For the best experience, open
https://m.punjabitribuneonline.com
on your mobile browser.
Advertisement

ਨਵਾਂ ਚੰਨ ਉੱਗ ਪਿਆ

12:10 PM May 01, 2024 IST
ਨਵਾਂ ਚੰਨ ਉੱਗ ਪਿਆ
Advertisement

ਹਰੀ ਕ੍ਰਿਸ਼ਨ ਮਾਇਰ
ਮੀਸ਼ਾ ਬ੍ਰਹਿਮੰਡ ਬਾਰੇ ਨਵੀਂ ਤੋਂ ਨਵੀਂ ਜਾਣਕਾਰੀ ਪ੍ਰਾਪਤ ਕਰਨ ਲਈ ਹਰ ਸਮੇਂ ਉਤਸੁਕ ਰਹਿੰਦੀ। ਬਾਹਰੀ ਪੁਲਾੜ ਬਾਰੇ ਉਸ ਨੇ ਬੜੀਆਂ ਕਿਤਾਬਾਂ ਪੜ੍ਹੀਆਂ ਸਨ। ਖ਼ਾਸਕਰ ਚੰਨ ਬਾਰੇ ਤਾਂ ਉਸ ਨੇ ਕਈ ਕਿੱਸੇ ਸੁਣ ਰੱਖੇ ਸਨ।
ਉਸ ਦਾ ਕਮਰਾ ਗ੍ਰਹਿਆਂ, ਰਾਕਟਾਂ, ਧਰਤੀ ਦੇ ਗਵਾਂਢੀ ਉਪਗ੍ਰਹਿ ਚੰਦ ਦੀ ਚਾਂਦੀ ਰੰਗੀ ਸੁੰਦਰਤਾ ਨੂੰ ਪ੍ਰਗਟਾਉਂਦੇ ਪੋਸਟਰਾਂ ਨਾਲ ਭਰਿਆ ਪਿਆ ਸੀ।
ਇੱਕ ਰਾਤ ਉਹ ਆਪਣੇ ਬਿਸਤਰੇ ’ਤੇ ਰਜਾਈ ਦੇ ਨਿੱਘ ਵਿੱਚ ਲੇਟੀ ਹੋਈ ਸੀ। ਕਮਰੇ ਦੀ ਖੁੱਲ੍ਹੀ ਖਿੜਕੀ ’ਚੋਂ ਉਹ ਤਾਰਿਆਂ ਨੂੰ ਨਿਹਾਰ ਰਹੀ ਸੀ। ਅਚਾਨਕ ਕੋਈ ਜਾਦੂ ਜਿਹਾ ਚੱਲ ਗਿਆ। ਬਾਰੀਕ ਜਿਹੀ ਇੱਕ ਲਿਸ਼ਕਦੀ ਕਿਰਨ ਖਿੜਕੀ ਵਿੱਚ ਦੀ ਉਸ ਦੇ ਕਮਰੇ ਵਿੱਚ ਆਉਣ ਲੱਗੀ। ਪਲਾਂ ਵਿੱਚ ਹੀ ਮੀਸ਼ਾ ਦਾ ਕਮਰਾ ਜਗਮਗਾ ਉੱਠਿਆ। ਇਸ ਤੋਂ ਪਹਿਲਾਂ ਕਿ ਉਹ ਇਸ ਅਜੀਬੋ ਗਰੀਬ ਰੌਸ਼ਨੀ ਦਾ ਕੋਈ ਥਹੁ ਪਤਾ ਲਗਾਉਂਦੀ, ਮੀਸ਼ਾ ਆਪਣੇ ਹੀ ਬੈੱਡ ਉੱਪਰ ਹਵਾ ਵਿੱਚ ਉੱਡਣ ਲੱਗੀ। ਉਸ ਨੂੰ ਇੰਜ ਜਾਪਿਆ ਜਿਵੇਂ ਕਿ ਉਹ ਭਾਰ ਮੁਕਤ ਹੋ ਗਈ ਸੀ। ਉਸ ਦਾ ਆਲਾ ਦੁਆਲਾ ਪੁਲਾੜ ਵਿੱਚ ਸਾਹ ਲੈਣ ਵਾਲੇ ਆਕਾਸ਼ੀ ਮਾਹੌਲ ਵਿੱਚ ਤਬਦੀਲ ਹੋ ਗਿਆ। ਮੀਸ਼ਾ ਨੇ ਹੈਰਾਨੀ ’ਚ ਅੱਖਾਂ ਝਪਕੀਆਂ। ਖਿੜਕੀ ਕੋਲ ਇੱਕ ਤਾਰਿਆਂ ਦੀ ਧੂੜ ਵਾਂਗ ਚਮਕਦੀ ਇੱਕ ਅੰਬਰ ਪਰੀ ਨਜ਼ਰ ਆਈ। ਉਸ ਪਰੀ ਨੇ ਖਿੜਕੀ ਕੋਲ ਆ ਕੇ, ਮੀਸ਼ਾ ਨੂੰ ਆਪਣੇ ਬਾਰੇ ਦੱਸਿਆ: ‘‘ਮੈਂ ਚੰਨਪਰੀ ਲੂਨੀ ਹਾਂ।”
ਉਸ ਨੇ ਮੀਸ਼ਾ ਨੂੰ ਕਿਹਾ, ‘‘ਚੰਨ ਬਾਰੇ ਜਾਣਨ ਵਿੱਚ ਤੂੰ ਐਨੀ ਦਿਲਚਸਪੀ ਲੈਂਦੀ ਏਂ। ਚੰਨ ’ਤੇ ਵੀ ਤੇਰੀਆਂ ਗੱਲਾਂ ਹੁੰਦੀਆਂ ਹਨ। ਚੰਨ ਦੇ ਖੋਜੀਆਂ ਨੇ ਇੱਕ ਵਿਸ਼ੇਸ਼ ਖੋਜ ਮਿਸ਼ਨ ਵਿੱਚ ਸ਼ਾਮਲ ਕਰਨ ਲਈ ਤੈਨੂੰ ਚੰਨ ਦੀ ਯਾਤਰਾ ਕਰਨ ਦਾ ਸੱਦਾ ਭੇਜਿਆ ਹੈ।”
“ਮੈਂ ਭਲਾ ਚੰਨ ’ਤੇ ਕਿਵੇਂ ਜਾ ਸਕਦੀ ਹਾਂ?” ਮੀਸ਼ਾ ਬੋਲੀ।
“ਸਾਡੇ ਕੋਲ ਸਾਰਾ ਪ੍ਰਬੰਧ ਹੈ, ਤੂੰ ਸਾਡੇ ਨਾਲ ਜਾਣ ਨੂੰ ਹਾਂ ਤਾਂ ਕਹਿ।”
“ਜਾਣਾ ਤਾਂ ਮੈਂ ਚਾਹੁੰਦੀ ਹਾਂ ਪਰ ਮੈਨੂੰ ਐਥੇ ਹੀ ਛੱਡ ਕੇ ਜਾਣਾ ਪਊ।”
“ਠੀਕ ਹੈ ਮੈਂ ਤੈਨੂੰ ਐਥੇ ਹੀ ਛੱਡ ਜਾਵਾਂਗੀ।” ਚੰਨ ਪਰੀ ਬੋਲੀ। ਦੇਖਦੇ ਦੇਖਦੇ ਉਸ ਪਰੀ ਨੇ ਹਵਾ ਵਿੱਚ ਹੱਥ ਲਹਿਰਾਇਆ ਅਤੇ ਇੱਕ ਤੇਜ਼ ਤਰੰਗ ਉਤਪੰਨ ਹੋ ਗਈ ਜਿਸ ਨੇ ਮੀਸ਼ਾ ਨੂੰ ਆਸੇ ਪਾਸਿਓਂ ਲਪੇਟ ਲਿਆ। ਉਹ ਪਲਾਂ ਵਿੱਚ ਚੰਨ ਦੀ ਧਰਤੀ ’ਤੇ ਪਹੁੰਚ ਗਈ ਸੀ। ਉਸ ਦੀਆਂ ਅੱਖਾਂ ਮੂਹਰੇ ਚੰਨ ਦਾ ਅਲੌਕਿਕ ਦ੍ਰਿਸ਼ ਫੈਲਿਆ ਹੋਇਆ ਸੀ। ਉੱਬੜ ਖਾਬੜ ਟੋਏ, ਪੱਧਰੇ ਪਹਾੜ ਉਸ ਦੇ ਸਾਹਮਣੇ ਵਿਛੇ ਪਏ ਸਨ। ਮੀਸ਼ਾ ਨੂੰ ਆਪਣੀਆਂ ਅੱਖਾਂ ’ਤੇ ਯਕੀਨ ਨਹੀਂ ਸੀ ਹੋ ਰਿਹਾ ਕਿ ਉਹ ਸੱਚਮੁੱਚ ਚੰਨ ’ਤੇ ਪਹੁੰਚ ਗਈ ਸੀ?
ਲੂਨੀ ਮੀਸ਼ਾ ਦਾ ਪਰੇਸ਼ਾਨ ਚਿਹਰਾ ਦੇਖ ਕੇ ਬੋਲੀ, ‘‘ਚੰਨ ਦੀ ਧਰਤੀ ’ਤੇ ਤੇਰਾ ਸਵਾਗਤ ਹੈ। ਸਾਡਾ ਇੱਕ ਵਿਸ਼ੇਸ ਖੋਜ ਮਿਸ਼ਨ ਹੈ: ਚੰਨ ਦੀ ਜਾਦੂਮਈ ਚਮਕ ਫਿੱਕੀ ਪੈਣ ਲੱਗ ਪਈ ਹੈ। ਇਸ ਚਮਕ ਨੂੰ ਪੁਨਰ ਸੁਰਜੀਤ ਕਰਨ ਲਈ ਤੇਰੀ ਮਦਦ ਚਾਹੀਦੀ ਹੈ।”
“ਉਹ ਕਿਵੇਂ!” ਮੀਸ਼ਾ ਦਾ ਦਿਲ ਜੋਸ਼ ਨਾਲ ਧੜਕਣ ਲੱਗਾ।
ਲੂਨੀ ਨੇ ਮੀਸ਼ਾ ਨੂੰ ਇੱਕ ਹੀਰੇ ਵਰਗਾ ਪੱਥਰ ਫੜਾਉਂਦਿਆਂ ਕਿਹਾ, ‘‘ਇਸ ਕ੍ਰਿਸਟਲ ਵਿੱਚ ਚੰਨ ਦੀ ਗੁਆਚੀ ਊਰਜਾ ਨੂੰ ਮੋੜ ਲਿਆਉਣ ਦੀ ਤਾਕਤ ਹੈ। ਅਸੀਂ ਇਸ ਵਰਗੇ ਹੋਰ ਕ੍ਰਿਸਟਲ ਚੰਨ ਦੀ ਸਤ੍ਵਾ ਤੋਂ ਲੱਭ ਕੇ ਲਿਆਉਣੇ ਹਨ। ਤਾਂ ਜੋ ਉਨ੍ਹਾਂ ਦੀ ਸਮੁੱਚੀ ਰੌਸ਼ਨੀ ਚੰਨ ਉੱਪਰ ਸੁੱਟੀ ਜਾ ਸਕੇ। ਇਹ ਸਿਲਸਿਲਾ ਸ਼ੁਰੂ ਹੋ ਜਾਵੇਗਾ ਤਾਂ ਚੰਨ ਦੀ ਚਮਕ ਮੁੜ ਤੋਂ ਵਾਪਸ ਆ ਜਾਵੇਗੀ।”
“ਪਰ ਚੰਨ ਦਾ ਵਾਯੂਮੰਡਲ ਹੀ ਕਿਤੇ ਰੌਸ਼ਨੀ ਨੂੰ ਨਾਂ ਜਜ਼ਬ ਕਰੀ ਜਾਂਦਾ ਹੋਵੇ?” ਲੂਨੀ ਨੇ ਡਰ ਜਤਾਇਆ।
“ਮੈਂ ਤਾਂ ਇਸ ਬਾਰੇ ਕਦੀ ਸੋਚਿਆ ਹੀ ਨਹੀਂ।” ਲੂਨੀ ਨੇ ਕਿਹਾ।
“ਇੱਥੇ ਕਈ ਹਨੇਰੀਆਂ ਥਾਵਾਂ ਹੋਣਗੀਆਂ ਜੋ ਨੇੜੇ ਜਾਣ ’ਤੇ ਰੌਸ਼ਨੀ ਦੀਆਂ ਸ਼ੁਆਵਾਂ ਨੂੰ ਨਿਗਲ ਜਾਂਦੀਆਂ ਹੋਣਗੀਆਂ।” ਮੀਸ਼ਾ ਨੇ ਸ਼ੱਕ ਜਤਾਉਂਦਿਆਂ ਗੱਲ ਜਾਰੀ ਰੱਖੀ, “ਹੋ ਸਕਦਾ ਇਹ ਬਲੈਕ ਹੋਲ ਹੋਣ।”
“ਉਹ ਕੀ ਹੁੰਦੇ ਨੇ?”
“ਮਰੇ ਮੁੱਕੇ ਤਾਰੇ ਅੰਬਰ ਵਿੱਚ ਮੂੰਹ ਟੱਡ ਕੇ ਬੈਠ ਜਾਂਦੇ ਹਨ। ਕੋਈ ਵੀ ਵਸਤੂ ਇਨ੍ਹਾਂ ਕੋਲੋਂ ਲੰਘੇ ਝਪਟ ਮਾਰ ਕੇ ਨਿਗਲ ਜਾਂਦੇ ਹਨ।”
“ਹੈਂ ਰੌਸ਼ਨੀ ਨੂੰ ਵੀ?”
“ਹਾਂ ਰੌਸ਼ਨੀ ਨੂੰ ਵੀ।”
“ਤੂੰ ਬੜੀ ਬੁੱਧੀਮਾਨ ਏਂ।” ਲੂਨੀ ਨੇ ਕਿਹਾ।
ਮੀਸ਼ਾ ਲੂਨੀ ਦਾ ਸਾਥ ਦੇਣ ਲਈ ਮੰਨ ਗਈ। ਉਸ ਨੇ ਲੂਨੀ ਨੂੰ ਨਾਲ ਲੈ ਕੇ ਚੰਨ ਦੀ ਸਤ੍ਵਾ ਦੀ ਖੋਜਬੀਨ ਕਰਨੀ ਸ਼ੁਰੂ ਕਰ ਦਿੱਤੀ। ਉਹ ਚਾਰੇ ਦਿਸ਼ਾਵਾਂ ਵਿੱਚ ਘੁੰਮਦੀਆਂ ਰਹੀਆਂ। ਫਿਰ ਉਹ ਹੀਰਿਆਂ ਦੀ ਇੱਕ ਗੁਫ਼ਾ ਵਿੱਚ ਪਹੁੰਚੀਆਂ। ਗੁਫ਼ਾ ਜਗਮਗਾਉਂਦੇ ਕ੍ਰਿਸਟਲਾਂ ਨਾਲ ਭਰੀ ਪਈ ਸੀ। ਉਨ੍ਹਾਂ ਨੂੰ ਪੂਰੀ ਉਮੀਦ ਸੀ ਕਿ ਇਸ ਗੁਫ਼ਾ ਵਿੱਚੋਂ ਉਨ੍ਹਾਂ ਨੂੰ ਉਨ੍ਹਾਂ ਦੇ ਮਤਲਬ ਦੇ ਕ੍ਰਿਸਟਲ ਜ਼ਰੂਰ ਲੱਭ ਪੈਣਗੇ। ਮੀਸ਼ਾ ਨੇ ਜਦੋਂ ਵਕਰੀ ਕ੍ਰਿਸਟਲਾਂ ਨੂੰ ਇੱਕ ਚੱਕਰ ਵਿੱਚ ਰੱਖ ਕੇ ਦੇਖਿਆ ਤਾਂ ਸਾਰੇ ਕ ੍ਰਿਸਟਲਾਂ ਦਾ ਪ੍ਰਕਾਸ਼ ਜੁੜ ਕੇ ਜਦੋਂ ਗੁਫ਼ਾ ਦੀ ਕੰਧ ’ਤੇ ਪਿਆ, ਉਸ ਨੂੰ ਦੇਖ ਕੇ ਲੂਨੀ ਜੇਸ਼ ਵਿੱਚ ਉਛਲ ਪਈ। ਬੋਲੀ,‘‘ਓ ਮਾਈ ਗੌਡ! ਇਹ ਤਾਂ ਨਵਾਂ ਚੰਨ ਉੱਗ ਪਿਆ ਹੈ ਕੰਧ ’ਤੇ!”
“ਲੂਨੀ! ਇਹ ਕ੍ਰਿਸਟਲ ਚੰਨ ਦੀ ਗੁਆਚੀ ਊਰਜਾ ਨੂੰ ਰੀਚਾਰਜ ਕਰ ਦੇਣਗੇ।” ਮੀਸ਼ਾ ਨੇ ਕਿਹਾ। ਫੇਰ ਉਨ੍ਹਾਂ ਹੋਰ ਵੀ ਕਈ ਕ੍ਰਿਸਟਲ ਗੁਫ਼ਾ ’ਚੋਂ ਚੁੱਕ ਲਿਆਂਦੇ। ਉਨ੍ਹਾਂ ਨੂੰ ਲੂਨੀ ਦੀ ਪ੍ਰਯੋਗਸ਼ਾਲਾ ਵਿੱਚ ਲਿਆਂਦਾ ਗਿਆ। ਲੱਗੀਆਂ ਜੋੜ ਤੋੜ ਲਗਾਉਣ। ਲੂਨੀ ਅਤੇ ਮੀਸ਼ਾ ਨੇ ਚੰਨ ’ਤੇ ਚੋਣਵੇਂ ਖੋਜੀਆਂ ਦੀ ਇੱਕ ਮੀਟਿੰਗ ਵਿੱਚ ਆਪਣੇ ਖੋਜ ਪ੍ਰਾਜੈਕਟ ਦੀ ਰਿਪੋਰਟ ਪੇਸ਼ ਕੀਤੀ। ਪੇਸ਼ਕਾਰੀ ਹੋਈ। ਖੋਜੀ ਦੰਗ ਰਹਿ ਗਏ, ਇੱਕ ਨਵਾਂ ਚੰਨ ਉਗਮ ਪਿਆ ਸੀ। ਪ੍ਰਯੋਗਸ਼ਾਲਾ ਵਿੱਚ ਕ੍ਰਿਸਟਲਾਂ ਨੂੰ ਤਰਤੀਬ ਦੇ ਕੇ ਇੱਕ ਖੂੰਜੇ ਵਿੱਚ ਰੱਖ ਦਿੱਤਾ ਗਿਆ। ਰੌਸ਼ਨੀ ਜਦ ਚੰਨ ’ਤੇ ਸੁੱਟੀ ਗਈ, ਚੰਨ ਰੌਸ਼ਨੀ ਨਾਲ ਡਲਕਾਂ ਮਾਰਨ ਲੱਗਾ। ਖੋਜੀ ਬੜੇ ਖ਼ੁਸ਼ ਸਨ। ਮੀਸ਼ਾ ਦੇ ਚੰਨ ’ਤੇ ਪੈਰ ਪਾਉਣ ਨਾਲ ਚਿਰਾਂ ਤੋਂ ਲਟਕਦੀ ਖੋਜ ਪੂਰੀ ਹੋਈ ਸੀ।
“ਹੁਣ ਧਰਤੀ ਉੱਪਰ ਦਿਨ ਚੜ੍ਹਨ ਵਾਲਾ ਹੋਵੇਗਾ, ਮੀਸ਼ਾ ਨੂੰ ਉਸ ਦੇ ਮਾਂ-ਬਾਪ ਲੱਭਣ ਨਾ ਲੱਗ ਪੈਣ।” ਲੂਨੀ ਨੇ ਕਿਹਾ।
“ਹਾਂ! ਮੈਨੂੰ ਹੁਣ ਵਾਪਸ ਭੇਜਣ ਦਾ ਪ੍ਰਬੰਧ ਕਰੋ।” ਮੀਸ਼ਾ ਨੇ ਕਿਹਾ।
“ਪਰ ਤੈਨੂੰ ਇੱਕ ਵਾਰ ਫਿਰ ਚੰਨ ’ਤੇ ਗੇੜਾ ਮਾਰਨਾ ਪਵੇਗਾ।” ਖੋਜੀ ਬੋਲੇ।
“ਉਹ ਕਿਸ ਲਈ?”
“ਬਲੈਕ ਹੋਲਾਂ ਬਾਰੇ ਵਿਚਾਰਨ ਲਈ।”
“ਚੰਨ ਦੀ ਰੌਸ਼ਨੀ ਦਾ ਵੱਡਾ ਹਿੱਸਾ ਤਾਂ ਉਹ ਭੁੱਖੜ ਹੀ ਹੜੱਪਦੇ ਹੋਣਗੇ।” ਮੀਸ਼ਾ ਨੇ ਕਿਹਾ।
“ਸਾਡੀ ਅਗਲੀ ਚਿੰਤਾ ਇਹੀ ਬਲੈਕ ਹੋਲ ਹਨ।” ਇੱਕ ਖੋਜੀ ਬੋਲਿਆ।
ਲੂਨੀ ਨੇ ਹਵਾ ਵਿੱਚ ਹੱਥ ਲਹਿਰਾਇਆ। ਮੀਸ਼ਾ ਨੂੰ ਕਿਰਨਾਂ ਦੀ ਇੱਕ ਰੱਸੀ ਨੇ ਲਪੇਟਾ ਮਾਰ ਲਿਆ। ਫਿਰ ਉਹ ਖੁੱਲ੍ਹੇ ਆਕਾਸ਼ ਵਿੱਚ ਤੈਰਨ ਲੱਗੀ। ਉਹ ਮੁੜ ਆਪਣੇ ਕਮਰੇ ਵਿੱਚ ਪਹੁੰਚ ਗਈ। ਉਸ ਨੇ ਸੁਣਿਆ ਕਿ ਉਸ ਦੀ ਮਾਂ ਉਸ ਦੇ ਬੰਦ ਕਮਰੇ ਅੱਗੇ ਆਵਾਜ਼ਾਂ ਮਾਰ ਰਹੀ ਸੀ,” “ਮੀਸ਼ਾ ਬੇਟੇ! ਮੂੰਹ ਹੱਥ ਧੋ ਕੇ ਨਾਸ਼ਤਾ ਕਰ ਲੈ। ਸਕੂਲ ਦਾ ਵਕਤ ਹੋਣ ਵਾਲਾ ਹੈ।”
ਈਮੇਲ: mayer_hk@yahoo.com

Advertisement

Advertisement
Author Image

Advertisement
Advertisement
×