ਮੋਰ ਪੈਲ਼ ਕਿਉਂ ਨਹੀਂ ਪਾਉਂਦੇ
ਗੁਰਮੀਤ ਕੜਿਆਲਵੀ
ਕਿੰਨੇ ਹੀ ਵਰ੍ਹੇ ਹੋ ਗਏ ਨੇ ਪਿੰਡੋਂ ਨਿਕਲਿਆਂ। ਹੁੁਣ ਤਾਂ ਮਸੀਂ ਸਾਲ ਛਿਮਾਹੀਂ ਜਾ ਹੁੰਦਾ। ਜਦੋਂ ਪਿੰਡ ਤੋਂ ਸ਼ਹਿਰ ਪਰਵਾਸ ਕੀਤਾ ਸੀ ਉਦੋਂ ਸੋਚਿਆ ਸੀ ਕਿ ਹਫ਼ਤੇ ’ਚ ਦੋ ਦਿਨ ਤਾਂ ਪਿੰਡ ਗੇੜਾ ਮਾਰ ਲਿਆ ਕਰਾਂਗਾ। ਪਹਿਲੋ ਪਹਿਲ ਆਉਂਦਾ ਵੀ ਰਿਹਾ। ਫੇਰ ਹਫ਼ਤੇ ’ਚ ਇੱਕ ਦਿਨ ਹੋ ਗਿਆ- ਫੇਰ ਮਹੀਨੇ ’ਚ ਇੱਕ ਦਿਨ ਤੇ ਹੁਣ ਤਾਂ ਮਸੀਂ ਆ ਹੁੰਦਾ। ਉਹ ਵੀ ਕਿਸੇ ਸ਼ਰੀਕੇ ਕਬੀਲੇ ਦੇ ਘਰ ਵਿਆਹ ਸ਼ਾਦੀ ਜਾਂ ਦੁੱਖ ਦੇ ਮੌਕੇ ’ਤੇ। ਆਉਣਾ ਵੀ ਕੀ ਆਉਣਾ। ਬਸ ਘੜੀ ਦੀ ਘੜੀ। ਹੁਣੇ ਆਏ ਹੁਣੇ ਵਾਪਸ। ਵਕਤ ਨੇ ਪੈਰਾਂ ਨੂੰ ਜਕੜ ਹੀ ਅਜਿਹੀ ਪਾ ਲਈ ਹੈ ਕਿ ਚਾਹੁੰਦਿਆਂ ਵੀ ਮਰਜ਼ੀ ਨਹੀਂ ਕਰ ਹੁੰਦੀ। ਹੁਣ ਪਿੰਡ ਅਤੇ ਪਿੰਡ ਦੇ ਲੋਕਾਂ ਬਾਰੇ ਵਰ੍ਹੇ ਛਿਮਾਹੀਂ ਕਵਿਤਾ ਲਿਖ ਲਈਦੀ ਹੈ-ਬਸ ਇੰਨੀ ਕੁ ਸਾਂਝ ਰਹਿ ਗਈ ਹੈ ਪਿੰਡ ਨਾਲ।
ਜਦੋਂ ਵੀ ਪਿੰਡ ਆਈਦਾ ਹੈ- ਨਿੱਕੇ ਕੇ ਘਰਾਂ ਕੋਲ ਦੀ ਲੰਘਦਿਆਂ ਅੰਦਰੋਂ ਜਿਵੇਂ ਕੁਝ ਭੁਰਦਾ ਹੈ। ਕਦੇ ਕਦੇ ਦਿਲ ਕਰਦਾ ਹੁੰਦਾ ਹੈ ਗੱਡੀ ਰੋਕ ਕੇ ਨੀਝ ਨਾਲ ਉਨ੍ਹਾਂ ਗਲੀਆਂ ਨੂੰ ਨਿਹਾਰਾਂ ਜਿਨ੍ਹਾਂ ’ਚ ਦਿਹਾੜੀ ’ਚ ਪਤਾ ਨਹੀਂ ਕਿੰਨੇ ਚੱਕਰ ਮਾਰ ਲੈਂਦਾ ਸਾਂ। ਨਿੱਕੇ ਕੇ ਘਰ ਨੂੰ ਜਾਂਦੀ ਇਸ ਗਲੀ ’ਚ ਤਾਂ ਮੇਰਾ ਕਿੰਨਾ ਕੁਝ ਹੀ ਗੁਆਚ ਗਿਆ ਹੈ। ਕਈ ਵਾਰ ਬਰੇਕ ਮਾਰ ਕੇ ਆਪਣੇ ਗੁਆਚ ਗਏ ਸੁਪਨੇ ਭਾਲਣ ਦੀ ਕੋਸ਼ਿਸ਼ ਕੀਤੀ ਹੈ- ਇਹ ਜਾਣਦਿਆਂ ਵੀ ਕਿ ਗੁਆਚ ਗਏ ਸੁਪਨਿਆਂ ਨੂੰ ਤਾਂ ਵਰ੍ਹਿਆਂ ਦੇ ਵਰ੍ਹੇ ਬੀਤ ਗਏ ਨੇ, ਹੁਣ ਤਾਂ ਵਕਤ ਦੀ ਹਨੇਰੀ ਇਨ੍ਹਾਂ ਸੁਪਨਿਆਂ ਦੀ ਰਾਖ ਵੀ ਕਿਤੇ ਦੂਰ ਉਡਾ ਕੇ ਲੈ ਗਈ ਹੋਵੇਗੀ।
ਪਿਛਲੀ ਵਾਰ ਜਦੋਂ ਪਿੰਡ ਆਇਆ ਸਾਂ ਤਾਂ ਆਪਣੇ ਆਪ ਕਾਰ ਦੀਆਂ ਬਰੇਕਾਂ ’ਤੇ ਪੈਰ ਚਲਾ ਗਿਆ ਸੀ। ਮੈਂ ਨਿੱਕੇ ਦੇ ਇਉਂ ਮਿਲਣ ’ਤੇ ਅੰਦਰੋ ਅੰਦਰੀ ਖ਼ੁਸ਼ ਹੋਇਆ ਸਾਂ।
‘‘ਬਾਈ ਨਿੱਕਿਆ...!’’ ਨਿੱਕੇ ਨੂੰ ਬੁਲਾਉਣ ਲਈ ਮੂੰਹ ਖੋਲ੍ਹਣ ਹੀ ਲੱਗਾ ਸਾਂ ਕਿ ਰੁਕ ਗਿਆ। ਇਹ ਨਿੱਕਾ ਤਾਂ ਨਹੀਂ ਸੀ। ਮੈਂ ਸੋਚੀਂ ਪੈ ਗਿਆ। ਹੋ ਸਕਦਾ ਨਿੱਕੇ ਦਾ ਵੱਡਾ ਮੁੰਡਾ ਬਲੌਰ ਹੋਵੇ- ਬਿਲਕੁਲ ਉਹੋ ਜਿਹਾ ਮੁਹਾਂਦਰਾ। ਪਰ ਇਹ ਤਾਂ ਹੁਣ ਤੋਂ ਹੀ ਬੁੱਢਾ ਹੋਇਆ ਪਿਆ ਸੀ।
‘‘ਕਾਕਾ ਮਾਈਂਡ ਨਾ ਕਰੀਂ- ਕਿਤੇ ਤੂੰ ਨਿੱਕਾ ਸਿਹੁੰ ਦਾ... ਬਲੌਰ ਏਂ?’’
‘‘ਆਹੋ ਜੀ...!’’
ਮੇਰਾ ਅੰਦਾਜ਼ਾ ਸਹੀ ਨਿਕਲਿਆ ਸੀ। ਨਿੱਕੇ ਦੇ ਉਦੋਂ ਦੋ ਮੁੰਡੇ ਸਨ।
‘‘ਤੈਨੂੰ ਛੋਟੇ ਹੁੰਦੇ ਨੂੰ ਦੇਖਿਆ ਉਦੋਂ ਤੂੰ ਆਵਦੀ ਬੀਬੀ ਦੀ ਕੁੱਛੜ ਹੁੰਦਾ ਸੀ। ਹੁਣ ਤਾਂ ਸੁੱਖ ਨਾਲ...।’’ ਮੇਰੇ ਮੂੰਹੋਂ ‘ਪਾਰੋ ਦੀ ਕੁੱਛੜ’ ਨਿਕਲ ਚੱਲਿਆ ਸੀ, ਪਰ ਐਨ ਮੌਕੇ ’ਤੇ ਜ਼ੁਬਾਨ ਕਾਬੂ ਕਰ ਲਈ।
‘‘ਕਿੱਥੇ ਹੁੰਨੈ?’’ ਮੈਂ ‘ਕੀ ਕਰਦਾ ਹੁੰਨਾ’ ਦੀ ਥਾਂ ‘ਕਿੱਥੇ ਹੁੰਨੈ’ ਪੁੱਛਿਆ ਸੀ। ਲਹਿਜ਼ਾ ਮੇਰਾ ‘ਕੀ ਕਰਦਾ ਹੁੰਨਾ’ ਵਾਲਾ ਹੀ ਸੀ। ਉਂਜ, ਉਸ ਦੀ ਸਰੀਰਿਕ ਹਾਲਤ ਦੇਖ ਕੇ ਉਸ ਦੇ ਕੰਮਕਾਰ ਬਾਰੇ ਮੋਟਾ ਜਿਹਾ ਲੱਖਣ ਲਾ ਲਿਆ ਸੀ। ਬਲੌਰ ਨੂੰ ਸਿਰ ਤੋਂ ਪੈਰਾਂ ਤੱਕ ਗਹੁ ਨਾਲ ਵੇਖਦਿਆਂ ਮਨ ਕਈ ਕੁਝ ਸੋਚ ਗਿਆ। ਉਸ ਦੀ ਕਮਰ ਅੱਗੇ ਵੱਲ ਝੁੱਕੀ ਪਈ ਸੀ। ਹੜਬਾਂ ਬਾਹਰ ਵੱਲ ਨੂੰ ਝਾਕਦੀਆਂ ਸਨ।
‘‘ਕਰਨਾ ਕੀ... ਆਹੀ ਦਿਹਾੜੀ ਦੱਪਾ। ਕਦੇ ਸ਼ਹਿਰ ਵਗ ਜਾਈਦਾ ਮਿਸਤਰੀ ਨਾਲ ਪੱਕੀ ਉਸਾਰੀ ਦੇ ਕੰਮ ’ਤੇ।’’ ਉਸ ਨੇ ‘ਦਿਹਾੜੀ ਦੱਪਾ’ ਸ਼ਬਦ ’ਤੇ ਜ਼ੋਰ ਪਾਇਆ ਸੀ। ਮੇਰੇ ਮਨ ਨੂੰ ਧੱਕਾ ਜਿਹਾ ਲੱਗਾ। ਪਹਿਲਾਂ ਨਿੱਕੇ ਦਾ ਬਾਪ ਸੀਰੀ ਸਾਂਝੀ ਰਲਦਾ ਰਿਹਾ, ਫਿਰ ਅੱਗੋਂ ਨਿੱਕਾ ਵੀ ਇਹੋ ਕਰਦਾ ਰਿਹਾ ਤੇ ਹੁਣ ਨਿੱਕੇ ਦੀ ਔਲਾਦ ਵੀ। ਕੀ ਇਹ ਪ੍ਰਥਾ ਅੱਗੇ ਦੀ ਅੱਗੇ ਇਉਂ ਹੀ ਚੱਲਦੀ ਰਹਿਣੀ ਹੈ?
‘‘ਤੁਹੀਂ...?’’ ਉਸ ਦੀਆਂ ਅੱਖਾਂ ਸਵਾਲ ਬਣ ਗਈਆਂ ਸਨ।
‘‘ਮੈਂ... ਮੈਂ ਤੇਰੇ ਭਾਪੇ ਦਾ ਲੰਗੋਟੀਆ ਯਾਰ। ਜਗਦੇਵ। ਪ੍ਰਿੰਸੀਪਲ ਜਗਦੇਵ ਸਿੰਘ।’’ ਮੈਥੋਂ ਪ੍ਰਿੰਸੀਪਲ ਸ਼ਬਦ ’ਤੇ ਜ਼ੋਰ ਦਿੱਤਾ ਗਿਆ ਸੀ। ਮੇਰਾ ਜੀਅ ਤਾਂ ਕੀਤਾ ਸੀ ਆਖਾਂ- ‘ਮੈਂ ਤੇਰਾ ਚਾਚਾ ਜਗਦੇਵ’, ਪਰ ਪਤਾ ਨਹੀਂ ਕਿਉਂ ਸ਼ਬਦ ਮੇਰੇ ਮੂੰਹ ’ਚੋਂ ਬਾਹਰ ਹੀ ਨਹੀਂ ਸਨ ਨਿਕਲੇ।
‘‘ਕੀ ਕਰਦਾ ਹੁੰਦਾ ਬਾਈ ਨਿੱਕਾ?’’
‘‘ਕਰਨਾ ਕੀ ਆ?’’ ਬਲੌਰ ਨੇ ਉਲਟਾ ਸਵਾਲ ਮੈਨੂੰ ਕਰ ਦਿੱਤਾ ਸੀ। ਉਸ ਦੇ ਜਵਾਬ ’ਚ ਕੁਝ ਤਲਖ਼ੀ ਵੀ ਸੀ ਜਿਵੇਂ ਉਸ ਨੂੰ ਮੇਰਾ ਸਵਾਲ ਬੇਲੋੜਾ ਲੱਗਾ ਹੋਵੇ।
‘‘ਆਵਦੇ ਭਾਪੇ ਨੂੰ ਆਖੀਂ, ਜਗਦੇਵ ਮਿਲਿਆ ਸੀ। ਮੈਂ ਆਊਂ ਕਿਸੇ ਦਿਨ ਮਿਲਣ। ਬੜਾ ਜੀਅ ਕਰਦਾ ਮਿਲਣ ਨੂੰ।’’
‘‘ਕਿਹੜਾ ਜਗਦੇਵ?’’ ਮੁੰਡੇ ਨੇ ਮੈਨੂੰ ਕਿੱਥੋਂ ਸਿਆਨਣਾ ਸੀ।
‘‘ਮੋਰ ਵਾਲਿਆਂ ਦਾ ਦੇਵ। ਆਪੇ ਸਮਝ ਜਾਊ।’’ ਬਾਰੀ ਦਾ ਸ਼ੀਸ਼ਾ ਚੜ੍ਹਾ ਮੈਂ ਗੱਡੀ ਗੇਅਰ ’ਚ ਪਾ ਲਈ ਸੀ।
ਨਿੱਕੇ ਦੇ ਮੁੰਡੇ ਨੂੰ ਮੈਂ ਆਪਣੀ ਸਹੀ ਪਛਾਣ ਦੱਸੀ ਸੀ। ਪਿੰਡ ’ਚ ਸਾਡੇ ਘਰ ਨੂੰ ਮੋਰ ਵਾਲਿਆਂ ਦਾ ਘਰ ਕਿਹਾ ਜਾਂਦਾ ਸੀ। ਕਿਸੇ ਵਕਤ ਸਾਡੀ ਹਵੇਲੀ ’ਤੇ ਲੋਹੇ ਦਾ ਮੋਰ ਲੱਗਾ ਹੁੰਦਾ ਸੀ। ਇਹ ਗੱਲਾਂ ਮੇਰੇ ਬਚਪਨ ਦੀਆਂ ਸਨ।
ਮੈਂ ਭਾਵੇਂ ਨਿੱਕੇ ਨੂੰ ਮਿਲਣ ਦੀ ਇੱਛਾ ਜ਼ਾਹਰ ਕਰ ਦਿੱਤੀ ਸੀ, ਪਰ ਅਸਲ ਗੱਲ ਇਹ ਸੀ ਕਿ ਉਸ ਨੂੰ ਮਿਲਣ ਬਾਰੇ ਸੋਚਦਿਆਂ ਹੀ ਮਨ ਥਾਲੀ ਦੇ ਪਾਣੀ ਵਾਂਗੂੰ ਡੋਲਣ ਲੱਗ ਪੈਂਦਾ ਸੀ। ਮੂਰਤ ਵਰਗੀ ਪਾਰੋ ਮੇਰੀਆਂ ਅੱਖਾਂ ਅੱਗੇ ਆ ਖੜ੍ਹਦੀ ਸੀ।
ਪਾਰੋ ਨਿੱਕੇ ਦੇ ਮਾਮੇ ਦੀ ਕੁੜੀ ਸੀ ਜੋ ਨਿੱਕੇ ਹੁਣਾਂ ਕੋਲ ਰਹਿੰਦੀ ਸੀ। ਤਿੱਖੇ ਤੇ ਖਿੱਚਵੇਂ ਨੈਣ ਨਕਸ਼। ਰੰਗ ਗੰਦਮੀ। ਨਾ ਗੋਰਾ ਨਾ ਸਾਉਲਾ। ਉਹ ਆਪਣੀ ਭੂਆ ਨਾਲ ਅਕਸਰ ਸਾਡੇ ਘਰ ਆਉਂਦੀ। ਉਦੋਂ ਨਿੱਕੇ ਦਾ ਬਾਪ ਜਿਸ ਨੂੰ ਮੈਂ ਨਿੱਕੇ ਦੀ ਰੀਸੇ ਚਾਚਾ ਆਖਦਾ ਸਾਂ, ਸਾਡੇ ਸੀਰੀ ਹੁੰਦਾ ਸੀ। ਪਾਰੋ ਆਪਣੀ ਭੂਆ ਨਾਲ ਸਾਡੇ ਘਰ ਦੇ ਕੰਮ ਧੰਦੇ ਕਰਵਾਉਂਦੀ। ਕਦੇ ਬੀਬੀ ਨਾਲ ਪੀਹਣ ਕਰਵਾ ਦਿੰਦੀ। ਭੈਣ ਹੋਰਾਂ ਨਾਲ ਸਿਲਾਈ ਕਢਾਈ ਨੂੰ ਹੱਥ ਮਾਰ ਦਿੰਦੀ। ਉਸ ਦੇ ਤਿੱਖੇ ਨੈਣ ਨਕਸ਼ਾਂ ਅਤੇ ਸਚਿਆਰਪੁਣੇ ਨੂੰ ਵੇਖਦਿਆਂ ਬੀਬੀ ਹਸਰਤ ਕਰਦੀ।
‘‘ਕਿਤੇ ਐਹੋ ਜ੍ਹੀ ਕੁੜੀ ਸਾਡੀ ਬਿਰਾਦਰੀ ਦੇ ਘਰ ਹੁੰਦੀ- ਲੋਹੜੇ ਦਾ ਰੂਪ ਨਿਖਰਦਾ।’’
‘‘ਹੁਣ ਕੀ ਚਿਬੰੜਿਆ ਏਹਨੂੰ? ਹੁਣ ਨ੍ਹੀ ਚੜ੍ਹਿਆ ਰੂਪ? ਫਿਲਮਾਂ ਆਲੀਆਂ ਐਕਟਰਨੀਆਂ ਅਰਗੀ ਤਾਂ ਲੱਗਦੀ ਐ।’’ ਮੇਰੇ ਮੂੰਹੋਂ ਆਪਮੁਹਾਰੇ ਨਿਕਲ ਜਾਂਦਾ। ਬੀਬੀ ਬੜੇ ਭੇਤ ਭਰੇ ਢੰਗ ਨਾਲ ਮੇਰੇ ਮੂੰਹ ਵੱਲ ਵੇਖਣ ਲੱਗਦੀ।
‘‘ਰੂਪ ਤਾਂ ਮਰ ਜਾਣੀ ਨੂੰ ਹੁਣ ਵੀ ਲੋਹੜੇ ਦਾ ਚੜ੍ਹਿਆ ਵਾ- ਬੱਸ ਲੇਖ ਈ ਨ੍ਹੀ ਡਾਹ ਦਿੰਦੇ।’’
‘‘ਲੇਖਾਂ ਨੂੰ ਕੀ ਜੂੰਆਂ ਪਈਆਂ?’’ ਮੈਂ ਹਾਸੇ ਦੇ ਰੌਂਅ ’ਚ ਆਖ ਦਿੰਦਾ, ਉਂਜ ਅੰਦਰੋਂ ਹੱਸਦਾ ਨਹੀਂ ਸਾਂ ਬਲਕਿ ਦੁਖੀ ਹੁੰਦਾ ਸਾਂ।
‘‘ਹੋਰ ਏਦੂੰ ਮਾੜੇ ਲੇਖ ਕੀ ਹੋਣਗੇ... ਐਨੀ ਸੋਹਣੀ ਸਚਿਆਰੀ ਕੁੜੀ ਕੰਮੀਆਂ ਕਮੀਣਾਂ ਦੇ ਘਰੇ ਜੰਮਪੀ। ਕਿਤੇ ਜੱਟਾਂ ਜ਼ਿਮੀਦਾਰਾਂ ਦੇ ਜੰਮੀ ਹੁੰਦੀ...?’’
‘‘ਫੇਰ ਕੀ ਹੋ ਜਾਂਦਾ...?’’
‘‘ਹੋਣਾ ਕੀ ਸੀ? ਏਹਦੇ ਭੂਆ ਫੁੱਫੜ ਤੋਂ ਝੋਲੀ ਅੱਡ ਕੇ ਮੰਗ ਲੈਂਦੀ ਤੇਰੇ ਆਸਤੇ।’’ ਬੀਬੀ ਆਵਦੇ ਵੱਲੋਂ ਮੇਰੇ ਦਿਲ ਦੀ ਗੱਲ ਕਰਕੇ ਮੇਰੇ ਅੰਦਰ ਚੱਲਦੀ ਉੱਥਲ-ਪੁੱਥਲ ਨੂੰ ਸ਼ਾਂਤ ਕਰਦੀ। ਮੈਂ ਬੀਬੀ ਦੇ ਬੋਲਾਂ ਨਾਲ ਸਗੋਂ ਰਿੱਝਣ ਲੱਗ ਜਾਂਦਾ।
ਮੈਂ ਤੇ ਨਿੱਕਾ ਅੱਠਵੀਂ ਤੱਕ ਇਕੱਠੇ ਪੜ੍ਹੇ ਸਾਂ। ਮੈਂ ਨਿੱਕੇ ਨਾਲ ਅਕਸਰ ਉਨ੍ਹਾਂ ਦੇ ਘਰ ਜਾਂਦਾ ਰਹਿੰਦਾ। ਮੈਂ ਤੂਤ ਦੀਆਂ ਛਿਟੀਆਂ ਦੇ ਬਣੇ ਛਾਬੇ ’ਚੋਂ ਸੁੱਕੀਆਂ ਭਰੂਰੀਆਂ ਰੋਟੀਆਂ ਆਪ ਹੀ ਚੁੱਕ ਕੇ ਖਾ ਲੈਂਦਾ। ਉਨ੍ਹਾਂ ਦੇ ਘਰ ਦੀਆਂ ਸਮਾਨ ਵਾਲੀਆਂ ਪੀਪੀਆਂ ਜੋ ਅਕਸਰ ਭਾਂਅ ਭਾਂਅ ਹੀ ਕਰਦੀਆਂ ਹੁੰਦੀਆਂ ਸਨ, ’ਚ ਹੱਥ ਕਰੋਲੇ ਮਾਰਦਾ ਰਹਿੰਦਾ। ਰੋਟੀ ਪਾਣੀ ਤਾਂ ਨਿੱਕਾ ਵੀ ਸਾਡੇ ਘਰੋਂ ਖਾ ਲੈਂਦਾ ਸੀ, ਪਰ ਸਾਡੇ ਛਾਬੇ ਨੂੰ ਤਾਂ ਕੀ ਚੁੱਲ੍ਹੇ ਚੌਂਕੇ ਕੋਲ ਆਉਣਾ ਵੀ ਉਸ ਦੇ ਵੱਸ ’ਚ ਨਹੀਂ ਸੀ ਹੁੰਦਾ। ਮੈਂ ਜਦੋਂ ਕਦੇ ਰੋਟੀ ਖਾ ਰਿਹਾ ਹੁੰਦਾ ਤੇ ਉਸ ਵਕਤ ਨਿੱਕਾ ਘਰ ਆ ਜਾਂਦਾ ਤਾਂ ਆਪਣੇ ਨਾਲ ਹੀ ਰੋਟੀ ਖੁਆਉਣ ਲਾ ਲੈਂਦਾ। ਬੀਬੀ ਅੱਖਾਂ ਅੱਖਾਂ ’ਚ ਹੀ ਮੈਨੂੰ ਘੂਰਦੀ, ਪਰ ਮੈਂ ਇਸ ਘੂਰ ਨੂੰ ਆਈ ਗਈ ਕਰ ਛੱਡਦਾ। ਇੰਜ ਦਾ ਵਿਖਾਵਾ ਕਰਦਾ ਜਿਵੇਂ ਬੀਬੀ ਵੱਲ ਵੇਖਿਆ ਹੀ ਨਾ ਹੋਵੇ। ਨਿੱਕੇ ਦੇ ਜਾਣ ਬਾਅਦ ਬੀਬੀ ਕਿੰਨਾ ਚਿਰ ਬੁੜ ਬੁੜ ਕਰਦੀ ਰਹਿੰਦੀ।
‘‘ਤੈਨੂੰ ਤਾਂ ਉੱਕਾ ਈ ਹੈਨੀ ਸੁੱਚ ਭਿੱਟ ਦਾ। ਤੇਰਾ ਵੱਸ ਚੱਲੇ ਤਾਂ ਐਨ ਚੁੱਲ੍ਹੇ ਮੂਹਰੇ ਲਿਆ ਬਹਾਵੇਂ।’’
‘‘ਸੁੱਚ ਭਿੱਟ ਨੂੰ ਕੀ ਉਹਦੇ ਹੱਥਾਂ ਨੂੰ ਕੋਹੜ ਹੋਇਆ? ਕਿ ਪਾਕ ਪਈ ਵ੍ਹੀ ਆ? ਮੇਰੇ ਵਰਗੇ ਹੱਥ ਐ- ਮੇਰੇ ਵਰਗੇ ਪੈਰ ਐ। ਦੋ ਕੰਨ-ਦੋ ਅੱਖਾਂ-ਨੱਕ-ਮੂੰਹ-ਲੱਤਾਂ-ਸਿਰ। ਬਾਕੀ ਰਹੀ ਗੱਲ ਦਿਮਾਗ਼ ਦੀ- ਦਿਮਾਗ਼ ਆਪਣੇ ਨਾਲੋਂ ਭੋਰਾ ਵੱਧ ਈ ਐ।’’ ਪਹਿਲਾਂ-ਪਹਿਲ ਤਾਂ ਮੈਂ ਬੀਬੀ ਦੀ ਗੱਲ ਦਾ ਜੁਆਬ ਦਿਆ ਕਰਦਾ ਸਾਂ, ਫਿਰ ਹਟ ਗਿਆ। ਨਿੱਕੇ ਨਾਲ ਬਹਿ ਕੇ ਖਾਣ-ਪੀਣ ਵਾਲੀ ਆਦਤ ਨਾ ਮੈਂ ਬਦਲੀ, ਨਾ ਬੀਬੀ ਨੇ ਬੁੜ ਬੁੜ ਕਰਨੀ ਛੱਡੀ।
ਬੀਬੀ ਤਾਂ ਕੇਵਲ ਬੁੜ ਬੁੜ ਹੀ ਕਰਦੀ ਸੀ, ਅਸਲ ਵਿਰੋਧ ਤਾਂ ਬੇਬੇ ਵੱਲੋਂ ਹੁੰਦਾ। ਉਹ ਤਾਂ ਨਿੱਕੇ ਦੇ ਬੈਠਿਆਂ ਵੀ ਮੂੰਹ ’ਚ ਬੁਰਾ ਭਲਾ ਬੋਲਦੀ ਰਹਿੰਦੀ। ਨਿੱਕੇ ਦੇ ਚਲੇ ਜਾਣ ਬਾਅਦ ਤਾਂ ਹੱਥ ਵਾਲੀ ਖੂੰਡੀ ਮੇਰੇ ਵੱਲ ਉਲਾਰਦਿਆਂ ਚੀਕ ਹੀ ਪੈਂਦੀ, ‘‘ਵੇ ਤੈਨੂੰ ਸੂਗ ਨ੍ਹੀ ਆਉਂਦੀ... ਨਾਲ ਬੁਰਕੀਆਂ ਲਾਉਂਦਿਆਂ। ਅਸੀਂ ਤਾਂ ਇਨ੍ਹਾਂ ਨੂੰ ਦੇਹਲੀਏ ਨ੍ਹੀ ਚੜ੍ਹਨ ਦਿੰਦੇ ਤੇ ਇਹ ਨਾਲ ਬਹਾ ਬਹਾ ਕੇ ਤੋਸੇ ਖਵਾਉਂਦਾ। ਖਵਾਉਂਦਾ ਕੀ ਮੂੰਹ ’ਚ ਬੁਰਕੀਆਂ ਪਾਉਣ ਤੱਕ ਜਾਂਦਾ। ਖਬਰਦਾਰ ਜੇ ਮੇਰੇ ਨੇੜੇ ਆਇਆ- ਕੀ ਧਰਮ ਭ੍ਰਿਸ਼ਟ ਕਰਨਾ ਲਿਆ ਮਲੇਛ ਨੇ।’’
ਮੈਨੂੰ ਦਾਦੀ ’ਤੇ ਬੜਾ ਗੁੱਸਾ ਚੜ੍ਹਦਾ। ਮੈਂ ਜਾਣਬੁੱਝ ਕੇ ਉਸ ਦੀ ਰੋਟੀ ਵਾਲੀ ਥਾਲੀ ਨੂੰ ਹੱਥ ਲਾ ਦਿੰਦਾ। ਉਹ ਹਾਲ ਪਾਹਰਿਆ ਕਰਨ ਲੱਗਦੀ। ਊਂ ਮੈਂ ਹੈਰਾਨ ਹੁੰਦਾ, ਨਿੱਕੇ ਦੀ ਮਾਂ ਤੋਂ ਕੰਮ ਕਰਵਾਉਣ ਵੇਲੇ ਬੇਬੇ ਉਸ ਨਾਲ ਮਿੱਠੀ ਪਿਆਰੀ ਹੋ ਜਾਂਦੀ। ਉਸ ਦੇ ਹੱਥੋਂ ਪੀਹਣ ਕਰਾਉਂਦੀ, ਰਜਾਈਆਂ ਦੇ ਨਗੰਦੇ ਕਢਵਾਉਂਦੀ ਤੇ ਲੇਫ਼ ਤਲਾਈਆਂ ਧੁਆਉਂਦੀ। ਮੈਂ ਬੇਬੇ ਦੇ ਦੂਹਰੇ ਕਿਰਦਾਰ ’ਤੇ ਅੰਦਰ ਹੀ ਅੰਦਰ ਹੱਸਦਾ। ਉਦੋਂ ਤੱਕ ਮੈਂ ਇੰਨੀ ਕੁ ਗੱਲ ਸਮਝ ਗਿਆ ਸਾਂ ਕਿ ਬੰਦੇ ਨੂੰ ਬੰਦਾ ਸਮਝਣ ਵਾਲੀ ਸੋਚ ਦਾਦੀ ਵਰਗਿਆਂ ਦੇ ਖ਼ਾਨੇ ਨਹੀਂ ਵੜ ਸਕਦੀ।
ਅੱਠਵੀਂ ’ਚ ਨਿੱਕਾ ਮੇਰੇ ਨਾਲੋਂ ਚੰਗੇ ਨੰਬਰ ਲੈ ਕੇ ਪਾਸ ਹੋਇਆ ਸੀ। ਮੈਨੂੰ ਅੱਗੇ ਪੜ੍ਹਨ ਲਈ ਨੇੜਲੇ ਕਸਬੇ ਦੇ ਸਕੂਲ ’ਚ ਦਾਖਲ ਕਰਵਾ ਦਿੱਤਾ ਸੀ। ਪੜ੍ਹਾਈ ’ਚ ਹੁਸ਼ਿਆਰ ਹੋਣ ਦੇ ਬਾਵਜੂਦ ਨਿੱਕੇ ਨੂੰ ਅੱਗੇ ਪੜ੍ਹਨ ਨਹੀਂ ਸੀ ਲਾਇਆ। ਬੀਬੀ ਦੇ ਕਹੇ ਅਨੁਸਾਰ ਨਿੱਕੇ ਦੇ ਲੇਖਾਂ ਨੇ ਡਾਹ ਨਹੀਂ ਸੀ ਦਿੱਤੀ। ਉਸ ਦੇ ਹੱਥ ਕਿਤਾਬਾਂ ਦੀ ਥਾਂ ਆਪਣੇ ਬਾਪ ਦਾਦੇ ਵਰਗਾ ਕੌਲਾ ਆ ਗਿਆ ਸੀ। ਨਿੱਕੇ ਨੂੰ ਸਕੂਲੋਂ ਹਟਾ ਲੈਣ ਦਾ ਸਭ ਤੋਂ ਵੱਧ ਦੁੱਖ ਮੈਨੂੰ ਹੋਇਆ ਸੀ। ਮੈਨੂੰ ਸਕੂਲ ’ਚ ਨਿੱਕੇ ਦੇ ਨਾਲ ਫਿਰਦੇ ਦੇ ਭੁਲੇਖੇ ਪੈਂਦੇ ਰਹਿੰਦੇ। ਮੇਰੀਆਂ ਸ਼ਰਾਰਤਾਂ ਕਿਧਰੇ ਉੱਡ ਪੁੱਡ ਗਈਆ। ਕਿਸੇ ਇੱਕ ਦੇ ਨਾ ਹੋਣ ਨਾਲ ਹੀ ਤੁਹਾਨੂੰ ਅੰਦਰ ਬਾਹਰ ਕਿਵੇਂ ਓਪਰਾ ਓਪਰਾ ਲੱਗਣ ਲੱਗ ਜਾਂਦਾ ਹੈ, ਇਸ ਦਾ ਅਹਿਸਾਸ ਮੈਨੂੰ ਹੁਣ ਹੀ ਹੋਇਆ ਸੀ।
ਸਕੂਲ ਦਾ ਸਮਾਂ ਮਸਾਂ ਹੀ ਨਿਕਲਦਾ। ਸਕੂਲੋਂ ਛੁੱਟੀ ਹੁੰਦਿਆਂ ਹੀ ਨਿੱਕੇ ਕੇ ਘਰ ਵੱਲ ਨੂੰ ਸ਼ੂਟ ਵੱਟਦਾ। ਉਹ ਜਿੱਥੇ ਵੀ ਹੁੰਦਾ, ਉਸ ਨੂੰ ਮਿਲਦਾ। ਮੈਨੂੰ ਇੱਕ ਗੱਲ ਦੀ ਸਮਝ ਨਾ ਲੱਗਦੀ, ਨਿੱਕਾ ਮੈਥੋਂ ਪਾਸਾ ਜਿਹਾ ਕਿਉਂ ਵੱਟਣ ਲੱਗ ਗਿਆ ਸੀ? ਉਹ ਜਿੰਨਾ ਦੂਰ ਦੂਰ ਜਾਣ ਦੀ ਕੋਸ਼ਿਸ਼ ਕਰਦਾ, ਮੈਂ ਓਨਾ ਹੀ ਨੇੜੇ ਹੁੰਦਾ ਜਾਂਦਾ। ਮੈਂ ਜਦੋਂ ਹੀ ਉਸ ਨੂੰ ਜੱਫ਼ੀ ’ਚ ਲੈਂਦਾ, ਉਸ ਦੀਆਂ ਅੱਖਾਂ ’ਚ ਪਾਣੀ ਉਤਰ ਆਉਂਦਾ।
‘‘ਯਾਰ ਐਂ ਕਿਉਂ ਕਰਦੈਂ? ਦੂਰ ਦੂਰ ਕਿਉਂ ਹੁੰਨੈ?’’
‘‘ਹੁਣ ਉਹ ਗੱਲਾਂ ਨ੍ਹੀ ਰਹੀਆਂ।’’ ਉਹ ਆਪਣੇ ਮੈਲ਼ੇ ਝੱਗੇ ਵੱਲ ਵੇਖਦਿਆਂ ਲੰਮਾ ਹਾਉਕਾ ਖਿੱਚ ਲੈਂਦਾ।
‘‘ਕਿਹੜੀਆਂ ਗੱਲਾਂ? ਹੁਣ ਕੀ ਹੋ ਗਿਆ? ਕਮਲੀਆਂ ਨ੍ਹੀ ਮਾਰਦੈਂ? ਐਂ ਭਲਾ ਯਾਰੀਆਂ ਟੁੱਟਦੀਆਂ ਹੁੰਦੀਆਂ?’’ ਮੈਂ ਬਾਹੋਂ ਫੜ ਉਸ ਦੇ ਘਰ ਲੈ ਵੜਦਾ ਤੇ ਉਨ੍ਹਾਂ ਦੇ ਛਾਬੇ ਨੂੰ ਫਰੋਲ ਕੇ ਰੋਟੀਆਂ ਕੱਢ ਲੈਂਦਾ।
‘‘ਤੂੰ ਵੀ ਨਾ ਬਸ- ਐਮੇ ਤਾਂ ਨ੍ਹੀ ਤੇਰੀ ਬੇਬੇ ਲੜਦੀ।’’ ਉਹ ਹਲਕਾ ਹਲਕਾ ਹੱਸਦਾ ਸਿਰ ਮਾਰਨ ਲੱਗਦਾ।
‘‘ਬੇਬੇ ਹੋਰਾਂ ਦਾ ਕੀ ਐ? ਉਨ੍ਹਾਂ ਤੋਂ ਨ੍ਹੀ ਨਿਕਲ ਹੋਣਾ ਇਸ ਗਧੀ ਗੇੜ ’ਚੋਂ। ਉਹ ਮਾਲਾ ਨ੍ਹੀ, ਸੋਚਾਂ ਨੂੰ ਪੁੱਠਾ ਗੇੜਾ ਦਿੰਦੀ ਹੁੰਦੀ ਐ।’’
ਮੇਰੀ ਕੋਰੀ ਕਰਾਰੀ ਗੱਲ ਸੁਣ ਕੇ ਉਹ ਹੈਰਾਨੀ ਤੇ ਖ਼ੁਸ਼ੀ ਨਾਲ ਮੇਰੇ ਮੂੰਹ ਵੱਲ ਵੇਖਣ ਲੱਗਦਾ।
‘‘ਤੂੰ ਵੀ ਨਾ ਬੱਸ...।’’ ਇਸ ਤੋਂ ਅੱਗੇ ਹੋਰ ਕੋਈ ਗੱਲ ਉਸ ਨੂੰ ਨਹੀਂ ਸੀ ਅਹੁੜਦੀ। ਸਕੂਲ ’ਚ ਤਾਂ ਉਸ ਦਾ ਨਾਂ ਵੀ ‘ਤੂੰ ਵੀ ਨਾ ਬੱਸ’ ਪਾਇਆ ਹੋਇਆ ਸੀ।
ਮੈਂ ਜਦੋਂ ਵੀ ਨਿੱਕੇ ਕੇ ਘਰ ਜਾਂਦਾ, ਪਾਰੋ ਸਾਡੀਆਂ ਉੱਘ ਪਤਾਲ ਗੱਲਾਂ ਸੁਣ ਸੁਣ ਕੇ ਹੱਸਦੀ। ਮੈਂ ਨਿੱਕੇ ਅਤੇ ਉਸ ਦੇ ਘਰਦਿਆਂ ਤੋਂ ਚੋਰੀ ਪਾਰੋ ਦੇ ਹਾਸਿਆਂ ਨੂੰ ਧਰਤੀ ’ਤੇ ਡਿੱਗਣ ਤੋਂ ਪਹਿਲਾਂ ਹੀ ਬੋਚ ਲੈਂਦਾ।
‘‘ਪਾਰੋ! ਐਹ ਤੇਰੇ ਮੋਰ ਤਾਂ ਆਏਂ ਲੱਗਦਾ ਜਿਵੇਂ ਹੁਣੇ ਉੱਡ ਜਾਣਗੇ।’’ ਪਾਰੋ ਕੰਧੋਲੀ ’ਤੇ ਬੜੇ ਸੋਹਣੇ ਮੋਰ ਬਣਾਉਂਦੀ ਸੀ। ਮੀਂਹ ਕਣੀ ਦੇ ਦਿਨਾਂ ’ਚ ਇਹ ਮੋਰ ਤੋਤੇ ਖੁਰ ਜਾਂਦੇ। ਪਾਰੋ ਦੇ ਹੱਥਾਂ ਦੀ ਛੋਹ ਨਾਲ ਇਹ ਮੋਰ ਦੁਬਾਰਾ ਜਿਉਂਦੇ ਹੋ ਉੱਠਦੇ। ਮੈਂ ਉਸ ਦੇ ਹੁਨਰ ਦੀ ਤਾਰੀਫ਼ ਕਰਨ ਦਾ ਕੋਈ ਮੌਕਾ ਨਾ ਖੁੰਝਾਉਂਦਾ।
‘‘ਬੱਸ ਸਾਡੀਆਂ ਗ਼ਰੀਬਾਂ ਦੀਆਂ ਤਾਂ ਐਮੇ ਰੀਝਾਂ ਈ ਹੁੰਦੀਆਂ, ਹੋਰ ਇਨ੍ਹਾਂ ਵਿਚਾਰਿਆਂ ਕਿਹੜਾ ਸਾਡੇ ਲਈ ਪੈਲ਼ਾਂ ਪਾਉਣੀਆਂ।’’ ਮੈਨੂੰ ਪਤਾ ਨਾ ਲੱਗਦਾ ਇਹ ਗੱਲ ਉਸ ਨੇ ਉਦਾਸ ਹੋ ਕੇ ਆਖੀ ਸੀ ਕਿ ਹੱਸਦਿਆਂ। ਮੈਂ ਉਸ ਦੇ ਅੰਦਰਲੀ ਲੁਕੀ ਪੀੜ ਨੂੰ ਸਮਝਣ ਲਈ ਅੱਖਰਾਂ ਨੂੰ ਜੋੜਨ ਲੱਗਦਾ, ਪਰ ਲੋੜ ਗੋਚਰਾ ਕੋਈ ਸ਼ਬਦ ਨਾ ਬਣਦਾ।
‘‘ਨਾਲੇ ਸਾਡੇ ਗ਼ਰੀਬਾਂ ਦੇ ਮੋਰ ਤਾਂ ਮੀਂਹ ਨਾਲ ਈ ਖੁਰ ਜਾਂਦੇ, ਥੋਡੀ ਹਵੇਲੀ ਵਾਲਾ ਮੋਰ ਤਾਂ ਪੱਕਾ ਐ- ਲੋਹੇ ਦਾ। ਮੀਂਹ ਕਣੀ ਦਾ ਵੀ ਅਸਰ ਨ੍ਹੀ ਉਹਦੇ ’ਤੇ।’’
‘‘ਤੂੰ ਵੀ ਨਾ ਬੱਸ...।’’ ਮੈਂ ਨਿੱਕੇ ਦੇ ਸ਼ਬਦ ਸੁਭਾਵਿਕ ਹੀ ਵਰਤ ਜਾਂਦਾ। ਪਾਰੋ ਚੁੰਨੀ ਦੀ ਕੰਨੀ ਨੂੰ ਖੱਬੇ ਹੱਥ ਦੀ ਚੀਚੀ ’ਤੇ ਵਲੇਟਦੀ ਮੂੰਹ ਦੂਜੇ ਪਾਸੇ ਕਰ ਚੋਰੀ ਚੋਰੀ ਅੱਖਾਂ ਪੂੰਝਦੀ।
ਨਿੱਕੇ ਦੇ ਸੀਰ ਦੇ ਸਾਲ ਵਧੀ ਜਾਂਦੇ ਸਨ ਤੇ ਮੇਰੀਆਂ ਜਮਾਤਾਂ। ਨਾ ਤਾਂ ਨਿੱਕਾ ਮੇਰੇ ਅੰਦਰੋਂ ਨਿਕਲਿਆ ਸੀ ਤੇ ਨਾ ਹੀ ਪਾਰੋ, ਭਾਵੇਂ ਫ਼ਰਕ ਦਿਨੋ ਦਿਨ ਵਧਦਾ ਹੀ ਜਾਂਦਾ ਸੀ। ਸਾਡੇ ਘਰ ਦੀਆਂ ਮਮਟੀਆਂ ਆਏ ਸਾਲ ਉੱਚੀਆਂ ਹੁੰਦੀਆਂ ਜਾਂਦੀਆਂ ਤੇ ਨਿੱਕੇ ਦੇ ਘਰ ਦੀਆਂ ਅੱਧ ਪੱਕੀਆਂ-ਕੱਚੀਆਂ ਇੱਟਾਂ ਖੁਰਨ ਕਰਕੇ ਘਰ ਹੋਰ ਨੀਵਾਂ ਹੋਈ ਜਾਂਦਾ ਸੀ। ਪੰਚਾਇਤ ਨੇ ਸਾਡੇ ਪਾਸੇ ਦੀਆਂ ਗਲੀਆਂ ’ਚ ਇੱਟਾਂ ਚਿਣਵਾਂ ਦਿੱਤੀਆਂ ਸਨ, ਪਰ ਨਿੱਕੇ ਕੇ ਘਰਾਂ ਵੱਲ ਨੂੰ ਜਾਂਦੀ ਬੀਹੀ ’ਚ ਮੀਂਹ ਕਣੀ ਦੇ ਦਿਨਾਂ ਤੋਂ ਬਗੈਰ ਹੀ ਚਰਗਲ ਵੱਜਾ ਰਹਿੰਦਾ। ਜਿਨ੍ਹਾਂ ਦਿਨਾਂ ’ਚ ਮੈਂ ਕਾਲਜ ਦਾਖਲਾ ਲਿਆ, ਨਿੱਕੇ ਦੇ ਘਰਵਾਲੀ ਕੋਲ ਨਿੱਕਾ ਨਿਆਣਾ ਆ ਗਿਆ ਸੀ। ਪਾਰੋ ਜੁਆਕ ਨੂੰ ਕੁੱਛੜ ਚੁੱਕ ਕੇ ਖਿਡਾਉਂਦੀ।
ਮੈਂ ਕਾਲਜੋਂ ਆ ਕੇ ਜਦੋਂ ਹੀ ਵਕਤ ਮਿਲਦਾ ਬੀਹੀ ਦਾ ਚਰਗਲ ਲੰਘ ਕੇ ਨਿੱਕੇ ਨੂੰ ਮਿਲਣ ਜਾਂਦਾ। ਇਹ ਉਹੀ ਦਿਨ ਸਨ ਜਦੋਂ ਪਿੰਡ ਦੀ ਮੁੰਡੀਹਰ ਮੇਰੀ ਪਿੱਠ ਪਿੱਛੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੀ। ਸਾਡੇ ਪਾਸੇ ਵੱਲ ਦੇ ਮੁੰਡੇ ਸੁਆਦ ਲੈਂਦੇ। ਮੈਨੂੰ ਉਨ੍ਹਾਂ ਦੀਆਂ ਅੱਖਾਂ ’ਚੋਂ ਲੁੱਚਪੁਣਾ ਬਾਹਰ ਉਲਰਦਾ ਦਿਖਾਈ ਦਿੰਦਾ।
‘‘ਬੁੱਲ੍ਹੇ ਲੁੱਟਦੈ।’’ ਉਨ੍ਹਾਂ ਦੇ ਬੋਲ ਮੇਰੀ ਪਿੱਠ ’ਤੇ ਚਿਪਕ ਜਾਂਦੇ।
‘‘ਬੀਹੀ ਦਾ ਚਿੱਕੜ ਵੀ ਤਾਂ ਮਿੱਧਦਾ ਅਗਲਾ।’’ ਕੋਈ ਹੋਰ ਆਖਦਾ।
‘‘ਏਸ ਭਾਅ ਵੀ ਸੌਦਾ ਮਾੜਾ ਨ੍ਹੀ...।’’ ਸਾਰਿਆਂ ਦੇ ਤਾੜੀ ਮਾਰ ਕੇ ਹੱਸਣ ਦੀ ਆਵਾਜ਼ ਦੂਰ ਤੱਕ ਸੁਣਦੀ ਰਹਿੰਦੀ। ਮੈਨੂੰ ਉਨ੍ਹਾਂ ’ਤੇ ਗੁੱਸਾ ਆਉਂਦਾ ਅਤੇ ਆਪਣੇ ਆਪ ’ਤੇ ਨਮੋਸ਼ੀ। ਕਿਸੇ ਹੱਦ ਤੱਕ ਉਹ ਸੱਚੇ ਸਨ। ਮੈਂ ਇਕੱਲੇ ਨਿੱਕੇ ਨੂੰ ਮਿਲਣ ਲਈ ਹੀ ਤਾਂ ਚਿੱਕੜ ਨਹੀਂ ਸੀ ਮਿੱਧਦਾ। ਅਸਲ ਨਮੋਸ਼ੀ ’ਤੇ ਗੁੱਸਾ ਤਾਂ ਮੈਨੂੰ ਉਦੋਂ ਆਉਂਦਾ ਜਦੋਂ ਨਿੱਕੇ ਕੇ ਘਰਾਂ ਵੱਲ ਦੇ ਮੁੰਡੇ ਮੈਨੂੰ ਕੁੱਤਿਆਂ ਬਿੱਲਿਆਂ ਵਿਚਦੀ ਲਾ ਲਾ ਕੇ ਗੱਲਾਂ ਸੁਣਾਉਂਦੇ।
‘‘ਆਹ ਕਈ ਜਾਨਵਰ ਵੀ ਨਾ ਵੇਲੇ ਕੁਵੇਲੇ ਤੁਰੇ ਫਿਰਦੇ... ਲੱਗਦਾ ਟੰਗਾਂ ਭੰਨਣੀਆਂ ਪੈਣਗੀਆਂ।’’ ਮੈਂ ਨਾ ਚਾਹੁੰਦਾ ਵੀ ਉਨ੍ਹਾਂ ਦੀਆਂ ਜ਼ਹਿਰ ਵਰਗੀਆਂ ਗੱਲਾਂ ਪੀ ਜਾਂਦਾ। ਮੈਨੂੰ ਲੱਗਦਾ ਜੇ ਬੋਲ ਬੁਲਾਰਾ ਕੀਤਾ- ਗੱਲ ਕਿਤੇ ਦੀ ਕਿਤੇ ਤੁਰ ਜਾਵੇਗੀ। ਨਿੱਕੇ ਅਤੇ ਖ਼ਾਸਕਰ ਪਾਰੋ ਦੀ ਖਾਹ ਮਖਾਹ ਬਦਨਾਮੀ ਹੋ ਸਕਦੀ ਸੀ ਤੇ ਬਦਨਾਮੀ ਦੇ ਇਸ ਹੜ੍ਹ ’ਚ ਪਾਰੋਂ ਦੇ ਮੋਰਾਂ ਨੇ ਖੁਰ ਜਾਣਾ ਸੀ। ਮੈਂ ਭਾਵੇਂ ਕਿੰਨਾ ਵੀ ਸਬਰ ਰੱਖਿਆ, ਪਰ ਨਿੱਕੇ ਕੇ ਘਰਾਂ ਦੇ ਮੁੰਡਿਆਂ ਦੇ ਜ਼ਹਿਰ ਭਿੱਜੇ ਤੀਰ, ਸਾਡੇ ਘਰ ਦੀ ਚੌਖਟ ਲੰਘ ਆਏ ਸਨ। ਇਨ੍ਹਾਂ ਤੀਰਾਂ ਦੀ ਮਾਰ ਤੋਂ ਭੈਅਮਾਨ ਹੋਈ ਬੀਬੀ ਹਰ ਦੂਏ ਤੀਏ ਦਿਨ ਮੈਨੂੰ ਸਮਝਾਉਣ ਬੈਠ ਜਾਂਦੀ, ‘‘ਪੁੱਤ, ਐਂ ਨਾ ਤੁਰਿਆ ਰਿਹਾ ਕਰ ਨਿੱਕੇ ਕੇ ਘਰ ਅੱਲੀਂ। ਅਗਲਿਆਂ ਘਰ ਜੁਆਨ ਜਹਾਨ ਕੁੜੀ ਐ।’’
‘‘ਆਪਣੇ ਘਰ ਨ੍ਹੀ ਕੁੜੀ?’’ ਮੈਂ ਭੈਣ ਵੱਲ ਇਸ਼ਾਰਾ ਕਰਦਿਆਂ ਆਖਦਾ।
‘‘ਤੂੰ ਸਮਝਦਾ ਕਿਉਂ ਨ੍ਹੀ? ਕਿਸੇ ਦਾ ਕੀ ਮੂੰਹ ਫੜ ਲੈਣਾ? ਨਾਲੇ ਜਿਹੋ ਜਿਹੀ ਇੱਜ਼ਤ ਕੁੜੀ ਦੀ- ਉਹੋ ਜਿਹੀ ਮੁੰਡੇ ਦੀ...।’’ ਬੀਬੀ ਦੇ ਬੋਲ ਕਰੜੇ ਹੋ ਗਏ ਸਨ।
‘‘ਇੱਕ ਤਾਂ ਨਿੱਕੇ ਕੀ ਸਮਝ ਨ੍ਹੀ ਲੱਗਦੀ- ਐਵੈਂ ਬਿਗਾਨਾ ਧਨ ਘਰੇ ਰੱਖੀ ਬੈਠੇ ਨੇ।’’
ਮੈਨੂੰ ਇਹ ਗੱਲ ਬਹੁਤ ਬਾਅਦ ’ਚ ਪਤਾ ਲੱਗੀ ਕਿ ‘ਬਿਗਾਨੇ ਧਨ’ ਨੂੰ ਉਸ ਦੇ ਆਪਣੇ ਘਰ ਛੱਡ ਕੇ ਆਉਣ ਦਾ ਫ਼ੈਸਲਾ ਨਿੱਕੇ ਕੇ ਪਰਿਵਾਰ ਦਾ ਨਹੀਂ ਸੀ। ਇਹ ਤਾਂ ਬੀਬੀ ਨੇ ਹੀ ਨਿੱਕੇ ਦੇ ਬਾਪੂ ਨੂੰ ਤੁੱਖਣਾ ਦੇ ਦੇ ਕੇ ਪਾਰੋ ਨੂੰ ਉਸ ਦੇ ਪਿੰਡ ਭੇਜ ਦੇਣ ਲਈ ਜ਼ੋਰ ਪਾਇਆ ਸੀ। ਮੈਂ ਕਈ ਦਿਨ ਆਨੀ ਬਹਾਨੀ ਨਿੱਕੇ ਘਰ ਗੇੜਾ ਮਾਰਦਾ ਰਿਹਾ, ਪਰ ਪਾਰੋ ਘਰ ’ਚ ਦਿਖਾਈ ਨਾ ਦਿੱਤੀ। ਕੰਧੋਲੀ ’ਤੇ ਬਣੇ ਮੋਰ ਧੁੰਦਲੇ-ਧੁੰਦਲੇ ਅਤੇ ਉਦਾਸ ਹੋਏ ਪਏ ਸਨ। ਮੋਰ ਹੀ ਕਿਉਂ, ਮੈਂ ਵੀ ਉਦਾਸ ਹੋ ਗਿਆ ਸਾਂ। ਨਿੱਕੇ ਨੂੰ ਪਾਰੋ ਬਾਰੇ ਪੁੱਛ ਵੀ ਨਹੀਂ ਸਾਂ ਸਕਦਾ। ਪੁੱਛਦਾ ਵੀ ਤਾਂ ਕਿਵੇਂ?
‘‘ਦੇਵ, ਯਾਰ ਮੈਂ ਪਾਰੋ ਨੂੰ ਛੱਡ ਆਇਆਂ ਉਹਦੇ ਪਿੰਡ। ਆਉਣ ਵਾਲੇ ਵਾਰ ਨੂੰ ਅਨੰਦ ਕਾਰਜ ਐ ਉਹਦੇ। ਦੂਰ ਨੇੜੇ ਦੀ ਰਿਸ਼ਤੇਦਾਰੀ ’ਚੋਂ ਈ ਸਾਕ ਲੱਭ ਦਿੱਤਾ ਮਾਸੀ ਨੇ ਉਹਦੇ ਵਾਸਤੇ। ਮੁੰਡਾ ਤਾਂ ਠੀਕ-ਠਾਕ ਈ ਆ। ਪਾਰੋ ਦੇ ਮੁਕਾਬਲੇ ਤਾਂ ਹੈਨੀ। ਊਂ ਜਾਣੀਦਾ ਗਊਂ ਹੱਤਿਆ ਈ ਹੋਈ ਐ।’’ ਮੇਰੇ ਬਿਨਾਂ ਪੁੱਛਿਆਂ ਹੀ ਇੱਕ ਦਿਨ ਨਿੱਕੇ ਨੇ ਦੱਸਿਆ ਸੀ। ਸ਼ਾਇਦ ਉਸ ਨੇ ਮੇਰੇ ਅੰਦਰਲੀ ਉਦਾਸੀ ਪੜ੍ਹ ਲਈ ਸੀ। ਜਾਂ ਸ਼ਾਇਦ ਹੁਣ ਦੱਸਣ ’ਚ ਕੋਈ ਹਰਜ਼ ਨਹੀਂ ਸੀ ਰਿਹਾ। ਉਸ ਦੇ ਬੋਲਣ ਦੇ ਲਹਿਜ਼ੇ ਤੋਂ ਮੈਨੂੰ ਇਉਂ ਵੀ ਮਹਿਸੂਸ ਹੋਇਆ ਜਿਵੇਂ ਪਾਰੋ ਨਾਲ ਹੋਏ ਇਸ ਧੱਕੇ ਲਈ ਉਹ ਮੈਨੂੰ ਦੋਸ਼ੀ ਸਮਝ ਰਿਹਾ ਹੋਵੇ।
ਮੈਨੂੰ ਲੱਗਾ ਜਿਵੇਂ ਕੰਧੋਲੀ ’ਤੇ ਬਣਾਏ ਮੋਰਾਂ ਦੇ ਅੱਥਰੂ ਡਿੱਗੇ ਹੋਣ, ਪਰ ਇਹ ਅੱਥਰੂ ਮੋਰਾਂ ਦੇ ਨਹੀਂ ਸਨ- ਮੇਰੀ ਅੱਖ ’ਚੋਂ ਕਿਰੇ ਸਨ। ਮੈਂ ਨਿੱਕੇ ਤੋਂ ਅੱਖ ਬਚਾ ਕੇ ਰੁਮਾਲ ਨਾਲ ਅੱਖਾਂ ਸਾਫ਼ ਕੀਤੀਆਂ ਸਨ।
* * *
ਕਿੰਨੇ ਵਰ੍ਹੇ ਬੀਤ ਗਏ ਨੇ ਇਸ ਗੱਲ ਨੂੰ। ਪ੍ਰਾਇਮਰੀ ਸਕੂਲ ਦੀ ਮਾਸਟਰੀ ਤੋਂ ਚੱਲ ਕੇ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲੀ ਤੱਕ ਅੱਪੜ ਗਿਆ ਹਾਂ। ਹੋਰ ਚਹੁੰ ਸਾਲਾਂ ਨੂੰ ਸੇਵਾਮੁਕਤ ਹੋ ਜਾਣਾ ਹੈ। ਬੱਚੇ ਥਾਓਂ ਥਾਈਂ ਸੈੱਟ ਨੇ। ਸ਼ਹਿਰ ਦੀ ਪੌਸ਼ ਕਾਲੋਨੀ ’ਚ ਵਧੀਆ ਰੈਣ ਬਸੇਰਾ ਵੀ ਬਣਾ ਲਿਆ। ਪਿੰਡ ਵਾਲੀ ਹਵੇਲੀ ਵਾਂਗ ਹੀ ਆਪਣੀ ਕੋਠੀ ’ਤੇ ਵੀ ਲੋਹੇ ਦਾ ਮੋਰ ਲਾਇਆ ਹੋਇਆ। ਇਹ ਮੋਰ ਹਵਾ ਆਉਣ ’ਤੇ ਘੁੰਮਦਾ ਹੈ।
ਪਤਾ ਹੀ ਨਹੀਂ ਲੱਗਾ ਨਦੀ ਦੇ ਤੇਜ਼ ਵਹਾਅ ਵਾਂਗ ਜਿੰਦਗੀ ਦੇ ਐਨੇ ਵਰ੍ਹੇ ਵਹਿ ਗਏ ਨੇ। ਦਾਹੜੀ ’ਚ ਕਾਲੇ ਵਾਲ ਵਿਰਲੇ ਵਿਰਲੇ ਹੀ ਰਹਿ ਗਏ ਹਨ। ਬਜ਼ਾਰੂ ਡਾਈ ਦਾਹੜੀ ਦੇ ਵਾਲਾਂ ਨੂੰ ਬੇਸ਼ੱਕ ਕਾਲਾ ਕਰ ਦਿੰਦੀ ਹੈ, ਪਰ ਜਜ਼ਬਿਆਂ ’ਚ ਰੰਗ ਭਰਨਾ ਇਸ ਦੇ ਵੱਸ ’ਚ ਨਹੀਂ ਹੁੰਦਾ। ਚਿਹਰੇ ’ਤੇ ਪਈਆਂ ਝੁਰੜੀਆਂ ਵਰ੍ਹਿਆਂ ਨਾਲ ਕੀਤੇ ਜੰਗ ਦੀ ਗਵਾਹੀ ਭਰਨ ਲੱਗੀਆਂ ਹਨ। ਇਨ੍ਹਾਂ ਦਿਨਾਂ ’ਚ ਪਾਰੋ ਦੀ ਯਾਦ ਪਹਿਲਾਂ ਨਾਲੋਂ ਕਿਤੇ ਵੱਧ ਆਉਣ ਲੱਗੀ ਹੈ। ਪਤਾ ਨਹੀਂ ਕਿੱਥੇ ਹੋਵੇਗੀ? ਕਿਹੋ ਜਿਹੀ ਹੋਵੇਗੀ? ਕਿਸ ਹਾਲਤ ਵਿੱਚ ਹੋਵੇਗੀ? ਕਦੇ ਦਿਮਾਗ਼ ਸੋਚਣ ਲੱਗਦਾ ਹੈ- ਪਾਰੋ ਹੁੰਦੀ ਤਾਂ ਜ਼ਿੰਦਗੀ ਕਿਹੋ ਜਿਹੀ ਹੁੰਦੀ?
ਜਦੋਂ ਵੀ ਪਿੰਡ ਜਾਣਾ ਆਉਣਾ ਬਣਦਾ ਹੈ, ਨਿੱਕੇ ਨੂੰ ਮਿਲ ਕੇ ਪਾਰੋ ਬਾਰੇ ਪੁੱਛਣ ਦੀ ਸੋਚਦਾ ਹਾਂ, ਪਰ ਸਫਲਤਾ ਨਹੀਂ ਮਿਲਦੀ। ਇੱਕ ਵਾਰ ਉਸ ਨੂੰ ਰਾਹ ਜਾਂਦਿਆਂ ਵੇਖ ਕਾਰ ਰੋਕ ਵੀ ਲਈ ਸੀ, ਪਰ ਨਿੱਕਾ ਮੈਨੂੰ ਵੇਖ ਕੇ ਵੀ ਅਣਦੇਖਿਆਂ ਕਰ ਪਾਸੇ ਨੂੰ ਟਲ ਗਿਆ ਸੀ। ਮੈਂ ਦੇਖਿਆ ਕਿ ਨਿੱਕਾ ਹੁਣ ਝੁਕ ਕੇ ਤੁਰਨ ਲੱਗ ਪਿਆ ਹੈ। ਉਸ ਦੀ ਉਮਰ ਜਿਵੇਂ ਮੇਰੇ ਨਾਲੋਂ ਦੁਗਣੀ ਤੇਜ਼ੀ ਨਾਲ ਵਧੀ ਹੈ। ਪਤਾ ਨਹੀਂ ਕਿਉਂ ਮੱਥੇ ਨਹੀਂ ਲੱਗਣਾ ਚਾਹੁੰਦਾ। ਸ਼ਾਇਦ ਸਾਡੇ ’ਚ ਸਮਾਜਿਕ-ਆਰਥਿਕ ਪਾੜਾ ਹੀ ਐਨਾ ਵੱਡਾ ਹੋ ਗਿਆ ਹੈ। ਸ਼ਾਇਦ ਉਸ ਨੇ ਅਜੇ ਤੱਕ ਮੁਆਫ਼ ਹੀ ਨਾ ਕੀਤਾ ਹੋਵੇ। ਪਾਰੋ ਨੇ ਵੀ ਕਿੱਥੇ ਮੁਆਫ਼ ਕੀਤਾ ਹੋਵੇਗਾ? ਉਂਜ ਕੋਈ ਵੀ ਪਾਰੋ ਅੰਦਰਲੇ ਦਰਦ ਨੂੰ ਸਮਝ ਸਕਦਾ ਹੈ, ਨਿੱਕੇ ਦਾ ਦਰਦ ਵੀ ਸਮਝਿਆ ਜਾ ਸਕਦਾ, ਪਰ ਮੇਰਾ ਦਰਦ ਕੌਣ ਸਮਝੇਗਾ?
* * *
ਅੱਜ ਭੈਣ ਦੇ ਬੁਲਾਵੇ ’ਤੇ ਜੀਵਨ ਸਾਥੀ ਹਰਵੰਤ ਨੂੰ ਨਾਲ ਲੈ ਕੇ ਭੈਣ ਘਰ ਆਏ ਹਾਂ। ਉਸ ਦੇ ਘਰ ਅੱਜਕੱਲ੍ਹ ਭੂਚਾਲ ਆਇਆ ਹੋਇਆ ਹੈ। ਭਾਣਜੀ ਰਵਨੀਤ ਆਪਣੀ ਮਰਜ਼ੀ ਨਾਲ, ਆਪਣੇ ਹੀ ਮਹਿਕਮੇ ’ਚ ਕੰਮ ਕਰਦੇ ਕੁਲੀਗ ਮੁੰਡੇ ਨਾਲ ਵਿਆਹ ਕਰਾਉਣ ਦੀ ਜ਼ਿੱਦ ’ਤੇ ਅੜੀ ਹੋਈ ਹੈ। ਭੈਣ ਨੇ ਰਵੀ ਨੂੰ ਸਮਝਾਉਣ ਲਈ ਸਾਨੂੰ ਸੱਦਿਆ ਸੀ।
‘‘ਮੁੰਡਾ ਬਣਦਾ ਤਣਦਾ ਵੀ ਐ। ਪੜ੍ਹਿਆ ਲਿਖਿਆ ਵੀ ਬਥੇਰਾ। ਸੁੱਖ ਨਾਲ ਰੰਗ ਰੂਪ ਵੀ ਸੋਹਣਾ, ਪਰ...।’’
‘‘ਪਰ ਕੀ?’’
‘‘ਪਰ ਲੇਖ ਨ੍ਹੀ ਨਾ ਸੋਹਣੇ...!’’
‘‘ਲੇਖਾਂ ਨੂੰ ਕੀ ਜੂੰਆਂ ਪਈਆਂ?’’ ਮੈਂ ਹੈਰਾਨ ਹੁੰਦਾ ਹਾਂ, ਵਰ੍ਹਿਆਂ ਪਹਿਲਾਂ ਬੋਲੇ ਸ਼ਬਦ ਹੂ-ਬ-ਹੂ ਮੇਰੀ ਜ਼ੁਬਾਨ ’ਤੇ ਕਿਵੇਂ ਆ ਗਏ। ਐਨੇ ਸਾਲਾਂ ’ਚ ਕੁਝ ਵੀ ਨਹੀਂ ਬਦਲਿਆ?
‘‘ਹੋਰ ਏਦੂੰ ਮਾੜੇ ਲੇਖ ਕੀ ਹੋਣਗੇ...?’’ ਭੈਣ ਨੇ ਬਿਲਕੁਲ ਬੀਬੀ ਵਾਂਗ ਹੀ ਭੇਤ ਭਰੀ ਤੱਕਣੀ ਨਾਲ ਮੇਰੇ ਵੱਲ ਤੱਕਿਆ ਸੀ। ਸ਼ਬਦ ਵੀ ਬਿਲਕੁਲ ਉਹੋ ਸਨ।
‘‘ਨਿੱਕੀ ਸੁੱਕੀ ਜਾਤ ਦੇ ਘਰ ਨਾ ਜੰਮਿਆ ਹੁੰਦਾ- ਮੈਂ ਰਵੀ ਵਾਸਤੇ ਆਪ ਜਾਂਦੀ ਝੋਲੀ ਅੱਡ ਕੇ ਮੰਗਣ ਉਹਦੇ ਮਾਂ-ਪਿਉ ਕੋਲ।’’
ਮੇਰੇ ਤਾਂ ਦੰਦ ਜੁੜ ਗਏ ਸਨ। ਕੀ ਬੋਲਦਾ? ਮੈਨੂੰ ਕੁਝ ਨਹੀਂ ਸੀ ਅਹੁੜ ਰਿਹਾ। ਭਾਣਜੀ ਅੱਖਾਂ ’ਚ ਪਾਣੀ ਭਰੀ, ਦੂਰ ਖੜ੍ਹੀ ਮੇਰੇ ਵੱਲ ਆਸ ਭਰੀਆਂ ਨਜ਼ਰਾਂ ਨਾਲ ਵੇਖਦੀ ਹੈ। ਸ਼ਾਇਦ ਉਹ ਪੜ੍ਹੇ ਲਿਖੇ ਤੇ ਅਫਸਰ ਲੱਗੇ ਮਾਮੇ ਤੋਂ ਆਪਣੇ ਹੱਕ ’ਚ ਭੁਗਤਣ ਦੀ ਆਸ ਲਾਈ ਬੈਠੀ ਹੋਵੇ। ਮੈਂ ਆਪਣੀ ਸੀਮਾ ਸਮਝਦਾ ਹਾਂ। ਰਵਨੀਤ ਦੇ ਹੱਕ ’ਚ ਮਾੜਾ ਮੋਟਾ ਵੀ ਡੱਕਾ ਸੁੱਟਿਆ, ਭੈਣ ਨੇ ਭੜਕ ਪੈਣਾ ਹੈ, ‘‘ਤੂੰ ਆਪਣੀ ਧੀ ਦਾ ਰਿਸ਼ਤਾ ਕਰਦੇਂਗਾ ਓਸ ਘਰੇ?’’ ਮੈਂ ਇਹ ਵੀ ਜਾਣਦਾ ਹਾਂ ਕਿ ਭੈਣ ਦੇ ਅਜਿਹੇ ਸਵਾਲ ਦੇ ਜੁਆਬ ’ਚ ਮੈਥੋਂ ‘ਹਾਂ’ ਨਹੀਂ ਕਹੀ ਜਾਣੀ। ਫਿਰ ਸ੍ਰੀਮਤੀ ਵੀ ਤਾਂ ਸਾਰੇ ਰਾਹ ਮੈਨੂੰ ਚੁੱਪ ਰਹਿਣ ਦੀਆਂ ਮੱਤਾਂ ਦਿੰਦੀ ਆਈ ਸੀ।
ਮੈਥੋਂ ਨਾ ਭਾਣਜੀ ਨਾਲ ਅੱਖਾਂ ਮਿਲਾ ਹੁੰਦੀਆਂ ਨੇ, ਨਾ ਭੈਣ-ਭਣਵਈਏ ਨਾਲ। ਪੈਰੀਂ ਪਾਏ ਬੂਟ ਦੀ ਅੱਡੀ ਬਿਨਾਂ ਮਤਲਬ ਹੀ ਫਰਸ਼ ’ਤੇ ਰਗੜੀ ਜਾਂਦਾ ਹਾਂ। ਮੈਨੂੰ ਰਵਨੀਤ ਬਿਲਕੁਲ ਪਾਰੋ ਵਰਗੀ ਜਾਪ ਰਹੀ ਹੈ।
‘‘ਜਿੰਨਾ ਚਿਰ ਆਹ ਵੱਟ ਬੰਨ੍ਹੇ ਨ੍ਹੀ ਨਾ ਢਹਿੰਦੇ- ਓਨਾ ਚਿਰ ਕਿਸੇ ਹਵੇਲੀ ’ਤੇ ਲੱਗੇ ਮੋਰ ਨੇ, ਕਿਸੇ ਪਾਰੋ ਵਾਸਤੇ ਪੈਲ਼ ਨੀ ਪਾਉਣੀ।’’ ਮੇਰੀ ਗੱਲ ਸੁਣ ਕੇ ਸਾਰੇ ਮੇਰੇ ਵੱਲ ਹੈਰਾਨੀ ਨਾਲ ਝਾਕੇ। ਮੇਰੀ ਇਸ ਬਿਨਾਂ ਮੂੰਹ ਸਿਰ ਦੀ ਗੱਲ ਕਿਸੇ ਨੂੰ ਕੀ ਸਮਝ ਆਉਣੀ ਸੀ?
ਆਥਣ ਤੱਕ ਵੀ ਗੱਲ ਕਿਸੇ ਤਣ ਪੱਤਣ ਨਹੀਂ ਸੀ ਲੱਗੀ। ਹਰਵੰਤ ਨੇ ਫਿਰ ਕਿਸੇ ਦਿਨ ਆਉਣ ਦਾ ਆਖਦਿਆਂ ਨਨਾਣ ਤੋਂ ਛੁੱਟੀ ਲੈ ਲਈ।
‘‘ਤੁਸੀਂ ਕੀ ਬਾਉਰਿਆਂ ਵਾਂਗੂੰ ਝੱਲ ਮਾਰੀ ਗਏ। ਮੈਨੂੰ ਤਾਂ ਸਮਝ ਨ੍ਹੀ ਆਈ ਥੋਡੀ ਗੱਲ ਦੀ।’’ ਪਤਨੀ ਮੈਨੂੰ ਇੱਕ ਤਰ੍ਹਾਂ ਡਾਂਟਣ ਲੱਗੀ ਸੀ।
‘‘ਫੇਰ ਵੀ ਸ਼ੁਕਰ ਐ- ਮੈਂ ਤਾਂ ਡਰਦੀ ਰਹੀ ਕਿਤੇ ਰਵਨੀਤ ਦੇ ਹੱਕ ‘ਚ ਭਾਸ਼ਣ ਨਾ ਦੇਣ ਲੱਗ ਪਵੋਂ।’’
ਮੈਂ ਆਪਣੀ ਡਰਾਈਵਿੰਗ ਸੀਟ ਦੇ ਬਰਾਬਰ ਵਾਲੀ ਸੀਟ ’ਤੇ ਬੈਠੀ ਪਤਨੀ ਵੱਲ ਸਰਸਰੀ ਜਿਹੀ ਨਿਗਾਹ ਮਾਰੀ ਤੇ ਨੀਵੀਂ ਪਾ ਅੱਖਾਂ ’ਚ ਉਤਰ ਆਈ ਨਮੀ ਨੂੰ ਲੁਕਾ ਲਿਆ।
ਸੰਪਰਕ: 98726-40994