀ। ਮੈਂ ਲਿਖਣ-ਪੜ੍ਹਨ ਦਾ ਕੰਮ ਲਾਲਟੈਣ ਦੀ ਰੌਸ਼ਨੀ ਵਿਚ ਕਰਦਾ ਸੀ। ਇਹ ਮਜਬੂਰੀ ਵੀ ਸੀ ਤੇ ਵਿਲੱਖਣ ਅਨੁਭਵ ਵੀ। ਮੱਧਮ ਰੌਸ਼ਨੀ ਵਿਚ ਬੈਠ ਕੇ ਲਿਖਣ ਵੇਲੇ ਮੇਰੇ ਚੁਫ਼ੇਰੇ ਹਨੇਰੇ ਦਾ ਤਿਰਵਰਾ ਜਿਹਾ ਤੈਰਦਾ ਰਹਿੰਦਾ ਸੀ। ਉਸ ਵੇਲੇ ਮੇਰੇ ਪਾਤਰ ਹੌਲੀ ਹੌਲੀ ਸਰਕਦੇ ਹੋਏ ਮੇਰੇ ਕੋਲ ਆ ਜਾਂਦੇ ਸਨ। ਉਦੋਂ ਉਹ ਬੇਗਾਨੇ ਨਹੀਂ ਸਨ ਰਹਿ ਜਾਂਦੇ। ਉਨ੍ਹਾਂ ਨੂੰ ਚਿਤਰਨਾ ਮੇਰੇ ਲਈ ਆਸਾਨ ਹੋ ਜਾਂਦਾ ਸੀ। ਹੁਣ ਵੀ ਮੈਨੂੰ ਲਿਖਣ ਲਈ ਰਾਤ ਦਾ ਵੇਲਾ ਵਧੇਰੇ ਜ਼ਰਖ਼ੇਜ਼ ਲੱਗਦਾ ਹੈ। ਰਾਤ ਵਿਚ ਇਕਾਂਤ ਤਾਂ ਆਪਣੇ ਆਪ ਹੀ ਸ਼ਾਮਲ ਹੋ ਜਾਂਦੀ ਹੈ। ਜੇ ਦਿਨ ਵੇਲੇ ਲਿਖਣਾ ਹੋਵੇ ਤਾਂ ਕਮਰੇ ਦੇ ਪਰਦੇ ਤਾਣ ਕੇ ਹਨੇਰਾ ਕਰ ਲੈਂਦਾ ਹਾਂ। ਥੋੜ੍ਹਾ-ਥੋੜ੍ਹਾ ਹਨੇਰਾ ਰਹੇ ਤਾਂ ਪਾਤਰ ਮੈਨੂੰ ਆਪਣੇ ਕਰੀਬ ਬੈਠੇ ਲੱਗਦੇ ਨੇ।
* * *
ਉਹ ਵੇਲਾ ਪੰਜਾਬ ਦਾ ਕਾਲਾ ਵੇਲਾ ਸੀ। ਆਮ ਲੋਕ ਸੰਤਾਪ ਦੀ ਜੂਨ ਵਿਚ ਸਨ। ਅਤਿਵਾਦ ਪੰਜਾਬ ਨੂੰ ਲਹੂ-ਲੁਹਾਣ ਕਰ ਰਿਹਾ ਸੀ। ਬੇਕਸੂਰ ਲੋਕ ਬੇਵਜ੍ਹਾ ਮਾਰੇ ਜਾ ਰਹੇ ਸਨ। ਚਗਲੀ ਹੋਈ ਸਿਆਸਤ ਲੋਕਾਂ ਦੀ ਜਾਨ ਦਾ ਖੌਅ ਬਣ ਗਈ ਸੀ ਅਤੇ ਅਤਿਵਾਦੀਆਂ ਨੂੰ ਜਨਮ ਦੇ ਰਹੀ ਸੀ। ਅਖ਼ਬਾਰਾਂ ਉੱਤੇ ਸੈਂਸਰ ਲਾਗੂ ਸੀ। ਪ੍ਰਗਟਾਵੇ ਉੱਤੇ ਰੋਕ ਨੇ ਲੇਖਕਾਂ ਲਈ ਪ੍ਰਤੀਕਾਂ ਨੂੰ ਜਨਮ ਦਿੱਤਾ ਸੀ।
ਪ੍ਰਤੀਕਾਂ ਵਿਚ ਲਿਖੀ ਕਹਾਣੀ ‘ਅਲੀਬਾਬਾ ਤੇ ਪਾਗ਼ਲ ਹਵਾ’ 1984 ਕੇ ਕਤਲੇਆਮ ਬਾਰੇ ਸੀ ਅਤੇ ‘ਬੁੱਢੀ ਲੂੰਬੜੀ ਤੇ ਜੰਗਲੀ ਘੋੜੇ’ ਅਪਰੇਸ਼ਨ ‘ਬਲੂ ਸਟਾਰ’ ਨੂੰ ਰੂਪਮਾਨ ਕਰਦੀ ਸੀ। ਕਹਾਣੀ ਉਦੋਂ ਹੀ ਬਣਦੀ ਹੈ ਜਦੋਂ ਪ੍ਰਤੀਕਾਂ ਦੇ ਅਰਥ ਸਪੱਸ਼ਟ ਹੋ ਜਾਣ। ਕਦੀ ਮੈਂ ਪ੍ਰਤੀਕਾਂ ਨੂੰ ਨਾਲ ਲੈ ਕੇ ਤੁਰ ਪੈਂਦਾ ਹਾਂ ਤੇ ਕਦੀ ਪ੍ਰਤੀਕਾਂ ਨੂੰ ਬਿਠਾ ਕੇ ਨਿਰੋਲ ਅਰਥਾਂ ਦੀ ਉਂਗਲ ਫੜ ਲੈਂਦਾ ਹਾਂ। ਇਸ ਤਰ੍ਹਾਂ ਕਹਾਣੀ ਦੀ ਸਪੱਸ਼ਟਤਾ ਬਣੀ ਰਹਿੰਦੀ ਹੈ। ਪ੍ਰਤੀਕਾਂ ਦੇ ਬਾਵਜੂਦ ਮੇਰੀ ਕਹਾਣੀ ਹਵਾ ਵਿਚ ਨਹੀਂ ਤੁਰਦੀ। ਜ਼ਮੀਨ ਉੱਤੇ ਸਾਵੇਂ ਕਦਮ ਰੱਖ ਕੇ ਤੁਰਦੀ ਹੈ।
‘ਅਲੀਬਾਬਾ ਤੇ ਪਾਗ਼ਲ ਹਵਾ’ ਕਹਾਣੀ ਵਿਚ ਮੈਂ ਯਥਾਰਥ ਅਤੇ ਗਲਪ ਦੇ ਸਬੰਧ ਨੂੰ ‘ਅਲਫ਼ ਲੈਲਾ’ ਦੇ ਮਾਹੌਲ ਨਾਲ ਜੋੜ ਕੇ ਕਹਾਣੀ ਦਾ ਰੂਪ ਦਿੱਤਾ ਸੀ। ‘ਬੁੱਢੀ ਲੂੰਬੜੀ ਤੇ ਜੰਗਲੀ ਘੋੜੇ’ ਕਹਾਣੀ ਵਿਚ ਮੈਂ ਪੰਚਤੰਤਰ ਦੀ ਕਥਾ ਜੁਗਤ ਨੂੰ ਪ੍ਰਤੀਕਾਤਮਕ ਤੌਰ ਉੱਤੇ ਵਰਤਿਆ ਸੀ।
ਮੈਂ ਨਹੀਂ ਸਾਂ ਚਾਹੁੰਦਾ ਕਿ ‘ਅਲੀਬਾਬਾ ਤੇ ਪਾਗ਼ਲ ਹਵਾ’ ਜਾਂਂ ‘ਬੱਢੀ ਲੂੰਬੜੀ ਤੇ ਜੰਗਲੀ ਘੋੜੇ’ ਦੇ ਅਰਥ ਸੀਮਤ ਹੋ ਜਾਣ। ਮੈਂ ਚਾਹੁੰਦਾ ਸਾਂ, ਕਿਸੇ ਹੋਰ ਵੇਲੇ ਮੁਲਕ ਦੇ ਕਿਸੇ ਹੋਰ ਥਾਂ, ਕੋਈ ਹੋਰ ਲੋਕ ਮਨੁੱਖੀ ਪਾਗ਼ਲਪਣ ਤੇ ਵਹਿਸ਼ਤ ਦਾ ਸ਼ਿਕਾਰ ਹੋ ਜਾਣ ਤਾਂ ਉਨ੍ਹਾਂ ਸਥਿਤੀਆਂ ਵਿਚ ਵੀ ਇਨ੍ਹਾਂ ਕਹਾਣੀਆਂ ਦੀ ਸਾਰਥਿਕਤਾ ਬਣੀ ਰਹੇ। ਕਹਾਣੀਆਂ ਦੇ ਅਰਥ ਉਦੋਂ ਵੀ ਬਰਕਰਾਰ ਰਹਿਣ। ਅਲੀਬਾਬੇ ਦੀ ਹੋਣੀ ਤੇ ਕੁਰਸੀਆਂ ਦੀ ਆਦਮਖੋਰ ਬਿਰਤੀ ਬਦਲਣ ਵਾਲੀ ਤਾਂ ਦਿਸਦੀ ਨਹੀਂ।
ਪ੍ਰਤੀਕਾਂ ਨੇ ਇਨ੍ਹਾਂ ਕਹਾਣੀਆਂ ਨੂੰ ਉਮਰ ਦਿੱਤੀ ਹੈ ਤੇ ਅਰਥਾਂ ਦਾ ਵਿਸਥਾਰ ਵੀ। ਮੇਰੀਆਂ ਇਨ੍ਹਾਂ ਕਹਾਣੀਆਂ ਵਿਚ ਪ੍ਰਤੀਕ ਇਸ ਲਈ ਵੀ ਆਏ ਹਨ ਕਿ ਮੈਨੂੰ ਸੰਖੇਪਤਾ ਚਾਹੀਦੀ ਸੀ, ਕਹਾਣੀਆਂ ਦੇ ਵੇਲੇ ਦਾ ਵਿਸਥਾਰ ਤਾਂ ਸੈਂਕੜੇ ਸਫ਼ਿਆਂ ਦੀ ਮੰਗ ਕਰਦਾ ਸੀ।
* * *
1984 ਤੱਕ ਮੈਂ ਬਾਲਾਂ ਲਈ ਲਿਖਣ ਬਾਰੇ ਨਹੀਂ ਸੀ ਸੋਚਿਆ। ਮੇਰੇ ਦੋਵੇਂ ਬੱਚੇ, ਸੈਫੁੱਲ ਤੇ ਆਦਿਕਾ ਉਦੋਂ ਨਿੱਕੇ ਸਨ। ਸਬੱਬ ਇਹ ਬਣਿਆ ਕਿ ਸੈਫੁੱਲ ਬਿਮਾਰ ਹੋ ਗਿਆ। ਦਿਨ-ਰਾਤ ਬਿਸਤਰੇ ਵਿਚ ਪਿਆ ਰਹਿਣਾ ਉਹਦੇ ਲਈ ਬੜੀ ਵੱਡੀ ਬੋਰੀਅਤ ਸੀ। ਉਹਦਾ ਜੀਅ ਲਾਉਣ ਲਈ ਮੈਂ ਉਹਨੂੰ ਬਾਤਾਂ ਸੁਣਾਉਣ ਲੱਗ ਪਿਆ।
ਛੇਤੀ ਹੀ ਮੇਰੇ ਕੋਲੋਂ ਬਾਤਾਂ ਮੁੱਕ ਗਈਆਂ, ਪਰ ਕਹਾਣੀਆਂ ਸੁਣਨ ਦੀ ਉਹਦੀ ਜ਼ਿਦ ਨਹੀਂ ਮੁੱਕੀ। ਸੋਚਿਆ, ਕਿਉਂ ਨਾ ਖ਼ੁਦ ਹੀ ਉਹਨੂੰ ਕਹਾਣੀਆਂ ਬਣਾ ਕੇ ਸੁਣਾ ਦਿਆ ਕਰਾਂ। ਮੈਂ ਇਕ ਜੰਗਲ ਦੀ ਕਲਪਨਾ ਕਰ ਲਈ। ਉਸ ਜੰਗਲ ਦੇ ਵਿਚੋਂ ਦੀ ਇਕ ਨਦੀ ਲੰਘਦੀ ਸੀ। ਇਕ ਵਾਰ ਮੋਹਲੇਧਾਰ ਮੀਂਹ ਨਾਲ ਪਹਾੜ ਦੇ ਪੱਥਰ ਕੁਝ ਇਸ ਤਰ੍ਹਾਂ ਖਿਸਕੇ ਕਿ ਨਦੀ ਦੋ ਧਾਰਾਵਾਂ ਵਿਚ ਵੰਡੀ ਗਈ। ਨਦੀ ਦੀਆਂ ਉਹ ਦੋਵੇਂ ਧਾਰਾਵਾਂ ਕੁਝ ਮੀਲ ਅੱਗੇ ਜਾ ਕੇ ਮੁੜ ਇਕ ਹੋ ਗਈਆਂ। ਉਨ੍ਹਾਂ ਧਾਰਾਵਾਂ ਨੇ ਜੰਗਲ ਦਾ ਬਹੁਤ ਸਾਰਾ ਹਿੱਸਾ ਆਪਣੇ ਘੇਰੇ ਵਿਚ ਲੈ ਲਿਆ। ਚੁਫ਼ੇਰੇ ਪਾਣੀ ਹੋਣ ਕਾਰਨ ਜੰਗਲ ਦੇ ਉਸ ਟੁਕੜੇ ਨੂੰ ‘ਜੰਗਲ ਟਾਪੂ’ ਦਾ ਨਾਂ ਮਿਲ ਗਿਆ। ਉਸ ਜੰਗਲ ਵਿਚ ਮਾਸੂਮ ਜਿਹੇ ਜਾਨਵਰ ਰਹਿ ਗਏ ਸਨ। ਉਹ ਨਦੀ ਟੱਪ ਕੇ ਬਾਹਰਲੇ ਜੰਗਲ ਵਿਚ ਨਹੀਂ ਸਨ ਜਾ ਸਕਦੇ। ਜੰਗਲ ਟਾਪੂ ਦੇ ਉਨ੍ਹਾਂ ਜਨੌਰਾਂ ਦੇ ਮੇਲ ਅਤੇ ਟਕਰਾਅ ਨਾਲ ਕਹਾਣੀਆਂ ਘਟਨਾਵਾਂ ਦੇ ਰੂਪ ਵਿਚ ਪੈਦਾ ਹੋਣ ਲੱਗ ਪਈਆਂ। ਉਹ ਘਟਨਾਵਾਂ ਕਹਾਣੀਆਂ ਵਾਂਗੂ ਬਣਾ ਕੇ ਮੈਂ ਸੈਫੁੱਲ ਨੂੰ ਸੁਣਾਉਣ ਲੱਗ ਪਿਆ। ਬੇਟੇ ਨੂੰ ਜੰਗਲ ਟਾਪੂ ਦੀਆਂ ਕਹਾਣੀਆਂ ਸੁਣਾਉਂਦਿਆਂ ਮੈਂ ਉਹਦੀ ਉਤਸੁਕਤਾ ਵੀ ਵੇਖਦਾ ਸਾਂ ਤੇ ਉਪਰਾਮਤਾ ਵੀ। ਕਹਾਣੀ ਸੁਣਦਾ ਸੁਣਦਾ ਉਹ ਕਈ ਵਾਰ ਉਬਾਸੀ ਵੀ ਲੈ ਲੈਂਦਾ ਸੀ। ਕਈ ਵਾਰ ਉਹ ਸੌਂ ਵੀ ਜਾਂਦਾ ਸੀ। ਉਹਦਾ ਪ੍ਰਤੀਕਰਮ ਮੈਨੂੰ ਬਾਲ ਸਾਹਿਤ ਦੀ ਸਮਝ ਵੀ ਦੇ ਰਿਹਾ ਸੀ। ਅਗਲੇ ਦਿਨ ਸੁਣਾਉਣ ਵਾਲੀ ਕਹਾਣੀ ਕੁਝ ਬਿਹਤਰ ਹੋ ਜਾਂਦੀ ਸੀ।
ਇਸ ਗੱਲ ਦੀ ਸੋਝੀ ਮੈਨੂੰ ਉਦੋਂ ਹੀ ਹੋਈ ਸੀ ਕਿ ਇਕ ਲੇਖਕ ਵਜੋਂ ਬਾਲਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਵੱਲੋਂ ਕੁਤਾਹੀ ਕਰ ਰਿਹਾ ਸਾਂ।
* * *
ਮੇਰੀ ਆਖ਼ਰੀ ਪੋਸਟਿੰਗ ਸਿਆਚਨ ਗਲੇਸ਼ੀਅਰ ਖੇਤਰ ਦੀ ਸੀ। ਇਹ ਦੁਨੀਆਂ ਦਾ ਸਭ ਤੋਂ ਉੱਚਾ ਭਖੀ ਹੋਈ ਜੰਗ ਦਾ ਖੇਤਰ ਸੀ। ਉੱਥੇ ਨਿੱਤ ਮਰਦੇ ਸੈਨਿਕਾਂ ਦੀ ਖ਼ਬਰ ਕਦੀ ਕਿਸੇ ਅਖ਼ਬਾਰ ਵਿਚ ਨਹੀਂ ਸੀ ਛਪਦੀ।
ਗਾਰਡਜ਼ ਦੀ ਬਟਾਲੀਅਨ ਦੀ ਥਾਂ ਸਿੱਖ ਪਲਟਨ ਆ ਗਈ ਸੀ। ਉਨ੍ਹਾਂ ਦਾ ਕਮਾਨ ਅਫ਼ਸਰ ਕਰਨਲ ਰਣਜੀਤ ਮੇਰੇ ਕੋਲ ਆਇਆ। ਉਹਨੇ ਆਖਿਆ, ”ਤੇਰੀ ਪੰਜਾਬੀ ਚੰਗੀ ਹੈ। …ਮੇਰਾ ਇਕ ਜਵਾਨ ਬਰਫ਼ ਹੇਠ ਦੱਬ ਕੇ ਮਰ ਗਿਆ ਹੈ। ਉਹਦੇ ਘਰ ਵਾਲਿਆਂ ਨੂੰ ਇਸ ਹਾਦਸੇ ਬਾਰੇ ਦੱਸਣਾ ਹੈ। ਤੂੰ ਇਕ ਵਧੀਆ ਜਿਹੀ ਚਿੱਠੀ ਲਿਖ ਦੇ।”
ਕਰਨਲ ਰਣਜੀਤ ਨੂੰ ਮੈਂ ਅਫ਼ਸੋਸ ਦੀ ਉਹ ਚਿੱਠੀ ਲਿੱਖ ਕੇ ਦੇ ਦਿੱਤੀ। ਉਸ ਅਜਨਬੀ ਸੈਨਿਕ ਦੇ ਘਰ ਵਾਲਿਆਂ ਲਈ ਮੇਰੇ ਕੋਲ ਸ਼ਬਦਾਂ ਦੀ ਮਰ੍ਹਮ ਸੀ। ਮੈਂ ਚਿੱਠੀ ਵਿਚ ਉਸ ਸੈਨਿਕ ਦੀ ਫਰਜ਼ਸਨਾਸ਼ੀ ਅਤੇ ਅਗਲੇ ਮੋਰਚਿਆਂ ਵਿਚ ਦੁਸ਼ਮਣ ਸਾਹਵੇਂ ਹਿੱਕ ਤਾਣ ਕੇ ਖੜ੍ਹੇ ਰਹਿਣ ਦੀ ਗੱਲ ਵੀ ਸ਼ਾਮਲ ਕਰ ਦਿੱਤੀ ਸੀ। ਉਹਦੀ ਮੌਤ ਲਈ ਮੈਂ ਸ਼ਹਾਦਤ ਵਰਗਾ ਭੁਲੇਖਾ ਵੀ ਸਿਰਜ ਦਿੱਤਾ ਸੀ।
ਕੁਝ ਦਿਨਾਂ ਬਾਅਦ ਕਰਨਲ ਰਣਜੀਤ ਮੁੜ ਮੇਰੇ ਕੋਲ ਆਇਆ। ਉਸ ਆਖਿਆ ਕਿ ਜਿਹੜੀ ਚਿੱਠੀ ਮੈਂ ਉਹਦੇ ਉਸ ਸੈਨਿਕ ਬਾਰੇ ਲਿਖੀ ਸੀ, ਮਾਪਿਆਂ ਵੱਲੋਂ ਉਸ ਚਿੱਠੀ ਦਾ ਜੁਆਬ ਆਇਆ ਸੀ। ਤੇ ਮੈਂ ਉਸ ਜਵਾਬ ਦੇ ਜਵਾਬ ਵਿਚ ਇਕ ਚਿੱਠੀ ਹੋਰ ਲਿਖ ਦੇਵਾਂ।
ਮੈਂ ਉਹ ਚਿੱਠੀ ਕਰਨਲ ਰਣਜੀਤ ਦੇ ਹੱਥੋਂ ਲੈ ਕੇ ਪੜ੍ਹੀ। ਜਿਸ ਸੈਨਿਕ ਬਾਰੇ ਚਿੱਠੀ ਵਿਚ ਹਵਾਲਾ ਸੀ ਉਹ ਕੋਈ ਹੋਰ ਸੀ। ਮੈਂ ਉਹਦੇ ਲਈ ਚਿੱਠੀ ਨਹੀਂ ਸੀ ਲਿਖੀ। ਮੈਂ ਇਸ ਗੱਲ ਵੱਲ ਕਰਨਲ ਰਣਜੀਤ ਦਾ ਧਿਆਨ ਦਿਵਾਇਆ ਤਾਂ ਉਸ ਦੱਸਿਆ ਕਿ ਮੇਰੀ ਲਿਖੀ ਹੋਈ ਚਿੱਠੀ ਉਨ੍ਹਾਂ ਪਲਟਨ ਦੀ ਮਾਸਟਰ ਫਾਈਲ ਵਿਚ ਰੱਖ ਲਈ ਸੀ। ਸੈਨਿਕ ਬਰਫ਼ਾਂ ਵਿਚ ਨਿੱਤ ਮਰਦੇ ਸਨ। ਮੋਏ ਸੈਨਿਕਾਂ ਦੇ ਘਰੀਂ ਹਮਦਰਦੀ ਦੀਆਂ ਚਿੱਠੀਆਂ ਭੇਜਣ ਦਾ ਇਹ ਉਨ੍ਹਾਂ ਸੌਖਾ ਢੰਗ ਲੱਭ ਲਿਆ ਸੀ। ਕਿਸੇ ਨੂੰ ਦਿਮਾਗ਼ ਖਪਾਉਣ ਦੀ ਲੋੜ ਨਹੀਂ ਸੀ ਪੈਂਦੀ। ਯੂਨਿਟ ਦਾ ਕਲਰਕ ਮਾਸਟਰ ਫਾਈਲ ਵਾਲੀ ਉਸ ਚਿੱਠੀ ਵਿਚ ਨਾਂ, ਨੰਬਰ ਬਦਲ ਕੇ ਚਿੱਠੀ ਭੇਜ ਦਿੰਦਾ ਸੀ।
ਉੱਥੇ ਮੌਤ ਵੰਡਦੀਆਂ ਪੋਸਟਾਂ ਦੇ ਨਾਂ ਬਹੁਤ ਹੀ ਦਿਲਕਸ਼ ਸਨ। ਸਿੱਖ ਪਲਟਨ ਦੀ ਉਸ ਪੋਸਟ ਦਾ ਨਾਂ ਕਿਸੇ ਫੁੱਲ ਦੇ ਨਾਂ ਉੱਤੇ ਸੀ, ਗੁਲਾਬ, ਚੰਬੇਲੀ ਜਾਂ ਸ਼ਾਇਦ ਗੇਂਦਾ। ਪਰ ਉਸ ਪੋਸਟ ਦਾ ਸੁਭਾਅ ਫੁੱਲ ਵਰਗਾ ਨਹੀਂ ਸੀ। ਉੱਥੇ ਬਰਫ਼ ਵਿਚ ਬਣੇ ਹੋਏ ਮੋਰਚਿਆਂ ਲਈ ਮਿੱਟੀ ਨਹੀਂ ਸੀ, ਪਰ ਉਹ ਬਰਫ਼ ਮਿੱਟੀ ਤੋਂ ਵੱਧ ਸੁੱਕੀ ਹੋਈ ਸੀ ਕਿਉਂਕਿ ਤਾਪਮਾਨ ਹਮੇਸ਼ਾ ਮਨਫ਼ੀ ਵਿਚ ਹੁੰਦਾ ਸੀ। ਕਈ ਵਾਰ ਤਾਂ ਮਨਫ਼ੀ 50 ਡਿਗਰੀ ਸੈਲਸੀਅਸ ਤਕ ਵੀ ਪਹੁੰਚ ਜਾਂਦਾ ਸੀ। ਗਲੇਸ਼ੀਅਰ ਦੇ ਚਾਰ-ਪੰਜ ਹਜ਼ਾਰ ਫੁੱਟ ਹੇਠਾਂ ਤਕ ਵੀ ਜ਼ਮੀਨ ਨਹੀਂ ਸੀ। ਫੁੱਲ ਦੇ ਨਾਂ ਵਾਲੀ ਉਸ ਪੋਸਟ ਦੇ ਮੋਰਚਿਆਂ ਉੱਤੇ ਬਰਫ਼ ਦਾ ਪਹਾੜ ਝੁਕਿਆ ਹੋਇਆ ਸੀ। ਉਹ ਪਹਾੜ ਸਾਲ ਵਿਚ ਇਕ-ਦੋ ਵਾਰ ਆਪਣੇ ਹੀ ਭਾਰ ਨਾਲ ਟੁੱਟ ਜਾਂਦਾ ਸੀ। ਉਹ ਬਰਫ਼ ਮੋਰਚਿਆਂ ਨੂੰ ਆਪਣੇ ਹੇਠ ਦੱਬ ਲੈਂਦੀ ਸੀ। ਸੈਨਿਕ ਉਸ ਬਰਫ਼ ਵਿਚ ਦਫ਼ਨ ਹੋ ਜਾਂਦੇ ਸਨ। ਕਰਨਲ ਬੋਪਾਰਾਏ ਦੇ ਵੇਲੇ ਵੀ ਐਵਲਾਂਚ ਨਾਲ ਉਸ ਪੋਸਟ ਦਾ ਨਾਮੋਨਿਸ਼ਾਨ ਮਿਟ ਗਿਆ ਸੀ। ਉਦੋਂ ਵੀ ਉਹ ਪੋਸਟ ਨਵੇਂ ਸਿਰਿਓਂ ਹੋਂਦ ਵਿਚ ਆਈ ਸੀ। ਬਰਫ਼ ਵਿਚ ਨਵੇਂ ਮੋਰਚੇ ਬਣੇ ਸਨ ਤੇ ਮੌਤ ਦੇ ਉਨ੍ਹਾਂ ਬੰਕਰਾਂ ਵਿਚ ਨਵੇਂ ਸਿਪਾਹੀ ਤਾਇਨਾਤ ਹੋ ਗਏ ਸਨ।
ਉਹ ਹਾਦਸਾ ਮੁੜ ਵਾਪਰ ਗਿਆ ਸੀ। ਮੈਂ ਤਾਬੜਤੋੜ ਜਾ ਕੇ ਕਰਨਲ ਰਣਜੀਤ ਨੂੰ ਮਿਲਿਆ। ਉਹ ਨਿਮੋਝੂਣਾ ਹੋਇਆ ਬੈਠਾ ਸੀ, ਬੋਲਿਆ, ”ਮੇਰੀ ਤਾਂ ਕਿਸਮਤ ਹੀ ਖ਼ਰਾਬ ਹੈ। ਪ੍ਰੋਮੋਸ਼ਨ ਲਈ ਰਿਪੋਰਟ ਦਾ ਵੇਲਾ ਆਇਆ ਹੈ ਤਾਂ ਪੋਸਟਿੰਗ ਇੱਥੋਂ ਦੀ ਹੋ ਗਈ ਹੈ। …ਤੇ ਹੁਣ ਕਮਾਂਡਰ ਨੇ ਹੁਕਮ ਚਾੜ੍ਹ ਦਿੱਤਾ ਹੈ ਕਿ ਬਰਫ਼ ਹੇਠ ਦੱਬੇ ਗਏ ਜਵਾਨਾਂ ਦੀਆਂ ਲਾਸ਼ਾਂ ਲੱਭੀਆਂ ਜਾਣ। …ਨਿੱਘੇ ਦਫ਼ਤਰ ਵਿਚ ਬੈਠ ਕੇ ਹੁਕਮ ਦਾਗਣਾ ਕਿੰਨਾ ਸੌਖਾ ਹੁੰਦੈ। ਕੀ ਪਤੈ ਐਵਲਾਂਚ ਲਾਸ਼ਾਂ ਨੂੰ ਧੂਹ ਕੇ ਕਿੱਥੋਂ ਤਕ ਲੈ ਗਿਆ ਹੋਵੇ।”
ਇਹੋ ਸਮੱਸਿਆ ਕਰਨਲ ਬੋਪਾਰਾਏ ਨੂੰ ਵੀ ਪੇਸ਼ ਆਈ ਸੀ ਤੇ ਉਨ੍ਹਾਂ ਲਾਸ਼ਾਂ ਨੂੰ ਲੱਭਣ ਦਾ ਇਕ ਤਰੀਕਾ ਲੱਭ ਲਿਆ ਸੀ। ਗਲੇਸ਼ੀਅਰ ਉੱਤੇ ਤਾਂ ਨਿੱਤ ਨਵੀਂ ਬਰਫ਼ ਵਰ੍ਹਦੀ ਸੀ। ਉਤਲੀ ਬਰਫ਼ ਦੇ ਬੋਝ ਨਾਲ ਪਹਿਲੀ ਬਰਫ਼ ਹੇਠਾਂ ਸਰਕਦੀ ਸੀ। ਹੇਠਲੀ ਉਚਾਈ ਉੱਤੇ ਆ ਕੇ ਉਹ ਬਰਫ਼ ਹੌਲੀ ਹੌਲੀ ਪਿਘਲਣ ਲੱਗ ਪੈਂਦੀ ਸੀ ਤੇ ਬਰਫ਼ ਨਾਲ ਹੇਠਾਂ ਤਕ ਆਈਆਂ ਲਾਸ਼ਾਂ ਪਾਕਿਸਤਾਨ ਵੱਲ ਰੁੜ੍ਹ ਜਾਂਦੀਆਂ ਸਨ। ਲੜਾਈ ਦੌਰਾਨ ਫ਼ੌਜੀ ਟਰੱਕਾਂ ਨੂੰ ਦੁਸ਼ਮਣ ਦੇ ਜਹਾਜ਼ਾਂ ਦੀ ਨਜ਼ਰ ਤੋਂ ਬਚਾਉਣ ਲਈ ਵੱਡੇ ਵੱਡੇ ਜਾਲਾਂ ਦੀ ਵਰਤੋਂ ਕੀਤੀ ਜਾਂਦੀ ਸੀ। ਉਨ੍ਹਾਂ ਜਾਲਾਂ ਹੇਠ ਟਰੱਕ ਲੁਕਾਅ ਦਿੱਤੇ ਜਾਂਦੇ ਸਨ। ਇਸ ਖਿੱਤੇ ਵਿਚ ਉਹ ਜਾਲ ਕੰਮ ਨਹੀਂ ਸਨ ਆਉਂਦੇ। ਉਹ ਥਾਂ ਜਿੱਥੇ ਬਰਫ਼ ਪਾਣੀ ਹੋ ਕੇ ਵਗਦੀ ਸੀ, ਗਾਰਡਜ਼ ਵਾਲਿਆਂ ਨੇ ਉੱਥੇ ਉਹ ਜਾਲ ਤਾਣ ਦਿੱਤੇ ਸਨ। ਉੱਤੋਂ ਬਰਫ਼ ਨਾਲ ਰੁੜ੍ਹ ਕੇ ਆਈਆਂ ਲਾਸ਼ਾਂ ਉਨ੍ਹਾਂ ਜਾਲਾਂ ਵਿਚ ਫਸਦੀਆਂ ਰਹਿੰਦੀਆਂ ਸਨ।
ਮੈਂ ਕਰਨਲ ਰਣਜੀਤ ਨੂੰ ਇਸ ਬਾਰੇ ਦੱਸਿਆ ਤਾਂ ਉਹਨੇ ਮੇਰਾ ਹੱਥ ਆਪਣੇ ਦੋਹਾਂ ਹੱਥਾਂ ਵਿਚ ਘੁੱਟ ਲਿਆ, ”ਥੈਂਕਯੂ ਭੁੱਲਰ!… ਥੈਂਕਯੂ ਵੈਰੀ ਮੱਚ!… ਆਈ ਐਮ ਗਰੇਟਫੁਲ।”
ਉਹ ਥਾਂ ਜਿੱਥੇ ਬਰਫ਼ ਪਾਣੀ ਹੋ ਕੇ ਵਗਦੀ ਸੀ, ਸਿੱਖ ਪਲਟਨ ਵਾਲਿਆਂ ਨੇ ਵੀ ਉੱਥੇ ਜਾਲ ਤਾਣ ਦਿੱਤੇ। ਲਾਸ਼ਾਂ ਉਨ੍ਹਾਂ ਜਾਲਾਂ ਵਿਚ ਅਕਟਣ ਲੱਗ ਪਈਆਂ।
ਇਕ ਇਕ ਕਰਕੇ ਉਹ ਲਾਸ਼ਾਂ ਸੱਤ ਹੋ ਗਈਆਂ। ਸ਼ਿਔਕ ਦਰਿਆ ਕਿਨਾਰੇ ਉਨ੍ਹਾਂ ਸੈਨਿਕਾਂ ਦੇ ਸਸਕਾਰ ਲਈ ਚਿਤਾਵਾਂ ਚਿਣ ਦਿੱਤੀਆਂ ਗਈਆਂ। ਇਹ ਗਨੀਮਤ ਹੀ ਸਮਝੋ ਕਿ ਉਸ ਪਲਟਨ ਕੋਲ ਬਹੁਤ ਸਾਰਾ ਸਟੋਰ ਇਸ ਤਰ੍ਹਾਂ ਦਾ ਵੀ ਸੀ ਜਿਸ ਦੀਆਂ ਲੱਕੜਾਂ ਉਹ ਵਰਤ ਸਕਦੇ ਸਨ। ਇਸ ਕਾਰਨ ਉਨ੍ਹਾਂ ਨੂੰ ਲੱਕੜਾਂ ਦੀ ਸਮੱਸਿਆ ਨਹੀਂ ਆਈ। ਸਾਰਿਆਂ ਨੇ ਉਨ੍ਹਾਂ ਸੈਨਿਕਾਂ ਨੂੰ ਆਖ਼ਰੀ ਸੈਲਿਊਟ ਦਿੱਤਾ। ਉਨ੍ਹਾਂ ਦੇ ਸਤਿਕਾਰ ਵਿਚ ਗੋਲੀਆਂ ਦਾਗੀਆਂ ਗਈਆਂ। ਕਰਨਲ ਰਣਜੀਤ ਉਨ੍ਹਾਂ ਸੈਨਿਕਾਂ ਦੇ ਪਿਉ ਦੀ ਥਾਵੇਂ ਸੀ। ਉਹਨੇ ਚਿਤਾਵਾਂ ਨੂੰ ਲਾਂਬੂ ਦੇ ਦਿੱਤਾ। ਚਿਤਾਵਾਂ ਦੀ ਅੱਗ ਲਟ ਲਟ ਬਲਦੀ ਰਹੀ ਤੇ ਫਿਰ ਉਨ੍ਹਾਂ ਸੈਨਿਕਾਂ ਦੇ ਹੋਣ ਦੇ ਨਿਸ਼ਾਨ ਹੌਲੀ ਹੌਲੀ ਮੁੱਕ ਗਏ। ਪਲਟਨ ਦੇ ਕਲਰਕ ਨੇ ਫੁਰਸਤ ਦੇ ਪਲਾਂ ਵਿਚ ਮਾਸਟਰ ਫਾਈਲ ਖੋਲ੍ਹੀ ਤੇ ਉਸ ਵਿਸ਼ੇਸ਼ ਚਿੱਠੀ ਦੀਆਂ ਕਾਪੀਆਂ ਕਰਵਾ ਕੇ ਖਾਲੀ ਥਾਵਾਂ ਵਿਚ ਤੁਰ ਗਏ ਸੈਨਿਕ ਦੇ ਨਾਂ, ਨੰਬਰ ਤੇ ਘਰਾਂ ਦੇ ਸਿਰਨਾਵੇਂ ਭਰਨ ਲੱਗ ਪਿਆ। ਮੈਨੂੰ ਨਹੀਂ ਪਤਾ, ਮੇਰੀ ਲਿਖੀ ਹੋਈ ਉਹ ਇਕ ਚਿੱਠੀ ਕਿੰਨਿਆਂ ਕੁ ਘਰਾਂ ਵਿਚ ਵੈਣ ਲੈ ਕੇ ਪਹੁੰਚੀ ਸੀ। ਉਸ ਗਿਣਤੀ ਦਾ ਖੁਰਾ ਨੱਪ ਕੇ ਰੱਖਣਾ ਸਿੱਖ ਪਲਟਨ ਲਈ ਵੀ ਮੁਹਾਲ ਸੀ।
ਮੈਂ ਉਹ ਚਿੱਠੀ ਲਿਖ ਕੇ ਪ੍ਰੇਸ਼ਾਨ ਹੋਇਆ ਸਾਂ। ਉਸ ਚਿੱਠੀ ਨੇ ਕਰਨਲ ਰਣਜੀਤ ਦੀ ਪਲਟਨ ਦਾ ਕੰਮ ਬਹੁਤ ਸੌਖਾ ਕਰ ਦਿੱਤਾ ਸੀ। ਇਹ ਘਟਨਾ ਮੇਰੀ ਕਹਾਣੀ ‘ਮੋਇਆਂ ਦੀ ਮੰਡੀ’ ਦਾ ਆਧਾਰ ਬਣੀ ਸੀ।
* * *
ਉੱਥੇ ਜਿੰਨੇ ਵੀ ਸੈਨਿਕ ਮਰਦੇ ਸਨ, ਉਨ੍ਹਾਂ ਸਾਰਿਆਂ ਲਈ ਲੱਕੜਾਂ ਦੀ ਲੋੜ ਨਹੀਂ ਸੀ ਪੈਂਦੀ। ਸਿਆਚਨ ਗਲੇਸ਼ੀਅਰ ਦੇ ਸੈਨਿਕਾਂ ਨੂੰ ਤਾਂ ਬਰਫ਼ ਪੂਰੇ ਅਦਬ ਨਾਲ ਸੰਭਾਲ ਲੈਂਦੀ ਸੀ। ਸ਼ਹੀਦਾਂ ਦੇ ਸਤਿਕਾਰ ਵਿਚ ਆਸਮਾਨ ਉੱਤੋਂ ਬਰਫ਼ ਦੇ ਫੁੱਲ ਡਿੱਗਦੇ ਸਨ। ਹੇਠਲੇ ਖੇਤਰ ਵਿਚ ਸੈਨਿਕ ਟੁੱਟ ਰਹੇ ਪਹਾੜਾਂ ਹੇਠ ਦੱਬੇ ਜਾਂਦੇ ਸਨ, ਸ਼ਿਔਕ ਦਰਿਆ ਵਿਚ ਰੁੜ੍ਹ ਜਾਂਦੇ ਸਨ, ਜ਼ਖ਼ਮੀਆਂ ਤੇ ਬਿਮਾਰਾਂ ਨੂੰ ਇਲਾਜ ਲਈ ਫ਼ੌਜ ਦੇ ਹਸਪਤਾਲ ਵਿਚ ਭੇਜ ਦਿੱਤਾ ਜਾਂਦਾ ਸੀ। ਜਿਨ੍ਹਾਂ ਲਈ ਲੱਕੜਾਂ ਦਾ ਪ੍ਰਬੰਧ ਕਰਨ ਦੀ ਲੋੜ ਪੈਂਦੀ ਸੀ, ਉਨ੍ਹਾਂ ਦੀ ਗਿਣਤੀ ਬਹੁਤ ਥੋੜ੍ਹੀ ਰਹਿ ਜਾਂਦੀ ਸੀ।
ਪੁਰਾਣੇ ਦਿਨੀਂ ਸੈਨਿਕਾਂ ਲਈ ਭੋਜਨ ਲੱਕੜਾਂ ਬਾਲ ਕੇ ਹੀ ਤਿਆਰ ਕੀਤਾ ਜਾਂਦਾ ਸੀ। ਹੁਣ ਫ਼ੌਜ ਵਿਚ ਲੱਕੜ ਨਹੀਂ ਸੀ ਆਉਂਦੀ। ਭੋਜਨ ਪਕਾਉਣ ਲਈ ਵੱਡੇ ਵੱਡੇ ਸਟੋਵ ਸਨ। ਉਨ੍ਹਾਂ ਚੁੱਲ੍ਹਿਆਂ ਵਿਚ ਮਿੱਟੀ ਦਾ ਤੇਲ ਬਲਦਾ ਸੀ।
ਫੇਰ ਇਕ ਘਟਨਾ ਵਾਪਰੀ। ਇਕ ਹੌਲਦਾਰ ਦੇ ਸਸਕਾਰ ਲਈ ਲੱਕੜਾਂ ਨਹੀਂ ਸਨ। ਉਸ ਯੂਨਿਟ ਨੇ ਤੋਪਾਂ ਦੇ ਗੋਲਿਆਂ ਵਾਲੀਆਂ ਪੇਟੀਆਂ ਤੋੜ ਕੇ ਚਿਤਾ ਲਈ ਕੁਝ ਲੱਕੜਾਂ ਇਕੱਠੀਆਂ ਕੀਤੀਆਂ। ਖੱਚਰਾਂ ਵਾਲੀ ਇਕ ਯੂਨਿਟ ਨੂੰ ਸੁਨੇਹਾ ਭੇਜ ਕੇ ਸੁੱਕੇ ਘਾਹ ਦੇ ਦੋ ਗੱਠੜ ਮੰਗਵਾ ਲਏ। ਲੰਗਰ ਕਮਾਂਡਰ ਨੇ ਭਵਿੱਖ ਦੇ ਕਿਸੇ ਵੱਡੇ ਖਾਣੇ ਲਈ ਘਿਉ ਜਮ੍ਹਾਂ ਕੀਤਾ ਹੋਇਆ ਸੀ। ਉਹ ਵੀ ਪੀਪਾ ਚੁੱਕ ਲਿਆਇਆ। ਡਰਾਈਵਰ ਟਰੱਕਾਂ ‘ਚੋਂ ਥੋੜ੍ਹਾ ਥੋੜ੍ਹਾ ਡੀਜ਼ਲ ਕੱਢ ਕੇ ਲੈ ਆਏ। ਆਖ਼ਰੀ ਰੀਤਾਂ ਲਈ ਉੱਥੇ ਕੋਈ ਪੰਡਿਤ ਨਹੀਂ ਸੀ। ਇਕ ਜੁਆਨ ਨੂੰ ਕੁਝ ਸ਼ਲੋਕ ਜ਼ੁਬਾਨੀ ਯਾਦ ਸਨ। ਉਹਨੇ ਸ਼ਲੋਕ ਉਚਾਰੇ ਤੇ ਹੌਲਦਾਰ ਮੇਜਰ ਸੀਤਾ ਰਾਮ ਨੂੰ ਅਗਨ ਭੇਟ ਕਰ ਦਿੱਤਾ ਗਿਆ। ਲੱਕੜ ਬਹੁਤ ਥੋੜ੍ਹੀ ਸੀ ਛੇਤੀ ਹੀ ਸੜ ਗਈ। ਓਨੀ ਅੱਗ ਉਸ ਸਰੀਰ ਨੂੰ ਸਿਰਫ਼ ਕੱਚਾ ਭੁੰਨਾ ਹੀ ਕਰ ਸਕੀ। ”ਹੁਣ?” ਇਹ ਸੁਆਲ ਡਾਹਢਾ ਵੱਡਾ ਸੀ। ਪਹਾੜਾਂ ਦੇ ਉਸ ਵਿਰਾਟ ਬੰਜਰ ਵਿਚ ਤਾਂ ਕਿਧਰੇ ਵੀ ਲੱਕੜਾਂ ਨਹੀਂ ਸਨ ਕਿ ਚੁਗ ਕੇ ਲੈ ਆਉਂਦੇ। ਚੌਥੇ ਉੱਤੇ ਸੈਨਿਕਾਂ ਨੇ ਆਪਣੇ ਸਾਥੀ ਦੇ ਫੁੱਲ ਚੁਗਣੇ ਸਨ, ਪਰ ਪਹਿਲੋਂ ਸਸਕਾਰ ਤਾਂ ਪੂਰਾ ਹੁੰਦਾ।
ਅਗਲੀ ਸਵੇਰ ਤਕ ਕੁਦਰਤ ਤੋਪਖਾਨੇ ਵਾਲਿਆਂ ਉੱਤੇ ਕੁਝ ਮਿਹਰਬਾਨ ਹੋ ਗਈ। ਸ਼ਿਔਕ ਦਰਿਆ ਵਿਚ ਪਾਣੀ ਅਚਨਚੇਤੀ ਮਾਰੋ ਮਾਰ ਕਰਦਾ ਆਇਆ ਤੇ ਅਧ-ਜਲੀ ਚਿਤਾ ਨੂੰ ਰੋੜ੍ਹ ਕੇ ਲੈ ਗਿਆ। ਤੋਪਖਾਨੇ ਵਾਲਿਆਂ ਨੇ ਤਸੱਲੀ ਭਰੀ ਉਦਾਸੀ ਨਾਲ ਦਰਿਆ ਦੇ ਖੌਰੂ ਪਾਉਂਦੇ ਵਹਿਣ ਵੱਲ ਵੇਖਿਆ।
ਲੱਕੜਾਂ ਦੀ ਲੋੜ ਦੇ ਮੁੱਦੇ ਨੂੰ ਲੈ ਕੇ ਬ੍ਰਿਗੇਡ ਕਮਾਂਡਰ ਨੇ ਤਾਬੜਤੋੜ ਮੀਟਿੰਗ ਬੁਲਾ ਲਈ। ਮੀਟਿੰਗ ਵਿਚ ਪਿਛਲੇ ਕੁਝ ਸਮੇਂ ਅੰਦਰ ਹੋਈਆਂ ਸੈਨਿਕਾਂ ਦੀਆਂ ਮੌਤਾਂ ਦੇ ਅੰਕੜੇ ਫਰੋਲੇ ਗਏ। ਜੇ ਇਕ ਮੁਰਦੇ ਦੇ ਸਸਕਾਰ ਲਈ ਸੱਤ ਮਣ ਲੱਕੜਾਂ ਚਾਹੀਦੀਆਂ ਸਨ ਤਾਂ ਲੱਕੜਾਂ ਦੀ ਕੁੱਲ ਲੋੜ ਕਿੰਨੀ ਬਣਦੀ ਸੀ। ਲੱਕੜਾਂ ਦੀ ਨਿੱਤ ਦੀ ਵਰਤੋਂ ਤੋਂ ਇਲਾਵਾ ਪੰਦਰਾਂ ਦਿਨਾਂ ਦਾ ਰਿਜ਼ਰਵ ਰੱਖਣ ਦੀ ਲੋੜ ਉੱਤੇ ਵੀ ਵਿਚਾਰ ਕੀਤਾ ਗਿਆ। ਬਹੁਤ ਦੇਰ ਤਕ ਜ਼ਰਬਾਂ-ਤਕਸੀਮਾਂ ਹੁੰਦੀਆਂ ਰਹੀਆਂ ਤੇ ਫਿਰ ਫੌਰੀ ਡੀਮਾਂਡ ਭੇਜਣ ਦਾ ਹੁਕਮ ਹੋ ਗਿਆ।
* * *
ਮੈਂ ਜਦੋਂ ਪਹਿਲੀ ਵਾਰ ਥੌਇਸ ਜਾਣ ਲਈ ਜਹਾਜ਼ ਵਿਚ ਬੈਠਾ ਸਾਂ, ਉਦੋਂ ਜਹਾਜ਼ ਬਦਬੂਦਾਰ ਮੱਛੀਆਂ ਨਾਲ ਭਰਿਆ ਹੋਇਆ ਸੀ। ਹੁਣ ਛੁੱਟੀ ਮੁੱਕਣ ਪਿੱਛੋਂ ਮੈਂ ਮੁੜਿਆ ਤਾਂ ਜਹਾਜ਼ ਵਿਚ ਲੱਕੜਾਂ ਲੱਦੀਆਂ ਹੋਈਆਂ ਸਨ।
ਸੈਨਿਕਾਂ ਦੇ ਮੁਰਦੇ ਬਾਲਣ ਖ਼ਾਤਰ ਕੀਤੀ ਗਈ ਲੱਕੜਾਂ ਦੀ ਮੰਗ ਉੱਤੇ ਫੌਰਨ ਕਾਰਵਾਈ ਹੋਈ ਸੀ। ਲੱਕੜਾਂ ਦੇ ਲੱਦੇ ਹੋਏ ਜਹਾਜ਼ ਥੌਇਸ ਪਹੁੰਚਣ ਲੱਗ ਪਏ ਸਨ। ਉੱਥੇ ਕੋਈ ਇਹੋ ਜਿਹੀ ਖੁੱਲ੍ਹੀ ਡੁੱਲ੍ਹੀ ਥਾਂ ਨਹੀਂ ਸੀ ਜਿੱਥੇ ਸਾਰੀਆਂ ਲੱਕੜਾਂ ਰੱਖੀਆਂ ਜਾ ਸਕਦੀਆਂ ਹੋਣ। ਭਲਾ ਕਿੱਥੇ ਰੱਖੀਆਂ ਹੋਣਗੀਆਂ, ਉਨ੍ਹਾਂ ਹਜ਼ਾਰਾਂ ਮਣ ਲੱਕੜਾਂ?
ਜਦੋਂ ਥੌਇਸ ਤੋਂ ਚਾਲੁੰਕਾ ਵੱਲ ਸੜਕ ‘ਤੇ ਉਨ੍ਹਾਂ ਪਹਾੜ ਵੱਲ ਦੇ ਕਿਨਾਰੇ ਨੂੰ ਲੱਕੜਾਂ ਰੱਖਣ ਵਾਲੀ ਥਾਂ ਮਿਥ ਲਿਆ ਸੀ। ਉੱਥੇ ਮੀਲਾਂ ਤਕ ਲੱਕੜਾਂ ਚਿਣੀਆਂ ਹੋਈਆਂ ਸਨ। ਲੱਕੜਾਂ ਦੇ ਰੱਖਣ ਨਾਲ ਤੰਗ ਸੜਕ ਹੋਰ ਸੌੜੀ ਹੋ ਗਈ ਸੀ। ਫ਼ੌਜੀ ਟਰੱਕਾਂ ਦਾ ਹੇਠਾਂ ਦਰਿਆ ਵੱਲ ਡਿੱਗਣ ਦਾ ਖ਼ਤਰਾ ਹੋਰ ਵਧ ਗਿਆ ਸੀ। ਅੱਗੇ ਫ਼ੌਜੀ ਟਰੱਕਾਂ ਦੀ ਕਾਨਵਾਈ ਸੀ। ਕਿਸੇ ਨਵੀਂ ਯੂਨਿਟ ਦੇ ਸੈਨਿਕ ਅਗਲੇ ਮੋਰਚਿਆਂ ਵੱਲ ਕੂਚ ਕਰ ਰਹੇ ਸਨ। ਉਹ ਉਪਰਾਮ ਜਿਹੀਆਂ ਨਜ਼ਰਾਂ ਨਾਲ ਲੱਕੜਾਂ ਵੱਲ ਵੇਖ ਰਹੇ ਸਨ, ਸ਼ਾਇਦ ਉਹ ਸੋਚ ਰਹੇ ਹੋਣਗੇ ਕਿ ਲੱਕੜਾਂ ਬੱਸ ਉਂਜ ਹੀ ਉੱਥੇ ਪਈਆਂ ਹੋਈਆਂ ਸਨ। ਉਹ ਲੱਕੜਾਂ ਕਿਸੇ ਵਰਤੋਂ ਵਿਚ ਨਹੀਂ ਸਨ ਆਉਣੀਆਂ। ਕੁਝ ਦਿਨਾਂ ਪਿੱਛੋਂ ਉਹ ਬੇਖ਼ਬਰ ਨਹੀਂ ਰਹਿਣਗੇ। ਉਹ ਜਦੋਂ ਵੀ ਇੱਥੋਂ ਲੰਘਣਗੇ ਤਾਂ ਇਨ੍ਹਾਂ ਲੱਕੜਾਂ ਵਿਚ ਮੌਤ ਦਾ ਚਿਹਰਾ ਵੇਖਣਗੇ ਤੇ ਫਿਰ ਅਗਲੇ ਮੋਰਚਿਆਂ ਵਿਚ ਉਸ ਚਿਹਰੇ ਨੂੰ ਕੋਲ ਬਿਠਾ ਲੈਣਗੇ। ਉਸ ਰਾਹੋਂ ਗੁਜ਼ਰਦਿਆਂ ਮੈਂ ਬੇਨਾਮ ਸੈਨਿਕਾਂ ਦੇ ਸਿਵਿਆਂ ਲਈ ਚਿਣੀਆਂ ਹੋਈਆਂ ਲੱਕੜਾਂ ਵੇਖਦਾ ਸਾਂ। ਮੈਨੂੰ ਲੱਗਦਾ ਸੀ ਮੇਰੇ ਹਿੱਸੇ ਦੀਆਂ ਲੱਕੜਾਂ ਉਨ੍ਹਾਂ ਲੱਕੜਾਂ ਵਿਚ ਹੀ ਸਨ। ਉੱਥੇ ਹਰ ਸੈਨਿਕ ਨੂੰ ਇਹੋ ਲੱਗਦਾ ਸੀ।
24 ਜੁਲਾਈ 1990 ਦਾ ਦਿਨ ਫ਼ੌਜ ਤੋਂ ਮੇਰੀ ਰੁਖ਼ਸਤ ਦਾ ਦਿਨ ਸੀ। ਫ਼ੌਜੀ ਵਰਦੀ ਮੈਂ ਸੰਦੂਕ ਵਿਚ ਸਾਂਭ ਦਿੱਤੀ। ਜੰਗਲ ਬੂਟ ਮੈਂ ਕਿੱਟ ਬੈਗ ਵਿਚ ਰੱਖ ਲਏ। ਉਹ, ਜਿਹੜੇ ਚਿੱਪਰ ਚਿੱਪਰ ਟੁਟਦੇ ਰਹੇ ਸਨ ਚਟਾਨ ਚਟਾਨ ਹੋ ਕੇ ਸ਼ਿਔਕ ਦਰਿਆ ਵਿਚ ਡੁੱਬਦੇ ਰਹੇ ਸਨ, ਉਦਾਸ ਸਨ, ਬਹੁਤ ਇਕੱਲੇ ਸਨ। ਜ਼ਿੰਦਗੀ ਦੇ ਲੇਖਾਂ ਤੋਂ ਊਣੇ, ਕਿਸੇ ਹਰੀ ਕਚੂਰ ਤਿੜ੍ਹ ਦੇ ਝਾਓਲੇ ਮਾਤਰ ਤੋਂ ਵੀ ਵਿਰਵੇ।
ਉਹ ਸਾਰੇ ਪਹਾੜ ਦੋ ਵਰ੍ਹੇ ਮੇਰੇ ਨਾਲ ਰਹੇ ਸਨ, ਮੈਂ ਉਨ੍ਹਾਂ ਪਹਾੜਾਂ ਨੂੰ ਅਲਵਿਦਾ ਕਹਿ ਦਿੱਤੀ। ਥੌਇਸ ਤੋਂ ਜਹਾਜ਼ ਵਿਚ ਬੈਠਣ ਵੇਲੇ ਮੈਂ ਗਲੇਸ਼ੀਅਰ ਦੇ ਸਿਰ ਉੱਤੇ ਬੈਠੀ ਕੁਦਰਤ ਨੂੰ ਕਿਹਾ, ”ਜਿਨ੍ਹਾਂ ਨੂੰ ਮੈਂ ਪਿੱਛੇ ਛੱਡ ਚੱਲਿਆ ਹਾਂ ਉਨ੍ਹਾਂ ਉੱਤੇ ਮਿਹਰਬਾਨ ਰਹੀ। ਬਹੁਤ ਦੂਰ, ਜਿੱਥੇ ਘਰ ਨੇ, ਉੱਥੇ ਕੋਈ ਉਨ੍ਹਾਂ ਨੂੰ ਉਡੀਕ ਰਿਹਾ ਏ।”
ਮੈਂ ਲੰਮਾ ਸਾਹ ਲਿਆ ਸੀ, – ਹੁਣ ਮੇਰੇ ਕੋਲ ਹਰ ਦਿਨ ਦੇ ਚੌਵੀ ਘੰਟੇ ਹੋਇਆ ਕਰਨਗੇ। ਮੈਂ ਉਨ੍ਹਾਂ ਦਾ ਹਰ ਛਿਣ ਜੀਵਿਆ ਕਰਾਂਗਾ। ਮੌਤ ਦੇ ਉਹ ਪਹਾੜ ਜਿਹੜੇ ਮੈਨੂੰ ‘ਅਲਫ਼ ਲੈਲਾ’ ਕਹਾਣੀਆਂ ਦੀ ਜਨਮ ਭੂਮੀ ਵਰਗੇ ਦਿਸਦੇ ਰਹੇ ਸਨ, ਉਨ੍ਹਾਂ ਨੇ ਮੈਨੂੰ ਜ਼ਿੰਦਗੀ ਦੇ ਚਾਅ ਦੀ ਸਮਝ ਦਿੱਤੀ ਸੀ। ਉਨ੍ਹਾਂ ਪਹਾੜਾਂ ਨੇ ਹੀ ਮੈਨੂੰ ਦੱਸਿਆ ਸੀ ਕਿ ਬੰਦੇ ਨੂੰ ਜਿਊਣਾ ਚਾਹੀਦੈ, ਹਰ ਹਾਲ ਵਿਚ ਜਿਊਣਾ ਚਾਹੀਦੈ।
* * *
ਸਿਆਚਨ ਗਲੇਸ਼ੀਅਰ ਦੇ ਮੁਹਾਜ਼ ਤੋਂ ਘਰ ਵੱਲ ਤੁਰਨ ਵੇਲੇ ਮੈਂ ਆਪਣੀਆਂ ਫ਼ੌਜੀ ਵਰਦੀਆਂ ਦਾ ਜ਼ਖੀਰਾ ਕਾਲੇ ਟਰੰਕ ਵਿਚ ਬੰਦ ਕਰ ਦਿੱਤਾ ਸੀ। ਮੇਰੇ ਆਸ-ਪਾਸ ਵਾਪਰਨ ਵਾਲੀਆਂ ਘਟਨਾਵਾਂ ਮੈਨੂੰ ਪ੍ਰਭਾਵਤ ਕਰਦੀਆਂ ਰਹੀਆਂ ਸਨ। ਮੇਰਾ ਸੰਵੇਦਨ ਅਤੇ ਮੇਰੇ ਵਿਚਾਰ ਵੀ ਇਸ ਦੀ ਪੁਸ਼ਟੀ ਕਰਦੇ ਸਨ। ਮੈਂ ਅਜਿਹੇ ਪ੍ਰਭਾਵਾਂ ਨੂੰ ਸਮਾਜ ਦੇ ਪ੍ਰਸੰਗ ਵਿਚ ਵੇਖਦਾ ਸਾਂ। ਇਸ ਤਰ੍ਹਾਂ ਉਹ ਪ੍ਰਭਾਵ ਮੇਰੀ ਰਚਨਾਤਮਿਕ ਦ੍ਰਿਸ਼ਟੀ ਦਾ ਅੰਗ ਬਣਦੇ ਸਨ।
ਤੇਈ ਵਰ੍ਹੇ ਇਕ ਉਮਰ ਸੀ। ਮੈਂ ਫ਼ੌਜ ਦੇ ਉਨ੍ਹਾਂ ਤੇਈ ਵਰ੍ਹਿਆਂ ਨੂੰ ਪੁਰਾਣੀਆਂ ਵਰਦੀਆਂ ਵਾਂਗੂੰ ਕਿਸੇ ਕਾਲੇ ਟਰੰਕ ਵਿਚ ਬੰਦ ਨਹੀਂ ਸਾਂ ਕਰ ਸਕਿਆ। ਹਰਾ ਜੰਗਲ ਮਹਿਜ਼ ਫ਼ੌਜ ਨਹੀਂ ਸੀ, ਕਹਾਣੀਆਂ ਦਾ ਜੰਗਲ ਸੀ। ਉਹ ਸਾਰੀਆਂ ਕਹਾਣੀਆਂ ਮੈਥੋਂ ਲਿਖੀਆਂ ਨਹੀਂ ਸਨ ਜਾ ਸਕੀਆਂ। ਉਹ ਅਣਲਿਖੀਆਂ ਕਹਾਣੀਆਂ ਵੀ ਮੇਰਾ ਸਰਮਾਇਆ ਸੀ। ਮੈਂ ਬਾਕੀ ਦੀ ਉਮਰ ਉਨ੍ਹਾਂ ਨੂੰ ਲਿਖਦੇ ਰਹਿਣਾ ਸੀ। ਮੈਂ ਚਾਲੁੰਕਾ ਵਾਲੀ ਸੜਕ ਦੇ ਕਿਨਾਰੇ ਮੀਲਾਂ ਤਕ ਚਿਣੀਆਂ ਪਈਆਂ ਲੱਕੜਾਂ ਕੋਲੋਂ ਅੱਖ ਚੁਰਾ ਕੇ ਲੰਘਿਆ ਸਾਂ। ਉਹ ਲੱਕੜਾਂ ਪਹਿਲਾਂ ਜਿੰਨੀਆਂ ਹੀ ਸਨ, ਖਰਚ ਵੀ ਹੁੰਦੀਆਂ ਰਹੀਆਂ ਸਨ, ਪਰ ਜਮ੍ਹਾਂ ਵੀ ਹੁੰਦੀਆਂ ਰਹੀਆਂ ਸਨ। ਮੈਂ ਆਪਣੇ ਵੱਲ ਵੇਖਿਆ ਸੀ। ਉਦੋਂ ਕਹਾਣੀ ‘ਮਰਨ ਮਿੱਟੀ’ ਯਾਦ ਆਈ ਸੀ। ਮੁਹਾਜ਼ ਵੱਲ ਕੂਚ ਕਰ ਰਿਹਾ ਸੈਨਿਕ ਆਪਣੀ ਪ੍ਰੇਮਿਕਾ ਨੂੰ ਧਰਵਾਸ ਦਿੰਦਾ ਹੈ, ”ਮੈਂ ਪਰਤ ਆਵਾਂਗਾ, ਤੂੰ ਫ਼ਿਕਰ ਨਾ ਕਰੀਂ।” ”ਤੂੰ ਮੈਨੂੰ ਵਰਚਾ ਰਿਹਾ ਏਂ ਯਾਰ!” ਉਹ ਬੁੱਲ੍ਹਾਂ ਵਿਚ ਹੱਸੀ ਸੀ ਤੇ ਅੱਖਾਂ ਅੱਥਰੂਆਂ ਨਾਲ ਭਰ ਗਈਆਂ ਸਨ ”ਜੰਗ ਨੂੰ ਜਾਣ ਵਾਲੇ ਨਹੀਂ ਪਰਤਦੇ। …ਉਹ ਸਾਲਮ ਸਬੂਤੇ ਕਦੀ ਨਹੀਂ ਪਰਤਦੇ। ਉਹ ਸਾਲਮ ਪਰਤੇ ਹੋਣ ਤਾਂ ਵੀ ਸਾਲਮ ਨਹੀਂ ਹੁੰਦੇ, ਮੈਨੂੰ ਪਤੈ। …ਮੈਂ ਆਪਣੇ ਪਾਪਾ ਨੂੰ ਵੇਖਿਆ ਹੋਇਐ।” ਮੈਂ ਭੰਮੱਤਰ ਗਿਆ ਸਾਂ, ਕੀ ਮੈਂ ਸੱਚਮੁੱਚ ਹੀ ਸਾਬਤ ਸਾਂ?
ਮੈਂ ਫ਼ੌਜ ਨੂੰ ਅਲਵਿਦਾ ਕਹਿ ਕੇ ਤੁਰਿਆ ਸਾਂ ਤੇ ਮੇਰੇ ਹੱਥ ਖਾਲੀ ਨਹੀਂ ਸਨ। ਫ਼ੌਜ ਨੇ ਮੈਨੂੰ ਅਮੀਰ ਕਰ ਕੇ ਭੇਜਿਆ ਸੀ। ਜੇ ਮੈਂ ਫ਼ੌਜ ਵਿਚ ਨਾ ਹੁੰਦਾ ਤਾਂ ‘ਨੋ ਮੈਨਜ਼ ਲੈਂਡ’, ‘ਅਲ੍ਹੜ ਬਲ੍ਹੜ ਬਾਵੇ ਦਾ’, ‘ਮਰਨ ਮਿੱਟੀ’, ‘ਸੂਰਮੇਂ’, ‘ਮੋਇਆਂ ਦੀ ਮੰਡੀ’, ‘ਬਰਫ਼ ਦਾ ਦਾਨਵ’, ‘ਤਿੰਨ ਕੰਧਾਂ ਵਾਲਾ ਘਰ’, ‘ਸੁਪਨਿਆਂ ਦੀ ਸ਼ਨਾਖਤ’, ‘ਜੰਮੇ ਹੋਏ ਸਾਹਾਂ ਦੀ ਬਰਫ਼’ ਅਤੇ ਇਹੋ ਜਿਹੀਆਂ ਹੋਰ ਕਈ ਕਹਾਣੀਆਂ ਮੈਂ ਕਦੀ ਵੀ ਨਹੀਂ ਸਨ ਲਿਖ ਸਕਣੀਆਂ।
ਇਹ ਕਹਾਣੀਆਂ ਮੈਨੂੰ ਮੁਫ਼ਤ ਵਿਚ ਨਹੀਂ ਸਨ ਮਿਲੀਆਂ। ਇਨ੍ਹਾਂ ਕਹਾਣੀਆਂ ਦੀ ਮੈਨੂੰ ਬਹੁਤ ਕੀਮਤ ਤਾਰਨੀ ਪਈ ਸੀ।
ਉਹ ਵਰ੍ਹੇ ਜਿਹੜੇ ਮੈਂ ਜਿਊਣਾ ਚਾਹੁੰਦਾ ਸਾਂ, ਇਨ੍ਹਾਂ ਕਹਾਣੀਆਂ ਖਾਤਰ ਮੈਂ ਫ਼ੌਜ ਨੂੰ ਦੇ ਆਇਆ ਸਾਂ। ਮੇਰੇ ਚਿਹਰੇ ਦੇ ਖੁਰ ਗਏ ਰੰਗ ਵਿਅੰਗ ਨਾਲ ਹੱਸਦੇ ਸਨ। ਮੈਂ ਜਾਣਦਾ ਸਾਂ, ਉਮਰ ਦੀਆਂ ਘਰਾਲਾਂ ਨੂੰ ਹੁਣ ਆਪਣੇ ਉੱਤੋਂ ਕਦੀ ਪੂੰਝਿਆ ਨਹੀਂ ਜਾ ਸਕਣਾ।