ਉਹ ਕੌਣ ਸੀ
ਸਵਰਾਜਬੀਰ
ਕੌਣ ਟਿਕਿਆ ਹੈ ਏਥੇ ਭਲਾ
ਵੇਲੇ ਦੀ ਖ਼ਾਰ-ਕੰਡਿਆਂ ਸਾਹਮਣੇ
ਕਿੰਨਾ ਕੁ ਬੋਲਿਆ ਉਹ, ਕਿੰਨਾ ਕੁ ਚੁੱਪ ਰਿਹਾ
ਉਹ ਆਪਣੇ ਵਜੂਦ ਦੀ ਧੁੱਪ-ਛਾਂ ਜਿਹਾ
ਉਹ ਕੌਣ ਸੀ ਜੋ ਤੁਰ ਗਿਆ
ਉਹ ਕੌਣ ਸੀ ਜੋ ਬਾਕੀ ਰਿਹਾ।
ਉਹ ਕੌਣ ਸੀ ਜਿਸ ਕੋਲ ਵਾਕ ਸੀ
ਉਹ ਕੌਣ ਸੀ ਜੋ ਏਨਾ ਬੇਬਾਕ ਸੀ
ਮੋਹ ਸੀ ਉਸ ਨੂੰ ਰਾਹਾਂ-ਦਰਿਆਵਾਂ ਨਾਲ
ਉਹ ਜੋ ਕਸ਼ਮਕਸ਼ ਦਾ ਤੈਰਾਕ ਸੀ।
ਉਹ ਕੌਣ ਸੀ ਜੋ ਚੁੱਪ ਹੋ ਜਾਂਦਾ
ਉਹ ਕੌਣ ਸੀ ਜੋ ਬਣ ਜਾਂਦਾ ਸੀ ਬੋਲ
ਕਿਉਂ ਖੌਲਦੇ ਸਨ ਪਾਣੀ ਉਸ ਦੇ
ਡੋਲਦਾ ਤਾਂ, ਸੁਰ ਜਾਂਦੀ ਸੀ ਡੋਲ।
ਉਹ ਕੌਣ ਸੀ ਜਿਸ ਕੋਲ ਏਨੇ ਫ਼ਿਕਰ ਸਨ
ਉਹ ਕੌਣ ਸੀ ਜਿਸ ਕੋਲ ਏਨੇ ਜ਼ਿਕਰ ਸਨ
ਉਹ ਕੌਣ ਸੀ ਸ਼ਬਦਾਂ ਦੀਆਂ ਜੂਹਾਂ ਟੋਲਦਾ
ਜਿੰਨੀ ਉਸ ਕੋਲ ਹਿੰਮਤ ਸੀ, ਓਨੇ ਹੀ ਦਰ ਸਨ।
ਉਹ ਪੱਤਣ ਸੀ ਤੇ ਬੇਲਾ ਸੀ
ਉਹ ਪਾਣੀ ਸੀ ਤੇ ਮੰਝਧਾਰ ਸੀ
ਕੱਚਾ ਘੜਾ ਸੀ ਉਹ ਪੱਕੇ ਯਕੀਨ ਦਾ
ਉਹ ਆਪਣੀ ਜਿੱਤ ਸੀ, ਆਪਣੀ ਹਾਰ ਸੀ।
ਉਹ ਸਾਡਾ ਸੀ, ਸੁਰ-ਪੰਜਾਬ ਸੀ
ਔਖੇ ਵੇਲਿਆਂ ’ਚ ਸ਼ਬਦ-ਖ਼ਾਬ ਸੀ
ਕਹਿੰਦਾ ਸੀ ਉੱਚਾ ਨਾ ਬੋਲਣਾ ਕਦੇ
ਬੋਲਦਾ ਤੇ ਰੱਖਦਾ ਬੋਲਾਂ ਦੀ ਆਬ ਸੀ।
ਪਾਤਰ ਸੀ ਉਹ ਤੇ ਸੁਰਜੀਤ ਸੀ
ਉਹ ਜ਼ਖ਼ਮੀ ਰੂਹਾਂ ਦਾ ਗੀਤ ਸੀ
ਉਹਦੇ ਹਰਫ਼ ਉੱਡਦੇ ਅੰਬਰਾਂ ਵਿੱਚ
ਉਹ ਸਾਡੀ ਧਰਤ ਦੀ ਰੀਤ ਸੀ।
ਉਹ ਖ਼ਾਕ ਸੀ ਤੇ ਪੌਣ ਸੀ
ਉਹ ਚੁੱਪ ਸਿਆੜਾਂ ਦਾ ਗਉਣ ਸੀ
ਉਹ ਤੁਰ ਗਿਆ ਤੇ ਰਹਿ ਗਏ ਬੋਲ ਬਾਕੀ
ਅਸੀਂ ਬਹਿਸ ਰਹੇ, ਕਿ ਉਹ ਕੌਣ ਸੀ।