For the best experience, open
https://m.punjabitribuneonline.com
on your mobile browser.
Advertisement

ਮੈਂ ਕਿਰਸਾਣੀ ਬਾਰੇ ਕਿਉਂ ਲਿਖਦਾ ਹਾਂ?

08:13 AM Jul 16, 2023 IST
ਮੈਂ ਕਿਰਸਾਣੀ ਬਾਰੇ ਕਿਉਂ ਲਿਖਦਾ ਹਾਂ
Advertisement

ਅਵਤਾਰ ਸਿੰਘ ਬਿਲਿੰਗ

ਸੁਖ਼ਨ ਭੋਇੰ 18

Advertisement

ਮੈਂ  ਬਚਪਨ ਤੋਂ ਸੱਠ ਸਾਲ ਦੀ ਉਮਰ ਤੱਕ ਕਿਰਸਾਣੀ ਨਾਲ ਹਰ ਪੱਖ ਤੋਂ ਜੁੜਿਆ ਰਿਹਾ ਹਾਂ। ਸਿੱਧੇ ਅਸਿੱਧੇ ਅਨੁਭਵ ਵਿਚੋਂ ਕਸ਼ੀਦਿਆ ਸਾਹਿਤ ਹੀ ਯਥਾਰਥ ਦੇ ਜ਼ਿਆਦਾ ਨੇੜੇ ਅਤੇ ਸਮਾਜ ਲਈ ਸਾਰਥਕ ਸਾਬਿਤ ਹੁੰਦਾ ਹੈ। ਸੱਤਿਅਮ, ਸ਼ਿਵਮ, ਸੁੰਦਰਮ; ਅਰਥਾਤ ਉਹ ਸਮਾਜ ਦਾ ਸੱਚ ਹੋਵੇ, ਸਮਾਜ ਲਈ ਕਲਿਆਣਕਾਰੀ ਹੋਵੇ ਅਤੇ ਸੁੰਦਰ ਤਰੀਕੇ ਨਾਲ ਪੇਸ਼ ਕੀਤਾ ਗਿਆ ਹੋਵੇ। ‘ਕਲਾ ਕੇਵਲ ਕਲਾ ਲਈ’ ਕੋਈ ਮਾਅਨੇ ਨਹੀਂ ਰੱਖਦੀ। ਸਾਹਿਤ ਰਚਨਾ ਲਈ ਸਿੱਧਾ ਅਨੁਭਵ, ਕਲਪਨਾ ਅਤੇ ਦ੍ਰਿਸ਼ਟੀ ਤਿੰਨੇ ਲੋੜੀਂਦੇ ਹਨ। ਕਿਰਸਾਣੀ ਨਾਲ ਜੁੜੇ ਹੋਣ ਦੀ ਸਭ ਤੋਂ ਪੁਰਾਣੀ ਘਟਨਾ ਮੇਰੇ ਚੇਤੇ ਨੇ ਸੰਭਾਲੀ ਹੋਈ ਹੈ। ਚਾਰ ਕੁ ਸਾਲਾਂ ਦਾ ਸਾਂ ਜਦੋਂ ਮੇਰਾ ਇਕੱਲਾ ਬਾਪੂ ਪੋਹ ਮਹੀਨੇ ਦੀ ਇਕ ਸਵੇਰ, ਤੜਕੇ ਮੂੰਹ ਹਨੇਰੇ ਖੂਹ ਜੋੜਨ ਵਕਤ ਮੈਨੂੰ ਮੋਢੇ ਚੁੱਕ ਕੇ ਖੇਤ ਲੈ ਗਿਆ। ਖੇਸੀ ਦੀ ਝੁੰਮੀ ਮਾਰ ਕੇ, ਮੱਕੀ ਦੇ ਸੁੱਕੇ ਟਾਂਡਿਆਂ ਦੇ ਮੁਹਾਰੇ ਵਿਚ ਘੁਰਨਾ ਜਿਹਾ ਬਣਾ ਕੇ ਬਿਠਾ ਦਿੱਤਾ। ਬਾਪੂ ਬਲਦ ਹੱਕਦਾ। ਜਦੋਂ ਉਸ ਨੇ ਨੱਕਾ ਛੱਡਣ ਜਾਣਾ ਹੁੰਦਾ ਤਾਂ ਮੈਂ ਖੂਹ ਦੀ ਗੋਲ਼ ਪੈੜ ਵਿਚ ਹਲਟ ਨੂੰ ਜੁੜੇ ਬਲਦ ਹੱਕਣੇ ਹੁੰਦੇ। ਦਨਿ ਚੜ੍ਹੇ ਮੇਰੀ ਬੀਬੀ ਜਾਂ ਪਿੰਡ ਵਿਚੋਂ ਕਿਸੇ ਦਿਹਾੜੀਏ ਨੇ ਆ ਜਾਣਾ ਸੀ। ਇਉਂ ਬਾਲਪਨ ਤੋਂ ਸ਼ੁਰੂ ਹੋਇਆ, ਪੜ੍ਹਾਈ ਦੇ ਨਾਲੋ ਨਾਲ ਖੇਤੀ ਵਿਚ ਹੱਥ ਵਟਾਉਣ ਦਾ ਇਹ ਸਿਲਸਿਲਾ ਮਗਰੋਂ ਵੀ ਲੰਬਾ ਸਮਾਂ ਚਲਦਾ ਰਿਹਾ। ਮੈਂ ਬਚਪਨ ਵਿਚ ਸਕੂਲ ਜਾਣ ਤੋਂ ਪਹਿਲਾਂ ਖੂਹ ਉੱਤੇ ਹਾਜਰੀ ਦੀ ਰੋਟੀ (ਨਾਸ਼ਤਾ) ਅੱਪੜਦੀ ਕਰਦਾ। ਸਕੂਲ ਤੋਂ ਬਾਅਦ ਖੂਹ ਉੱਪਰ ਹਾਜ਼ਰੀ ਭਰਨੀ ਨਿੱਤ ਨੇਮ ਸੀ। ਕਾਲਜ ਪੜ੍ਹਦੇ ਸਮੇਂ ਲੁਧਿਆਣਾ ਜ਼ਿਲ੍ਹੇ ਦੇ ਆਪਣੇ ਪਿੰਡ ਸੇਹ ਨੇੜਲੇ ਏ.ਐੱਸ. ਕਾਲਜ ਖੰਨਾ ਵਿਖੇ ਗਿਆਰਵੀਂ ਜਮਾਤ ਵਿਚ ਦਾਖ਼ਲ ਹੋਇਆ। ਪਹਿਲਾ ਪੀਰੀਅਡ ਗਿਆਰਾਂ ਵਜੇ ਲੱਗਦਾ। ਕਾਲਜ ਜਾਣ ਤੋਂ ਪਹਿਲਾਂ ਸਵੇਰੇ ਸਾਝਰੇ ਬਾਪੂ ਨਾਲ ਮੂੰਗਫਲੀ ਜਾਂ ਮੱਕੀ ਦੀ ਗੋਡੀ ਕਰਵਾਉਣੀ। ਬਾਰੀਕ ਮੱਛਰ ਜਿਸ ਨੂੰ ਕੁੱਤੜੀ ਆਖਦੇ, ਬਾਂਹਾਂ ਉੱਤੇ ਲੜਦਾ। ਜਦੋਂ ਇੱਖ ਗੁੱਡਦੇ ਤਾਂ ਹਰੇ ਪੱਤੇ ਬਾਂਹਾਂ ਲੱਤਾਂ ਉੱਤੇ ਅਦਿੱਖ ਜ਼ਖ਼ਮ ਕਰ ਦਿੰਦੇ ਜਨਿ੍ਹਾਂ ਨੂੰ ਪੱਛ ਲੜਨਾ ਆਖਦੇ, ਇਹ ਨਹਾਉਣ ਵਕਤ ਬਹੁਤ ਲੜਦੇ। ਕਾਲਜ ਤੋਂ ਵਾਪਸ ਆ ਕੇ ਮੈਂ ਲੋੜ ਮੁਤਾਬਿਕ ਬਾਪੂ ਨਾਲ ਬਿਜਾਈ, ਸਿੰਜਾਈ, ਗੁਡਾਈ, ਵਢਾਈ ਆਦਿ ਸਾਰੇ ਕੰਮਾਂ ਵਿਚ ਹੱਥ ਵਟਾਉਂਦਾ। ‘ਸਤਿਗੁਰ ਦੇ ਖੁਸ਼ੇ’ ਵਿਚ ਆਇਆ, ਸ਼ੌਕ ਵਜੋਂ ਕਵੀਸ਼ਰੀ ਕਰਦਾ ਬਾਪੂ, ਖੇਤ ਵਿਚ ਕੰਮ ਕਰਦਾ ਵੀ ਅਕਸਰ ਆਪਣੇ ਉਸਤਾਦ ਜਰਨੈਲ ਸਿੰਘ ਨਿਰਾਲਾ ਦੀ ਲਿਖੀ ਕੋਈ ਕਵਿਤਾ ਗਾਉਂਦਾ। ਕਿਸਾਨ ਦੀ ਦੁਰਦਸ਼ਾ ਬਾਰੇ ਲੰਬੀ ਕਵਿਤਾ ਸੀ:
‘‘ਰੁੱਤ ਸਰਦ ਪਵੇ ਜਦ ਕੱਕਰ ਜੀ, ਪੈਰਾਂ ਤੋਂ ਨੰਗਾ ਫੱਕਰ ਜੀ।
ਲਾਵੇ ਖੇਤਾਂ ਦੇ ਵਿਚ ਚੱਕਰ ਜੀ, ਦੋਲੇ ਦੀ ਬੁੱਕਲ ਮਾਰੀਂ।
ਜੱਟਾ ਤੇਰਾ ਹੁਲੀਆ ਬਦਲਿਆ ਨਾ, ਹੋਰ ਦੁਨੀਆ ਬਦਲ ਗਈ ਸਾਰੀ...’’
ਇੰਝ ਹੀ ਉਹ ‘ਕੁਛਨੀ ਬਈ ਕੁਛਨੀ’ ਨਾਂ ਦੀ ਕਵਿਤਾ ਪੜ੍ਹਦਾ ਜਿਸ ਵਿਚ ਸਾਰੇ ਕਿੱਤਿਆਂ ਵਾਲੇ, ਜੱਟ, ਪਰਜਾਪਤ, ਰਾਜੇ, ਸ਼ਹਿਰੀ ਡਾਕਟਰ, ਹਲਵਾਈ, ਰਾਜ ਮਿਸਤਰੀ ਅਤੇ ਹੋਰ ਕਿਰਤੀ ਆਪਣੀ ਮੰਦਹਾਲੀ ਦੇ ਹਵਾਲ ਸੁਣਾਉਂਦੇ, ‘ਕੁਛਨੀ-ਕੁਛਨੀ’ ਕਰਦੇ। ਸੋ ਮੈਂ ਸੱਠਵਿਆਂ ਦੇ ਆਰੰਭ ਦੀ ਪੁਰਾਣੀ ਖੇਤੀ ਵੀ ਨੇੜਿਓਂ ਦੇਖੀ ਹੈ। ਉੱਨੀਂ ਸੌ ਪੈਂਹਠ-ਛਿਆਹਠ ਮਗਰੋਂ ਹਰੀ ਕ੍ਰਾਂਤੀ ਆਈ। ਨਤੀਜੇ ਵਜੋਂ ਸੱਤਰਵਿਆਂ ਵਿਚ ਨਵੇਂ ਬੀਜ, ਨਵੇਂ ਖਾਦ, ਨਦੀਨਨਾਸ਼ਕ ਦਵਾਈਆਂ ਅਤੇ ਗਊਆਂ ਮੱਝਾਂ ਦੀ ਨਸਲ ਸੁਧਾਰਨ ਸੰਬੰਧੀ ਵੱਡੀ ਤਬਦੀਲੀ ਕਾਰਨ ਖੇਤੀ ਤੇ ਸਹਾਇਕ ਧੰਦਿਆਂ ਦਾ ਰੰਗ ਰੂਪ ਬਦਲ ਗਿਆ। ਇਹ ਲਿਸ਼ਕਾਰਾ ਪੰਦਰਾਂ ਕੁ ਸਾਲ ਜਾਰੀ ਰਿਹਾ। ਅੱਸੀਵਿਆਂ ਦੇ ਅੰਤ ਵਿੱਚ ਖੇਤੀ ਦੇ ਸ਼ੁਰੂ ਹੋਏ ਪਤਨ ਸੰਬੰਧੀ, ਨੱਬੇਵਿਆਂ ਤੋਂ ਅੱਜ ਤੱਕ ਹੋਈ ਕਿਰਸਾਣੀ ਦੀ ਦੁਰਦਸ਼ਾ ਸੰਬੰਧੀ ਸਾਰੇ ਰੰਗ ਮੈਂ ਦੇਖੇ ਹੀ ਨਹੀਂ, ਹੱਡੀਂ ਹੰਢਾਏ ਹਨ। ਅਜਿਹਾ ਮੈਂ ਇਕੱਲਾ ਨਹੀਂ ਸਾਂ। ਸੱਠਵਿਆਂ, ਸੱਤਰਵਿਆਂ ਅਤੇ ਅੱਸੀਵਿਆਂ ਤੱਕ ਭਰਵੇਂ ਕਿਰਤ ਸੱਭਿਆਚਾਰ ਨਾਲ ਪਰਨਾਏ ਪੇਂਡੂ ਸਮਾਜ ਵਿਚ ਮੇਰੇ ਗ਼ੈਰਕਾਸ਼ਤਕਾਰ ਜਮਾਤੀ ਵੀ ਸਕੂਲ ਕਾਲਜ ਤੋਂ ਛੁੱਟੀਆਂ ਦੌਰਾਨ ਖੇਤਾਂ ਵਿਚ ਮਜ਼ਦੂਰੀ ਕਰਦੇ ਤੇ ਮਾਪਿਆਂ ਦੇ ਪਿਤਾ-ਪੁਰਖੀ ਕਿੱਤਿਆਂ ਵਿਚ ਹੱਥ ਵਟਾਉਂਦੇ। ਨੌਕਰੀਪੇਸ਼ਾ ਮੁਲਾਜ਼ਮ ਛੁੱਟੀ ਲੈ ਕੇ ਹਾੜ੍ਹੀ ਵੱਢਣ ਲਈ ਘਰਦਿਆਂ ਦਾ ਸਾਥ ਦਿੰਦੇ। ਖੇਤੀ ਦਾ ਮਸ਼ੀਨੀਕਰਨ ਹੋਣ ਨਾਲ ਪੰਜਾਬ ਵਿਚ ਕਿਰਤ ਸੱਭਿਆਚਾਰ ਦੀ ਘਾਟ ਰੜਕਣ ਲੱਗੀ। ਵਿਹਲੇ ਰਹਿਣ ਅਤੇ ਫੇਰਾ ਤੋਰਾ ਕਰਨ ਵਾਲੀ ਸ਼ੌਕੀਨੀ ਵਧੀ ਹੈ। ਕਿਰਸਾਣੀ ਦੀ ਦੁਰਦਸ਼ਾ ਉੱਥੋਂ ਸ਼ੁਰੂ ਹੋਈ ਹੈ।
ਕਿਰਸਾਣੀ ਦਾ ਅਰਥ ਹੈ, ਖੇਤੀ ਕਰਨ ਵਾਲੇ ਸਾਰੇ ਲੋਕ ਅਤੇ ਖੇਤੀ ਦੇ ਸਹਾਇਕ ਧੰਦਿਆਂ ਵਿਚ ਰੁੱਝੇ ਕਿਰਤੀ ਕਾਰੀਗਰ। ਸਾਡੀ ਆਬਾਦੀ ਦਾ 65 ਫ਼ੀਸਦੀ ਹਿੱਸਾ ਅਜੇ ਵੀ ਸਿੱਧਾ ਖੇਤੀ ਉੱਤੇ ਨਿਰਭਰ ਹੈ। ਕਿਸਾਨ, ਮਜ਼ਦੂਰ, ਛੋਟੇ ਪੇਂਡੂ ਦਸਤਕਾਰ, ਸ਼ਹਿਰੀ ਕਾਰੋਬਾਰੀ। ਇੱਥੋਂ ਤੀਕ ਕਿ ਸ਼ਹਿਰਾਂ ਵਿਚ ਵਸਦੇ ਨੌਕਰੀਪੇਸ਼ਾ ਲੋਕ ਵੀ ਸਿੱਧੀ ਜਾਂ ਅਸਿੱਧੀ ਤਰ੍ਹਾਂ ਖੇਤੀ ਉਪਰ ਨਿਰਭਰ ਹਨ। ਸਾਡੇ ਬਾਜ਼ਾਰਾਂ ਵਿਚ ਵੀ ਹਾੜ੍ਹੀ ਸਾਉਣੀ ਰੌਣਕ ਆਉਂਦੀ ਹੈ। ਫ਼ਸਲ ਮਰ ਜਾਵੇ ਤਾਂ ਬਜ਼ਾਰ ਵਿਚ ਮੰਦਹਾਲੀ ਛਾ ਜਾਂਦੀ। ਗਾਹਕ ਉਡੀਕਦੇ ਦੁਕਾਨਦਾਰ ਬਾਘ-ਉਬਾਸੀਆਂ ਲੈਂਦੇ ਜਾਂ ਫੇਰ ਪਰਵਾਸੀ ਪੰਜਾਬੀਆਂ ਦੀ ਤੀਬਰਤਾ ਨਾਲ ਉਡੀਕ ਕਰਦੇ ਹਨ। ਅਜੇ ਸਾਡੇ ਸਮਾਜ ਦਾ ਉਦਯੋਗੀਕਰਨ ਨਹੀਂ ਹੋਇਆ। ਖੇਤੀ ਆਧਾਰਿਤ ਕਾਰਖਾਨੇ ਪੰਜਾਬ ਵਿਚ ਨਹੀਂ ਲਗਾਏ ਗਏ। ਮੇਰੇ ਅੱਠ ਨਾਵਲ- ਨਰੰਜਣ ਮਸ਼ਾਲਚੀ, ਖੇੜੇ ਸੁੱਖ ਵਿਹੜੇ ਸੁੱਖ, ਇਹਨਾਂ ਰਾਹਾਂ ਉੱਤੇ, ਪੱਤ ਕੁਮਲਾ ਗਏ, ਦੀਵੇ ਜਗਦੇ ਰਹਿਣਗੇ, ਖ਼ਾਲੀ ਖੂਹਾਂ ਦੀ ਕਥਾ, ਗੁਲਾਬੀ ਨਗ ਵਾਲੀ ਮੁੰਦਰੀ, ਰਿਜ਼ਕ ਅਤੇ 4 ਕਹਾਣੀ ਸੰਗ੍ਰਹਿਆਂ ਸਮੇਤ ਹੋਰ ਪੁਸਤਕਾਂ ਇਸ ਸਿੱਧੇ ਅਨੁਭਵ ਦੀ ਉਪਜ ਹਨ ਜੋ ਸਮੇਂ ਸਮੇਂ ਬਦਲਦੀ ਵਿਗਸਦੀ, ਰੂਪ ਬਦਲਦੀ ਕਿਰਸਾਣੀ ਨੂੰ ਹਰ ਪੱਖ ਤੋਂ ਪੇਸ਼ ਕਰਦੀਆਂ ਹਨ।
‘ਨਰੰਜਣ ਮਸ਼ਾਲਚੀ’ ਮੇਰਾ ਪਹਿਲਾ ਨਾਵਲ ਹੈ ਜੋ 1997 ਵਿਚ ਛਪਿਆ। ਪਹਿਲ ਪਲੇਠੇ ਜਵਾਕ ਵਾਂਗ ਪੰਜਾਬੀ ਸਾਹਿਤ ਜਗਤ ਨੇ ਇਸ ਦਾ ਭਰਪੂਰ ਸੁਆਗਤ ਕੀਤਾ। ਪੰਜਾਬ ਦੇ ਕਿਰਸਾਣੀ ਸੱਭਿਆਚਾਰ ਦੀ ਸਮੱਗਰ ਪੇਸ਼ਕਾਰੀ ਕਾਰਨ ਇਸ ਦੀ ਬੜੀ ਚਰਚਾ ਹੋਈ। ਜੇ ਸਮੇਂ ਦੀ ਵੰਡ ਅਨੁਸਾਰ ਦੇਖੀਏ ਤਾਂ ‘ਖੇੜੇ ਸੁੱਖ ਵਿਹੜੇ ਸੁੱਖ’ ਨੂੰ ਇਸ ਤੋਂ ਪਹਿਲੀ ਰਚਨਾ ਮੰਨਣਾ ਪਵੇਗਾ ਜੋ ਵੀਹਵੀਂ ਸਦੀ ਦੇ ਦੂਜੇ ਦਹਾਕੇ ਦੌਰਾਨ ਪੰਜਾਬ ਵਿਚ ਪਈ ਆਖ਼ਰੀ ਪਲੇਗ ਤੋਂ ਪਹਿਲਾਂ ਸ਼ੁਰੂ ਹੁੰਦਾ ਹੈ। ਇਹ ਨਾਵਲ ਮੇਰੇ ਜਨਮ ਤੋਂ ਪਹਿਲੇ ਪੰਜ ਦਹਾਕਿਆਂ ਦੇ ਕਿਰਸਾਣੀ ਆਧਾਰਿਤ ਪਿੰਡ ਦੇ ਸਮਾਜਿਕ, ਆਰਥਿਕ, ਸਾਂਝੇ ਸੱਭਿਆਚਾਰਕ ਜੀਵਨ ਨੂੰ ਵਿਸਤਾਰ ਵਿਚ ਚਿਤਰਦਾ ਹੈ। ਪਿੰਡ ਸਦੀਆਂ ਤੋਂ ਖੜੋਤ ਵਿਚ ਸੀ। ਉੱਥੇ ਜਗੀਰੂ ਕਦਰਾਂ ਕੀਮਤਾਂ ਆਪਣੇ ਘਨਿੌਣੇ ਰੂਪ ਵਿਚ ਦ੍ਰਿਸ਼ਟੀਗੋਚਰ ਹੁੰਦੀਆਂ। ਜਾਤ ਪਾਤ, ਛੂਆ ਛੂਤ, ਸ਼ਾਹੂਕਾਰਾਂ ਦੇ ਜ਼ੁਲਮ, ਜਗੀਰਦਾਰੀ ਧੌਂਸ, ਕਤਲ, ਡਾਕੇ, ਉਧਾਲੇ, ਔਰਤ ਦੀ ਦੁਰਦਸ਼ਾ, ਖਰੀਦ-ਵੇਚ, ਗ਼ਰੀਬੀ, ਅਨਪੜ੍ਹਤਾ ਅਤੇ ਜ਼ਹਿਮਤ ਸੀ। ਇਨ੍ਹਾਂ ਨਾਂਹਪੱਖੀ ਕੀਮਤਾਂ ਦੇ ਬਾਵਜੂਦ ਸਾਂਝਾ ਸੱਭਿਆਚਾਰਕ ਵਿਰਸਾ, ਭਾਈਚਾਰਕ ਏਕਤਾ, ਆਪਸੀ ਨਿਰਭਰਤਾ, ਸਹਿਣਸ਼ੀਲਤਾ ਅਤੇ ਕਿਰਸਾਣੀ ਦੀ ਸਵੈ-ਨਿਰਭਰਤਾ ਬਰਕਰਾਰ ਸੀ। ਉਸ ਖੜੋਤ ਵਾਲੇ ਪਿੰਡ ਦੇ ਵਾਸੀਆਂ ਨੂੰ ਸਾਰਾ ਕੁਝ ਪਿੰਡ ਵਿਚੋਂ ਹੀ ਮਿਲ ਜਾਂਦਾ। ਮੰਡੀ ਦਾ ਦਖ਼ਲ ਨਾਂ-ਮਾਤਰ ਸੀ। ਸਰਮਾਏ ਦੀ ਥੁੜ੍ਹ ਬੇਸ਼ੱਕ ਰੜਕਦੀ, ਪਰ ਪਦਾਰਥ ਦੀ ਕਮੀ ਨਹੀਂ ਸੀ। ਆਤਮ-ਨਿਰਭਰਤਾ ਵਾਲੇ ਸਿਸਟਮ ਅਨੁਸਾਰ ਹਰੇਕ ਕਾਸ਼ਤਕਾਰ, ਗ਼ੈਰ-ਕਾਸ਼ਤਕਾਰ ਦੀਆਂ ਲੋੜਾਂ ਵੀ ਖੇਤੀ ਵਿਚੋਂ ਪੂਰੀਆਂ ਹੋ ਜਾਂਦੀਆਂ। ਕਿਸੇ ਬਿਪਤਾ ਨਾਲ ਸਾਰਾ ਨਗਰ ਸਮੁੱਚੇ ਰੂਪ ਵਿਚ ਲੜਦਾ ਸੀ। ਇਹ ਨਾਵਲ- ਮੂਰਤਾਂ ਰੰਗ ਬਰੰਗੀਆਂ, ਟੇਢੇ ਰਾਹਾਂ ਦੀ ਦਾਸਤਾਨ ਅਤੇ ਨਵੇਂ ਰਾਹ ਨਵੇਂ ਖੇਤ - ਆਪਣੇ ਤਿੰਨ ਭਾਗਾਂ ਦੁਆਰਾ ਮੁੱਖ ਪਾਤਰ ਜਗਤੇ ਸਮੇਤ ਹੋਰ ਅਨੇਕ ਪਾਤਰਾਂ ਰਾਹੀਂ ਮੁਰੱਬੇਬੰਦੀ ਤੱਕ ਪਹੁੰਚਦੇ ਪੁਰਾਣੇ ਧੰਦਿਆਂ ਵਾਲੇ ਭਰੇ ਭੁਕੰਨੇ ਸਮਾਜ ਦੀ ਦਾਸਤਾਨ ਹੈ ਜਿਸ ਵਿਚ ਅਜੇ ਹੇਠ ਲਿਖੀ ਟੂਕ ਅਨੁਸਾਰ ਬਹੁਗਿਣਤੀ ਕੋਲ ਅੰਨ ਧਨ, ਦੁੱਧ-ਘਿਉ ਦੀ ਹੁਣ ਜਿੰਨੀ ਘਾਟ ਨਹੀਂ ਸੀ:
‘‘ਦੋ ਬਲਦਾਂ ਦੀ ਖੇਤੀ ਤੇ ਕੋਠੀ ਕਣਕ ਦੀ।
ਚਹੁੰ ਮਹੀਂਆਂ ਦਾ ਦੁੱਧ ਮਧਾਣੀ ਮਣ ਕੁ ਦੀ।
ਕੀਲੇ ਬੰਨ੍ਹੀਂ ਘੋੜੀ ਹੋਵੇ ਹਿਣਕਦੀ।
ਟੌਅਰਾ ਛੱਡ ਕੇ ਲੰਬਾ, ਰਿਸ਼ਤੇਦਾਰੀ ਟੋਲ੍ਹੀਏ।
ਜੇ ਦੇਵੇ ਸੱਚਾ ਪਾਤਸ਼ਾਹ, ਨਾ ਬੁਲਾਏ ਬੋਲੀਏ।’’
‘ਨਰੰਜਣ ਮਸ਼ਾਲਚੀ’ ਅਗਲੇ ਤਿੰਨ ਚਾਰ ਦਹਾਕਿਆਂ ਦੌਰਾਨ ਬਦਲਦੀ ਕਿਰਸਾਣੀ ਨੂੰ ਆਪਣੇ ਕਲਾਵੇ ਵਿਚ ਲੈਂਦਾ ਹੈ। ਹਰਾ ਇਨਕਲਾਬ ਆਉਣ ਨਾਲ ਉਸ ਸਮਾਜ ਦੀ ਖੜੋਤ ਟੁੱਟਦੀ ਹੈ। ਵਿੱਦਿਆ ਦਾ ਪਸਾਰ ਹੋਇਆ। ਨਵੇਂ ਬੀਜਾਂ, ਸਪਰੇਆਂ ਖਾਦਾਂ, ਨਵੇਂ ਸੰਦਾਂ-ਢੰਗਾਂ ਨਾਲ ਕਿਰਸਾਣੀ ਨਵੀਆਂ ਉਚਾਈਆਂ ਛੂੰਹਦੀ ਹੈ। ‘ਖੇੜੇ ਸੁੱਖ ਵਿਹੜੇ ਸੁੱਖ’ ਦੇ ਸਦੀਆਂ ਤੋਂ ਕੱਚੇ ਮਕਾਨਾਂ ਦੀ ਥਾਂ ‘ਨਰੰਜਣ ਮਸ਼ਾਲਚੀ’ ਦੇ ਸਮੇਂ ਹਰ ਵਰਗ ਦੇ ਮਕਾਨ ਪੱਕੇ ਹੋ ਜਾਂਦੇ ਹਨ। ਸਾਈਕਲਾਂ ਦੀ ਥਾਂ ਸਕੂਟਰ, ਮੋਟਰਸਾਈਕਲ ਆ ਜਾਂਦੇ। ਗੱਡਿਆਂ ਦੀ ਥਾਂ ਕਾਰਾਂ, ਟਰੈਕਟਰ ਘੂਕਦੇ ਹਨ। ਹਰੇਕ ਵਰਗ ਨੂੰ ਸੁਖ ਦਾ ਸਾਹ ਨਸੀਬ ਹੁੰਦਾ ਹੈ। ਖੇਤੀ ਵਿਚ ਇਨਕਲਾਬ ਆਉਣ ਨਾਲ ਇਕ ਵਾਰੀ ਤਾਂ ਸਾਰੇ ਕਿੱਤਿਆਂ ਨੂੰ ਹੁਲਾਰਾ ਮਿਲਦਾ ਹੈ। ਬਹੁਗਿਣਤੀ ਕੁੜੀਆਂ-ਮੁੰਡੇ ਪੜ੍ਹਨ ਲੱਗਦੇ ਹਨ।
ਹਰੇ ਇਨਕਲਾਬ ਦੇ ਚੰਗੇ ਪ੍ਰਭਾਵਾਂ ਨਾਲ ਕੁਝ ਸਾਲਾਂ ਮਗਰੋਂ ਮੰਦੇ ਪ੍ਰਭਾਵ ਵੀ ਦ੍ਰਿਸ਼ਟੀਗੋਚਰ ਹੋਣ ਲੱਗਦੇ ਹਨ। ਸਮਾਜਿਕ ਤੇਜ਼ੀ ਆਉਣ ਨਾਲ ਨਵੀਆਂ ਬਿਮਾਰੀਆਂ, ਮਾਨਸਿਕ ਪਰੇਸ਼ਾਨੀ, ਬੇਚੈਨੀ, ਤਲਖ਼ੀ, ਪਰਿਵਾਰਕ ਅਤੇ ਸਮਾਜਿਕ ਲੜਾਈ ਝਗੜੇ ਵਧਦੇ ਹਨ। ਇਸ ਬੇਆਰਾਮੀ ਦਾ ਸ਼ਿਕਾਰ ਨਰੰਜਣ ਅਤੇ ਉਸ ਦੀ ਘਰਵਾਲੀ ਗੁਰਮੀਤੋ ਵੀ ਹੁੰਦੇ ਹਨ। ਪਰਿਵਾਰਕ ਕਲੇਸ਼ ਵੀ ਦੁਖਾਂਤ ਵਿਚ ਬਦਲਦਾ ਹੈ। ਰਿਸ਼ਤਿਆਂ ਦੀ ਟੁੱਟ-ਭੱਜ ਆਮ ਹੋ ਜਾਂਦੀ ਹੈ। ਭਾਈਚਾਰਕ ਏਕਤਾ ਟੁੱਟਦੀ ਹੈ। ਧਾਰਮਿਕ ਸਹਿਣਸ਼ੀਲਤਾ ਦੀ ਥਾਂ ਧਾਰਮਿਕ ਸੰਕੀਰਣਤਾ ਲੈ ਲੈਂਦੀ ਹੈ। ਫਿਰ ਵੀ ਸਭਿਆਚਾਰਕ ਏਕਤਾ ਅਜੇ ਬਰਕਰਾਰ ਹੈ ਜੋ ਇਸ ਜੀਵਨ ਨੂੰ ਜਿਊਣ ਜੋਗਾ ਬਣਾਈ ਰੱਖਦੀ ਹੈ।
ਨਾਵਲ ‘ਇਹਨਾਂ ਰਾਹਾਂ ਉੱਤੇ’ ਦਾ ਕਾਲ ਖੰਡ ਨੱਬੇਵਿਆਂ ਦਾ ਦਹਾਕਾ ਹੈ ਜਦੋਂ ਕਿਰਸਾਣੀ ਨੂੰ ਜਗੀਰਦਾਰੀ ਕਦਰਾਂ ਕੀਮਤਾਂ ਦੀ ਰਹਿੰਦ-ਖੂੰਹਦ ਨਾਲ ਨੁਕਸਾਨ ਹੁੰਦਾ ਹੈ। ਭਰਾ ਭੈਣ ਦੇ ਰਿਸ਼ਤਿਆਂ ਵਿਚ ਵੀ ਜ਼ਮੀਨ ਜਾਇਦਾਦ ਕਾਰਨ ਦਰਾੜ ਪੈਂਦੀ ਹੈ। ਕੇਂਦਰੀ ਪਾਤਰ ਮਾਈ ਲਾਭ ਕੌਰ ਆਪਣੀ ਵਿਧਵਾ ਹੋਈ ਨੂੰਹ ਨੂੰ ਕੇਵਲ ਜੱਦੀ ਜ਼ਮੀਨ ਜਾਇਦਾਦ ਬਚਾਉਣ ਵਾਸਤੇ ਆਪਣੇ ਅਲੂੰਏਂ ਪੋਤਰੇ ਦੇ ਸਿਰ ਧਰਦੀ, ਉਨ੍ਹਾਂ ਦੇ ਵਿਆਹੁਤਾ ਜੀਵਨ ਦਾ ਦੁਖਾਂਤ ਸਿਰਜਦੀ ਹੈ। ਇਹ ਉਹ ਸਮਾਂ ਹੈ ਜਦੋਂ ਪੰਜਾਬ ਦਾ ਨੌਜਵਾਨ ਰੁਜ਼ਗਾਰ ਲਈ ਅਮਰੀਕਾ ਕੈਨੇਡਾ ਦਾ ਰੁਖ਼ ਕਰਦਾ ਹੈ। ਅੰਗਰੇਜ਼ੀ ਸਕੂਲਾਂ ਦਾ ਪ੍ਰਚਲਨ ਵਧਦਾ ਹੈ। ‘ਪੱਤ ਕੁਮਲਾ ਗਏ’ ਨਾਵਲ ਵਿੱਚ ਸਵਰਨ ਜਾਤੀ ਨਾਲ ਸੰਬੰਧਿਤ ਮੁਸ਼ੱਕਤੀ ਸਰੂਪਾ ਸੁਨਿਆਰਾ ਵਾਰ ਵਾਰ ਕਲਪਦਾ ਹੈ: ‘‘ਇਨ੍ਹਾਂ ਰੰਗਾਂ ਦਾ ਕੋਈ ਇੰਤਜ਼ਾਮ ਕਰੋ, ਸੱਜਨੋਂ। ਇੱਥੇ ਰਾਜ ਨਹੀਂ ਬਦਲਦੇ, ਵੋਟਾਂ ਬਾਅਦ ਸਿਰਫ਼ ਰੰਗ ਬਦਲਦੇ ਨੇ।’’ ਇਹ ਲੋਕ ਆਜ਼ਾਦੀ ਦੇ ਲਾਭਾਂ ਤੋਂ ਵੀ ਮੁਨਕਰ ਹਨ। ਉਹੀ ਪਾਤਰ ਵੱਖੋ ਵੱਖ ਜਾਤਾਂ ਨੂੰ ਸੰਬੋਧਨ ਕਰਦਾ ਪਛਤਾਉਂਦਾ ਹੈ ਕਿਉਂਕਿ ਇਨ੍ਹਾਂ ਤੱਕ ਆਜ਼ਾਦੀ ਦਾ ਪੂਰਾ ਲਾਭ ਨਹੀਂ ਪਹੁੰਚਿਆ:
‘ਰੋਵੋ ਆਜ਼ਾਦੀ ਨੂੰ, ਮਾਣੋ ਬਰਬਾਦੀ ਨੂੰ
ਬੁਲਾਵੋ ਜੈ ਭੋਡੂ ਦੀ, ਲੈ ਲਉ ਡੋਕੇ।’’
ਮੇਰੇ ਨਾਵਲ ‘ਦੀਵੇ ਜਗਦੇ ਰਹਿਣਗੇ’ ਦਾ ਪਿੰਡ ਤੱਤੀ ਲਹਿਰ ਦੌਰਾਨ ਸਟੇਟ ਜਬਰ ਤੇ ਖਾੜਕੂਆਂ ਦੇ ਜ਼ੁਲਮਾਂ ਵਿਚਕਾਰ ਪਿਸਦਾ ਅਤੇ ਸ਼ਾਂਤੀ ਹੋਈ ਤੋਂ ਜਾਤ ਆਧਾਰਿਤ ਵਰਗ ਵੰਡ ਕਾਰਨ ਆਪਸ ਵਿਚ ਲੜਦਾ-ਖਹਬਿੜਦਾ ਹੈ। ਪੰਚਾਇਤੀ ਵੋਟਾਂ ਦੀ ਸਿਆਸਤ ਨਾਲ ਪਾਰਟੀਬਾਜ਼ੀ ਪੈਦਾ ਹੁੰਦੀ ਹੈ ਜੋ ਕਿਰਸਾਨੀ ਧੌਂਸ ਤੇ ਚੌਧਰ ਨੂੰ ਪੱਠੇ ਪਾਉਂਦੀ ਹੈ।
ਪੰਜਾਬ ਦੀ ਕਿਰਸਾਣੀ ਤੇ ਸਮਾਜ ਦੀ ਸੌ ਸਾਲਾਂ ਵਿਚ ਹੋਈ ਦੁਰਦਸ਼ਾ ਨੂੰ ਪੇਸ਼ ਕਰਦਾ ਹੈ ਨਾਵਲ ‘ਖ਼ਾਲੀ ਖੂਹਾਂ ਦੀ ਕਥਾ’ ਜਿਸ ਨੂੰ ਢਾਹਾਂ ਸਾਹਿਤ ਐਵਾਰਡ ਮਿਲਿਆ। ਇਹ ਨਾਵਲ ਪੰਜਾਬੀ ਸਮਾਜ ਵਿਚੋਂ ਕਿਰਤ ਸੱਭਿਆਚਾਰ ਦੇ ਖਾਤਮੇ ਦੀ ਵਿਥਿਆ ਹੈ ਜੋ ਮਿੱਟੀ ਨਾਲੋਂ ਟੁੱਟੀ, ਨਿਰਮੋਹੀ ਤੇ ‘ਮੈਂ ਹੀ ਮੈਂ’ ਤੱਕ ਸੀਮਤ ਹੋਈ ਧਨੀ ਕਿਸਾਨੀ, ਖੋਖਲੀ ਹੋ ਕੇ ਸਰੋਗੇਸ਼ਨ ਕਲੀਨਿਕਾਂ ਵਿਚੋਂ ਸੰਤਾਨ ਭਾਲਦੀ ਨੌਜਵਾਨੀ ਤੇ ਅਨੋਖੇ ਵਰਗੇ ਦਲਿਤਾਂ ਦੀ ਨਸ਼ਿਆਂ ਕਾਰਨ ਤਬਾਹ ਹੁੰਦੀ ਸੰਤਾਨ ਨੂੰ ਚਿਹਨਾਤਮਕ ਰੂਪ ਵਿਚ ਚਿੱਤਰਦਾ ਹੈ। ‘ਗੁਲਾਬੀ ਨਗ ਵਾਲੀ ਮੁੰਦਰੀ’ ਪੜ੍ਹੇ ਲਿਖੇ ਨੌਕਰੀਪੇਸ਼ਾ ਐਪਰ ਜਗੀਰੂ ਕਦਰਾਂ ਕੀਮਤਾਂ ਨੂੰ ਪਰਨਾਏ ਮਾਪਿਆਂ ਅਤੇ ਪੜ੍ਹੀ ਲਿਖੀ ਖੁੱਲ੍ਹ-ਖਿਆਲੀ ਸੰਤਾਨ ਵਿਚਕਾਰ ਟਕਰਾਅ ਦੀ ਦਾਸਤਾਨ ਹੈ। ਪੜ੍ਹੀ ਲਿਖੀ ਅਗਲੀ ਪੀੜ੍ਹੀ ਜਾਤਪਾਤ ਦੀ ਪਰਵਾਹ ਕੀਤੇ ਬਗੈਰ ਮਨਮਰਜ਼ੀ ਦਾ ਸਾਥੀ ਚੁਣਨਾ ਚਾਹੁੰਦੀ ਹੈ ਜੋ ਜਗੀਰੂ ਕਦਰਾਂ ਕੀਮਤਾਂ ਨੂੰ ਪਰਨਾਏ ਪੜ੍ਹੇ ਲਿਖੇ ਮਾਪਿਆਂ ਨੂੰ ਰਾਸ ਨਹੀਂ ਆਉਂਦੀ। ਅਜਿਹਾ ਟਕਰਾਉ ਪਰਿਵਾਰਕ ਦੁਖਾਂਤ ਸਿਰਜਦਾ ਹੈ ਜੋ ਅਜੋਕੇ ਸਮਾਜ ਦਾ ਯਥਾਰਥ ਹੈ।
ਮੇਰੇ ਅੱਠਵੇਂ ਨਾਵਲ ‘ਰਿਜ਼ਕ’ ਨਾਲ ਮੇਰੇ ਨਾਵਲ ਦਾ ਲੋਕੇਲ ਵੀ ਕਿਰਸਾਣੀ ਦੀ ਖੜੋਤ ਵਾਲੇ ਵੀਹਵੀਂ ਸਦੀ ਦੇ ਪਿੰਡ ਤੋਂ ਨਿਕਲ ਕੇ ਕੈਨੇਡਾ ਅਮਰੀਕਾ ਦਾ ਰੁਖ਼ ਕਰਦਾ, ਪਰਵਾਸ ਦਾ ਧਾਰਨੀ ਬਣਿਆ ਦਿਸਦਾ ਹੈ। ਇਹ ਪੰਜਾਬੀ ਕਿਰਸਾਣੀ ਦੇ ਦੂਹਰੇ ਤੀਹਰੇ ਸੰਘਰਸ਼ ਨੂੰ ਦਰਸਾਉਂਦਾ ਹੈ ਜਿੱਥੇ ਰਿਸ਼ਤੇ ਨਾਤੇ ਆਪਣੇ ਧੀਆਂ ਪੁੱਤਰਾਂ ਦੇ ਮੋਢਿਆਂ ਉੱਤੇ ਚੜ੍ਹ ਕੇ ਵਿਦੇਸ਼ ਜਾਣ ਲਈ ਹੀ ਬਣਾਏ ਜਾਂਦੇ ਹਨ। ਮੇਰਾ ਇਹ ਨਾਵਲ ਵਿਭਿੰਨ ਪਰਿਵਾਰਾਂ ਦਾ ਦੋ ਦੇਸ਼ਾਂ ਵਿੱਚ ਫੈਲਿਆ ਬਿਰਤਾਂਤ ਹੈ। ਬਿਗਾਨੇ ਮੁਲਕ ਦਾ ਵੀਜ਼ਾ ਲੈਣਾ ਹੀ ਨੌਜਵਾਨੀ ਦਾ ਮੁੱਖ ਨਿਸ਼ਾਨਾ ਹੈ। ਮੇਰਾ ਅਗਲਾ ਨਾਵਲ ਕਿਰਸਾਣੀ ਦੇ ਕਿਹੜੇ ਵੱਖਰੇ ਪੱਖ ਨੂੰ ਚਿਤਰਦਾ ਹੈ, ਇਹ ਸਮਾਂ ਦੱਸੇਗਾ।
ਸੰਪਰਕ: +91-82849-09596 (ਵੱਟਸਐਪ)

Advertisement
Tags :
Author Image

sukhwinder singh

View all posts

Advertisement