ਕੋਵਿਡ ਦੀ ਲਾਗ ਤੋਂ ਮੁਕਤ ਕੀਤਾ ਜਾਵੇ
ਦਸੰਬਰ 1976 ਵਿੱਚ ਅਧਿਆਪਕ ਲੱਗਣ ਕਾਰਨ ਆਰਥਿਕਤਾ ਨੂੰ ਕੁਝ ਹੁਲਾਰਾ ਮਿਲਿਆ ਤਾਂ ਆਪਣੇ ਦੋ ਸ਼ੌਕਾਂ ਨੂੰ ਪਹਿਲ ਦਿੰਦਿਆਂ ਪੈਸੇ ਖ਼ਰਚਣ ਦੀ ਮੈਂ ਖੁੱਲ੍ਹ ਲੈਂਦਾ ਸਾਂ। ਕਿਤਾਬਾਂ ਵਾਲੀਆਂ ਦੁਕਾਨਾਂ ’ਤੇ ਜਾ ਕੇ ਪੈੱਨ, ਕਿਤਾਬਾਂ ਖ਼ਰੀਦਣੀਆਂ ਅਤੇ ਅਖ਼ਬਾਰਾਂ ਵਾਲੇ ਸਟਾਲ ’ਤੇ ਜਾ ਕੇ ਅਖ਼ਬਾਰ/ਸਾਹਿਤਕ ਰਸਾਲੇ ਖ਼ਰੀਦਣੇ। 1978 ਦੇ ਆਜ਼ਾਦੀ ਦਿਹਾੜੇ ’ਤੇ ਟ੍ਰਿਬਿਊਨ ਗਰੁੱਪ ਵੱਲੋਂ ‘ਪੰਜਾਬੀ ਟ੍ਰਿਬਿਊਨ’ ਕੱਢੇ ਜਾਣ ਬਾਰੇ ਬਾਕਾਇਦਾ ਪੜ੍ਹਨ ਨੂੰ ਮਿਲਿਆ। ਅਖ਼ਬਾਰ ਸ਼ੁਰੂ ਹੋਇਆ ਅਤੇ ਇਸ ਦੀ ਕੀਮਤ 25 ਪੈਸੇ ਸੀ। ਉਦੋਂ ਤੋਂ ‘ਪੰਜਾਬੀ ਟ੍ਰਿਬਿਊਨ’ ਆਪਣਿਆਂ ਵਰਗਾ ਜਾਪਣ ਲੱਗ ਪਿਆ। ਮੈਂ 1999 ਵਿੱਚ ਸਿੱਖਿਆ ਮਸਲੇ ’ਤੇ ਇੱਕ ਲੇਖ ਲਿਖਿਆ ਅਤੇ ਇਹ ‘ਪੰਜਾਬੀ ਟ੍ਰਿਬਿਊਨ’ ਨੂੰ ਭੇਜ ਦਿੱਤਾ ਜੋ ਇਸ ਵਿੱਚ ਛਪ ਵੀ ਗਿਆ। ਇੱਕ ਦਿਨ ‘ਇਨ੍ਹਾਂ ਠਿੱਬੀ ਮਾਰਾਂ ਦਾ ਕੀ ਕਰੀਏ’ ਅਨੁਵਾਨ ਤਹਿਤ ਛੋਟਾ ਜਿਹਾ ਲੇਖ ਲਿਖਿਆ ਅਤੇ ਇਹ ਅਖ਼ਬਾਰ ਦੀ ਸੰਪਾਦਕੀ ਦੇ ਹੇਠਾਂ ਛਪ ਗਿਆ। ਮੈਥੋਂ ਚਾਅ ਚੁੱਕਿਆ ਨਾ ਜਾਵੇ। ਫਿਰ ਚੱਲ ਸੋ ਚੱਲ ਅਤੇ ਅਖ਼ਬਾਰ ਦੇ ਸੰਪਾਦਕੀ ਪੰਨੇ ’ਤੇ ਮੁੱਖ ਲੇਖ (ਸਮੇਤ ਫ਼ੋਟੋ) ਵੀ ਛਪਣੇ ਸ਼ੁਰੂ ਹੋ ਗਏ। ਉਨ੍ਹਾਂ ਦਿਨਾਂ ਵਿੱਚ ਅਖ਼ਬਾਰ, ਲੇਖਕ ਦਾ ਪਤਾ ਦੇ ਦਿਆ ਕਰਦਾ ਸੀ ਅਤੇ ਹਰ ਰੋਜ਼ ਵਾਂਗ ਇੱਕ ਦੋ ਚਿੱਠੀਆਂ ਆਉਂਦੀਆਂ ਰਹਿੰਦੀਆਂ। ਹੁਣ ਚਿੱਠੀਆਂ ਦੀ ਥਾਂ ਮੋਬਾਈਲ ਫ਼ੋਨ ਦੀ ਘੰਟੀ ਸਾਰਾ ਦਿਨ ਵੱਜਦੀ ਰਹਿੰਦੀ ਹੈ। ਅਖ਼ਬਾਰ ਦੇ ਸਾਬਕਾ ਸੰਪਾਦਕ/ਉਪ ਸੰਪਾਦਕਾਂ (ਹਰਭਜਨ ਹਲਵਾਰਵੀ, ਦਲਬੀਰ ਸਿੰਘ, ਅਸ਼ੋਕ ਸ਼ਰਮਾ, ਸ਼ਿੰਗਾਰਾ ਸਿੰਘ ਭੁੱਲਰ, ਸਿੱਧੂ ਦਮਦਮੀ) ਦੁਆਰਾ ਮੈਨੂੰ ਲਿਖੀਆਂ ਚਿੱਠੀਆਂ ਮੇਰੇ ਕੋਲ ਸਾਂਭ ਕੇ ਰੱਖੀਆਂ ਹੋਈਆਂ ਹਨ। ਇਸ ਦੇ ਬਾਨੀ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਦੀ ਸੰਪਾਦਕੀ ‘ਬਾਦਲ ਅਤੇ ਸੰਗੀਤਮਈ ਕੁਰਸੀ’ ਅਜੇ ਤੱਕ ਵੀ ਯਾਦ ਹੈ। ‘ਪੰਜਾਬੀ ਟ੍ਰਿਬਿਊਨ’ ਮਹਿਜ਼ ਇੱਕ ਅਖ਼ਬਾਰ ਨਹੀਂ ਹੈ। ਪਾਠਕ ਇਸ ਨੂੰ ਨਿਰਪੱਖ ਅਤੇ ਭਰੋਸੇਮੰਦ ਖ਼ਬਰਾਂ ਤੋਂ ਇਲਾਵਾ ਸਾਹਿਤਕ ਮੱਸ ਦੀ ਪੂਰਤੀ ਹਿੱਤ ਵੀ ਪੜ੍ਹਦੇ ਹਨ। ਇਸ ਦੇ ਅੱਠਵਾਂ/ਆਖਰੀ ਕਾਲਮ, ਜਗਤ ਤਮਾਸ਼ਾ ਤੋਂ ਇਲਾਵਾ ਹਰ ਰੋਜ਼ ਇੱਕ ਵਿਸ਼ੇ ਨੂੰ ਦਿੱਤਾ ਗਿਆ ਇੱਕ ਪੰਨਾ ਪਾਠਕਾਂ ਅਤੇ ਲੇਖਕਾਂ ਲਈ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਹੁੰਦੇ ਸਨ। ਸ਼ਨਿੱਚਰਵਾਰ ਦਾ ਅੰਕ ਸੱਭਿਆਚਾਰ ਅਤੇ ਹੋਰ ਸੁਹਜ-ਸੁਆਦ ਦੀ ਪੂਰਤੀ ਕਰਿਆ ਕਰਦਾ ਸੀ ਜਦੋਂਕਿ ਐਤਵਾਰ ਦੇ ਅੰਕ ਦੀ ਇੱਕ ਸਾਹਿਤਕ ਰਸਾਲੇ ਵਾਂਗ ਹੀ ਉਡੀਕ ਹੋਇਆ ਕਰਦੀ ਸੀ। ਕੋਵਿਡ 19 ਦੀ ਲਾਗ 2020 ਵਿੱਚ ‘ਪੰਜਾਬੀ ਟ੍ਰਿਬਿਊਨ’ ਨੂੰ ਐਸੀ ਲੱਗੀ ਕਿ ਉਸ ਨੇ ਛੂਤ ਦੀ ਬਿਮਾਰੀ ਵਾਂਗ ਇਸ ਦੇ ਬਹੁਤ ਸਾਰੇ ਪੰਨਿਆਂ ਨੂੰ ਮਨੁੱਖੀ ਅੰਗਾਂ ਵਾਂਗ ਮਾਰਦਿਆਂ ਇੰਟਰਨੈੱਟ ਦੇ ਪੰਨਿਆਂ ਤੱਕ ਸੀਮਤ ਕਰ ਦਿੱਤਾ ਹੈ; ਜੋ ਅਖ਼ਬਾਰ ਦੇ ਸੁਹਜ-ਸੁਆਦ ਨੂੰ ਸਿਮਟਾ ਦਿੰਦੇ ਹਨ। ਕੋਵਿਡ ਨੇ ਤਾਂ ਇਸ ਦੇ ਖੇਤਰੀ ਖ਼ਬਰਾਂ ਵਾਲੇ ਦੋ ਪੰਨੇ ਵੀ ਮਾਰ ਦਿੱਤੇ ਹਨ। ਪਾਠਕ/ਲੇਖਕ ਮਨ, ‘ਪੰਜਾਬੀ ਟ੍ਰਿਬਿਊਨ’ ਦੀ ਪਹਿਲਾਂ ਵਾਲੀ ਦਿੱਖ ਵੇਖਣ ਨੂੰ ਤਰਸਦਾ ਹੈ।
ਗੁਰਦੀਪ ਢੁੱਡੀ, ਫ਼ਰੀਦਕੋਟ