ਪੁਆਧ ਖਿੱਤੇ ਬਾਰੇ ਲਿਖਣ-ਲਿਖਵਾਉਣ ਦਾ ਮੁੱਢ ਮੈਂ ਕਿਉਂ ਬੰਨ੍ਹਿਆ ?
ਸੁਖ਼ਨ ਭੋਇੰ 27
ਮਨਮੋਹਨ ਸਿੰਘ ਦਾਊਂ
ਪੰਜਾਬੀ ਸਾਹਿਤ ਪੜ੍ਹਨ ਦੀ ਲਗਨ ਮੈਨੂੰ ਸਰਕਾਰੀ ਕਾਲਜ ਚੰਡੀਗੜ੍ਹ ’ਚ ਪੜ੍ਹਦਿਆਂ ਲੱਗੀ। ਡਾ. ਬਲਬੀਰ ਸਿੰਘ ਦਿਲ ਸਾਨੂੰ ਪੰਜਾਬੀ ਪੜ੍ਹਾਉਂਦੇ ਸਨ। ਉਨ੍ਹਾਂ ਨੇ ਮੇਰੀ ਕਾਵਿ-ਪ੍ਰਤਿਭਾ ਨੂੰ ਹੱਲਾਸ਼ੇਰੀ ਦਿੱਤੀ। ਮੇਰੀਆਂ ਰਚਨਾਵਾਂ ਕਾਲਜ ਮੈਗਜ਼ੀਨ ‘ਵਿਕਾਸ’ ’ਚ ਛਪਣੀਆਂ ਸ਼ੁਰੂ ਹੋਈਆਂ ਤੇ ਮੈਨੂੰ ਕਾਲਜ ਮੈਗਜ਼ੀਨ ਦੇ ਵਿਦਿਆਰਥੀ ਸੰਪਾਦਕ ਵਜੋਂ ਚੁਣਿਆ ਗਿਆ। ਬੀ.ਏ. ਦੇ ਅਖੀਰਲੇ ਵਰ੍ਹੇ 1960-61 ’ਚ ਮੈਨੂੰ ਉੱਤਮ ਸੰਪਾਦਕ ਤੇ ਵਧੀਆ ਲੇਖਕ ਵਜੋਂ ਸਨਮਾਨਿਤ ਕੀਤਾ ਗਿਆ। ਇਹ ਸਮਾਂ ਮੇਰੀ ਸਿਰਜਨ-ਪ੍ਰਕਿਰਿਆ ਦਾ ਪ੍ਰਾਰੰਭ ਮੰਨਿਆ ਜਾ ਸਕਦਾ ਹੈ। ਬੀ.ਐੱਡ. ਅਤੇ ਐਮ.ਏ. ਪੰਜਾਬੀ ਕਰਨ ਮਗਰੋਂ ਬਤੌਰ ਐਸ.ਐਸ. ਮਾਸਟਰ, ਪੰਜ ਸਤੰਬਰ 1964 ਨੂੰ ਸਿੱਖਿਆ ਵਿਭਾਗ ਪੰਜਾਬ ’ਚ ਨਿਯੁਕਤੀ ਹੋਈ। ਇਸ ਦੌਰਾਨ ਪੰਜਾਬੀ ਸਾਹਿਤ ਪੜ੍ਹਨ ਤੇ ਲਿਖਣ ਦਾ ਕਾਰਜ ਨਿਰੰਤਰ ਚਲਦਾ ਰਿਹਾ। ਤੰਗੀਆਂ ਤੁਰਸ਼ੀਆਂ ਦਾ ਮੁਕਾਬਲਾ ਵੀ ਕੀਤਾ। ਮੇਰੀਆਂ ਰਚਨਾਵਾਂ ਪੰਜਾਬੀ ਰਸਾਲਿਆਂ ਤੇ ਅਖ਼ਬਾਰਾਂ ’ਚ ਛਪਦੀਆਂ ਰਹੀਆਂ। ਮੈਨੂੰ ਆਪਣੇ ਇਲਾਕੇ (ਪੁਆਧ) ਬਾਰੇ ਚਿੰਤਨ ਕਰਨ ਅਤੇ ਸੰਕਲਪਾਂ ਨੂੰ ਅਮਲੀ ਰੂਪ ਦੇਣ ਦੀ ਹੁੜਕ ਲੱਗੀ ਰਹੀ। ਮੇਰੀ ਪਹਿਲੀ ਕਾਵਿ-ਪੁਸਤਕ ‘ਖ਼ਾਮੋਸ਼ ਚਸ਼ਮਾ’ 1971 ’ਚ ਛਪੀ। ਹੁਣ ਤੱਕ ਮੇਰੇ 12 ਕਾਵਿ-ਸੰਗ੍ਰਹਿ, 50 ਬਾਲ ਸਾਹਿਤ ਪੁਸਤਕਾਂ, ਪੰਜ ਵਾਰਤਕ ਪੁਸਤਕਾਂ, ਲਗਪਗ 25 ਸੰਪਾਦਤ ਕੀਤੀਆਂ ਪੁਸਤਕਾਂ ਅਤੇ ਹੋਰ ਖੋਜ ਕਾਰਜ ਵਾਲੀਆਂ ਰਚਨਾਵਾਂ ਛਪ ਚੁੱਕੀਆਂ ਹਨ।
ਜ਼ਿਕਰਯੋਗ ਹੈ ਕਿ ਪੰਜਾਬੀ ਸੱਥ ਲਾਂਬੜਾ-ਜਲੰਧਰ ਪੰਜਾਬ ਦੇ ਵੱਖੋ-ਵੱਖ ਖੇਤਰੀ ਇਲਕਿਆਂ ਦੇ ਸੱਭਿਆਚਾਰ, ਸਾਹਿਤ, ਇਤਿਹਾਸ ਅਤੇ ਭਾਸ਼ਾਵਾਂ ਬਾਰੇ ਵੱਖੋ-ਵੱਖ ਵਿਅਕਤੀਆਂ ਦੀ ਚੋਣ ਕਰ ਕੇ ਕਾਰਜ ਕਰਾਉਣ ਵਿਚ ਜੁਟੀ ਹੋਈ ਸੀ। ਮੈਨੂੰ ਪੁਆਧ ਖੇਤਰ ਦੀ ਜ਼ਿੰਮੇਵਾਰੀ ਦੇਣ ਲਈ ਤਤਪਰ ਸੀ, ਪਰ ਮੈਂ ਨਾਂਹ-ਨੁੱਕਰ ਕਰਦਾ ਰਿਹਾ। ਆਖ਼ਰ 20 ਅਕਤੂਬਰ 2004 ਨੂੰ ਮੈਨੂੰ ਪੁਆਧੀ ਪੰਜਾਬੀ ਸੱਥ ਮੁਹਾਲੀ ਦੇ ਮੁਖੀ ਵਜੋਂ ਸਾਰੀ ਜ਼ਿੰਮੇਵਾਰੀ ਅਤੇ ਕਾਰਜ ਕਰਨ ਦੀ ਯੋਜਨਾ ਸੰਭਾਲ ਦਿੱਤੀ। ਪੁਆਧ ਖੇਤਰ ਨੂੰ ਰੌਸ਼ਨ ਕਰਨ ਲਈ ਮੈਂ ਵਿਉਂਤਾਂ ਬਣਾਈਆਂ, ਕੁਝ ਮੈਂਬਰ ਚੁਣੇ ਤੇ ਸੱਥ ਨੂੰ ਸੰਗਠਿਤ ਕੀਤਾ। ਆਮ ਗੱਲ ਇਹ ਸੁਣੀ ਜਾਂਦੀ ਸੀ ਕਿ ਇਹ ਇਲਾਕਾ ਤਾਂ ਪਛੜਿਆ ਹੋਇਆ। ਇੱਥੇ ਕੋਈ ਕੀ ਖੋਜ ਕਾਰਜ ਕਰੇਗਾ। ਪੁਆਧੀ ਬੋਲੀ ਬੋਲਣ ਵਾਲਿਆਂ ਨੂੰ ਗਵਾਰ ਸਮਝਿਆ ਜਾਂਦਾ ਸੀ। ਮੈਂ ਨਿਸ਼ਚਾ ਕਰ ਲਿਆ ਕਿ ਇਹ ਸ਼ੰਕੇ ਤੇ ਮਨੌਤਾਂ ਨੂੰ ਦੂਰ ਕਰਕੇ ਇਸ ਖੇਤਰ ਦੀ ਮਹੱਤਤਾ ਨੂੰ ਸਾਕਾਰ ਕੀਤਾ ਜਾਵੇਗਾ। ਇਸ ਲਈ ਗਿਆਨੀ ਗੁਰਦਿੱਤ ਸਿੰਘ ਦੀ ਪੁਸਤਕ ‘ਮੇਰਾ ਪਿੰਡ’ ਅਤੇ ਰੂਸੀ ਲੇਖਕ ਰਸੂਲ ਹਮਜਾਤੋਵ ਦੀ ਸੰਸਾਰ ਪ੍ਰਸਿੱਧ ਪੁਸਤਕ ‘ਮੇਰਾ ਦਾਗ਼ਿਸਤਾਨ’ (ਦੋ ਭਾਗ) ਦਾ ਅਧਿਐਨ ਮੇਰੇ ਲਈ ਸਹਾਈ ਹੋਇਆ। ਮੈਂ ਇਹ ਨਿਸ਼ਚਾ ਕਰ ਲਿਆ ਕਿ ਜਦੋਂ ਤੱਕ ਪੁਆਧ ਖਿੱਤੇ ਬਾਰੇ ਕੋਈ ਖੋਜ ਪੁਸਤਕ ਸਾਹਮਣੇ ਨਹੀਂ ਆਉਂਦੀ, ਉਦੋਂ ਤੱਕ ਪੁਆਧ ਬਾਰੇ ਜਾਣਕਾਰੀ ਨਹੀਂ ਹੋਣੀ। ਮੈਂ ਪੁਸਤਕ ਦੀ ਸੰਪਾਦਨਾ ਕਰਨ ਲਈ ਯੋਗ ਲੇਖਕਾਂ, ਵਿਦਵਾਨਾਂ ਨੂੰ ਲਗਪਗ 50 ਪੱਤਰ ਪੁਸਤਕ ਦੀ ਰੂਪ-ਰੇਖਾ/ ਸਾਈਨੌਪਸਿਸ ਵਜੋਂ ਭੇਜੇ। ਚੰਗਾ ਹੁੰਗਾਰਾ ਮਿਲਿਆ। ਸਾਹਿਤ ਦੀਆਂ ਹੋਰ ਵਿਧਾਵਾਂ ਦੇ ਲਿਖਣ ਦੇ ਨਾਲ-ਨਾਲ ਪੁਆਧ ਖਿੱਤੇ ਨੂੰ ਹਰ ਪੱਖੋਂ ਜਗਮਗ-ਜਗਮਗ ਕਰਾਉਣਾ ਮੇਰੇ ਜੀਵਨ ਦਾ ਟੀਚਾ ਬਣ ਗਿਆ। ਪੁਆਧ ਖਿੱਤੇ ਬਾਰੇ ਪਹਿਲੀ ਬੁਨਿਆਦੀ ਧਰਾਤਲ ਖੋਜ ਪੁਸਤਕ ‘ਪੁਆਧ ਦਰਪਣ’ 2006 ’ਚ ਪ੍ਰਕਾਸ਼ਿਤ ਹੋਈ। ਇਹ ਪੁਸਤਕ ਇਕ ਮੀਲ ਪੱਥਰ ਸਾਬਤ ਹੋਈ। ਪੁਆਧ ਦਰਪਣ (ਅਤੀਤ ਦੇ ਝਰੋਖੇ ਥੀਂ) ਪਰਾਗਾ ਪਹਿਲਾ ਦਾ ਸਮਰਪਣ ਸੀ: ‘‘ਨੀ ਧਰਤੀਏ ਪੁਆਧ ਦੀਏ, ਕਰਮਾਂ ਵਾਲੜੀਏ, ਗੱਲਾਂ ਕਰੀਏ ਤੇਰੀਆਂ, ਜੁਗੜੇ ਬੀਤ ਗਏ, ਪੁੱਤਰਾਂ ਨੂੰ ਮਾਵਾਂ ਪੁੱਛਦੀਆਂ।’’ ਇਸ ਪੁਸਤਕ ਦੇ ਚਾਰ ਖੰਡ ਹਨ ਤੇ ਕੁੱਲ 22 ਰਚਨਾਵਾਂ ਵੱਖੋ-ਵੱਖ ਵਿਸ਼ਿਆਂ ਦੀਆਂ, 22 ਰਚਨਕਾਰਾਂ ਦੀਆਂ ਖੋਜ ਭਰੀਆਂ।
ਇਸ ਤੋਂ ਬਾਅਦ ‘ਧਰਤ ਪੁਆਧ’ ਪਰਾਗਾ ਦੂਜਾ ਖੋਜ ਪੁਸਤਕ 2016 ’ਚ ਛਪੀ। ਮੈਨੂੰ ਇਸ ਦੀ ਸੰਪਾਦਨਾ ਕਰਨ ਲਈ ਕਰੜੀ ਘਾਲਣਾ ਕਰਨੀ ਪਈ। ਇਸ ਪੁਸਤਕ ਦੇ 12 ਅਧਿਆਇ ਹਨ ਅਤੇ 75 ਰਚਨਾਵਾਂ ਸੰਕਲਿਤ ਕੀਤੀਆਂ ਗਈਆਂ। ਇਸ ਵਿਚ ਪੁਆਧ ਖੇਤਰ ਦਾ ਪਿਛੋਕੜ, ਪੁਆਧ ਦੀ ਉਪ-ਭਾਸ਼ਾ ਪੁਆਧੀ ਤੇ ਪੁਆਧ ਦੇ ਆਰਥਿਕ, ਸਮਾਜਿਕ ਤੇ ਸਭਿਆਚਾਰਕ ਦ੍ਰਿਸ਼ਟੀ ਦਾ ਵਿਵਰਨ; ਸਤਲੁਜ, ਨਦੀਆਂ ਤੇ ਘੱਗਰ ਆਦਿ ਬਾਰੇ ਲੇਖ ਹਨ। ਪੁਆਧੀ ਭਾਸ਼ਾ ਦੀ ਵੰਨਗੀ ਵਜੋਂ ਚਾਰ ਲੇਖ ਅਤੇ ਕਾਵਿ-ਰਚਨਾਵਾਂ ਆਪਣਾ ਰੰਗ ਬਖੇਰਦੀਆਂ ਹਨ। ਇਸ (ਧਰਤ ਪੁਆਧ) ਨੂੰ ਇਕ ਵਡਮੁੱਲੀ ਖੋਜ ਪੁਸਤਕ ਮੰਨਿਆ ਗਿਆ।
‘ਪੁਆਧ ਕੀਆਂ ਝਲਕਾਂ’ ਪਰਾਗਾ ਤੀਜਾ ਖੋਜ ਪੁਸਤਕ 2021 ਵਿਚ ਸੰਪਾਦਿਤ ਕੀਤੀ ਗਈ। ਛੇ ਖੰਡਾਂ ਵਾਲੀ ਇਸ ਪੁਸਤਕ ਵਿਚ ਕੁੱਲ 65 ਲੇਖ ਸ਼ਾਮਿਲ ਕੀਤੇ ਗਏ ਹਨ। ਇਸ ਵਿਚਲੀਆਂ ਰਚਨਾਵਾਂ ’ਚੋਂ ਪੁਆਧ ਦਾ ਲੋਕ-ਜੀਵਨ ਝਲਕਦਾ ਹੈ। ਵਿਰਸੇ ਤੇ ਵਿਰਾਸਤ ਨੂੰ ਸਾਂਭਣ ਤੇ ਲੋਕਾਂ ਨੂੰ ਆਪਣੇ ਬੀਤੇ ਨੂੰ ਯਾਦ ਕਰਨ ਦੀ ਪ੍ਰੇਰਨਾ ਹਿੱਤ ਇਹ ਖੋਜ ਕੀਤੀ ਜਾਣਕਾਰੀ ਬੜੀ ਰੌਚਿਕ ਹੈ।
‘ਆਦਿ ਜੁਗਾਦਿ ਪੁਆਧ’ ਪਰਾਗਾ ਚੌਥਾ ਖੋਜ ਪੁਸਤਕ 2022 ’ਚ ਪ੍ਰਕਾਸ਼ਿਤ ਹੋਈ ਜਿਸ ਦੇ ਛੇ ਖੰਡ ਹਨ ਤੇ ਕੁੱਲ 52 ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਲੇਖਾਂ ’ਚ ਸਮੱਗਰੀ ਨੂੰ ਤਰਤੀਬਬੱਧ ਕੀਤਾ ਗਿਆ ਹੈ। ਸਾਡਾ ਯਤਨ ਹੈ ਕਿ ਪੁਆਧ ਦੀ ਅਮੀਰ ਵਿਰਾਸਤ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ।
ਮੇਰੀਆਂ ਦੋ ਮੌਲਿਕ ਪੁਸਤਕਾਂ ਵੱਖਰੀ ਦੇਣ ਕਰਕੇ ਵੀ ਚਰਚਿਤ ਹੋਈਆਂ। ਚੰਡੀਗੜ੍ਹ ਵਸਾਉਣ ਲਈ 1950 ਤੇ ਫਿਰ 1960 ਤੋਂ ਜਿਹੜੇ 28 ਪਿੰਡ ਉਜਾੜੇ ਗਏ, ਉਨ੍ਹਾਂ ਲੋਕਾਂ ਨਾਲ ਹੋਈ ਬੀਤੀ ਦੇ ਦੁਖਾਂਤ ਅਤੇ ਬੇਇਨਸਾਫ਼ੀ ਦੀ ਗੱਲ ਕਰਦੀ ਖੋਜ ਪੁਸਤਕ ‘ਚੰਡੀਗੜ੍ਹ ਲੋਪ ਕੀਤੇ ਪੁਆਧੀ ਪਿੰਡ’ 2016 ’ਚ ਛਪੀ। ਉਜਾੜੇ ਦੀ ਮਾਰ ਝੱਲਣ ਵਾਲੇ ਲੋਕ ਵੱਖ-ਵੱਖ ਥਾਵਾਂ ’ਤੇ ਕਿੱਥੇ ਵਸੇ, ਉਨ੍ਹਾਂ ਦੀ ਢੂੰਡ-ਭਾਲ ਕੀਤੀ ਤੇ ਉਨ੍ਹਾਂ ਦੀ ਪੀੜਾ ਸੁਣੀ ਤਾਂ ਜਾ ਕੇ ਪੁਸਤਕ ਰੂਪ ਵਿਚ ਉਨ੍ਹਾਂ ਪਿੰਡਾਂ ਬਾਰੇ ਜਾਣਕਾਰੀ ਉਪਲਬਧ ਹੋ ਸਕੀ। ਪਾਠਕਾਂ ਦੀ ਮੰਗ ਨੂੰ ਪੂਰਿਆਂ ਕਰਨ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਚੰਡੀਗੜ੍ਹ ਵਸਾਉਣ ਬਾਰੇ ਜਾਣਕਾਰੀ ਦੇਣ ਲਈ ਇਸ ਨੂੰ ਅੰਗਰੇਜ਼ੀ ਵਿਚ ਅਨੁਵਾਦ ਕਰਵਾਇਆ। ਡਾ. ਸੀ.ਐੱਸ. ਸੇਖੋਂ (ਚੰਡੀਗੜ੍ਹ) ਅਤੇ ਰਤਨ ਅਨਮੋਲ ਸਿੰਘ ਤੂਰ ਨੇ ਮਿਆਰੀ ਅਨੁਵਾਦ ਕੀਤਾ ਜੋ ਹੁਣੇ-ਹੁਣੇ (ਜੁਲਾਈ, 2023) ‘Coming up of Chandigarh Lost Puadh Villages’ ਨਾਂ ਥੱਲੇ ਪ੍ਰਕਾਸ਼ਿਤ ਹੋਈ ਹੈ। ਮੈਨੂੰ ਇਸ ਪੁਸਤਕ ਦੇ ਖੋਜ ਕਾਰਜ ਕਰਦਿਆਂ ਇਕ ਵੱਖਰਾ ਸਕੂਨ ਤੇ ਅਨੁਭਵ ਹੋਇਆ ਜਿਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ‘ਪੁਆਧ ਦੇ ਜੰਮੇ ਜਾਏ’ ਮੇਰੀ ਵੱਖਰੀ ਪੁਸਤਕ ਨੂੰ ਨੈਸ਼ਨਲ ਬੁੱਕ ਟਰੱਸਟ, ਇੰਡੀਆ (N.B.T. Delhi) ਨੇ ਬੜੀ ਰੀਝ ਨਾਲ 2020 ’ਚ ਪ੍ਰਕਾਸ਼ਿਤ ਕੀਤਾ ਜਿਸ ਵਿਚ ਪੁਆਧ ਦੀਆਂ 27 ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸੱਤ ਖੰਡਾਂ ’ਚ ਵੰਡਿਆ ਗਿਆ: ਪੁਆਧ ਦਾ ਗੌਰਵ, ਪੁਆਧ ਦੇ ਸ਼ਹੀਦ ਤੇ ਸੰਗਰਾਮੀ, ਰਾਜਸੀ ਨੇਤਾ ਤੇ ਲੋਕ ਹਿਤੈਸ਼ੀ, ਪੁਆਧ ਦੇ ਗੁਰਮਤਿ ਵਿਦਵਾਨ, ਮਾਣ-ਮੱਤੀਆਂ ਸ਼ਖ਼ਸੀਅਤਾਂ, ਸਿੱਖਿਆ ਸ਼ਾਸਤਰੀ ਅਤੇ ਪੁਆਧ ਦੇ ਸਾਹਿਤਕਾਰ ਤੇ ਵਿਦਵਾਨ। ਐਨ.ਬੀ.ਟੀ. ਵੱਲੋਂ ਪੁਆਧ ਬਾਰੇ ਇਹ ਪਲੇਠੀ ਪੁਸਤਕ ਛਾਪੀ ਗਈ। ਕਰੋਨਾ ਦੇ ਦਿਨਾਂ ’ਚ ਮੈਂ ‘ਪੁਆਧ ਤੇ ਪੁਆਧ ਦੇ ਲੇਖਕਾਂ ’ਤੇ ਖੋਜ ਕਾਰਜ ਸੰਦਰਭ ਕੋਸ਼’ 2020 ’ਚ ਤਿਆਰ ਕੀਤਾ ਜਿਸ ਵਿਚ ਪੁਆਧ ਦੇ ਜੰਮਪਲ 26 ਲੇਖਕਾਂ ਬਾਰੇ ਬਿਓਰਾ ਦਿੱਤਾ। ਦੂਜੇ ਭਾਗ ’ਚ ਪੁਆਧ ਬਾਰੇ ਲਿਖੀਆਂ 31 ਪੁਸਤਕਾਂ ਬਾਰੇ ਜਾਣਕਾਰੀ ਸੰਕਲਿਤ ਕੀਤੀ ਤੇ ਤੀਜੇ ਭਾਗ ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਕੁਰੂਕਸ਼ੇਤਰ ਯੂਨੀਵਰਸਿਟੀ ਹਰਿਆਣਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਦਿੱਲੀ ਯੂਨੀਵਰਸਿਟੀ ਤੇ ਹੋਰ ਅਦਾਰਿਆਂ ਵੱਲੋਂ ਐਮ. ਫਿਲ ਅਤੇ ਪੀਐਚ. ਡੀ. ਖੋਜ ਵਿਦਿਆਰਥੀਆਂ ਦੇ ਕੀਤੇ ਖੋਜ ਕਾਰਜ ਪੁਆਧ ਬਾਰੇ ਜਾਣਕਾਰੀ ਦਿੱਤੀ। ਪੁਆਧ ਬਾਰੇ ਅਜਿਹਾ ਪਹਿਲਾ ਸੰਦਰਭ ਕੋਸ਼ ਤਿਆਰ ਕੀਤਾ। ਡਾ. ਐੱਸ.ਐੱਸ. ਕਿਸ਼ਨਪੁਰੀ ਦੀ ਲਿਖਾਈ ਕਿਤਾਬੜੀ ‘ਮੇਰਾ ਪੁਆਧ’ ਦੀ ਸੰਪਾਦਨਾ ਕਰਕੇ 2009 ’ਚ ਛਪਵਾਈ ਜਿਸ ਵਿਚ ਡਾ. ਕਿਸ਼ਨਪੁਰੀ (ਸਵ. ਸਾਬਕਾ, ਡੀ.ਪੀ.ਆਈ., ਪੰਜਾਬ) ਨੇ ਆਪਣੇ ਅਨੁਭਵਾਂ ਰਾਹੀਂ ਪੁਆਧ ਬਾਰੇ ਜਾਣਕਾਰੀ ਅੰਕਿਤ ਕੀਤੀ। ਮੁੱਢਲੀ ਜਾਣਕਾਰੀ ਪੱਖੋਂ ਇਹ ਰਚਨਾ ਆਮ ਪਾਠਕਾਂ ਲਈ ਲਾਹੇਵੰਦ ਸਿੱਧ ਹੋਈ। ਪਿੰਡ ਭਿਓਰਾ (ਜ਼ਿਲ੍ਹਾ ਰੂਪਨਗਰ) ਦੇ ਜੰਮਪਲ ਉੱਘੇ ਕਹਾਣੀਕਾਰ ਨਵਤੇਜ ਪੁਆਧੀ ਦੀਆਂ ਕੁੱਲ ਕਹਾਣੀਆਂ ‘ਗਊ ਤੇ ਸ਼ਰਾਬ’, ‘ਪੂਰਾ ਮਰਦ’, ‘ਉੱਚਾ ਬੁਰਜ ਲਾਹੌਰ ਦਾ’, ਕਹਾਣੀ ਸੰਗ੍ਰਹਿਆਂ ਸਮੇਤ ਪੰਜ ਅਣਛਪੀਆਂ ਕਹਾਣੀਆਂ ਨੂੰ ਸ਼ਾਮਲ ਕਰ ਕੇ ਯਾਦਾਂ ਸਮੇਤ 2018 ’ਚ ਪ੍ਰਕਾਸ਼ਿਤ ਕਰਵਾਇਆ ਅਤੇ ‘ਕਹਾਣੀਕਾਰ ਨਵਤੇਜ ਪੁਆਧੀ: ਜੀਵਨ ਤੇ ਰਚਨਾ’ ਦੀ ਸੰਪਾਦਨਾ 2018 ’ਚ ਕਰਕੇ ਛਪਵਾਇਆ ਜਿਸ ਵਿਚ 24 ਸਮੀਖਿਅਕਾਂ ਦੀਆਂ ਰਚਨਾਵਾਂ ਸ਼ਾਮਲ ਕੀਤੀਆਂ ਗਈਆਂ। ਆਪਣੇ ਨਿੱਜੀ ਉੱਦਮਾਂ ਤੋਂ ਬਿਨਾਂ ਹੋਰ ਲੇਖਕਾਂ ਤੋਂ ਵੀ ਪੁਆਧ ਬਾਰੇ ਪੁਸਤਕਾਂ ਲਿਖਣ ਦੀ ਪ੍ਰੇਰਨਾ ਦਿੱਤੀ ਜਿਸ ਸਦਕਾ ਡਾ. ਗੁਰਮੀਤ ਸਿੰਘ ਬੈਦਵਾਣ ਨੇ ਪੁਆਧੀ ਭਾਸ਼ਾ ’ਚ ‘ਰੰਗ ਪੁਆਧ ਕੇ’ 2008 ’ਚ ਪ੍ਰਕਾਸ਼ਿਤ ਕਰਵਾਈ ਜਿਸ ਦੇ ਚਾਰ ਐਡੀਸ਼ਨ ਛਪ ਚੁੱਕੇ ਹਨ। ਦਲਜੀਤ ਕੌਰ ਦਾਊਂ ਦੀ ਖੋਜ ਪੁਸਤਕ ‘ਪੁਆਧ ਦੀ ਮਿੱਟੀ ਦਾ ਕ੍ਰਿਸ਼ਮਾ’ 2017 ’ਚ ਛਪੀ ਜਿਸ ਵਿਚ ਉਸ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਸ੍ਰੀ ਆਨੰਦਪੁਰ ਸਾਹਿਬ ਦੀ ਸਿੱਖ ਜਗਤ ਨੂੰ ਦੇਣ ਅਤੇ ਕੁਰਬਾਨੀ ਨਾਲ ਸਬੰਧਤ ਘਟਨਾਵਾਂ ਨੂੰ ਵਿਸ਼ਲੇਸ਼ਣ ਵਿਧੀ ਰਾਹੀਂ ਬਿਆਨ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਦੀ ਚੱਪੜਚਿੜੀ ਜੰਗ ਤੱਕ ਦੇ ਇਤਿਹਾਸ ਨੂੰ ਰੂਪਮਾਨ ਕੀਤਾ। ਸਿੱਖ ਗੁਰੂ ਸਾਹਿਬਾਨ ਦੀ ਪੁਆਧ ਖੇਤਰ ਕਰਮ-ਭੂਮੀ ਕਿਉਂ ਤੇ ਕਿੰਝ ਬਣੀ? ਗਿਆਨੀ ਧਰਮ ਸਿੰਘ ਭੰਖਰਪੁਰ ਤੋਂ ਘੱਗਰ ਇਲਾਕੇ ਦੀ ਪੁਆਧੀ ਬੋਲੀ ’ਚ ‘ਕਥਾ ਪੁਰਾਤਨ ਪੁਆਧ ਕੀ’ ਦੀ ਸੰਪਾਦਨਾ ਕਰਕੇ ਛਪਵਾਈ। ਭੁਪਿੰਦਰ ਸਿੰਘ ਮਟੌਰਵਾਲਾ ਨੇ ਪ੍ਰੇਰਨਾ ਸਦਕਾ ‘ਪੁਆਧ ਕੇ ਘਰਾਟਾਂ ਕਾ ਆਟਾ’ 2014 ’ਚ ਅਤੇ ‘ਪੁਆਧ ਕੇ ਖਲਵਾੜੇ’ 2023 ’ਚ ਪੁਆਧੀ ਮਾਂ-ਬੋਲੀ ਦੀ ਝੋਲੀ ਪਾਈਆਂ। ਡਾ. ਗੁਰਪਾਲ ਸਿੰਘ ਸੰਧੂ ਨੇ ਪੁਆਧ ਪ੍ਰਤੀ ਜ਼ਿੰਮੇਵਾਰੀ ਸਮਝਦਿਆਂ ਪ੍ਰੋ. ਹਰਪ੍ਰਵੀਨ ਕੌਰ ਤੋਂ ‘ਪੁਆਧੀ ਉਪਭਾਸ਼ਾ ਦੀ ਵਿਆਕਰਨ’ 2018 ’ਚ ਪ੍ਰਕਾਸ਼ਿਤ ਕਰਵਾਈ। ਬਜ਼ੁਰਗ ਲੇਖਕ ਗਿਆਨੀ ਰਾਮ ਸਿੰਘ ਨੰਡਿਆਲੀ ਨੂੰ ਉਤਸ਼ਾਹਿਤ ਕਰ ਕੇ ਪੁਆਧੀ ਲੋਕ-ਬੋਲੀ ’ਚ ‘ਕਿੱਸੇ ਪੁਆਧ ਕੇ’ (2020) ਭਾਗ ਪਹਿਲਾ ਤੇ ਭਾਗ ਦੂਜਾ 2021 ਵਿਚ ਛਾਪੀਆਂ ਗਈਆਂ। ਇਹ ਵੀ ਦੱਸਣਾ ਜ਼ਰੂਰੀ ਹੈ ਕਿ ਲੋਕ ਲਹਿਰ ਪੈਦਾ ਹੋਣ ਕਰਕੇ ਪੁਆਧੀ ਪੰਜਾਬੀ ਸੱਥ ਮੁਹਾਲੀ ਨਾਲ ਜੁੜੇ ਕੁਝ ਪਰਿਵਾਰਾਂ ਨੇ ਆਪਣੇ ਬਜ਼ੁਰਗਾਂ ਦੀ ਯਾਦ ’ਚ ਪੁਰਸਕਾਰ ਦੇਣੇ ਸ਼ੁਰੂ ਕੀਤੇ। ਡਾ. ਜਗਜੀਤ ਸਿੰਘ ਦੀ ਖੋਜ ਪੁਸਤਕ ‘ਪੁਆਧੀ ਜਲਸਾ ਅਤੇ ਕਵੀਸ਼ਰੀ: ਪਰੰਪਰਾ ਤੇ ਪੇਸ਼ਕਾਰੀ’ 2019 ’ਚ ਛਪੀ।
ਪੰਜਾਬ ਦਾ ਪੁਰਾਤਨ ਇਤਿਹਾਸ ਦੱਸਦਾ ਹੈ ਕਿ ਸਪਤਸਿੰਧੂ ਕਰਕੇ ਜਾਣੇ ਜਾਂਦੇ ਪੰਜਾਬ ਦਾ ਭੂਗੋਲਿਕ ਖੇਤਰ ਅਫ਼ਗਾਨਿਸਤਾਨ, ਲਹਿੰਦਾ ਪੰਜਾਬ (ਅਜੋਕਾ ਪਾਕਿਸਤਾਨ) ਤੋਂ ਲੈ ਕੇ ਚੜ੍ਹਦੇ ਪੰਜਾਬ (ਵਰਤਮਾਨ ਪੰਜਾਬ) ਤੋਂ ਅਗਾਂਹ ਹਰਿਆਣਾ ਦੀਆਂ ਹੱਦਾਂ ਟੱਪਦਾ ਦਿੱਲੀ ਦੀਆਂ ਜੂਹਾਂ ਤੱਕ ਪਸਰਿਆ ਹੋਇਆ ਸੀ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦਰਿਆ ਸਤਲੁਜ ਤੋਂ ਪਰ੍ਹੇ-ਪਰ੍ਹੇ ਅਫ਼ਗਾਨਿਸਤਾਨ ਤੱਕ ਸੀ। ਇਸ ਖੇਤਰ ਨੂੰ ਮਹਾਂ ਪੰਜਾਬ ਕਰਕੇ ਜਾਣਿਆ ਜਾਂਦਾ ਸੀ। ਦਰਿਆ ਸਤਲੁਜ ਤੋਂ ਉੱਤਰ-ਪੂਰਬ ਖੇਤਰ ਨੂੰ ਪੰਜਾਬ ਦਾ ਪੂਰਬ-ਅਰਧ (Eastern part of Punjab) ਭਾਵ ਅੱਧ ਜਿਸ ਤੋਂ ਸ਼ਬਦ (ਸੰਸਕ੍ਰਿਤ) ‘ਪੁਆਧ’ ਉਤਪੰਨ ਹੋਇਆ। ਇੱਥੋਂ ਦੀ ਲੋਕ ਬੋਲੀ ਪੁਆਧੀ ਅਤੇ ਵਸਨੀਕਾਂ ਨੂੰ ਪੁਆਧੀਏ (ਪੁਆਧੜੀਏ) ਕਿਹਾ ਜਾਣ ਲੱਗਿਆ। ਮਾਝਾ, ਮਾਲਵਾ ਤੇ ਦੁਆਬੇ ਦੀ ਹਰ ਖੇਤਰ ਵਿਚ ਝੰਡੀ ਰਹੀ ਪਰ ਪੁਆਧ ਖਿੱਤਾ ਆਰਥਿਕਤਾ ਤੇ ਰਾਜਨੀਤੀ ਦੇ ਖੇਤਰ ਵਿਚ ਪਛੜਿਆ ਅਤੇ ਅਣਗੌਲਿਆ ਰਿਹਾ। ਯੂਨੀਵਰਸਿਟੀਆਂ, ਅਕਾਦਮੀਆਂ, ਸਿੱਖਿਆ-ਸੰਸਥਾਵਾਂ ਆਦਿ ’ਚ ਪੁਆਧ ਬਾਰੇ ਹਰ ਕੋਈ ਚੁੱਪ ਰਿਹਾ ਜਦੋਂਕਿ ਪੰਜਾਬ ਦੇ ਇਤਿਹਾਸ ਨੂੰ ਇਸ ਦੀ ਅਲੌਕਿਕ ਦੇਣ ਹੈ। ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਧਰਮਾਂ ਦੀ ਰਾਖੀ ਲਈ ਸ੍ਰੀ ਆਨੰਦਪੁਰ ਸਾਹਿਬ (ਪੁਆਧ ਧਰਤੀ) ਤੋਂ ਚੱਲ ਕੇ ਦਿੱਲੀ ਲਾਸਾਨੀ ਸ਼ਹੀਦੀ ਦਿੱਤੀ। ਗੁਰੂ ਗੋਬਿੰਦ ਸਿੰਘ ਜੀ ਨੇ ਮੁਗ਼ਲਾਂ ਦੇ ਜ਼ੁਲਮਾਂ ਨੂੰ ਠੱਲ੍ਹ ਪਾਉਣ ਲਈ 1699 ਈ. ’ਚ ਖਾਲਸਾ ਪੰਥ ਦੀ ਸਿਰਜਣਾ ਇਸੇ ਥਾਂ ਕੀਤੀ। ਸਿੱਖਾਂ ਦਾ ਇਕ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਵਿਖੇ ਸੁਸ਼ੋਭਿਤ ਹੋਇਆ। ਚਮਕੌਰ ਸਾਹਿਬ ਦੀ ਜੰਗ ਇੱਥੇ ਲੜੀ ਗਈ। ਦਸਮ ਪਿਤਾ ਦੇ ਦੋ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਦੀ ਲਾਸਾਨੀ ਕੁਰਬਾਨੀ ਨੂੰ ਕੌਣ ਭੁੱਲ ਸਕਦਾ ਹੈ। ਸੂਬਾ ਸਰਹਿੰਦ ਵਜ਼ੀਰ ਖਾਨ ਨਾਲ ਬਾਬਾ ਬੰਦਾ ਸਿੰਘ ਬਹਾਦਰ ਨੇ ਚੱਪੜਚਿੜੀ ਦੇ ਮੈਦਾਨ ’ਚ ਜੰਗ ਜਿੱਤ ਕੇ ਖਾਲਸਾਈ ਰਾਜ ਦਾ ਝੰਡਾ ਝੁਲਾਇਆ। ਭਾਰਤ ਦੀ ਆਜ਼ਾਦੀ (1947) ਪਿੱਛੋਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਉਸਾਰਨ ਲਈ ਪੁਆਧ ਦੇ ਪੰਜਾਹ ਪਿੰਡਾਂ ਨੂੰ ਉਜੜਨ ਦਾ ਸੰਤਾਪ ਝੱਲਣਾ ਪਿਆ ਜੋ ਅਜੇ ਵੀ ਵਾਰ-ਵਾਰ ਉਜੜਨ ਤੇ ਵੱਸਣ ਦੀ ਗਾਥਾ ਬਿਆਨ ਕਰਦਾ ਹੈ। ਦਰਿਆ ਸਤਲੁਜ ’ਤੇ ਭਾਖੜਾ ਡੈਮ ਦੀ ਉਸਾਰੀ ਇਸੇ ਖੇਤਰ ’ਚ ਹੋਈ। ਪੰਜਾਬ ਦੀਆਂ ਯੂਨੀਵਰਸਿਟੀਆਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਤੇ ਹੋਰ ਪ੍ਰਾਈਵੇਟ ਯੂਨੀਵਰਸਿਟੀਆਂ ਅਤੇ ਹੋਰ ਪ੍ਰਮੁੱਖ ਅਦਾਰੇ ਤੇ ਸੰਸਥਾਵਾਂ ਪੁਆਧ ਖੇਤਰ ਵਿਚ ਆਉਂਦੀਆਂ ਹਨ। ਇਸ ਵੇਲੇ ਪੁਆਧ ਖੇਤਰ ’ਚ ਹੋ ਰਹੀ ਪ੍ਰਗਤੀ, ਵਿਕਾਸ ਤੇ ਤਬਦੀਲੀ ਤੋਂ ਸਭ ਜਾਣੂੰ ਹਨ। 1947 ਤੋਂ ਬਾਅਦ ਪੁਆਧ ਖੇਤਰ ਦੀ ਵੰਡ-ਦਰ-ਵੰਡ ਰਾਜਸੀ ਕੂੜ ਨੀਤੀਆਂ ਕਰਕੇ ਉਜਾਗਰ ਹੋਈ। 1966 ’ਚ ਪੰਜਾਬੀ ਸੂਬਾ ਬਣਨ ਕਾਰਨ ਪੁਆਧ- ਅਜੋਕਾ ਪੰਜਾਬ ਪੁਆਧ, ਯੂ.ਟੀ. ਚੰਡੀਗੜ੍ਹ ਪੁਆਧ, ਹਰਿਆਣਾ ਵਾਲਾ ਪੁਆਧ ਅਤੇ ਹਿਮਾਚਲ ’ਚ ਕੁਝ ਹਿੱਸਾ ਚਲੇ ਜਾਣ ਵਾਲਾ ਪੁਆਧ- ਵਿਚ ਵੰਡਿਆ ਗਿਆ। ਇਨ੍ਹਾਂ ਸਾਰੇ ਸੰਕਲਪਾਂ ਨੂੰ ਗੰਭੀਰਤਾ ਨਾਲ ਵਿਚਾਰਦਿਆਂ ਪੁਆਧੀ ਪੰਜਾਬੀ ਸੱਥ, ਮੁਹਾਲੀ ਦੇ ਮੁਖੀ ਵਜੋਂ ਮੈਂ ਪੁਆਧ ਖੇਤਰ ਬਾਰੇ ਮਿਸ਼ਨਰੀ ਭਾਵਨਾ ਰਾਹੀਂ ਲਿਖਣ-ਲਿਖਵਾਉਣ ਦਾ ਮੁੱਢ ਬੰਨ੍ਹਿਆ ਜਿਸ ਦੇ ਸਿੱਟੇ ਵਜੋਂ ਹੁਣ ਪੁਆਧ ਤੇ ਪੁਆਧੀ ਭਾਸ਼ਾ ਦੀ ਕਦਰ ਆਮ ਲੋਕਾਂ ਤੇ ਵਿਦਿਅਕ ਅਦਾਰਿਆਂ ’ਚ ਗੂੰਜਣ ਲੱਗੀ ਹੈ। ਪਿਛਲੇ 19 ਸਾਲਾਂ ਤੋਂ ਇਹ ਯਤਨ ਜਾਰੀ ਹੈ ਜਿਸ ਲਈ ਮੈਂ ਆਪਣੇ ਸਹਿਯੋਗੀ ਲੇਖਕਾਂ, ਵਿਦਵਾਨਾਂ, ਚਿੰਤਕਾਂ, ਕਲਾਕਾਰਾਂ ਤੇ ਪੁਆਧੀਆਂ ਦਾ ਰਿਣੀ ਹਾਂ।
ਸੰਪਰਕ: 98151-23900