ਖੁਰਾਕੀ ਵਸਤਾਂ ਸਸਤੀਆਂ ਹੋਣ ਕਰਕੇ ਥੋਕ ਮਹਿੰਗਾਈ ਮਾਰਚ ਮਹੀਨੇ 2.05 ਫੀਸਦ ਘਟੀ
ਨਵੀਂ ਦਿੱਲੀ, 15 ਅਪਰੈਲ
Wholesale inflation eases ਖੁਰਾਕੀ ਵਸਤਾਂ ਸਸਤੀਆਂ ਹੋਣ ਕਰਕੇ ਥੋਕ ਕੀਮਤ ਅਧਾਰਿਤ ਮਹਿੰਗਾਈ ਮਾਰਚ ਮਹੀਨੇ ਘਟ ਕੇ 2.05 ਫੀਸਦ ਰਹਿ ਗਈ, ਜੋ ਫਰਵਰੀ ਵਿਚ 2.38 ਫੀਸਦ ਸੀ। ਮੰਗਲਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ ਵਿਚ ਇਹ ਦਾਅਵਾ ਕੀਤਾ ਗਿਆ ਹੈ। ਹਾਲਾਂਕਿ ਥੋਕ ਕੀਮਤ ਸੂਚਕ ਅੰਕ (WPI) ਅਧਾਰਿਤ ਮਹਿੰਗਾਈ ਵਿਚ ਸਾਲਾਨਾ ਅਧਾਰ ’ਤੇ ਵਾਧਾ ਹੋਇਆ ਹੈ। ਮਾਰਚ 2024 ਵਿਚ ਇਹ 0.26 ਫੀਸਦ ਸੀ।
ਸਨਅਤਾਂ ਬਾਰੇ ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ ਮਾਰਚ 2025 ਵਿਚ ਮਹਿੰਗਾਈ ਸਾਲਾਨਾ ਅਧਾਰ ’ਤੇ ਖੁਰਾਕੀ ਉਤਪਾਦਾਂ, ਹੋਰ ਨਿਰਮਾਣ, ਖੁਰਾਕੀ ਵਸਤਾਂ, ਬਿਜਲੀ ਤੇ ਕੱਪੜਾ ਨਿਰਮਾਣ ਆਦਿ ਦੀਆਂ ਕੀਮਤਾਂ ਵਿਚ ਬੜੌਤਰੀ ਕਾਰਨ ਵਧੀ ਹੈ। ਥੋਕ ਕੀਮਤ ਸੂਚਕ ਅੰਕ ਦੇ ਅੰਕੜਿਆਂ ਅਨੁਸਾਰ, ਖੁਰਾਕੀ ਮਹਿੰਗਾਈ ਮਾਰਚ ਵਿੱਚ ਘੱਟ ਕੇ 1.57 ਫੀਸਦ ਰਹਿ ਗਈ ਜੋ ਫਰਵਰੀ ਵਿੱਚ 3.38 ਫੀਸਦ ਸੀ। ਇਸ ਦਾ ਮੁੱਖ ਕਾਰਨ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਸੀ। ਹਾਲਾਂਕਿ, ਮਾਰਚ ਵਿੱਚ ਨਿਰਮਤ ਉਤਪਾਦਾਂ ਦੀ ਮਹਿੰਗਾਈ ਵਧ ਕੇ 3.07 ਫੀਸਦ ਹੋ ਗਈ ਜੋ ਫਰਵਰੀ ਵਿੱਚ 2.86 ਫੀਸਦ ਸੀ। ਮਾਰਚ ਵਿੱਚ ਬਾਲਣ ਅਤੇ ਬਿਜਲੀ ਵਿੱਚ ਵੀ ਵਾਧਾ ਹੋਇਆ ਅਤੇ ਇਹ 0.20 ਫੀਸਦ ਰਿਹਾ। -ਪੀਟੀਆਈ