ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੈਂ ਅਦਾਲਤੀ ਦੁਨੀਆਂ ਬਾਰੇ ਕਿਉਂ ਲਿਖਦਾ ਹਾਂ ?

08:09 AM Aug 27, 2023 IST

ਨਿੰਦਰ ਘੁਗਿਆਣਵੀ

ਸੁਖ਼ਨ ਭੋਇੰ 24

Advertisement

ਜਦ ਮੈਂ ਜੱਜ ਦੇ ਅਰਦਲੀ ਵਾਲੀ ਨੌਕਰੀ ਛੱਡ ਕੇ ‘ਕਚਹਿਰੀ ਕਲਚਰ’ ਤੋਂ ਬਾਹਰ ਆਇਆ ਤਾਂ ਕਾਫ਼ੀ ਦੇਰ ਕਚਹਿਰੀ ਦੇ ਗੁੰਬਦ, ਖੁੱਲਮ-ਖੁੱਲ੍ਹੇ ਵਰਾਂਡੇ, ਅਦਾਲਤਾਂ ਦੇ ਚੈਂਬਰ ਤੇ ਜੱਜ ਸਾਹਿਬ ਦੀ ‘ਲਾਲ ਕੋਠੀ’ ਆਪਣੇ ਵੱਲ ਹਾਕਾਂ ਮਾਰਦੇ ਰਹੇ। ਮੈਂ ਬੜਾ ਬੇਚੈਨ ਰਿਹਾ। ਸੁਪਨੇ ਵਿਚ ਵੀ ‘ਤੋਤਾ ਸਿੰਘ-ਬਨਾਮ-ਮਿੱਠਾ ਸਿੰਘ ਹਾਜ਼ਰ ਹੋ’ ਦੇ ਹੋਕਰੇ ਲਾਉਂਦਾ ਰਿਹਾ। ਕਚਹਿਰੀ ਛੱਡਣ ਬਾਅਦ ਪਟਿਆਲੇ ਭਾਸ਼ਾ ਵਿਭਾਗ ਵਿਚ ਮਾਲੀ ਦੀ ਅਧਪੱਕੀ ਨੌਕਰੀ ਮਿਲ ਗਈ ਤੇ ਉੱਥੇ ਸ਼ੇਰਾਂ ਵਾਲੇ ਗੇਟ ਸਥਿਤ ਦਫ਼ਤਰ ਵਿਚ ਹੀ ਸੌਣ ਲੱਗ ਪਿਆ। ਦਫ਼ਤਰ ਵਿਚ ਵੜਦੇ ਆਵਾਰਾ ਪਸ਼ੂਆਂ ਨੂੰ ਭਜਾਉਂਦੇ ਆਵਾਰਾ ਕੁੱਤੇ ਭੌਂਕਦੇ ਤਾਂ ਮੈਂ ਉੱਠ ਕੇ ਬਹਿ ਜਾਂਦਾ। ਕਚਹਿਰੀ ਬੜਾ ਚੇਤੇ ਆਉਂਦੀ।
ਇਕ ਦਿਨ ਭਾਸ਼ਾ ਵਿਭਾਗ ਦੇ ‘ਪੰਜਾਬੀ ਵਿਸ਼ਵ ਕੋਸ਼’ ਦੀ ਸੰਪਾਦਕੀ ਕਮੇਟੀ ਦੀ ਮੀਟਿੰਗ ਸੀ ਤੇ ਮੇਰੀ ਡਿਊਟੀ ਆਏ ਵਿਦਵਾਨਾਂ ਨੂੰ ਚਾਹ ਪਾਣੀ ਪਿਲਾਉਣ ’ਤੇ ਲੱਗ ਗਈ। ਪੱਕਾ ਚਪੜਾਸੀ ਸ਼ਾਮ ਲਾਲ ਓਦਣ ਛੁੱਟੀ ਉੱਤੇ ਸੀ। ਕੋਸ਼ ਦੀ ਉਸ ਮੀਟਿੰਗ ਵਿਚ ਗੁਰਬਚਨ ਸਿੰਘ ਭੁੱਲਰ ਦਿੱਲੀ ਤੋਂ ਆਏ। ਮੈਂ ਉਨ੍ਹਾਂ ਨੂੰ ਪਹਿਲੀ ਵਾਰੀ ਮਿਲਿਆ। ਬੜੀ ਨਿੱਘੀ ਤੇ ਪਿਆਰੀ ਮਿਲਣੀ ਸੀ। ਵਾਪਸ ਜਾਂਦੇ ਕਹਿ ਗਏ, ‘‘ਆਪਣੇ ਕਚਹਿਰੀ ਦੇ ਤਜਰਬਿਆਂ ਨੂੰ ਕਲਮ ਨਾਲ ਚਿਤਰਿਆ ਕਰ ਤੇ ਘੌਲ ਨਾ ਕਰੀਂ, ਤੂੰ ਇਹ ਜ਼ਰੂਰ ਲਿਖੀਂ ਬੱਚੂ।’’ ਮੰਨੇ-ਪ੍ਰਮੰਨੇ ਲੇਖਕ ਦੀ ਹੱਲਾਸ਼ੇਰੀ ਨੇ ਮੈਨੂੰ ਹਲੂਣਿਆ। (ਉਦੋਂ ਮੈਂ ਆਪਣੇ ਉਸਤਾਦ ਲਾਲ ਚੰਦ ਯਮਲਾ ਜੱਟ ਦੀ ਜੀਵਨੀ ਤੇ ਕਲਾ ਬਾਰੇ ਕਿਤਾਬ ਲਿਖ ਰਿਹਾ ਸਾਂ)। ਉਸੇ ਦਿਨ ਦੀ ਆਥਣ ਇਕ ਮਿਡਲ ਰੂਪੀ ਰਚਨਾ ਲਿਖ ਕੇ ਰੱਖ ਲਈ। ਕਈ ਮਹੀਨੇ ਲੰਘ ਗਏ। ਕਚਹਿਰੀ ਦੀਆਂ ਯਾਦਾਂ ਦੋ ਹੋਰ ਲਿਖ ਲਈਆਂ। ਉਸਤਾਦ ਜੀ ਵਾਲੀ ਕਿਤਾਬ ਦਾ ਕੰਮ ਵੀ ਨਾਲ ਨਾਲ ਕਰੀ ਗਿਆ। ਇਕ ਦਿਨ ਖ਼ਬਰ ਪੜ੍ਹੀ, ਸਿਰਲੇਖ ਸੀ, ‘ਗੁਰਬਚਨ ਸਿੰਘ ਭੁੱਲਰ ਬਣੇ ਪੰਜਾਬੀ ਟ੍ਰਿਬਿਊਨ ਦੇ ਨਵੇਂ ਸੰਪਾਦਕ।’ ਖ਼ੁਸ਼ੀ ਨਾਲ ਵਧਾਈ ਦੀ ਚਿੱਠੀ ਲਿਖੀ ਤੇ ਪਹਿਲੀ ਲਿਖ ਕੇ ਰੱਖੀ ਹੋਈ ਰਚਨਾ ਵੀ ਨਾਲ ਹੀ ਡਾਕ ਵਿਚ ਪਾ ਦਿੱਤੀ। ਥੋੜ੍ਹੇ ਦਿਨਾਂ ਬਾਅਦ ਪਟਿਆਲਿਓਂ ਪਿੰਡ ਗਿਆ ਤਾਂ ਭੁੱਲਰ ਸਾਹਿਬ ਦੀ ਚਿੱਠੀ ਆਈ ਪਈ ਸੀ। ਲਿਖਿਆ ਸੀ ਕਿ ਪਹਿਲੀ ਲਿਖਤ ਪੜ੍ਹੀ ਹੈ, ਵਧੀਆ ਲੱਗੀ ਹੈ, ਤੇ ਦੋ ਹੋਰ ਲਿਖ ਕੇ ਘੱਲ, ਫਿਰ ਤੇਰਾ ਇਹ ਲੜੀਵਾਰ ਸ਼ੁਰੂ ਕਰਾਂਗੇ। ਚਿੱਠੀ ਪੜ੍ਹ ਕੇ ਦੋਵੇਂ ਲਿਖਤਾਂ ਘੱਲੀਆਂ। ਪਹਿਲੀ ਲਿਖਤ ਸ਼ਨਿਚਰਵਾਰ ਦੇ ‘ਵੰਨ ਸੁਵੰਨ’ ਅੰਕ ਵਿਚ ਛਪ ਗਈ ਤੇ ਸਿਰਲੇਖ ਉਨ੍ਹਾਂ ਆਪੇ ਦਿੱਤਾ, ‘ਸਾਹਿਤ ਕਾਰਨ ਮਿਲੀ ਸਰਕਾਰੀ ਨੌਕਰੀ’। ਫਿਰ ਚੱਲ ਸੋ ਚੱਲ! ਇਹ ਲਿਖਤਾਂ ਤੀਹ ਹਫ਼ਤੇ ਛਪੀਆਂ। ਭੁੱਲਰ ਸਾਹਿਬ ਨੇ ਭੂਮਿਕਾ ਲਿਖੀ। ਬਰਨਾਲੇ ਮੇਘ ਰਾਜ ਮਿੱਤਰ ਨੂੰ ਕਿਤਾਬ ਛਪਣੀ ਘੱਲ ਦਿੱਤੀ ਤੇ ਵਿਸ਼ਵ ਭਾਰਤੀ ਪ੍ਰਕਾਸ਼ਨ ਵੱਲੋਂ ਵੀਹ ਰੁਪਈਏ ਰੇਟ ਰੱਖ ਕੇ ਪੇਪਰ ਬੈਕ ਕਿਤਾਬ ਛਪ ਗਈ। ਹੁਣ ਤੱਕ ਇਸ ਕਿਤਾਬ ਦੇ ਪੰਜਾਬੀ ਵਿਚ 12 ਐਡੀਸ਼ਨ ਛਪ ਚੁੱਕੇ ਹਨ ਤੇ ਐਨ.ਬੀ.ਟੀ. ਵੱਲੋਂ ਅੰਗਰੇਜ਼ੀ ਵਿਚ ਅਨੁਵਾਦ ਹੋ ਕੇ ਛਪਣ ਸਮੇਤ ਕਈ ਭਾਰਤੀ ਭਾਸ਼ਾਵਾਂ ਵਿਚ ਅਨੁਵਾਦ ਹੋਈ ਤੇ ਛਪੀ ਹੈ।
* * *
1997 ਵਿਚ ਛਪੀ ਨਾਵਲੈੱਟ ‘ਗੋਧਾ ਅਰਦਲੀ’ ਵੀ ਕਚਹਿਰੀਓਂ ਸੁਣੀ ਇਕ ਕਥਾ ਉੱਤੇ ਅਧਾਰਿਤ ਸੀ। ਯਾਦ ਹੈ ਕਿ ਜੈਤੋ ਗਿਆ ਸਾਂ। ਪ੍ਰੋ. ਗੁਰਦਿਆਲ ਸਿੰਘ ਕੋਲ ਬੈਠਾ ਸਾਂ। ਆਖਣ ਲੱਗੇ ਕਿ ਹੁਣ ਇਸ ਇਕੋ ਕਿਤਾਬ ਨਾਲ ਹੀ ਬਸ ਨਾ ਕਰ, ਤੇਰੇ ਅੰਦਰ ਅਦਾਲਤੀ ਦੁਨੀਆਂ ਬਾਰੇ ਹਾਲੇ ਬੜਾ ਕੁਝ ਪਿਆ ਹੋਇਐ, ਉਹ ਖੁਰਚ ਖੁਰਚ ਕੇ ਬਾਹਰ ਕੱਢ। ਉਨ੍ਹਾਂ ਦੀ ਗੱਲ ਠੀਕ ਜਾਪੀ। ਸਰਕਾਰੀ ਬਸ ਵਿਚ ਜੈਤੋ ਤੋਂ ਵਾਪਸ ਆਉਂਦਿਆਂ ਮੈਂ ਅਦਾਲਤੀ ਦੁਨੀਆਂ ਦੇ ਗੁਆਚੇ ਪਾਤਰ ਲੱਭਣ ਲੱਗਿਆ। ਛੇ ਮਹੀਨੇ ਬਾਅਦ ‘ਕਾਲੇ ਕੋਟ ਦਾ ਦਰਦ’ ਕਿਤਾਬ ਚੇਤਨਾ ਪ੍ਰਕਾਸ਼ਨ ਨੇ ਛਾਪੀ। ਅਗਲੇ ਸਾਲ ਹੀ ਉਸ ਦਾ ਦੂਜਾ ਐਡੀਸ਼ਨ ਆ ਗਿਆ ਤੇ ਦਿੱਲੀ ਸ਼ਿਲਾਲੇਖ ਵਾਲਿਆਂ ਨੇ ਹਿੰਦੀ ਰੂਪ ਵੀ ਛਾਪ ਦਿੱਤਾ। ਤੀਸਰੀ ਕਿਤਾਬ ‘ਮੇਰਾ ਅਦਾਲਤਨਾਮਾ’ ਵੀ ਇਉਂ ਹੀ ਲਿਖੀ ਗਈ। ‘ਪੰਜਾਬੀ ਟ੍ਰਿਬਿਊਨ’ ਦੇ ਸੰਪਾਦਕ ਹੁੰਦਿਆਂ ਸੁਰਿੰਦਰ ਸਿੰਘ ਤੇਜ ਨੇ ਲੜੀਵਾਰ ‘ਨਿਆਂਪਾਲਿਕਾ ਡਾਇਰੀ’ ਸ਼ੁਰੂ ਕਰਵਾਇਆ ਤੇ ਮੈਂ ਉਸ ਵਿਚਲੀਆਂ ਕਾਫ਼ੀ ਲਿਖਤਾਂ ‘ਮੇਰਾ ਅਦਾਲਤਨਾਮਾ’ ਵਿਚ ਸ਼ਾਮਿਲ ਕਰ ਲਈਆਂ।


ਕਚਹਿਰੀ ਛੱਡੀ ਨੂੰ ਚਾਹੇ ਦੇਰ ਹੋ ਗਈ ਹੈ, ਪਰ ਅਦਾਲਤੀ ਦੁਨੀਆਂ ਦੇ ਗੌਲੇ ਅਣਗੌਲੇ ਤੇ ਨੇੜਲੇ ਦੂਰਲੇ ਪਾਤਰ ਹਾਲੇ ਵੀ ਮੈਨੂੰ ਕੁਝ ਨਾ ਕੁਝ ਲਿਖਣ ਵਾਸਤੇ ਆਰਾਂ ਲਾਉਂਦੇ ਰਹਿੰਦੇ ਨੇ। ਇਸੇ ਕਾਰਨ ਮੈਂ ਅਦਾਲਤੀ ਦੁਨੀਆਂ ਦੇ ਪਾਤਰਾਂ ਨੂੰ ਚੇਤੇ ਕਰਦਿਆਂ ਉਨ੍ਹਾਂ ਨੂੰ ਸ਼ਬਦੀ ਰੂਪ ਦਿੰਦਾ ਰਹਿੰਦਾ ਹਾਂ ਤੇ ਬਹੁਤਿਆਂ ਨੂੰ ਲੱਭ ਲਭਾ ਕੇ ਮਿਲਦਾ ਗਿਲਦਾ ਵੀ ਰਹਿੰਦਾ ਹਾਂ। ਇਕ ਕਾਰਨ ਹੋਰ ਵੀ ਹੈ ਕਿ ਅਦਾਲਤੀ ਨੌਕਰੀ ਸਮੇਂ ਮੇਰੇ ਨਾਲ ਕੁਝ ਅਜੀਬ ਜਿਹੇ ਵਰਤਾਰੇ ਹੋਏ। ਉਹ ਕਦੇ ਵੀ ਨਾ ਭੁੱਲ ਸਕਣ ਵਾਲੇ ਹਨ। ਹਾਲੇ ਵੀ ਕਦੇ ਕਦੇ, ਕੁਝ ਨਾ ਕੁਝ ਕਿਸੇ ਰੂਪ ਵਿਚ ਯਾਦ ਆ ਜਾਏ ਤਾਂ ਆਪਣੇ ਆਪ ਸ਼ਬਦੀ ਰੂਪ ਧਾਰਨ ਕਰ ਲੈਂਦਾ ਹੈ। ਇਕ ਕਹਾਣੀ ਵਰਗੀ ਲਿਖਤ ‘ਕਚਹਿਰੀ ਤੋਂ ਕੋਠੀ ਤੱਕ’ (ਜੋ ਤ੍ਰੈਮਾਸਿਕ ‘ਹੁਣ’ ਵਿਚ ਛਪੀ) ਰਾਹੀਂ ਇਕ ‘ਜੱਜ ਮੈਡਮ’ ਦੀ ਮਾਨਸਿਕਤਾ ਨੂੰ ਕਈ ਪੱਖਾਂ ਤੋਂ ਪੇਸ਼ ਕਰ ਗਿਆ ਸਾਂ। ਪਤਾ ਹੀ ਨਾ ਲੱਗਿਆ ਕਿਵੇਂ ਲਿਖ ਹੋ ਗਈ ਸੀ ਇਹ ਲਿਖਤ ਤੇ ਇਸ ਉੱਤੇ ਲਘੂ ਫਿਲਮ ਵੀ ਬਣਾਈ ਗਈ। ਕਚਹਿਰੀ ਵਿਚੋਂ ਇਨਸਾਫ਼ ਲੈਣ ਆਏ, ਵਕਤ ਦੇ ਝੰਬੇ ਪੀੜਤ, ਦੁਖੀ ਤੇ ਗ਼ਰੀਬ ਲੋਕ ਮੈਥੋਂ ਸਹਾਰ ਨਾ ਹੁੰਦੇ, ਡਾਹਢਾ ਦੁਖੀ ਹੋ ਜਾਂਦਾ ਸਾਂ ਤੇ ਇਉਂ ਹੀ ਕੁਝ ਨਾ ਕੁਝ ਲਿਖ ਕੇ ਰਾਹਤ ਜਿਹੀ ਮਹਿਸੂਸ ਕਰਦਾ। ਹੁਣ ਵੀ ਕਦੇ-ਕਦੇ ਮੇਰਾ ਮਨ ਕਚਹਿਰੀਆਂ ਵਿਚ ਉਨ੍ਹਾਂ ਥਾਵਾਂ ਨੂੰ ਮਿਲਣ ਵਾਸਤੇ ਮੱਲੋਮੱਲੀ ਕਰ ਆਉਂਦਾ ਹੈ, ਜਿੱਥੇ ਬਹਿ ਕੇ ਮੈਂ ਆਪਣੇ ਉਸਤਾਦ ਯਮਲੇ ਜੱਟ ਦੀ ਤੂੰਬੀ ਨਾਲ ਇਕੱਲ-ਮੁਕੱਲਾ ਹੀ ਗਾਉਣ ਲੱਗ ਜਾਇਆ ਕਰਦਾ ਸਾਂ। ਇਕ ਦਿਨ ਸ਼ਹਿਰ ਗਿਆ ਸਾਂ ਤਾਂ ਮੇਰੀ ਸਕੂਟਰੀ ਮੱਲੋਮੱਲੀ ਜੱਜ ਸਾਹਿਬ ਦੀ ਕੋਠੀ ਵੱਲ ਮੁੜ ਗਈ। ਦਿਲ ਕਰਿਆ ਕਿ ਕਿੰਨੇ ਵਰ੍ਹੇ ਬੀਤ ਗਏ ਨੇ, ਸਾਹਬ ਦੀ ਕੋਠੀ ਦੇ ਦਰਸ਼ਨ ਕਰ ਆਵਾਂ ਜਿੱਥੇ ਮੈਂ ਜੀਵਨ ਦੇ ਸੁਨਹਿਰੀ ਦਿਨ ਬਿਤਾਏ ਸਨ। ਕੋਠੀ ਉੱਜੜੀ ਪਈ ਸੀ ਤੇ ਹੁਣ ਉਸ ਵਿਚ ਕੋਈ ਨਹੀਂ ਸੀ ਰਹਿੰਦਾ ਸਿਵਾਏ ਆਵਾਰਾ ਕੁੱਤਿਆਂ ਬਿੱਲਿਆਂ ਦੇ। ਉੱਥੇ ਫੇਰੀ ਪਾ ਕੇ ਘਰ ਮੁੜਿਆ ਤਾਂ ‘ਲਾਲ ਕੋਠੀ’ ਨਾਂ ਹੇਠ ਇਕ ਨਬਿੰਧ ਲਿਖਿਆ, ਜਿਸਦਾ ਅੰਤਲਾ ਪੈਰਾ ਇਓਂ ਹੈ, ‘‘ਦੇਖਾਂ ਤਾਂ ਸਈ ਕੋਠੀ ਦੇ ਪਿਛਲੇ ਪਾਸੇ ਅਰਦਲੀ ਦੇ ਰਹਿਣ ਵਾਲਾ (ਮੇਰਾ) ਕਮਰਾ ਹਾਲੇ ਹੈ ਕਿ ਕਿਸੇ ਨੇ ਭੰਨ ਢਾਹ ਦਿੱਤੈ? ਬੌਣੀ ਜਿਹੀ ਢੱਠੀ ਕੰਧ ਉਤੋਂ ਦੀ ਮੈਂ ਕੋਠੀ ਅੰਦਰ ਛਾਲ ਮਾਰ ਦਿੱਤੀ। ਆਪਮੁਹਾਰੇ ਉੱਗਿਆ ਝਾੜ ਬੂਟ ਤੇ ਨਿੱਕ-ਸੁੱਕ ਮਿਧਦਾ ਕੋਠੀ ਦੇ ਪਿੱਛੇ ਵੱਲ ਨੂੰ ਗਿਆ। ਪੁਰਾਣੀਆਂ ਲੱਕੜਾਂ ਤੇ ਬੌਡੇ ਖੁੰਢਾਂ ਦੇ ਢੇਰ ’ਚੋਂ ਕਾਲੀ ਬਿੱਲੀ ਨਿਕਲੀ ਤੇ ਗੁਆਂਢ ਵਾਲੀ ਕੋਠੀ ਵਿਚ ਜਾ ਉਤਰੀ। ਥੋੜ੍ਹਾ ਕੁ ਅਗਾਂਹ ਗਿਆ ਤਾਂ ਤਿੰਨ ਕਤੂਰੇ ਮਰੇ ਪਏ ਸਨ। ਮੇਰੇ ਰਹਿਣ ਵਾਲਾ ਕਮਰਾ ਮੇਰੇ ਵਾਂਗਰ ਜ਼ਖਮੀ ਜਿਹਾ- ਛੱਤੋਂ ਹੀਣਾ ਲਗਪਗ ਢੱਠ ਈ ਚੁੱਕਾ ਸੀ। ਮੇਰਾ ਦਿਲ ਵੀ ਬੁਰੀ ਤਰ੍ਹਾਂ ਢਹਿ ਗਿਆ। ‘‘ਓ ਤੂੰ ਕਿਧਰ? ਐਥੇ ਕਿਥੇ ਤੂੰ?’’ ਮੈਂ ਤ੍ਰਭਕਦਾ ਹਾਂ। ਲੱਗਦੈ ਕਿਸੇ ਨੇ ਆਵਾਜ਼ ਮਾਰੀ ਹੈ। ਪਿਛਾਂਹ ਦੇਖਦਾ ਹਾਂ। ਕੋਈ ਨਹੀਂ ਹੈ। ਕਿਸਦੀ ਆਵਾਜ਼ ਹੋਈ ਏਹ? ਜਾਂ ਫਿਰ ਕੰਨਾਂ ਨੂੰ ਭੁਲੇਖਾ ਪਿਆ ਹੈ। ਮੈਂ ਕਾਹਲ ਨਾਲ ਪਿਛਾਂਹ ਨੂੰ ਭੱਜਿਆ। ਕੰਧ ਟੱਪੀ। ਸਕੂਟਰੀ ਕੋਲ ਜਾ ਕੇ ਅੱਖਾਂ ਪੂੰਝੀਆਂ। ਸਾਹਬ ਤੇ ਸਾਹਬ ਦੀ ਮੱਝ ਬੜਾ ਚੇਤੇ ਆਏ।’’
* * *
ਜਦ ਮੈਂ ਦੇਸ਼ ਵਿਦੇਸ਼ ਯਾਤਰਾਵਾਂ ਉੱਤੇ ਗਿਆ ਤਾਂ ਉਨ੍ਹਾਂ ਮੁਲਕਾਂ ਦੀਆਂ ਕਚਹਿਰੀਆਂ ਦੇਖਣ ਤੋਂ ਨਾ ਰਹਿ ਸਕਿਆ। ਲੰਡਨ ਵਿਚ ਇਕ ਕੋਰਟ ਗਿਆ। ਅਦਾਲਤੀ ਸੁਣਵਾਈ ਹੁੰਦੀ ਵੇਖੀ, ਸੁਣਵਾਈ ਅਧੀਨ ਕੇਸ ਕੀ ਸੀ? ਡੂੰਘਾਈ ਨਾਲ ਜਾਣਿਆ। ਕਿਹੋ ਜਿਹਾ ਹੈ ਲੰਡਨ ਦਾ ਨਿਆਂਇਕ ਢਾਂਚਾ? ਇਸ ਬਾਬਤ ਨਬਿੰਧ ਵੀ ਲਿਖਿਆ। ਇਸ ਨੂੰ ਪਾਠਕਾਂ ਨੇ ਵਾਹਵਾ ਪਸੰਦ ਕੀਤਾ। ਇਉਂ ਹੀ ਮੈਂ ਕਚਹਿਰੀ ਨਾਲ ਜੁੜੇ ਜੱਜਾਂ, ਵਕੀਲਾਂ ਤੋਂ ਇਲਾਵਾ ਉਨ੍ਹਾਂ ਦੇ ਮੁਨਸ਼ੀਆਂ, ਪਿਆਦਿਆਂ, ਅਰਦਲੀਆਂ, ਮਾਲੀਆਂ, ਧੋਬੀਆਂ, ਨੈਬਕੋਟਾਂ, ਰੀਡਰਾਂ, ਅਹਿਲਮਦਾਂ, ਸਟੈਨੋਆਂ, ਜੱਜਾਂ ਦੇ ਗੰਨਮੈਨਾਂ ਤੇ ਡਰਾਈਵਰਾਂ ਆਦਿ ਬਾਰੇ ਵੀ ਕੁਝ ਨਾ ਕੁਝ ਯਾਦ ਆਉਣ ’ਤੇ ਲਿਖਦਾ ਹੀ ਰਹਿੰਦਾ ਹਾਂ। ਲੰਬਾ ਅਰਸਾ ਹੋ ਗਿਆ ਹੈ ਕਚਹਿਰੀ ’ਚੋਂ ਨਿਕਲੇ ਨੂੰ, ਪਰ ਵੰਨ-ਸੁਵੰਨੜੇ ਪਾਤਰ ਨਹੀਂ ਭੁੱਲੇ। ਇਸੇ ਕਰਕੇ ਇਨ੍ਹਾਂ ਬਾਬਤ ਲਿਖਣ ਦਾ ਸਬੱਬ ਬਣੀ ਤੁਰਿਆ ਜਾਂਦਾ ਹੈ।
ਸੰਪਰਕ: 94174-21700
Advertisement

Advertisement