ਖੇਤ ਨੂੰ ਲੱਗੀ ਅੱਗ ਦੀ ਲਪੇਟ ’ਚ ਆਉਣ ਨਾਲ ਮੋਟਰਸਾਈਕਲ ਸਵਾਰ ਲੜਕੀ ਦੀ ਮੌਤ, ਲੜਕੇ ਦੀ ਹਾਲਤ ਗੰਭੀਰ
ਸੰਜੀਵ ਹਾਂਡਾ
ਫ਼ਿਰੋਜ਼ਪੁਰ, 24 ਅਪਰੈਲ
ਫ਼ਿਰੋਜ਼ਪੁਰ-ਫ਼ਰੀਦਕੋਟ ਸੜਕ ’ਤੇ ਪਿੰਡ ਨੂਰਪੁਰ ਸੇਠਾਂ ਨੇੜੇ ਅੱਜ ਸ਼ਾਮੀਂ ਖੇਤ ਨੂੰ ਲੱਗੀ ਅੱਗ ਦੇ ਵਾਵਰੋਲੇ ਦੀ ਲਪੇਟ ਵਿਚ ਆਉਣ ਕਰਕੇ ਮੋਟਰਸਾਈਕਲ ਸਵਾਰ ਲੜਕੀ ਦੀ ਮੌਤ ਹੋ ਗਈ ਜਦੋਂਕਿ ਚਾਲਕ ਲੜਕਾ ਗੰਭੀਰ ਹਾਲਤ ਵਿਚ ਹਸਪਤਾਲ ’ਚ ਜ਼ੇਰੇ ਇਲਾਜ ਹੈ।
ਲੜਕੇ ਦੀ ਪਛਾਣ ਜਪਨੀਤ ਸਿੰਘ ਅਤੇ ਲੜਕੀ ਦੀ ਸਿਮਰਨਪ੍ਰੀਤ ਕੌਰ ਵਾਸੀਆਨ ਗਰੀਨ ਐਵੇਨਿਊ ਫ਼ਰੀਦਕੋਟ ਵਜੋਂ ਦੱਸੀ ਗਈ ਹੈ। ਦੋਵੇਂ ਫ਼ਰੀਦਕੋਟ ਦੇ ਇੱਕੋ ਕਾਲਜ ਦੇ ਵਿਦਿਆਰਥੀ ਦੱਸੇ ਜਾਂਦੇ ਹਨ।
ਜਾਣਕਾਰੀ ਅਨੁਸਾਰ ਇਹ ਦੋਵੇਂ ਜਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਫ਼ਰੀਦਕੋਟ ਤੋਂ ਫ਼ਿਰੋਜ਼ਪੁਰ ਵੱਲ ਆ ਰਹੇ ਸਨ ਕਿ ਅਚਾਨਕ ਖੇਤ ਵਿੱਚ ਆਏ ਅੱਗ ਦੇ ਵਾ-ਵਰੋਲੇ ਦੀ ਲਪੇਟ ਵਿੱਚ ਆ ਗਏ। ਇਸ ਹਾਦਸੇ ਵਿੱਚ ਲੜਕੀ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ, ਜਦਕਿ ਲੜਕਾ ਭਰਾ ਬੁਰੀ ਤਰ੍ਹਾਂ ਝੁਲਸ ਗਿਆ।
ਘਟਨਾ ਤੋਂ ਬਾਅਦ ਜ਼ਖ਼ਮੀ ਨੌਜਵਾਨ ਨੂੰ ਤੁਰੰਤ ਫ਼ਿਰੋਜ਼ਪੁਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਫ਼ਰੀਦਕੋਟ ਦੇ ਮੈਡੀਕਲ ਕਾਲਜ ਰੈਫ਼ਰ ਕਰ ਦਿੱਤਾ ਗਿਆ। ਮੌਕੇ ’ਤੇ ਪਹੁੰਚੀ ਐਸਡੀਐਮ ਦਿਵਿਆ ਪੀ ਨੇ ਦੱਸਿਆ ਕਿ ਦੋਵਾਂ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਭੇਜ ਦਿੱਤੀ ਗਈ ਹੈ ਤੇ ਪੁਲੀਸ ਇਸ ਦੁਖਦਾਈ ਘਟਨਾ ਦੀ ਜਾਂਚ ਕਰ ਰਹੀ ਹੈ।