For the best experience, open
https://m.punjabitribuneonline.com
on your mobile browser.
Advertisement

ਵਧ-ਫੈਲ ਰਿਹਾ ਦਵਾਈਆਂ ਦਾ ਬਾਜ਼ਾਰ

07:11 AM Nov 22, 2024 IST
ਵਧ ਫੈਲ ਰਿਹਾ ਦਵਾਈਆਂ ਦਾ ਬਾਜ਼ਾਰ
Advertisement

ਡਾ. ਸ਼ਿਆਮ ਸੁੰਦਰ ਦੀਪਤੀ

ਕਿਸੇ ਦੇ ਵੀ ਘਰ ਚਲੇ ਜਾਉ, ਰਸੋਈ ਦੇ ਖਾਣ-ਪੀਣ ਦੇ ਸਮਾਨ ਵਾਂਗ ਦਵਾਈਆਂ ਦਾ ਵੀ ਡੱਬਾ ਜ਼ਰੂਰ ਮਿਲੇਗਾ। ਅੰਦਾਜ਼ਾ ਲੱਗ ਸਕਦਾ ਕਿ ਘਰ ਦੇ ਮਹੀਨੇ ਦੇ ਬਜਟ ਵਿਚ ਜਿਥੇ ਰਸੋਈ ਸ਼ਾਮਲ ਹੈ, ਹੋਰ ਸਬਜ਼ੀ-ਭਾਜੀ ਜਾਂ ਬਿਜਲੀ ਦਾ ਬਿੱਲ, ਉਥੇ ਦਵਾਈਆਂ ਵੀ ਆਮ ਬਜਟ ਵਿਚ ਸ਼ਾਮਲ ਹੋ ਗਈਆਂ ਹਨ। ਇਹ ਦਵਾਈਆਂ ਉਹ ਨਹੀਂ ਜੋ ਲੰਮੀਆਂ ਬਿਮਾਰੀਆਂ ਜਿਵੇਂ ਸ਼ੂਗਰ ਤੇ ਬਲੱਡ ਪ੍ਰੈਸ਼ਰ ਲਈ ਰੋਜ਼ਾਨਾ ਵਰਤਣੀਆਂ ਪੈਂਦੀਆਂ, ਇਹ ਆਮ ਵਰਤੋਂ ਵਿਚ ਆਉਣ ਵਾਲੀਆਂ ਬਿਮਾਰੀਆਂ ਜਿਵੇਂ ਬੁਖ਼ਾਰ, ਸਿਰ ਦਰਦ, ਜੀਅ ਕੱਚਾ ਹੋਣਾ, ਪੇਟ ਖਰਾਬ ਜਾਂ ਜੋੜਾਂ ਦਾ ਦਰਦ ਆਦਿ ਦੀਆਂ ਹੁੰਦੀਆਂ; ਮਤਲਬ, ਅਸੀਂ ਦਵਾਈਆਂ ਭਰੋਸੇ ਚੱਲਣ ਵਾਲੇ ਸਮਾਜ ਵਿਚ ਰਹਿ ਰਹੇ ਹਾਂ।
ਦਵਾਈਆਂ ਦੀ ਵਰਤੋਂ ਸਮਾਜ ਵਿਚ ਉਦੋਂ ਤੋਂ ਹੋ ਰਹੀ ਹੈ ਜਦੋਂ ਤੋਂ ਮਨੁੱਖ ਨੇ ਖ਼ੁਦ ਨੂੰ ਧਰਤੀ ’ਤੇ ਰੂਪਮਾਨ ਕੀਤਾ ਹੈ। ਪੇਟ ਦੀ ਭੁੱਖ ਨਾਲ ਜਿਥੇ ਮਨੁੱਖ ਨੇ ਦਰੱਖਤਾਂ, ਫਲਾਂ ’ਤੇ ਖ਼ੁਦ ਨੂੰ ਨਿਰਭਰ ਕੀਤਾ, ਉਸੇ ਤਰ੍ਹਾਂ ਦਰਦ ਵਰਗੀ ਕਿਸੇ ਤਕਲੀਫ਼ ਲਈ ਦਰੱਖਤਾਂ, ਪੌਦਿਆਂ ਦਾ ਹੀ ਸਹਾਰਾ ਲਿਆ। ਸਾਡੀ ਆਪਣੀ ਆਯੁਰਵੈਦਿਕ ਪ੍ਰਣਾਲੀ ਦਰੱਖਤਾਂ, ਪੌਦਿਆਂ ਤੋਂ ਹੀ ਪੈਦਾ ਹੋਈ ਹੈ। ਅੱਜ ਭਾਵੇਂ ਆਯੁਰਵੈਦਿਕ ਤੇ ਭਾਵੇਂ ਆਧੁਨਿਕ ਵਿਗਿਆਨ ਹੇਠ ਪ੍ਰਚਾਰੀ ਸਮਝੀ ਜਾਂਦੀ ਦਵਾ ਵਿਚੋਂ ਬਹੁਤੀਆਂ ਅਜੇ ਵੀ ਇਨ੍ਹਾਂ ਦਰਖਤਾਂ, ਪੌਦਿਆਂ, ਫਲਾਂ-ਫੁੱਲਾਂ ਦੇ ਰਸ ਤੋਂ ਤਿਆਰ ਹੁੰਦੀਆਂ ਹਨ। ਆਧੁਨਿਕ ਵਿਗਿਆਨ ਨੇ ਕਈ ਦਵਾਈਆਂ ਖ਼ੁਦ ਲੈਬਾਰਟਰੀ ਵਿਚ ਵੀ ਤਿਆਰ ਕੀਤੀਆਂ ਹਨ। ਲੈਬਾਰਟਰੀਆਂ ਵਿਚ ਤਿਆਰ ਰਸਾਇਣ ਕਈ-ਕਈ ਤਜਰਬੇ ਕਰ ਕੇ ਦਵਾਈਆਂ ਤੋਂ ਫਾਇਦਾ ਵੀ ਲੈ ਰਹੇ ਹਨ ਤੇ ਨੁਕਸਾਨ ਵੀ ਹੋ ਰਿਹਾ ਹੈ।
ਦਵਾਈਆਂ ਦਾ ਆਰੰਭ ਮਨੁੱਖੀ ਪੀੜ ਘਟਾਉਣ ਜਾਂ ਬਿਲਕੁਲ ਹੀ ਖ਼ਤਮ ਕਰਨ ਲਈ ਹੋਇਆ ਪਰ ਇਹ ਕਦੋਂ ਬਾਜ਼ਾਰ ਅਤੇ ਰੋਜ਼ਮੱਰਾ ਇਸਤੇਮਾਲ ਹੋਣ ਵਾਲੀ ਵਸਤੂ ਬਣ ਗਈ, ਇਹ ਪਤਾ ਹੀ ਨਹੀਂ ਲੱਗਿਆ। ਦਵਾਈਆਂ ਦਾ ਇਸਤੇਮਾਲ ਸਾਨੂੰ ਸਿਹਤਮੰਦ ਕਰਦਾ ਹੈ ਤੇ ਜ਼ਿੰਦਗੀ ਨੂੰ ਸਹੀ ਰਾਹ ਪਾਉਂਦਾ ਹੈ। ਦਰਅਸਲ, ਇੱਥੇ ਉਹ ਗੱਲ ਪਈ ਹੈ ਕਿ ਕਦੋਂ ਸਾਡੀ ਜ਼ਿੰਦਗੀ ਵਿਚ ਸਹਿਜ ਗੁੰਮ ਹੋ ਗਿਆ ਤੇ ਅਸੀਂ ਭੱਜ-ਨੱਠ ਵਾਲੀ ਜ਼ਿੰਦਗੀ ਵਿਚ ਪਹੁੰਚ ਗਏ। ਸਮਾਜ ਦੀ ਰਫ਼ਤਾਰ ਇੰਨੀ ਤੇਜ਼ ਹੋ ਗਈ ਕਿ ਇਕ ਮਿੰਟ ਦੀ ਵਿਹਲ ਵੀ ਸਾਨੂੰ ਚੁਭਣ ਲੱਗ ਪਈ।
ਸਰਮਾਏਦਾਰੀ ਵਿਵਸਥਾ ਵਿਚ ਭੱਜ-ਦੌੜ ਅਹਿਮ ਪਹਿਲੂ ਹੈ। ਸਰਮਾਏਦਾਰ ਮੁਨਾਫ਼ੇ ਲਈ ਹਰ ਵਕਤ ਦੌੜਦਾ ਰਹਿੰਦਾ ਹੈ ਅਤੇ ਆਪਣੇ ਲਈ ਕੰਮ ਕਰ ਰਹੇ ਲੋਕਾਂ ਨੂੰ ਸੌਣ ਨਹੀਂ ਦਿੰਦਾ। ਉਹ ਮੁਨਾਫ਼ੇ ਲਈ ਹਰ ਹਰਬਾ ਵਰਤਦਾ ਹੈ; ਇਹ ਭਾਵੇਂ ਭਾਈਚਾਰਕ ਸਾਂਝ ਹੋਵੇ, ਦੋਸਤੀ ਤੇ ਪਿਆਰ ਜਾਂ ਪਰਿਵਾਰ ਦਾ ਸਕੂਨ ਹੋਵੇ। ਇਹ ਗੱਲਾਂ ਅਸੀਂ ਦਵਾਈਆਂ ਦੇ ਵਧ ਰਹੇ ਪਸਾਰ ਵਿਚ ਦੇਖ ਸਕਦੇ ਹਾਂ। ਦਵਾਈਆਂ ਉਤੇ ਛਾਪੀ ਮਿਆਦੀ ਤਾਰੀਕ ਬਾਰੇ ਸਵਾਲ ਉਠੇ ਹਨ ਕਿ ਇਹ ਜਾਣਬੁੱਝ ਕੇ ਘੱਟ ਰੱਖੀ ਜਾਂਦੀ ਹੈ ਤਾਂ ਕਿ ਪਈ-ਪਈ ਦਵਾਈ ਆਪਣੀ ਨਿਰਧਾਰਤ ਸੀਮਾ ਤੋਂ ਪਹਿਲਾਂ ਇਸਤੇਮਾਲ ਹੋਣ ਵਿਚ ਰਹਿ ਜਾਵੇ। ਇਸ ਤਰ੍ਹਾਂ ਤਕਰੀਬਨ ਲੱਖਾਂ ਰੁਪਏ ਦੀ ਦਵਾਈ ਬਰਬਾਦ ਹੁੰਦੀ ਹੈ। ਤੁਸੀਂ ਆਪ ਸੋਚੋ, ਨਿਰਧਾਰਤ ਤਰੀਕ ’ਤੇ ਉਹੀ ਦਵਾਈ ਇਸਤੇਮਾਲ ਹੋ ਰਹੀ ਹੁੰਦੀ ਹੈ ਤੇ ਫਿਰ ਇਕਦਮ ਉਹੀ ਦਵਾਈ ਬੇਕਾਰ ਹੋ ਜਾਂਦੀ ਹੈ। ਇਸੇ ਪਹਿਲੂ ਤੋਂ ਹੀ ਲੋਕਾਂ ਦੀ ਮਾਨਸਿਕਤਾ ਬਣ ਗਈ ਕਿ ਤਾਰੀਖ ਦੇਖ ਕੇ ਦਵਾਈ ਖਰੀਦਣੀ ਤੇ ਉਸੇ ਮੁਤਾਬਿਕ ਰੱਦੀ ਦੇ ਡੱਬੇ ਵਿਚ ਪਾ ਦੇਣੀ ਹੈ।
ਇਹ ਦਵਾਈਆਂ ਆਮ ਤੌਰ ’ਤੇ ਡਾਕਟਰਾਂ ਨੂੰ ਦਿਖਾ ਕੇ ਪਹਿਲੀ ਵਾਰ ਕੁਝ ਵੱਧ ਮਾਤਰਾ ਵਿਚ ਲੈ ਕੇ ਰੱਖ ਲਈਆਂ ਜਾਂਦੀਆਂ ਹਨ ਤਾਂ ਕਿ ਵਾਰ-ਵਾਰ ਡਾਕਟਰ ਨੂੰ ਦਿਖਾਉਣ ਅਤੇ ਫੀਸ ਦੇਣ ਤੋਂ ਬਚਿਆ ਜਾ ਸਕੇ। ਇਸ ਦਾ ਦੂਜਾ ਪੱਖ ਹੈ, ਕੈਮਿਸਟ ਤੋਂ ਪਰਚੀ ਦਿਖਾ ਕੇ ਦਵਾਈ ਲੈਣ ਦਾ ਰਿਵਾਜ਼। ਕੋਈ ਵੀ ਦਵਾਈ ਕੈਮਿਸਟ ਤੋਂ ਬਗੈਰ ਪਰਚੀ ਦਿਖਾਏ ਮਿਲ ਜਾਂਦੀ ਹੈ ਭਾਵੇਂ ਇਸ ਦਾ ਨੇਮ ਵੀ ਹੈ। ਇਸੇ ਤਰ੍ਹਾਂ ਇਕ ਹੋਰ ਪੱਖ- ਸੈਂਕੜੇ ਦਵਾਈਆਂ ਜੋ ਵਿਦੇਸ਼ਾਂ ਵਿਚ ਪਾਬੰਦੀਸ਼ੁਦਾ ਹਨ ਪਰ ਸਾਡੇ ਮੁਲਕ ਵਿਚ ਧੜੱਲੇ ਨਾਲ ਮਿਲਦੀਆਂ ਹਨ।
ਭਾਰਤ ਵਿੱਚ ਵਿਸ਼ਵ ਸਿਹਤ ਸੰਸਥਾ ਦੇ ਮਾਪਦੰਡ ਮੁਤਾਬਿਕ ਡਾਕਟਰਾਂ ਦੀ ਗਿਣਤੀ ਬਹੁਤ ਘੱਟ ਹੈ। ਤਕਰੀਬਨ ਹਰ ਪਿੰਡ ਵਿਚ ਕਈ ਗੈਰ-ਮਾਨਤਾ ਪ੍ਰਾਪਤ ਲੋਕ ਪੂਰੀ ਖੁੱਲ੍ਹ ਨਾਲ ਮੈਡੀਕਲ ਪ੍ਰੈਕਟਿਸ ਕਰ ਰਹੇ ਹਨ। ਉਨ੍ਹਾਂ ਦੀ ਸਫਲਤਾ ਪਿੱਛੇ ਰਾਜਨੀਤਕ ਮੰਤਵ ਵੀ ਹੈ ਅਤੇ ਵੱਡੇ ਪੱਧਰ ’ਤੇ ਡਾਕਟਰਾਂ ਦੀ ਘਾਟ ਵੀ। ਇਹ ਗੱਲ ਸਾਹਮਣੇ ਆਈ ਹੈ ਕਿ ਜੇ ਇਨ੍ਹਾਂ ਲੋਕਾਂ ’ਤੇ ਪਾਬੰਦੀ ਲਾ ਦਿੱਤੀ ਜਾਵੇ ਤਾਂ ਪੇਂਡੂ ਖਿੱਤੇ ਦੀ ਸਿਹਤ ਵਿਵਸਥਾ ਹਿੱਲ ਜਾਵੇਗੀ। ਇਹ ਇਕ ਵੱਡਾ ਕਾਰਨ ਹੈ ਜਿਸ ਕਰ ਕੇ ਦਵਾਈਆਂ ਦੀ ਦੁਰਵਰਤੋਂ ਹੋ ਰਹੀ ਹੈ। ਦੇਸ਼ ਦੀ ਸਿਹਤ ਵਿਵਸਥਾ ਅਤੇ ਦਵਾਈ ਤੰਤਰ ਹੌਲੀ-ਹੌਲੀ ਮਹਿੰਗਾ ਹੋ ਰਿਹਾ ਹੈ ਤੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿਚ ਜਾ ਰਿਹਾ ਹੈ। ਇਹ ਵੀ ਇਕ ਕਾਰਨ ਹੈ ਕਿ ਲੋਕ ਦਵਾਈਆਂ ਆਪ ਹੀ ਇਸਤੇਮਾਲ ਕਰਨ ਨੂੰ ਪਹਿਲ ਦੇ ਰਹੇ ਹਨ। ਇਉਂ ਘਰੇ ਦਵਾਈਆਂ ਰੱਖਣ ਦਾ ਰੁਝਾਨ ਵਧ ਰਿਹਾ ਹੈ। ਦਵਾਈਆਂ ਦੀ ਵਧ ਰਹੀ ਵਿਕਰੀ ਕਾਰਨ ਦਵਾਈਆਂ ਦਾ ਬਾਜ਼ਾਰ ਬਹੁਤ ਤੇਜ਼ ਹੈ। ਦੇਖਣ ਵਿਚ ਆਇਆ ਹੈ ਕਿ ਨਕਲੀ ਦਵਾਈਆਂ ਦਾ ਵਪਾਰ ਵਧ ਰਿਹਾ ਹੈ। ਅੱਜ ਜੰਗ ਦੇ ਸਮਾਨ ਤੋਂ ਬਾਅਦ ਦਵਾਈਆਂ ਦਾ ਬਾਜ਼ਾਰ ਸਭ ਤੋਂ ਵੱਧ ਮੁਨਾਫ਼ਾ ਕਮਾ ਰਿਹਾ ਹੈ।
ਪੰਜਾਹ ਕੁ ਸਾਲ ਪਹਿਲਾਂ ਸਿਆਣੇ ਡਾਕਟਰ ਉਭਰ ਰਹੇ ਡਾਕਟਰਾਂ ਨੂੰ ਦੱਸਦੇ ਹੁੰਦੇ ਸਨ ਕਿ ਜਿਹੜਾ ਡਾਕਟਰ ਮਰੀਜ਼ ਦੀ ਜਾਂਚ ਕਰ ਕੇ ਇਕ ਦਵਾਈ ਲਿਖਦਾ ਹੈ ਤਾਂ ਮਤਲਬ ਹੈ ਕਿ ਉਸ ਨੂੰ ਬਿਮਾਰੀ ਸਮਝ ਆ ਗਈ ਹੈ। ਜੋ ਡਾਕਟਰ ਦੋ ਦਵਾਈਆਂ ਲਿਖਦਾ ਤਾਂ ਮਤਲਬ ਹੈ ਕਿ ਉਹ ਅਜੇ ਸ਼ੱਕ ਵਿਚ ਹੈ ਅਤੇ ਜੋ ਤਿੰਨ ਜਾਂ ਚਾਰ ਜਾਂ ਇਸ ਤੋਂ ਵੀ ਵੱਧ ਦਵਾਈਆਂ ਲਿਖਦਾ ਹੈ ਤਾਂ ਸਮਝੋ ਕਿ ਉਹ ਕਿਸੇ ਦਵਾ ਕੰਪਨੀ ਦਾ ਏਜੰਟ ਹੈ। ਇਸ ਹਿਸਾਬ ਅਨੁਸਾਰ, ਅੱਜ ਵਾਲੀਆਂ ਦਵਾਈ ਪਰਚੀਆਂ ਉਤੇ ਝਾਤੀ ਮਾਰੋ। ਕੋਈ ਵੀ ਪਰਚੀ ਸੱਤ-ਅੱਠ ਦਵਾਈਆਂ ਤੋਂ ਘੱਟ ਨਹੀਂ ਮਿਲੇਗੀ। ਕੁਝ ਦਵਾਈਆਂ ਤਾਂ ਪੱਕੀਆਂ ਹੀ ਹਨ ਜਿਵੇਂ ਤੇਜਾਬ ਬਣਨ ਤੋਂ ਰੋਕਣ ਵਾਲੀ, ਬੀ ਕੰਪੈਲਕਸ ਅਤੇ ਇਕ ਅੱਧੀ ਦਰਦ ਦੀ। ਪਰਚੀ ਵਿਚ ਜੋ ਖਾਸ ਹੁੰਦਾ ਹੈ, ਉਹ ਹੈ ਐਂਟੀਬਾਇਟਿਕ। ਐਂਟੀਬਾਇਟਿਕ ਦਵਾਈਆਂ ਦਾ ਜਣੇ ਖਣੇ ਦੇ ਹੱਥ ਆ ਜਾਣਾ ਮੁਸ਼ਕਿਲ ਪੈਦਾ ਕਰ ਗਿਆ ਹੈ। ਤੁਸੀਂ ਦੇਖਿਆ ਹੋਵੇਗਾ, ਐਂਟੀਬਾਇਟਿਕ ਬਾਰੇ ਇੱਕ ਤਾਂ ਦਵਾਈ ਦੀ ਮਿਕਦਾਰ ਦੀ ਗੱਲ ਹੈ; ਦੂਜਾ ਖਾਣ ਦਾ ਤਰੀਕਾ। ਉਂਝ, ਮਰੀਜ਼ ਮਰਜ਼ੀ ਨਾਲ ਮਿਕਦਾਰ ਘੱਟ ਕਰ ਲੈਂਦਾ ਜਾਂ ਖਾਣ ਦੇ ਸਮੇਂ ਨੂੰ ਅੱਗੇ ਪਿੱਛੇ ਕਰ ਲੈਂਦਾ ਹੈ। ਜੇ ਡਾਕਟਰ ਨੇ ਦਵਾਈ ਪੰਜ ਦਿਨ ਦੀ ਲਿਖੀ ਹੈ ਤਾਂ ਤਿੰਨ ਦਿਨ ਅਤੇ ਸੱਤ ਦਿਨ ਵਾਲੇ ਨੂੰ ਪੰਜ ਦਿਨ ਤਕ ਖਾਣ ਦਾ ਰੁਝਾਨ ਆਮ ਹੈ। ਇਸ ਨਾਲ ਇਕ ਨੁਕਸਾਨ ਸਾਰੇ ਸਿਹਤ ਵਿਗਿਆਨ ਨੂੰ ਝੱਲਣਾ ਪੈ ਰਿਹਾ ਹੈ ਤਾਂ ਉਹ ਹੈ ਦਿਨੋ-ਦਿਨ ਐਂਟੀਬਾਇਟਿਕ ਦਾ ਅਸਰਹੀਣ ਹੋਣਾ। ਉਹ ਸਮਾਂ ਦੂਰ ਨਹੀਂ ਜਦੋਂ ਸਾਡੇ ਕੋਲ ਜਰਮਾਂ ’ਤੇ ਮਾਰ ਕਰਨ ਲਈ ਕੋਈ ਐਂਟੀਬਾਇਟਿਕ ਸੁਰੱਖਿਅਤ ਨਹੀਂ ਬਚੇਗਾ। ਵਿਸ਼ਵ ਸਿਹਤ ਸੰਸਥਾ ਨੇ ਇਸ ਹਾਲਤ ਨੂੰ ਗੰਭੀਰ ਅਤੇ ਖ਼ਤਰਨਾਕ ਕਰਾਰ ਦਿੱਤਾ ਹੈ ਤੇ ਕਈ ਵਾਰ ਚਿਤਾਵਨੀ ਦਿੱਤੀ ਹੈ ਕਿ ਐਂਟੀਬਾਇਟਿਕ ਨੂੰ ਸੋਚ ਸਮਝ ਕੇ ਤਰੀਕੇ ਸਿਰ ਵਰਤਿਆ ਜਾਵੇ। ਉਹ ਹਾਲਤ ਪੈਦਾ ਨਾ ਹੋਵੇ ਕਿ ਅਸੀਂ ਸਿਹਤ ਸੇਵਾਵਾਂ ਤੋਂ ਫਾਇਦਾ ਲੈਂਦੇ-ਲੈਂਦੇ ਨੁਕਸਾਨ ਕਰਵਾ ਬੈਠੀਏ।
ਇਸ ਵਿਚ ਸਿਹਤ ਕਾਮਿਆਂ ਦੀ ਉਹ ਭੀੜ ਵੀ ਸ਼ਾਮਲ ਹੈ ਜੋ ਦਵਾਈਆਂ ਦਾ ਸੋਚ ਸਮਝ ਕੇ ਇਸਤੇਮਾਲ ਨਹੀਂ ਕਰਦੀ; ਖਾਸਕਰ ਜੋ ਪਿੰਡਾਂ ਵਿਚ ਬੈਠੇ ਹਨ। ਇਨ੍ਹਾਂ ਕਹਿੰਦੇ-ਕਹਾਉਂਦੇ ਡਾਕਟਰਾਂ ਨਾਲ ਇਕ ਦਿੱਕਤ ਹੋਰ ਵੀ ਹੈ ਜੋ ਹਰ ਬਿਮਾਰੀ ਲਈ ਗੋਲੀਆਂ, ਕੈਪਸੂਲਾਂ ਦੀ ਥਾਂ ਟੀਕੇ ਨੂੰ ਪਹਿਲ ਦਿੰਦੇ ਹਨ। ਉਹਨਾਂ ਇਸ ਬਾਰੇ ਇਹ ਭਰਮ ਬਣਾਇਆ ਹੋਇਆ ਹੈ ਕਿ ਟੀਕੇ ਨਾਲ ਬਿਮਾਰੀ ਛੇਤੀ ਠੀਕ ਹੋਵੇਗੀ। ਟੀਕਿਆਂ ਦੇ ਭਰਮ ਬਾਰੇ ਅਸਲ ਗੱਲ ਇਹ ਹੈ ਕਿ ਸਿਹਤ ਵਿਗਿਆਨ ਨੇ ਟੀਕਿਆਂ ਦੀ ਕਾਢ ਉਸ ਸਮੇਂ ਕੀਤੀ ਜਦੋਂ ਮੂੰਹ ਨਾਲ ਖਾਧੀ ਜਾਣ ਵਾਲੀ ਦਵਾਈ ਪੇਟ ਵਿਚ ਪਹੁੰਚ ਕੇ ਪੇਟ ਦੇ ਤੇਜ਼ਾਬ ਨਾਲ ਨਸ਼ਟ ਹੋ ਜਾਂਦੀ ਸੀ। ਸਚਾਈ ਤਾਂ ਇਹ ਹੈ ਕਿ ਜੋ ਵੀ ਕੋਈ ਮਰੀਜ਼ ਮੂੰਹ ਨਾਲ ਖਾ ਪੀ ਸਕਦਾ ਹੈ, ਉਸ ਨੂੰ ਟੀਕਾ ਲਾਉਣਾ ਗੈਰ-ਵਿਗਿਆਨਕ ਹੈ। ਫਿਰ ਟੀਕੇ ਦੇ ਆਪਣੇ ਨੁਕਸਾਨ ਅਤੇ ਚੁਣੌਤੀਆਂ ਹਨ। ਹੁਣ ਤਾਂ ਇਹ ਤਰੀਕਾ ਸ਼ਹਿਰ ਅਤੇ ਪੜ੍ਹੇ-ਲਿਖੇ ਡਾਕਟਰ ਵੀ ਅਪਣਾ ਰਹੇ ਹਨ ਕਿਉਂ ਜੋ ਮਨਸ਼ਾ ਮਰੀਜ਼ ਤੋਂ ਵੱਧ ਪੈਸੇ ਲੈਣਾ ਹੈ।
ਜਦੋਂ ਦਵਾਈਆਂ ਦੇ ਫੈਲ ਰਹੇ ਬਾਜ਼ਾਰ ਅਤੇ ਬਾਜ਼ਾਰ ਵਿਚ ਵਧ ਰਹੇ ਸਰਮਾਏਦਾਰੀ ਪ੍ਰਭਾਵ ਦੀ ਗੱਲ ਤੁਰਦੀ ਹੈ ਤਾਂ ਉਸ ਵਿਚ ਸਾਰੇ ਹੀ ਸ਼ਾਮਲ ਹੋ ਰਹੇ ਹਨ। ਦਵਾ ਕੰਪਨੀਆਂ, ਦਵਾਈ ਵੇਚਣ ਵਾਲਾ, ਕੈਮਿਸਟ, ਇਥੋਂ ਤਕ ਕਿ ਡਾਕਟਰ ਵੀ ਉਸ ਦਾ ਹਿੱਸਾ ਬਣ ਰਹੇ ਹਨ। ਦਵਾਈਆਂ ਵਾਲੇ ਮੈਡੀਕਲ ਨੁਮਾਇੰਦੇ ਹਸਪਤਾਲਾਂ ਵਿਚ ਘੁੰਮਦੇ ਆਮ ਦਿਸਦੇ ਹਨ। ਉਹਨਾਂ ਦੇ ਹੱਥਾਂ ’ਚ ਮਹਿੰਗੇ ਤੋਹਫ਼ੇ ਵੀ ਹੁੰਦੇ। ਬਾਕੀ ਲੁਕ ਕੇ ਕੀ ਹੁੰਦਾ ਹੋਵੇਗਾ, ਅੰਦਾਜ਼ਾ ਲਾਇਆ ਜਾ ਸਕਦਾ ਹੈ। ਸਿੱਟਾ ਇਹ ਹੈ ਕਿ ਦਵਾਈ ਜਿਸ ਨੇ ਸਾਨੂੰ ਰਾਹਤ ਪਹੁੰਚਾਈ ਸੀ, ਹੌਲੀ-ਹੌਲੀ ਗਰੀਬ, ਇਥੋਂ ਤਕ ਕਿ ਮੱਧ ਵਰਗੀ ਪਰਿਵਾਰ ਤੋਂ ਵੀ ਦੂਰ ਹੋ ਰਹੀ ਹੈ।

Advertisement

ਸੰਪਰਕ: 98158-08506

Advertisement

Advertisement
Author Image

sukhwinder singh

View all posts

Advertisement