For the best experience, open
https://m.punjabitribuneonline.com
on your mobile browser.
Advertisement

ਮੈਨੂੰ ਗਲਾਸ ਦਾ ਅੱਧਾ ਖਾਲੀ ਹਿੱਸਾ ਹੀ ਕਿਉਂ ਦਿਸਦਾ ਹੈ?

07:27 AM Nov 12, 2023 IST
ਮੈਨੂੰ ਗਲਾਸ ਦਾ ਅੱਧਾ ਖਾਲੀ ਹਿੱਸਾ ਹੀ ਕਿਉਂ ਦਿਸਦਾ ਹੈ
Advertisement

ਲਾਲ ਸਿੰਘ

ਸੁਖ਼ਨ ਭੋਇੰ 35

ਅੱਧਾ ਭਰਿਆ ਕਿਉਂ ਨਹੀਂ! ਇਹ ਉਕਤੀ ਕਿਸੇ ਵਿਅਕਤੀ ਦੀ ਮਾਨਸਿਕਤਾ ਨਾਪਣ ਲਈ ਬੜੀ ਪ੍ਰਚੱਲਤ ਰਹੀ ਹੈ, ਤੇ ਹੁਣ ਵੀ ਹੈ। ਮੈਨੂੰ ਵੀ ਜੇ ਕਿਸੇ ਨੇ ਪੁੱਛ ਲਿਆ ਤਾਂ ਮੇਰਾ ਵੀ ਉੱਤਰ ਹੋਵੇਗਾ - ਅੱਧਾ ਗਲਾਸ ਖਾਲੀ ਹੈ। ਭਰੇ ਅੱਧੇ ਹਿੱਸੇ ਵੱਲ ਨਿਗਾਹ ਚਲੀ ਵੀ ਜਾਏ ਤਾਂ ਵੀ ਉੱਤਰ ਮੈਥੋਂ ਉਭਾਸਰ ਕੇ ਨਹੀਂ ਦਿੱਤਾ ਜਾਣਾ। ਕਹਾਣੀਕਾਰ ਵਜੋਂ ਮੇਰਾ ਸੁਭਾਅ ਹੀ ਅਜਿਹਾ ਬਣ ਗਿਆ ਹੈ। ਮੇਰੀ ਇਸ ਸੁਭਾਅ ਬਣਤਰ ਦਾ ਮੁੱਢ ਮੇਰੇ ਕਿਸ਼ੋਰ ਉਮਰ ਦੇ ਹਾਲਾਤ ਕਾਰਨ ਬੱਝਿਆ ਜਿਸ ਨੂੰ ਮੇਰੀ ਵਧਦੀ ਉਮਰ ਦੇ ਅਗਲੇ ਪੜਾਵਾਂ ਵਿਚ ਆਈ ਤਬਦੀਲੀ ਬਦਲ ਨਹੀਂ ਸੀ ਸਕੀ। ਮੇਰੇ ਪਿਤਾ ਹੋਰੀਂ ਚਾਰ ਭਰਾ ਸਨ। ਮੇਰੇ ਪਿਤਾ ਤੋਂ ਵੱਡੇ ਤਿੰਨੋਂ ਰਾਵਲਪਿੰਡੀ ਰਹੇ ਐਮ.ਈ.ਐੱਸ. ਵਿਚ ਮਿਸਤਰੀ। ਆਪਣੇ ਕੰਮ-ਕਾਜੀ ਹੁਨਰ ਵਿਚ ਨਿਪੁੰਨ। ਸੰਨ ’47 ਤੋਂ ਪਹਿਲਾਂ ਮੇਰਾ ਪਿਤਾ ਪਿੰਡ ਹੀ ਰਿਹਾ ਆਪਣੇ ਮਾਤਾ-ਪਿਤਾ ਦੀ ‘ਸੇਵਾ’ ਕਰਨ ਲਈ। ਹੱਥੀਂ ਕੰਮ ਸਿੱਖਣ ਦੀ ਆਦਤ ਨਾ ਬਣੀ। ਪਾਠ-ਪੂਜਾ ਕਰਦਾ ਪਾਠੀ ਬਣ ਗਿਆ। ਕਿਧਰੇ ਵਿਰਲਾ-ਟਾਵਾਂ ਹੀ ਪਾਠ ਕਰਵਾਉਂਦਾ ਸੀ ਓਦੋਂ। ਆਮਦਨ ਨਾਂ-ਮਾਤਰ ਹੀ ਰਹੀ। ਮੇਰੀ ਮਾਤਾ ਲਈ ਘਰ ਚਲਾਉਣਾ ਔਖਾ ਰਿਹਾ। ਚੁੱਲ੍ਹਾ ਕਈ ਵਾਰ ਦੋ ਡੰਗ ਵੀ ਨਾ ਬਲਦਾ। ਸਾਨੂੰ ਤਿੰਨ-ਚਾਰ ਭਰਾਵਾਂ ਨੂੰ ਵੰਡਵੀਂ ਰੋਟੀ ਮਿਲਦੀ। ਵੱਡੇ ਨੂੰ ਇੱਕ, ਦੂਜੇ ਨੂੰ ਪੌਣੀ, ਤੀਜੇ ਨੂੰ ਅੱਧੀ ਤੇ ਚੌਥੇ ਨੂੰ ਚੌਥਾ ਹਿੱਸਾ। ਛੋਟਿਆਂ ਨੂੰ ਹੋਰ ਰੋਟੀ ਮੰਗਦੇ ਦੇਖ ਕੇ ਮੇਰਾ ਮਨ ਤੜਫ਼ਦਾ, ਮਾਤਾ ਵਾਂਗ। ਪਰ ਉਸ ਸਮੇਂ ਇੰਨੀ ਸੋਝੀ ਨਹੀਂ ਸੀ ਕਿ ਪਤਾ ਲੱਗੇ ਇਵੇਂ ਕਿਉਂ ਹੈ। ਸਾਰਿਆਂ ਨੂੰ ਭੁੱਖ ਅਨੁਸਾਰ ਰੋਟੀ ਕਿਉਂ ਨਹੀਂ ਮਿਲਦੀ ਜਦੋਂਕਿ ਸੰਨ ਸੰਤਾਲੀ ਪਿੱਛੋਂ ਪਿੰਡ ਆਏ ਉਸ ਦੇ ਤਿੰਨੋਂ ਤਾਇਆਂ ਦੇ ਬੱਚਿਆਂ ਨੂੰ ਰੋਟੀ ਸਮੇਤ ਲੋੜ ਅਨੁਸਾਰ ਸਭ ਕੁਝ ਮਿਲਦਾ ਸੀ।
ਇਹ ਮੇਰੀ ਮਾਨਸਿਕ ਬਣਤਰ ਦਾ ਪਹਿਲਾ ਪੜਾਅ ਸੀ। ਪਾਣੀ ਵਾਲੇ ਗਲਾਸ ਦੇ ਅੱਧੇ ਖਾਲੀ ਹਿੱਸੇ ਨੇ ਉਸ ਨੂੰ ਜਿਵੇਂ ਆਪਣੀ ਜਕੜ ਵਿਚ ਕੈਦ ਹੀ ਕਰ ਲਿਆ ਹੋਵੇ। ਸਕੂਲੀ ਪੜ੍ਹਾਈ ਪਿੱਛੋਂ ਤਾਏ ਦਾ ਲੜਕਾ ਸੁਰਜੀਤ ਐਫ.ਏ. ਵਿਚ ਦਾਖ਼ਲ ਹੋ ਗਿਆ। ਮੈਨੂੰ ਘਰਦਿਆਂ ਵੱਲੋਂ ਕੋਈ ਹੁੰਗਾਰਾ ਨਾ ਮਿਲਿਆ। ਮੇਰੀ ਮਾਤਾ ਨੂੰ ਇਸ ਗੱਲ ਦਾ ਜਿਵੇਂ ਸਦਮਾ ਲੱਗਾ। ਉਸ ਨੇ ਆਪਣਾ ਕੋਈ ਗਹਿਣਾ ਗਿਰਵੀ ਰੱਖ ਕੇ ਪੁੱਤਰ ਦੀ ਫੀਸ ਜੁੜਦੀ ਕਰ ਲਈ। ਔਖ-ਸੌਖ ਨਾਲ ਦੋ ਸਾਲ ਵੀ ਟਪਾ ਲਏ। ਐਫ.ਏ. ਪਿੱਛੋਂ ਫਿਰ ਖੜੋਤ। ਵਿਹੜੇ ਦੇ ਦੋ ਮੁੰਡੇ ਬੀ.ਏ. ਕਰਕੇ ਨੌਕਰੀਆਂ ਕਰਨ ਲੱਗ ਪਏ। ਮੇਰੇ ਤਾਏ ਦਾ ਲੜਕਾ ਸੁਰਜੀਤ ਆਪਣੇ ਮਾਸੜ ਦੀ ਸਹਾਇਤਾ ਨਾਲ ਦਿੱਲੀ ਕਿਸੇ ਵਕੀਲ ਦਾ ਮੁਨਸ਼ੀ ਬਣ ਗਿਆ। ਮੈਂ ਫਿਰ ਘਰੇ ਦਾ ਘਰੇ। ਅੱਗੇ ਕੀ ਤੇ ਕਿਵੇਂ ਕਰਨਾ ਹੈ, ਮੈਨੂੰ ਇਸ ਸਭ ਦੀ ਸੋਝੀ ਵੀ ਨਹੀਂ ਸੀ। ਸੁਰਜੀਤ ਵਾਂਗ ਬਾਂਹ ਫੜਨ ਵਾਲਾ ਵੀ ਕੋਈ ਨਾ। ਇਸ ਸਮੇਂ ਅੱਧਾ ਭਰਿਆ ਗਲਾਸ ਵੀ ਜਿਵੇਂ ਖਾਲੀ ਹੋਣ ਵੱਲ ਤੁਰ ਪਿਆ ਸੀ।
ਸਹਿਵਨ ਇਕ ਦਿਨ ਮੇਰੀ ਛੋਟੀ ਤਾਈ ਦਾ ਭਾਖੜਾ ਡੈਮ ’ਤੇ ਫੋਰਮੈਨ ਲੱਗਾ ਭਰਾ ਉਨ੍ਹਾਂ ਨੂੰ ਮਿਲਣ ਆਇਆ। ਉਸ ਨੂੰ ਹੋਏ ਵਾਪਰੇ ਦਾ ਪਤਾ ਲੱਗਾ। ਉਨ੍ਹਾਂ ਸਮਿਆਂ ’ਚ ਕਾਫ਼ੀ ਸਾਰੀ ਅਪਣੱਤ ਅਜੇ ਬਰਕਰਾਰ ਸੀ। ਉਹ ਅਗਲੇ ਦਿਨ ਮੈਨੂੰ ਆਪਣੇ ਨਾਲ ਲੈ ਗਿਆ। ਉਨ੍ਹੀਂ ਦਿਨੀਂ ਡੈਮ ਦੀ ਉਸਾਰੀ ਦਾ ਅਜੇ ਸ਼ੁਰੂਆਤੀ ਦੌਰ ਸੀ। ਕੰਮਕਾਜੀ ਵਿਅਕਤੀ ਯੋਗਤਾ ਅਨੁਸਾਰ ਫਿੱਟ ਹੋਈ ਜਾਂਦੇ ਸਨ। ਮੈਨੂੰ ਵੀ ਗਰਾਉਟਿੰਗ ਕੰਟਰੋਲ ਵਿਭਾਗ ’ਚ ਸੁਪਰਵਾਇਜ਼ਰ ਦੀ ਨੌਕਰੀ ਮਿਲ ਗਈ। ਹਾਲਤ ਥੋੜ੍ਹਾ ਕੁ ਬਦਲੀ, ਪਰ ਪੜ੍ਹਾਈ ਅੱਧ-ਵਿਚਕਾਰ ਰਹਿ ਜਾਣ ਦਾ ਅਧੂਰਾਪਣ ਉਵੇਂ ਕਾਇਮ ਰਿਹਾ। ਸ਼ਾਇਦ ਇਸੇ ਕਾਰਨ ਪ੍ਰਾਈਵੇਟ ਵਿਦਿਆਰਥੀ ਵਜੋਂ ਪੜ੍ਹਾਈ ਵੀ ਚਾਲੂ ਰਹੀ ਤੇ ਸਾਹਿਤ ਵੱਲ ਝੁਕਾਅ ਵੀ ਬਣਦਾ ਗਿਆ। ਇਸ ਪੜਾਅ ਦੀਆਂ ਕਵਿਤਾਵਾਂ ਧਾਰਮਿਕ ਰੰਗਤ ਵਾਲੀਆਂ ਤਾਂ ਸਨ, ਪਰ ਅੰਧ-ਵਿਸ਼ਵਾਸੀ ਸ਼ਰਧਾ ਵਾਲੀਆਂ ਨਹੀਂ ਸਨ। ਉਨ੍ਹਾਂ ਨੂੰ ਸੁਣ ਕੇ ਸ਼ਰਧਾਲੂ ਜੈਕਾਰੇ ਨਹੀਂ ਸਨ ਛੱਡਦੇ ਜਿਵੇਂ ਹੋਰਨਾਂ ਕਵੀਆਂ ਨੂੰ ਸੁਣ ਕੇ ਕਰਦੇ ਸਨ। ਮੈਨੂੰ ਇਸ ਪੜਾਅ ’ਤੇ ਵੀ ਗਲਾਸ ਅੱਧਾ ਖਾਲੀ ਹੀ ਦਿਸਦਾ ਰਿਹਾ।
ਇਕ ਸ਼ਾਮ ਚਾਣਚੱਕ ਮੇਰੇ ਸੱਜੇ ਫੇਫੜੇ ’ਤੇ ਹਾਕੀ ਦੀ ਸੱਟ ਵੱਜ ਗਈ। ਚਾਰ ਕੁ ਸਾਲ ਦੀ ਭਾਖੜਾ ਡੈਮ ਦੀ ਨੌਕਰੀ ਛੱਡ ਕੇ ਫੇਫੜੇ ਦੇ ਇਲਾਜ ਲਈ ਜਲੰਧਰ ਆਉਣਾ ਪਿਆ। ਰੋਟੀ-ਪਾਣੀ ਚੱਲਦਾ ਰੱਖਣ ਲਈ ਇਕ ਛੋਟੀ ਜਿਹੀ ਫੈਕਟਰੀ ’ਚ ਸਟੋਰ ਕੀਪਰੀ ਕਰਨੀ ਪਈ। ਭਾਖੜਾ-ਨੰਗਲ ਦੇ ਖੁੱਲ੍ਹੇ-ਡੁੱਲੇ ਮਾਹੌਲ ’ਚੋਂ ਨਿਕਲ ਕੇ ਜਲੰਧਰ ਦੇ ਘੁਟਣ ਭਰੀ ਹੁੰਮਸ ’ਚ ਕੈਦ ਹੋਏ ਨੂੰ ਨਿਰਾਸ਼ਾ ਤਾਂ ਅੰਤਾਂ ਦੀ ਹੋਈ, ਪਰ ਆਸ-ਉਮੀਦ ਦਾ ਪੱਲਾ ਨਹੀਂ ਸੀ ਛੱਡਿਆ। ਬੀ.ਏ. ਪ੍ਰਾਈਵੇਟ ਤੌਰ ’ਤੇ ਵਾਇਆ ਗਿਆਨੀ ਪੂਰੀ ਕੀਤੀ ਤੇ ਬਦਲਵੇਂ ਫੈਕਟਰੀ ਮਾਲਕਾਂ ਦੀ ਸਹਾਇਤਾ ਨਾਲ ਬੀ.ਐੱਡ. ਕਰ ਕੇ ਮਾਸਟਰੀ ਕਰਨ ਤੱਕ ਅੱਪੜਦਾ ਹੋਣ ਦਾ ਹੀਲਾ-ਵਸੀਲਾ ਵੀ ਬਣ ਗਿਆ।
ਉਪਰੋਤਕ ਸਾਰੇ ਕੁਝ ਕਾਰਨ ਜਮ੍ਹਾਂ ਹੁੰਦਾ ਰਿਹਾ ਬੋਝ, ਪਹਿਲਾਂ ਕਵਿਤਾਵਾਂ ਤੇ ਫਿਰ ਕਹਾਣੀ ਵਿਚ ਪ੍ਰਗਟ ਹੋਣ ਲੱਗ ਪਿਆ ਸੀ। ਇਹ ਬੋਝ ਨੰਗਲ ਠਹਿਰ ਨਾਲੋਂ ਕਈ ਗੁਣਾ ਵੱਧ ਜਲੰਧਰ ਵਿਖੇ ਦੂਜੇ ਫੈਕਟਰੀ ਮਾਲਕਾਂ ਦੀਆਂ ਫੈਕਟਰੀਆਂ ਲਈ ਆਰਡਰ ਬੁੱਕ ਕਰਨ ਲਈ ਦੇਸ਼ ਦੇ ਛੋਟੇ-ਵੱਡੇ ਸ਼ਹਿਰਾਂ ਦੇ ਗੇੜੇ ਲਾਉਣ ਕਾਰਨ ਜਮ੍ਹਾਂ ਹੋਇਆ ਸੀ। ਫੈਕਟਰੀ ਮਾਲਕਾਂ ਨੂੰ ਕਾਰੀਗਰਾਂ ਨਾਲ ਸਿਰਫ਼ ਕੰਮ ਲੈਣ ਦੀ ਹੱਦ ਤੱਕ ਹੀ ਹਮਦਰਦੀ ਸੀ। ਕਾਰੀਗਰਾਂ ਦੇ ਨਿੱਜ ਨਾਲ ਬਿਲਕੁਲ ਨਹੀਂ। ਵਿਉਪਾਰੀ ਵਰਗ ਮੁਨਾਫ਼ੇ ਦੇ ਚਿੱਕੜ ਵਿਚ ਗਲੇ ਤੱਕ ਡੁੱਬ ਕੇ ਵੀ ਮਨੁੱਖੀ ਸਬੰਧਾਂ ਨੂੰ ਮਹਜਿ਼ ਮਤਲਬਪ੍ਰਸਤੀ ਤੱਕ ਹੀ ਸੀਮਤ ਰੱਖਦਾ ਹੈ। ਆਚਰਨ, ਆਦਰਸ਼, ਮਾਨਵਤਾ ਵਰਗੇ ਤੱਥ ਦੀ ਹੋਂਦ ਇਸ ਵਰਗ ਨੂੰ ਬਿਲਕੁਲ ਸਵੀਕਾਰ ਨਹੀਂ। ਝੂਠ ਤੇ ਕੇਵਲ ਝੂਠ ਜਿਵੇਂ ਇਸ ਦਾ ਆਦਰਸ਼ ਮਾਡਲ ਹੋਵੇ। ਇਹ ਵਰਤਾਰਾ ਕੇਵਲ ਵਿਉਪਾਰੀ ਵਰਗ ਤੱਕ ਸੀਮਤ ਨਹੀਂ ਰਿਹਾ। ਨੌਕਰੀਪੇਸ਼ਾ ਲੋਕ ਵੀ ਇਸ ਘੇਰੇ ’ਚ ਘਿਰ ਗਏ ਹਨ। ਪਵਿੱਤਰ ਗਿਣਿਆ ਜਾਂਦਾ ਵਿਦਿਆ ਮਹਿਕਮਾ ਵੀ ਇਸ ਲੱਗ-ਲਬੇੜ ਤੋਂ ਨਹੀਂ ਬਚ ਸਕਿਆ। ਮੇਰੀ ਸਮਝ ਅਨੁਸਾਰ ਸਮਕਾਲ ਦੇ ਸਮਾਜਿਕ ਸੱਭਿਆਚਾਰਕ ਆਰਥਿਕ ਤੇ ਮਾਨਵੀ ਖੇਤਰਾਂ ’ਚ ਪਏ ਵਿਗਾੜਾਂ ਦੀ ਮੁੱਖ ਸਰਪ੍ਰਸਤ ਰਾਜਨੀਤਕ ਖੇਤਰ ਅੰਦਰ ਆਈ ਦੁਰਾਚਾਰਕ ਤੇ ਭ੍ਰਿਸ਼ਟਾਚਾਰਕ ਰੁਚੀ ਹੈ। ਕਿਸੇ ਵਿਰਲੇ-ਟਾਵੇਂ ਨੂੰ ਛੱਡ ਕੇ ਰਾਜਨੀਤੀਵਾਨ ਕੁਰਸੀ ਪ੍ਰਾਪਤੀ ਲਈ ਕਿਸੇ ਵੀ ਤਰ੍ਹਾਂ ਦੇ ਅਣਮਨੁੱਖੀ ਕਾਰਜ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਅੱਜ ਦਾ ਕਾਰਪੋਰੇਟੀ ਯੁੱਗ ਤਾਂ ਸਾਰੇ ਹੱਦਾਂ ਬੰਨੇ ਹੀ ਟੱਪ ਗਿਆ ਹੈ। ਭਾਵੇਂ ਸਾਹਿਤਕ ਖੇਤਰ ਦੀ ਸੂਝਵਾਨ ਕਲਮਕਾਰੀ ਉਪਰੋਤਕ ਦੁਰਾਚਾਰਾਂ ਦਾ ਨਿੱਠਵਾਂ ਵਿਰੋਧ ਕਰਦੀ ਹੈ ਤਾਂ ਵੀ ਇਹ ਪੀੜਤ ਵਰਗਾਂ ਤੱਕ ਪੁੱਜਣ ਵਿੱਚ ਜੇ ਅਸਫ਼ਲ ਨਹੀਂ ਤਾਂ ਪੱਛੜੀ ਜ਼ਰੂਰ ਜਾਪਦੀ ਹੈ। ਮੇਰੀਆਂ ਕਹਾਣੀਆਂ ਵੀ ਅਜਿਹੇ ਹੀ ਦੁਬਿਧਾ-ਚੱਕਰ ਦੇ ਪ੍ਰਛਾਵੇਂ ਹੇਠ ਹਨ।
ਇਹ ਦੱਸਣਾ ਬਹੁਤਾ ਔਖਾ ਨਹੀਂ ਕਿ ਮੇਰੇ ਤੋਂ ਕਿਹੜੀ ਕਹਾਣੀ ਕਿਹੜੀ ਘਟਨਾ, ਦੁਰਘਟਨਾ ਦੇ ਦਬਾਅ ਕਾਰਨ ਲਿਖੀ ਗਈ ਹੈ ਤਾਂ ਵੀ ਲੰਮੇ-ਚੌੜੇ ਵਿਸਤਾਰ ਤੋਂ ਬਚਣ ਲਈ ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਮੈਨੂੰ ਚੁਭੀਆਂ ਸੂਲਾਂ ਦੀ ਜਲਣ ਤੋਂ ਬਚਣ ਲਈ ਉਪਾਅ ਜ਼ਰੂਰ ਉਪਲਬਧ ਹੁੰਦੇ ਗਏ। ਇਹ ਉਪਾਅ ਮਾਨਵ-ਕਲਿਆਣ ਲਈ ਸਮੇਂ ਸਮੇਂ ਉਭਰਦੇ ਰਹੇ ਚਿੰਤਨਸ਼ੀਲ ਫਲਸਫ਼ੇ ਹਨ। ਇਨ੍ਹਾਂ ’ਚੋਂ ਇਕ ਫਲਸਫ਼ਾ ਮਾਰਕਸਵਾਦ ਹੈ। ਮਾਰਕਸਵਾਦ ਸਾਰੇ ਪੁਆੜੇ ਦੀ ਜੜ੍ਹ ਨੂੰ ਪੂੰਜੀ ਵਜੋਂ ਅੰਕਿਤ ਕਰਦਾ ਹੈ। ਇਹ ਸਮਾਜਿਕ ਨਾ-ਬਰਾਬਰੀ, ਊਚ-ਨੀਚ, ਝੂਠ-ਫਰੇਬ, ਜਾਤਾਂ-ਗੋਤਾਂ ਦਾ ਅਭਿਮਾਨ, ਲੜਾਈਆਂ-ਜੰਗਾਂ ਕਾਰਨ ਹੁੰਦੇ ਰਹੇ ਤੇ ਹੁੰਦੇ ਆ ਰਹੇ ਮਾਨਵੀ ਘਾਣ, ਜ਼ੁਲਮਾਂ-ਸਿਤਮਾਂ, ਨਫ਼ਰਤ-ਈਰਖਾ ਦਾ ਮੁੱਢਲਾ ਕਾਰਨ ਪੂੰਜੀ ਦੇ ਬੇਅਸੂਲੇ ਪਾਸਾਰ ਨੂੰ ਗਿਣਦਾ ਹੈ। ਇਸ ਲਾਲਚ ਵਿਚ ਗਰਕਿਆ ਪੂੰਜੀਪਤੀ ਭੋਲੇ-ਭਾਲੇ ਮਨੁੱਖੀ ਸਮੂਹਾਂ ਨਾਲ ਅਜਿਹਾ ਮਾੜਾ ਵਿਹਾਰ ਵੀ ਕਰਦਾ ਹੈ ਜੋ ਸੰਵੇਦਨਸ਼ੀਲ ਵਿਅਕਤੀ ਸ਼ਾਇਦ ਪਸ਼ੂਆਂ ਨਾਲ ਵੀ ਨਾ ਕਰੇ।
ਗੁਰਮਤਿ-ਵਿਚਾਰਧਾਰਾ ਵਾਂਗ ਮਾਰਕਸੀ-ਵਿਚਾਰਧਾਰਾ ਵੀ ਇਸ ਦੁਰਾਚਾਰ ਵਿਰੁੱਧ ਆਵਾਜ਼ ਬੁਲੰਦ ਕਰਦੀ ਹੈ। ਜਥੇਬੰਦਕ ਪੈਂਤੜਿਆਂ ਰਾਹੀਂ ਪੂੰਜੀ-ਵਰਤਾਰੇ ਨਾਲ ਟੱਕਰ ਲੈਂਦੀ ਹੈ। ਆਪਣੇ ਲੋਕਾਂ, ਜਨ-ਸਮੂਹਾਂ ਦੀ ਰਾਖੀ ਲਈ ਅਨੇਕਾਂ ਸੰਗਠਨ ਖੜ੍ਹੇ ਕਰਦੀ ਹੈ। ਮੇਰੀ ਮਾਨਤਾ ਹੈ ਕਿ ਸਾਹਿਤ ਰਚਨਾ ਇਕ ਵੱਡਾ ਕਾਰਜ ਹੈ, ਪਰ ਇਹ ਲਿਖਤਾਂ ਪਾਠਕਾਂ ਤੱਕ ਅਪੜਦੀਆਂ ਕਰਨਾ ਲੇਖਕ ਦੀ ਕਾਰਜ ਸ਼ੈਲੀ ਵਿਚ ਸ਼ਾਮਿਲ ਹੋਵੇ ਤਾਂ ਸੋਨੇ ’ਤੇ ਸੁਹਾਗੇ ਵਾਲੀ ਗੱਲ ਹੋਵੇਗੀ। ਮੈਂ ਵੀ ਇਸ ਖੇਤਰ ਵਿਚ ਯਥਾ-ਯੋਗ ਹਿੱਸਾ ਪਾਇਆ ਹੈ ਤੇ ਥੋੜ੍ਹੀ ਬਹੁਤ ਵੀ ਸਫ਼ਲਤਾ ਹਾਸਿਲ ਕੀਤੀ।
ਸਮੱਸਿਆ ਇਹ ਰਹੀ ਹੈ ਕਿ ਸਮਾਂ ਪਾ ਕੇ ਚਿੰਤਨਸ਼ੀਲ ਤੇ ਕਲਿਆਣਕਾਰੀ ਲਹਿਰਾਂ ਦੇ ਸਮਰਥਕ ਵੀ ਪੂੰਜੀ ਦੀ ਗ੍ਰਿਫ਼ਤ ਵਿਚ ਆ ਕੇ ਆਪਣੇ ਰਾਹਾਂ ਵਿਚ ਆਪ ਹੀ ਚੁਫੇੜਾਂ ਖੜ੍ਹੀਆਂ ਕਰਦੇ ਰਹੇ ਹਨ ਜਿਸ ਕਾਰਨ ਮਾਨਵ-ਕਲਿਆਣ ਦਾ ਉਦੇਸ਼ ਸਦਾ ਥਿੜਕਦਾ ਰਿਹਾ ਹੈ। ਇਸੇ ਲਈ ਮੈਨੂੰ ਸਾਹਮਣੇ ਪਿਆ ਪਾਣੀ ਵਾਲਾ ਗਲਾਸ ਫਿਰ ਅੱਧਾ ਖਾਲੀ ਹੀ ਦਿਸਦਾ ਰਿਹਾ। ਮੇਰੀਆਂ ਕਹਾਣੀਆਂ ਉਪਰੋਤਕ ਵਰਤਾਰਿਆਂ ਨੂੰ ਨੀਝ ਲਾ ਕੇ ਦੇਖਦਿਆਂ ਪਾਠਕਾਂ ਦੀ ਸੱਥ ਵਿਚ ਪਹੁੰਚੀਆਂ ਹਨ। ਇਨ੍ਹਾਂ ਕਹਾਣੀਆਂ ਬਾਰੇ ਮੈਨੂੰ ਪੂਰਾ ਯਕੀਨ ਹੈ ਕਿ ਲਿਖਤਾਂ ਸਥਾਪਤੀ ਦੇ ਪੈਰੋਕਾਰਾਂ ਨੂੰ ਬਿਲਕੁਲ ਪਸੰਦ ਨਹੀਂ ਆਉਣੀਆਂ। ਇਸ਼ਕੀਆਂ-ਮੁਸ਼ਕੀਆ ਲਿਖਤਾਂ ਦੇ ਪਾਠਕ ਵੀ ਇਨ੍ਹਾਂ ਕਿਰਤਾਂ ਨੂੰ ਫਜ਼ੂਲ ਦੀ ਸਿਰ ਖਪਾਈ ਸਮਝਦੇ ਰਹਿਣਗੇ। ਪਰ ਕੀਤਾ ਕੀ ਜਾਏ? ਮੇਰੇ ਸਾਹਮਣੇ ਪਏ ਪਾਣੀ ਵਾਲੇ ਗਲਾਸ ਦੇ ਅੱਧੇ ਖਾਲੀ ਹਿੱਸੇ ’ਤੇ ਹੀ ਮੇਰੀ ਨਜ਼ਰ ਟਿਕੀ ਰਹੀ ਹੈ, ਅੱਧੇ ਭਰੇ ’ਤੇ ਨਹੀਂ ਕਿਉਂਕਿ ਉੱਚ ਪਾਏ ਦੇ ਫਲਸਫ਼ਿਆਂ ਦੇ ਹੁੰਦਿਆਂ ਵੀ ਮਨੁੱਖ ਜਾਤੀ ਦੇ ਵਡੇਰੇ ਹਿੱਸੇ ਨਾਲ ਹੁੰਦਾ ਦੁਰਵਿਹਾਰ ਅਜੇ ਵੀ ਉਵੇਂ ਦਾ ਉਵੇਂ ਚਾਲੂ ਹੈ।

Advertisement

ਸੰਪਰਕ: 94655-74866

Advertisement
Author Image

sukhwinder singh

View all posts

Advertisement
Advertisement
×