For the best experience, open
https://m.punjabitribuneonline.com
on your mobile browser.
Advertisement

ਨਰਮੇ ਤੇ ਕਪਾਹ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਨੁਕਤੇ

08:06 AM Jul 27, 2024 IST
ਨਰਮੇ ਤੇ ਕਪਾਹ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਨੁਕਤੇ
Advertisement

ਰੁਪੇਸ਼ ਕੁਮਾਰ ਅਰੋੜਾ/ਮਨਪ੍ਰੀਤ ਸਿੰਘ/ ਪਰਮਜੀਤ ਸਿੰਘ*ਡਾ ਜੇਸੀ ਬਖਸ਼ੀ**
ਨਰਮਾ-ਕਪਾਹ ਪੰਜਾਬ ਦੇ ਦੱਖਣੀ-ਪੱਛਮੀ ਜ਼ਿਲ੍ਹਿਆਂ ਦੀ ਪ੍ਰਮੁੱਖ ਰੇਸ਼ੇ ਵਾਲੀ ਵਪਾਰਕ ਫ਼ਸਲ ਹੈ। ਪੰਜਾਬ ਵਿੱਚ ਨਰਮੇ-ਕਪਾਹ ਦੀ ਕਾਸ਼ਤ ਪ੍ਰਮੁੱਖ ਤੌਰ ’ਤੇ ਦੱਖਣੀ-ਪੱਛਮੀ ਜ਼ਿਲ੍ਹਿਆਂ ਬਠਿੰਡਾ, ਮਾਨਸਾ, ਫ਼ਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਸੰਗਰੂਰ ਅਤੇ ਬਰਨਾਲਾ ਵਿੱਚ ਕੀਤੀ ਜਾਂਦੀ ਹੈ। ਨਰਮਾ-ਕਪਾਹ ਸਾਡੇ ਦੇਸ਼ ਦੇ ਖੇਤੀਬਾੜੀ, ਸਨਅਤੀ, ਆਰਥਿਕ ਅਤੇ ਸਮਾਜਿਕ ਖੇਤਰਾਂ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦੀ ਹੈ। ਨਰਮੇ-ਕਪਾਹ ’ਤੇ ਆਈਆਂ ਬਿਮਾਰੀਆਂ, ਰਸਾਇਣਾਂ ਦੀ ਮਾਰ ਅਤੇ ਹੋਰ ਕਈ ਕੁਦਰਤੀ ਮਾਰਾਂ (ਮੌਸਮ ਦੀ ਤਬਦੀਲੀ) ਵੀ ਝਾੜ ਘਟਾਉਣ ਦਾ ਕਾਰਨ ਬਣਦੀਆਂ ਹਨ। ਸਾਲ 2022-23 ਵਿੱਚ ਕਈ ਪ੍ਰਕਾਰ ਦੀਆਂ ਬਿਮਾਰੀਆਂ (ਪੱਤਾ ਮਰੋੜ, ਸੂਟੀ ਮੋਲਡ) ਅਤੇ ਕੀੜੇ (ਚਿੱਟੀ ਮੱਖੀ, ਗੁਲਾਬੀ ਸੁੰਡੀ) ਦਾ ਕਹਿਰ ਨਰਮੇ-ਕਪਾਹ ਦੀ ਫ਼ਸਲ ’ਤੇ ਪੰਜਾਬ ਅਤੇ ਇਸ ਨਾਲ ਲੱਗਦੇ ਦੂਜੇ ਸੂਬਿਆਂ ਵਿੱਚ ਸਰਵੇਖਣ ਦੌਰਾਨ ਦੇਖਿਆ ਗਿਆ ਹੈ। ਸਾਲ 2022 ਬਿਜਾਈ ਦੇ ਦੌਰਾਨ ਵੱਧ ਤਾਪਮਾਨ ਕਾਰਨ ਨਰਮੇ-ਕਪਾਹ ਦੀ ਫ਼ਸਲ ਦੀ ਉੱਗਣ ਸ਼ਕਤੀ ’ਤੇ ਵੀ ਬੁਰਾ ਪ੍ਰਭਾਵ ਰਿਹਾ। ਸਾਲ 2023 ਵਿੱਚ ਵੱਧ ਮੀਂਹ ਪੈਣ ਕਰ ਕੇ ਨਰਮੇ ਦਾ ਕੱਦ (5-6 ਫੁੱਟ) ਤਕ ਵਧ ਗਿਆ ਸੀ ਪਰ ਝਾੜ ਉਸ ਮੁਤਾਬਕ ਨਹੀਂ ਆਇਆ। ਇਨ੍ਹਾਂ ਸਾਰੇ ਕਾਰਨਾਂ ਕਰ ਕੇ ਨਰਮੇ-ਕਪਾਹ ਦੀ ਪੈਦਾਵਾਰ ਅਤੇ ਰੇਸ਼ੇ ’ਤੇ ਮਾੜਾ ਅਸਰ ਪਿਆ ਅਤੇ ਪਿਛਲੇ ਤਿੰਨ ਸਾਲਾਂ ਵਿੱਚ ਸਭ ਤੋਂ ਘੱਟ ਪੈਦਾਵਾਰ ਦੇਖਣ ਵਿੱਚ ਆਈ। ਇਸ ਲਈ ਕਿਸਾਨਾਂ ਨੂੰ ਇਨ੍ਹਾਂ ਕਈ ਕਾਰਨਾਂ ਦੇ ਸਹੀ ਪ੍ਰਬੰਧ ਲਈ, ਇਨ੍ਹਾਂ ਦੇ ਹੋਣ ਦੇ ਕਾਰਨ, ਪਛਾਣ ਅਤੇ ਉਪਾਅ ਦੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਨ੍ਹਾਂ ਦੀ ਜਾਣਕਾਰੀ ਨਾਲ ਹੀ ਸਹੀ ਬਚਾਅ ਕੀਤਾ ਜਾ ਸਕਦਾ ਹੈ। ਇਸ ਲੇਖ ਵਿੱਚ ਨਰਮੇ-ਕਪਾਹ ਦੀ ਕਾਸ਼ਤ ਦੇ ਜ਼ਰੂਰੀ ਨੁਕਤੇ ਦੱਸੇ ਗਏ ਹਨ।
ਕਿਸਮਾਂ ਦੀ ਚੋਣ: ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਵੱਲੋਂ ਸਿਫ਼ਾਰਸ਼ ਕੀਤੀਆਂ ਦੋਗਲੀਆਂ ਬੀਟੀ ਅਤੇ ਗ਼ੈਰ ਬੀਟੀ ਕਿਸਮਾਂ ਦੀ ਬਿਜਾਈ ਕਰਨੀ ਚਾਹੀਦੀ ਹੈ। ਪੰਜਾਬ ਵਿੱਚ 90 ਫ਼ੀਸਦੀ ਤੋਂ ਜ਼ਿਆਦਾ ਰਕਬਾ ਬੀਟੀ ਨਰਮੇ ਹੇਠ ਆ ਗਿਆ ਹੈ। ਇਸ ਕਰ ਕੇ ਬੀਟੀ ਨਰਮੇ ਦੀਆਂ ਕਿਸਮਾਂ ਦੀ ਚੋਣ ਮੁੱਖ ਰੋਲ ਅਦਾ ਕਰਦੀ ਹੈ। ਵੱਧ ਝਾੜ ਲੈਣ ਲਈ ਗ਼ੈਰ-ਸਿਫ਼ਾਰਸ਼ ਕਿਸਮਾਂ ਨੂੰ ਬੀਜਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਕਿਸਮਾਂ ਨੂੰ ਪੱਤਾ ਮਰੋੜ ਬਿਮਾਰੀ ਵੱਧ ਲੱਗਦੀ ਹੈ। ਇਸ ਕਰ ਕੇ ਪੈਦਾਵਾਰ ’ਤੇ ਮਾੜਾ ਅਸਰ ਪੈਂਦਾ ਹੈ। ਬਠਿੰਡਾ ਜ਼ਿਲ੍ਹੇ ਵਿੱਚ ਪਿਛਲੇ ਚਾਰ ਪੰਜ ਸਾਲਾਂ ਵਿੱਚ ਨਰਮੇ ਦੀ ਫ਼ਸਲ ਦੇ ਸਰਵੇਖਣ ਦੌਰਾਨ ਇਹ ਦੇਖਿਆ ਗਿਆ ਹੈ ਕਿ ਕਿਸਾਨ ਬੀਟੀ ਨਰਮੇ ਦੀਆਂ 6-7 ਕਿਸਮਾਂ ਹੀ ਲਗਾਤਾਰ ਬੀਜ ਰਹੇ ਹਨ। ਕਿਸਾਨਾਂ ਨੂੰ ਚਾਹੀਦਾ ਹੈ ਕਿ ਸਿਫ਼ਾਰਸ਼ ਕੀਤੀਆਂ ਬੀਟੀ ਨਰਮੇ ਦੀਆਂ ਦੋਗਲੀਆਂ ਕਿਸਮਾਂ ਨੂੰ ਬਦਲ-ਬਦਲ ਕੇ ਬੀਜਣਾ ਚਾਹੀਦਾ ਹੈ। ਸਰਵੇਖਣ ਦੌਰਾਨ ਇਹ ਵੀ ਦੇਖਿਆ ਗਿਆ ਹੈ ਕਿ ਦੇਸੀ ਕਪਾਹ ਦਾ ਰਕਬਾ ਘਟਦਾ ਜਾਂਦਾ ਹੈ ਪਰ ਦੇਸੀ ਕਪਾਹ ਨੂੰ ਪੱਤਾ ਮਰੋੜ ਬਿਮਾਰੀ ਨਹੀਂ ਲੱਗਦੀ ਹੈ। ਇਸ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਦੇਸੀ ਕਪਾਹ ਥੱਲੇ ਰਕਬਾ ਵਧਾਇਆ ਜਾਵੇ।
ਖੇਤ ਦੀ ਚੋਣ: ਨਰਮੇ ਦੀ ਕਾਸ਼ਤ ਕਰਨ ਲਈ ਕੱਲਰ ਵਾਲੀਆਂ ਅਤੇ ਸੇਮ ਵਾਲੀਆਂ ਜ਼ਮੀਨਾਂ ਨੂੰ ਛੱਡ ਕੇ ਬਾਕੀ ਸਾਰੀਆਂ ਕਿਸਮਾਂ ਦੀਆਂ ਜ਼ਮੀਨਾਂ ਵਿੱਚ ਕਾਸ਼ਤ ਕਰ ਸਕਦੇ ਹਾਂ। ਜਿਨ੍ਹਾਂ ਖੇਤਾਂ ਵਿੱਚ ਨਰਮੇ ਦੀ ਕਾਸ਼ਤ ਕਰਨੀ ਹੈ, ਉਨ੍ਹਾਂ ਖੇਤਾਂ ਵਿੱਚ ਪਾਣੀ ਦਾ ਨਿਕਾਸ ਹੋਣਾ ਚਾਹੀਦਾ ਹੈ। ਸਾਉਣੀ 2022 ਅਤੇ 2023 ਵਿੱਚ ਦੇਖਣ ਵਿੱਚ ਆਇਆ ਹੈ ਕਿ ਤਲਵੰਡੀ ਸਾਬੋ ਅਤੇ ਮੌੜ ਬਲਾਕ (ਜ਼ਿਲ੍ਹਾ ਬਠਿੰਡਾ) ਅਤੇ ਮਾਨਸਾ, ਫ਼ਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ ਵਿੱਚ ਖੇਤਾਂ ਵਿੱਚ ਕੁਝ ਥਾਵਾਂ ਵਿੱਚ ਭਾਰੀ ਬਾਰਸ਼ ਹੋਣ ਕਰ ਕੇ ਨਰਮੇ ਦੀ ਫ਼ਸਲ ਵਿੱਚ ਪਾਣੀ ਖੜ੍ਹਾ ਹੋਣ ਕਾਰਨ ਭਾਰੀ ਨੁਕਸਾਨ ਹੋਇਆ ਹੈ। ਇਸ ਕਰ ਕੇ ਜਿਨ੍ਹਾਂ ਖੇਤਾਂ ਵਿੱਚ ਪਾਣੀ ਖੜ੍ਹਨ ਦੀ ਸਮੱਸਿਆ ਹੋਵੇ, ਉਨ੍ਹਾਂ ਖੇਤਾਂ ਵਿੱਚ ਨਰਮੇ ਦੀ ਕਾਸ਼ਤ ਨਾ ਕੀਤੀ ਜਾਵੇ।
ਨਰਮੇ-ਕਪਾਹ ਦੀ ਫ਼ਸਲ ਵਿੱਚ ਵੱਧ ਤਾਪਮਾਨ ਦਾ ਪ੍ਰਭਾਵ: ਪੀਏਯੂ ਵੱਲੋਂ ਸਿਫ਼ਾਰਸ਼ ਅਨੁਸਾਰ ਬੀਜ ਪੁੰਗਰਨ ਸਮੇਂ ਦਿਨ ਦਾ ਔਸਤ ਤਾਪਮਾਨ 16 ਡਿਗਰੀ ਸੈਂਟੀਗ੍ਰੇਡ ਅਤੇ ਫ਼ਸਲ ਦੇ ਵਾਧੇ ਲਈ 21 ਤੋਂ 27 ਡਿਗਰੀ ਚਾਹੀਦਾ ਹੈ। ਫਲ ਪੈਣ ਸਮੇਂ ਦਿਨ ਦਾ ਤਾਪਮਾਨ 27-32 ਡਿਗਰੀ ਸੈਂਟੀਗ੍ਰੇਡ ਚਾਹੀਦਾ ਹੈ। ਪਿਛਲੇ ਕੁਝ ਸਾਲਾਂ ਵਿੱਚ ਮੌਸਮ ਦਾ ਤਾਪਮਾਨ ਜ਼ਿਆਦਾ ਮਾਪਿਆ ਗਿਆ ਹੈ। ਇਸ ਦਾ ਨਰਮੇ-ਕਪਾਹ ਦੀ ਫ਼ਸਲ ਦਾ ਜੰਮ੍ਹ ਘੱਟ ਅਤੇ ਉੱਗਣ ਸਮੇਂ ਬੂਟੇ ਮਰਨ ਦੀ ਸਮੱਸਿਆ ਆਈ ਹੈ।
ਵੱਧ ਤਾਪਮਾਨ ਦਾ ਪ੍ਰਭਾਵ: ਬੀਜ ਦੇ ਪੁੰਗਰਨ ਸਮੇਂ (Germination) ਅਤੇ ਪੱਤੇ ਦਾ ਝੁਲਸ ਜਾਣਾ (Scorching of leaves) ਪੰਜਾਬ ਦੇ ਦੱਖਣੀ-ਪੱਛਮੀ ਜ਼ਿਲ੍ਹਿਆਂ ਵਿੱਚ ਨਰਮੇ-ਕਪਾਹ ਦੀ ਫ਼ਸਲ ਦੇ ਪੁੰਗਰਨ ਤੋਂ ਪੌਦੇ ਦੇ ਵਾਧੇ ਤੱਕ ਵੱਖ-ਵੱਖ ਸਮੇਂ ’ਤੇ ਤਾਪਮਾਨ ਦਾ ਵੱਖ-ਵੱਖ ਪ੍ਰਭਾਵ ਪੈਂਦਾ ਰਹਿੰਦਾ ਹੈ। ਪਿਛਲੇ ਕਈ ਸਾਲਾਂ ਤੋਂ ਵੱਧ ਤਾਪਮਾਨ ਕਾਰਨ ਨਰਮੇ-ਕਪਾਹ ਦੀ ਫ਼ਸਲ ’ਤੇ ਪੂੰਗਰਨ ਸਮੇਂ ਮਾੜਾ ਅਸਰ ਦੇਖਣ ਵਿੱਚ ਆਇਆ ਹੈ ਜਿਵੇਂ ਕਿ ਉੱਗਣ ਸਾਰ ਮਰ ਜਾਣਾ ਅਤੇ ਜੰਮਣ ਬਾਅਦ ਪੱਤੇ ਦੇ ਕਿਨਾਰੇ ਝੁਲਸ ਜਾਣ ਦੀ ਸਮੱਸਿਆ ਦੇਖਣ ਵਿੱਚ ਆਈ ਹੈ। ਇਹ ਸਮੱਸਿਆਵਾਂ ਖੋਜ ਤਜਰਬਿਆਂ ਦੇ ਨਾਲ-ਨਾਲ ਪਿੰਡਾਂ ਵਿੱਚ ਵੀ ਨਰਮੇ ਦੇ ਖੇਤਾਂ ਵਿੱਚ ਦੇਖਣ ਨੂੰ ਮਿਲੀਆਂ ਹਨ। ਸਾਲ 2024 ਵਿੱਚ ਵੀ ਪਿਛਲੇ ਸਾਲ ਦੇ ਮੁਕਾਬਲੇ ਵੱਧ ਤਾਪਮਾਨ ਦੇਖਣ ਵਿੱਚ ਆਇਆ। ਇਸ ਦਾ ਨਰਮੇ ਦੀ ਉੱਗਣ ਸ਼ਕਤੀ ’ਤੇ ਬੁਰਾ ਪ੍ਰਭਾਵ ਪਿਆ। ਇਸ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਨਰਮੇ ਦੇ ਖੇਤਾਂ ਨੂੰ ਸਮੇਂ ਸਿਰ ਪਾਣੀ ਲਾਉਣ।
ਬਿਜਾਈ ਦੇ ਸਮੇਂ ਦਾ ਪੱਤਾ ਮਰੋੜ ਰੋਗ ਦਾ ਪ੍ਰਭਾਵ: ਪੰਜਾਬ ਵਿੱਚ ਬਿਜਾਈ ਮੁੱਖ ਤੌਰ ’ਤੇ ਪਹਿਲੀ ਅਪਰੈਲ ਤੋਂ 15 ਮਈ ਤੱਕ ਕਰਨੀ ਚਾਹੀਦੀ ਹੈ। ਇਸ ਸਮੇਂ ਦੌਰਾਨ ਬਿਜਾਈ ਕਰਨ ਨਾਲ ਝਾੜ ਵਧੇਰੇ ਮਿਲਦਾ ਹੈ ਅਤੇ ਫ਼ਸਲ ਉੱਪਰ ਕੀੜਿਆਂ ਅਤੇ ਬਿਮਾਰੀਆਂ ਦਾ ਹਮਲਾ ਘੱਟ ਹੁੰਦਾ ਹੈ। ਪੰਜਾਬ ਦੇ ਦੱਖਣੀ-ਪੱਛਮੀ ਖੇਤਰ ਦੇ ਜ਼ਿਲ੍ਹਿਆਂ ਦੇ ਕੁਝ ਭਾਗਾਂ ਵਿਚ ਸਮੇਂ ਸਿਰ ਨਹਿਰੀ ਪਾਣੀ ਦਾ ਉਪਲੱਬਧ ਨਾ ਹੋਣ ਦੇ ਕਾਰਨ ਪਿਛੇਤੀ ਬਿਜਾਈ ਕੀਤੀ ਜਾਂਦੀ ਹੈ। ਇਸ ਕਾਰਨ ਨਰਮੇ ਦੇ ਝਾੜ ’ਤੇ ਮਾੜਾ ਅਸਰ ਪੈਂਦਾ ਹੈ। ਪਿਛੇਤੀ ਬਿਜਾਈ ਪੱਤਾ ਮਰੋੜ (ਲੀਫਕਰਨ) ਰੋਗ ਨੂੰ ਵਧਾਉਂਦੀ ਹੈ। ਜ਼ਿਆਦਾ ਬਿਮਾਰੀ ਵਾਲੇ ਬੂਟਿਆਂ ਨੂੰ ਫੁੱਲ ਡੋਡੀ ਵੀ ਨਹੀਂ ਲੱਗਦੀ ਅਤੇ ਕਿਸਾਨਾਂ ਨੂੰ ਝਾੜ ਦਾ ਭਾਰੀ ਨੁਕਸਾਨ ਉੱਠਾਉਣਾ ਪੈਂਦਾ ਹੈ। ਇਸ ਲਈ ਪੱਤਾ ਮਰੋੜ ਰੋਗ ਤੋਂ ਬਚਣ ਲਈ ਨਰਮੇ ਦੀ ਸਮੇਂ ਸਿਰ ਬਿਜਾਈ ਕਰਨੀ ਬਹੁਤ ਜ਼ਰੂਰੀ ਹੈ। ਪੀਏਯੂ ਖੇਤਰੀ ਖੋਜ ਕੇਂਦਰ, ਬਠਿੰਡਾ ਦੇ ਤਜਰਬਿਆਂ ਵਿੱਚ ਦੇਖਣ ਵਿੱਚ ਆਇਆ ਹੈ ਕਿ ਪਿਛੇਤੀ ਬਿਜਾਈ ਦੌਰਾਨ ਜ਼ਿਆਦਾ ਬੂਟਿਆਂ ਨੂੰ ਪੱਤਾ ਮਰੋੜ ਰੋਗ ਲੱਗਦਾ ਹੈ ਅਤੇ ਇਸ ਬਿਮਾਰੀ ਦਾ ਕਹਿਰ ਵੀ ਵੱਧ ਹੁੰਦਾ ਹੈ।
ਪੱਤਾ ਮਰੋੜ ਰੋਗ: ਪੱਤਾ ਮਰੋੜ ਰੋਗ ਜੈਮਿਨੀ ਵਾਇਰਸ ਕਰ ਕੇ ਲੱਗਦਾ ਹੈ। ਇਹ ਬਿਮਾਰੀ ਮਿੱਟੀ ਜਾਂ ਬੀਜ ਰਾਹੀਂ ਨਹੀਂ ਲੱਗਦੀ ਹੈ ਅਤੇ ਚਿੱਟੀ ਮੱਖੀ ਨਾਲ ਫੈਲਦੀ ਹੈ। ਇਸ ਬਿਮਾਰੀ ਦਾ ਪ੍ਰਭਾਵ ਮੌਸਮ ਦੇ ਹਿਸਾਬ ਨਾਲ ਵਧਦਾ-ਘਟਦਾ ਹੈ। ਸ਼ੁਰੂਆਤੀ ਤੌਰ ’ਤੇ ਇਸ ਬਿਮਾਰੀ ਦੇ ਹਮਲੇ ਦਾ ਅਸਰ ਸਭ ਤੋਂ ਵੱਧ ਹੁੰਦਾ ਹੈ। ਇਸ ਬਿਮਾਰੀ ਕਾਰਨ ਬੂਟਾ ਛੋਟਾ ਰਹਿ ਜਾਂਦਾ ਹੈ। ਰੋਗੀ ਬੂਟੇ ਨੂੰ ਫੁੱਲ ਡੋਡੀਆਂ ਵੀ ਘੱਟ ਲੱਗਦੀਆਂ ਹਨ ਅਤੇ ਝਾੜ ਵੀ ਘਟ ਜਾਂਦਾ ਹੈ। ਇਸ ਰੋਗ ਦੀਆਂ ਨਿਸ਼ਾਨੀਆਂ, ਕਿਸਮ ਅਤੇ ਬੂਟੇ ਦੀ ਉਮਰ ਮੁਤਾਬਿਕ ਥੋੜ੍ਹਾ ਬਹੁਤਾ ਬਦਲ ਸਕਦੀਆਂ ਹਨ। ਪੱਤਾ ਮਰੋੜ ਰੋਗ ਦੀ ਗੰਭੀਰਤਾ ਇਸ ਵਿਸ਼ਾਣੂ ਰੋਗ ਕਾਰਨ ਪੱਤਿਆਂ ਦੀਆਂ ਨਾੜਾਂ ਮੋਟੀਆਂ ਹੋ ਜਾਂਦੀਆਂ ਹਨ। ਜ਼ਿਆਦਾ ਬਿਮਾਰੀ ਦੀ ਹਾਲਤ ਵਿੱਚ ਬੂਟੇ ਛੋਟੇ ਰਹਿ ਜਾਂਦੇ ਹਨ, ਪੱਤੇ ਉੱਪਰ ਵੱਲ ਨੂੰ ਮੁੜ ਜਾਂਦੇ ਹਨ ਅਤੇ ਕੌਲੀਆਂ/ਕੱਪਾਂ ਦੀ ਸ਼ਕਲ ਅਖ਼ਤਿਆਰ ਕਰ ਲੈਂਦੇ ਹਨ। ਪੱਤੇ ਦੇ ਹੇਠਲੇ ਪਾਸੇ ਪੱਤੀਆਂ ਨਿੱਕਲ ਆਉਂਦੀਆਂ ਹਨ। ਜਦੋਂ ਪੱਤਾ ਮਰੋੜ ਰੋਗ ਦਾ ਕਹਿਰ ਵਧ ਜਾਂਦਾ ਹੈ ਤਾਂ ਸ਼ੁਰੂਆਤ ਵਿੱਚ ਬੂਟੇ ਦਾ 25 ਤੋਂ 50 ਫ਼ੀਸਦੀ ਹਿੱਸੇ ਵਿੱਚ ਪੱਤਾ ਮਰੋੜ ਰੋਗ ਦੇ ਲੱਛਣ ਦੇਖਣ ਵਿੱਚ ਆਉਂਦੇ ਹਨ ਅਤੇ ਹੌਲੀ-ਹੌਲੀ ਬੂਟੇ ਦੇ 75 ਫ਼ੀਸਦੀ ਹਿੱਸਾ ਇਸ ਬਿਮਾਰੀ ਦੇ ਥੱਲੇ ਜਾਂਦਾ ਹੈ ਅਤੇ ਬਾਅਦ ਵਿੱਚ ਸਾਰੇ ਦਾ ਸਾਰਾ ਬੂਟਾ (100 ਫ਼ੀਸਦੀ) ਇਸ ਬਿਮਾਰੀ ਤੋਂ ਪ੍ਰਭਾਵਿਤ ਹੋ ਜਾਂਦਾ ਹੈ। ਇਸ ਕਾਰਨ ਰੋਗੀ ਬੂਟੇ ਨੂੰ ਫੁੱਲ ਡੋਡੀਆਂ ਵੀ ਘੱਟ ਲੱਗਦੀਆਂ ਹਨ ਅਤੇ ਝਾੜ ਵੀ ਘਟ ਜਾਂਦਾ ਹੈ ਅਤੇ ਰੂੰ ਦੇ ਰੇਸ਼ੇ ਉੱਪਰ ਵੀ ਮਾੜਾ ਅਸਰ ਪੈਂਦਾ ਹੈ।
ਪੱਤਾ ਮਰੋੜ ਤੋਂ ਬਚਾਅ:
* ਪੱਤਾ ਮਰੋੜ ਰੋਗ ਤੋਂ ਬਚਣ ਲਈ ਨਰਮੇ ਦੇ ਖੇਤਾਂ ਦਾ ਸ਼ੁਰੂਆਤੀ ਤੌਰ ’ਤੇ ਸਰਵੇਖਣ ਕਰਨਾ ਬਹੁਤ ਜ਼ਰੂਰੀ ਹੈ। ਬਾਅਦ ਵਿੱਚ ਇਸ ਦੀ ਰੋਕਥਾਮ ਸੰਭਵ ਨਹੀਂ ਹੈ।
* ਨਰਮੇ-ਕਪਾਹ ਦੀ ਬਿਜਾਈ ਪੀਏਯੂ ਵੱਲੋਂ ਕੀਤੀ ਗਈ ਸਿਫ਼ਾਰਸ਼ ਦੀ ਢੁੱਕਵਾਂ ਸਮੇਂ ਦੇ ਦੌਰਾਨ ਕਰ ਲੈਣੀ ਚਾਹੀਦੀ ਹੈ। ਸਿਫ਼ਾਰਸ਼ ਕਿਸਮਾਂ ਹੀ ਬੀਜਣੀਆਂ ਚਾਹੀਦੀਆਂ ਹਨ। ਗ਼ੈਰ-ਸਿਫ਼ਾਰਸ਼ ਕਿਸਮਾਂ ਅਤੇ ਪਿਛੇਤੀ ਬਿਜਾਈ ਪੱਤਾ ਮਰੋੜ ਬਿਮਾਰੀ ਨੂੰ ਵਧਾਉਂਦੀ ਹੈ ਅਤੇ ਝਾੜ ’ਤੇ ਮਾੜਾ ਅਸਰ ਪਾਉਂਦੀ ਹੈ।
* ਕਿਸਾਨਾਂ ਨੂੰ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਕੀਤੀਆਂ ਗਈਆਂ ਦੇਸੀ ਕਪਾਹ ਦੀਆਂ ਕਿਸਮਾਂ (ਐਲਡੀ 1019, ਐਡਡੀ 949 ਅਤੇ ਐਫਡੀਕੇ 124) ਦੀ ਕਾਸ਼ਤ ਕਰਨੀ ਚਾਹੀਦੀ ਹੈ ਕਿਉਂਕਿ ਦੇਸੀ ਕਪਾਹ ਨੂੰ ਪੱਤਾ ਮਰੋੜ ਬਿਮਾਰੀ ਨਹੀਂ ਲੱਗਦੀ।
* ਨਰਮੇ ਨੂੰ ਨਿੰਬੂ ਜਾਤੀ ਦੇ ਬਾਗ਼ਾਂ ਵਿੱਚ ਅਤੇ ਭਿੰਡੀ ਦੇ ਖੇਤਾਂ ਨੇੜੇ ਨਹੀਂ ਬੀਜਣਾ ਚਾਹੀਦਾ।
* ਨਰਮੇ-ਕਪਾਹ ਦੇ ਖੇਤਾਂ ਦੇ ਆਲੇ-ਦੁਆਲੇ ਸਾਫ਼-ਸਫ਼ਾਈ ਦਾ ਧਿਆਨ ਰੱਖਣਾ ਜਾਵੇ। ਨਦੀਨ ਅਤੇ ਨਰਮੇ ਦੇ ਆਪਣੇ ਆਪ ਜੰਮੇ ਬੂਟੇ (ਵਾਲੰਟੀਅਰ) ਬੂਟਿਆਂ ਨੂੰ ਪੁੱਟ ਕੇ ਨਸ਼ਟ ਕਰ ਦੇਣਾ ਚਾਹੀਦਾ ਹੈ।
* ਖੇਤ ਵਿੱਚ ਕੰਘੀ ਬੂਟੀ ਅਤੇ ਪੀਲੀ ਬੂਟੀ ਅਤੇ ਹੋਰ ਨਦੀਨਾਂ ਦੇ ਬੂਟਿਆਂ ਨੂੰ ਨਸ਼ਟ ਕਰ ਦੇਣਾ ਚਾਹੀਦਾ ਹੈ ਜਿਵੇਂ ਕਿ ਇਸ ਬਿਮਾਰੀ ਦੇ ਬਦਲਵੇਂ ਬੂਟੇ ਹੁੰਦੇ ਹਨ।
* ਨਾਈਟ੍ਰੋਜਨ ਖਾਦ ਸਿਫ਼ਾਰਸ਼ ਕੀਤੀ ਮਾਤਰਾ ਤੋਂ ਵੱਧ ਨਹੀਂ ਪਾਉਣੀ ਚਾਹੀਦੀ।
* ਫ਼ਸਲ ਦੀ ਸ਼ੁਰੂਆਤੀ ਹਾਲਤ ਵਿੱਚ ਚਿੱਟੀ ਮੱਖੀ (Vector) ਦਾ ਹਮਲਾ ਹੋਣ ’ਤੇ ਇੱਕ ਤੋਂ ਦੋ ਛਿੜਕਾਅ (ਇੱਕ ਲਿਟਰ ਨਿੰਬੀਸੀਡੀਨ ਜਾਂ ਅਚੂਕ) ਅਤੇ ਘਰ ਦਾ ਬਣਾਇਆ ਨਿੰਮ ਦਾ ਘੋਲ 1200 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਜਦੋਂ ਚਿੱਟੀ ਮੱਖੀ ਦਾ ਕਹਿਰ ਵਧ ਜਾਵੇ ਤਾਂ ਪੀਏਯੂ ਵੱਲੋਂ ਸਿਫ਼ਾਰਸ਼ ਕੀਤੀਆਂ ਰਸਾਇਣਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਕਿਸੇ ਵੀ ਕੀਟਨਾਸ਼ਕ ਦਾ ਮਿਸ਼ਰਨ (ਆਪ ਬਣਾ ਕੇ ਜਾਂ ਬਣੇ ਬਣਾਏ ਮਿਸ਼ਰਨ) ਦਾ ਛਿੜਕਾਅ ਬਿਲਕੁਲ ਨਹੀਂ ਕਰਨਾ ਚਾਹੀਦਾ ਹੈ।
ਪੈਰਾਵਿਲਟ (Para wilt): ਪੈਰਾਵਿਲਟ ਇੱਕ ਅੰਦਰੂਨੀ ਵਿਕਾਰ ਹੈ ਜਿਸ ਕਾਰਨ ਨਰਮੇ ਦੇ ਟਾਂਵੇ-ਟਾਂਵੇ ਬੂਟੇ ਸੁੱਕ ਜਾਂਦੇ ਹਨ। ਪੈਰਾਵਿਲਟ ਕਾਰਨ ਬੂਟੇ ਵੱਲੋਂ ਪਾਣੀ ਲੈਣ ਜਾਂ ਪਾਣੀ ਮਿਲਣ ਵਿੱਚ ਵਿਗਾੜ ਆਉਣਾ ਹੈ। ਪੈਰਾਵਿਲਟ ਕਿਸੇ ਵੀ ਜੀਵਾਣੂ ਜਾਂ ਵਿਸ਼ਾਣੂ ਕਾਰਨ ਨਹੀਂ ਹੁੰਦਾ, ਇਸ ਲਈ ਲੰਬੇ ਸਮੇਂ ਦੀ ਔੜ, ਤੇਜ਼ ਧੁੱਪ, ਜ਼ਿਆਦਾ ਤਾਪਮਾਨ ਤੋਂ ਬਾਅਦ ਭਾਰੀ ਸਿੰਜਾਈ ਜਾਂ ਮੀਂਹ ਪੈਣਾ ਆਦਿ ਪੈਰਾਵਿਲਟ ਲਈ ਅਨੁਕੂਲ ਹਾਲਾਤ ਤਿਆਰ ਕਰਦੇ ਹਨ। ਇਸ ਕਾਰਨ ਨਰਮੇ ਦੇ ਹਰੇ ਪੱਤੇ ਇਕ ਦਮ ਕੁਮਲਾ ਜਾਂਦੇ ਹਨ ਜੋ ਕਿ ਫਿਰ ਕੁਝ ਦਿਨਾਂ ਬਾਅਦ ਸੁੱਕ ਕੇ ਝੜ ਜਾਂਦੇ ਹਨ।
ਪੱਤਿਆਂ ਦੀ ਲਾਲੀ (Leaf reddening): ਘੱਟ ਉਪਜਾਊ, ਹਲਕੀਆਂ ਅਤੇ ਰੇਤਲੀਆਂ ਜ਼ਮੀਨਾਂ ਵਿੱਚ ਟੀਂਡੇ ਬਣਨ ਸਮੇਂ ਨਰਮੇ ਵਿੱਚ ਅਕਸਰ ਹੀ ਖ਼ੁਰਾਕੀ ਤੱਤਾਂ ਦੀ ਘਾਟ ਆ ਜਾਂਦੀ ਹੈ। ਖ਼ਾਸ ਤੌਰ ’ਤੇ ਮੈਗਨੀਸ਼ੀਅਮ ਦੀ ਘਾਟ ਨਾਲ ਪੱਤੇ ਲਾਲ ਹੋ ਜਾਂਦੇ ਹਨ। ਇਸ ਸਮੇਂ ਜ਼ਮੀਨ ਖ਼ੁਰਾਕੀ ਤੱਤਾਂ ਦੀ ਪੂਰਤੀ ਕਰਨ ਵਿੱਚ ਅਸਮਰੱਥ ਹੁੰਦੀ ਹੈ ਜਿਸ ਕਰ ਕੇ ਨਰਮੇ ਦੇ ਪੱਤੇ ਲਾਲ ਹੋ ਜਾਂਦੇ ਹਨ। ਫ਼ਸਲ ਦੇ ਫੁਟਾਰੇ, ਫੁੱਲ-ਡੋਡੀ ਅਤੇ ਟੀਂਡਿਆਂ ਦੇ ਵਿਕਾਸ ’ਤੇ ਮਾੜਾ ਅਸਰ ਹੁੰਦਾ ਹੈ। ਇਸ ਕਾਰਨ ਫ਼ਸਲ ਦਾ ਝਾੜ ਘਟ ਜਾਂਦਾ ਹੈ।
ਉਪਾਅ: ਪੱਤਿਆਂ ’ਤੇ ਲਾਲੀ ਦੀ ਸਮੱਸਿਆ ਦਾ ਹੱਲ ਇਸ ਦੇ ਆਉਣ ਤੋਂ ਪਹਿਲਾਂ ਹੀ ਕਰਨਾ ਚਾਹੀਦਾ ਹੈ। ਜੇ ਪਿਛਲੇ ਸਾਲ ਵੀ ਇਹ ਸਮੱਸਿਆ ਖੇਤ ਵਿੱਚ ਆਈ ਹੋਵੇ ਤਾਂ ਪੱਤਿਆਂ ’ਤੇ ਲਾਲੀ ਆਉਣ ਤੋਂ ਪਹਿਲਾਂ ਹੀ 1 ਫ਼ੀਸਦੀ ਮੈਗਨੀਸ਼ੀਅਮ ਸਲਫੇਟ (ਇੱਕ ਕਿਲੋ ਮੈਗਨੀਸ਼ੀਅਮ ਸਲਫੇਟ ਨੂੰ 100 ਲਿਟਰ ਪਾਣੀ ਵਿੱਚ ਘੋਲਣ ਉਪਰੰਤ) ਦੇ ਦੋ ਛਿੜਕਾਅ ਫੁੱਲ-ਡੋਡੀ ਪੈਣ ਅਤੇ ਟੀਂਡੇ ਬਣਨ ਸਮੇਂ 15 ਦਿਨਾਂ ਦੇ ਵਕਫ਼ੇ ’ਤੇ ਕਰਨੇ ਚਾਹੀਦੇ ਹਨ। ਇਸ ਨਾਲ ਪੱਤਿਆਂ ਦੀ ਲਾਲੀ ਦੀ ਸਮੱਸਿਆਂ ਦੇ ਹੱਲ ਦੇ ਨਾਲ-ਨਾਲ ਝਾੜ ਵਿੱਚ ਵੀ ਵਾਧਾ ਹੁੰਦਾ ਹੈ। ਇਸ ਤੋਂ ਇਲਾਵਾ ਖਾਦਾਂ ਦੀ ਸੁਚੱਜੀ ਅਤੇ ਸਿਫ਼ਾਰਸ਼ ਅਨੁਸਾਰ ਵਰਤੋਂ ਕਰਨ ਨਾਲ ਵੀ ਕਾਫ਼ੀ ਹੱਦ ਤੱਕ ਇਸ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ।
ਫੁੱਲ ਡੋਡੀ ਦਾ ਝੜਨਾ (Droppings): ਨਰਮੇ ਦੀ ਫ਼ਸਲ ਵਿੱਚ ਤੱਤਾਂ ਦੀ ਮੰਗ ਫੁੱਲ ਪੈਣ ਅਤੇ ਟੀਂਡੇ ਬਣਨ ਦੇ ਪੜਾਅ ਵਿੱਚ ਇਕਦਮ ਬਹੁਤ ਜ਼ਿਆਦਾ ਹੋ ਜਾਂਦੀ ਹੈ। ਮਿੱਟੀ ਵਿੱਚ ਪਾਏ ਤੱਤ ਖ਼ਾਸ ਤੌਰ ’ਤੇ ਨਾਈਟ੍ਰੋਜਨ ਅਤੇ ਪੋਟਾਸ਼ੀਅਮ ਇਸ ਮੰਗ ਨੂੰ ਪੂਰਾ ਕਰਨ ਵਿੱਚ ਅਸਮਰੱਥ ਹੁੰਦੇ ਹਨ ਅਤੇ ਮੰਗ ਦੀ ਪੂਰਤੀ ਨਾ ਹੋਣ ਕਾਰਨ ਫੁੱਲ-ਡੋਡੀ ਅਤੇ ਕੱਚੇ ਟੀਂਡੇ ਝੜਨ ਲੱਗਦੇ ਹਨ। ਵੱਧ ਤਾਪਮਾਨ ਹੋਣ ਕਾਰਨ ਸੋਕੇ ਦੇ ਹਾਲਾਤ ਵਿੱਚ ਫੁੱਲ-ਡੋਡੀ ਪੈਣ ਸਮੇਂ ਤੱਤਾਂ ਅਤੇ ਪਾਣੀ ਦੀ ਘਾਟ ਕਾਰਨ ਫੁੱਲ-ਡੋਡੀ ਝੜਨ ਦੀ ਸਮੱਸਿਆ ਵਧ ਜਾਂਦੀ ਹੈ ਜਿਸ ਕਾਰਨ ਫ਼ਸਲ ਦਾ ਝਾੜ ਘਟ ਜਾਂਦਾ ਹੈ।
ਉਪਾਅ: ਫੁੱਲਡੋਡੀ ਦੇ ਝੜਨ ਨੂੰ ਰੋਕਣ ਲਈ ਪੋਟਾਸ਼ੀਅਮ ਨਾਈਟ੍ਰੇਟ ਦੇ ਛਿੜਕਾਅ ਕਰ ਕੇ ਤੱਤਾਂ ਦੀ ਮੰਗ ਨੂੰ ਪੂਰਾ ਕਰਨਾ ਲਾਭਦਾਇਕ ਹੁੰਦਾ ਹੈ। ਇਸ ਤਰ੍ਹਾਂ ਫੁੱਲ ਡੋਡੀ ਅਤੇ ਕੱਚੇ ਟੀਂਡੇ ਘੱਟ ਝੜਦੇ ਹਨ। ਫੁੱਲਾਂ ਦੀ ਸ਼ੁਰੂਆਤ ਤੋਂ ਲੈ ਕੇ ਦੋ ਫ਼ੀਸਦੀ ਪੋਟਾਸ਼ੀਅਮ ਨਾਈਟ੍ਰੇਟ (13:0:45)(NPK) ਦੇ ਚਾਰ ਛਿੜਕਾਅ ਹਫ਼ਤੇ-ਹਫ਼ਤੇ ਦੇ ਵਕਫ਼ੇ ’ਤੇ ਕਰਨੇ ਚਾਹੀਦੇ ਹਨ। ਦੋ ਫ਼ੀਸਦੀ ਪੋਟਾਸ਼ੀਅਮ ਨਾਈਟ੍ਰੇਟ ਦਾ ਮਤਲਬ ਹੈ ਕਿ 100 ਲਿਟਰ ਪਾਣੀ ਵਿੱਚ ਦੋ ਕਿਲੋ ਪੋਟਾਸ਼ੀਅਮ ਨਾਈਟ੍ਰੇਟ ਦਾ ਘੋਲ ਬਣਾਉ।
*ਪੀਏਯੂ, ਖੇਤਰੀ ਖੋਜ ਕੇਂਦਰ, ਬਠਿੰਡਾ।
**ਖੇਤਰੀ ਖੋਜ ਕੇਂਦਰ, ਅਬੋਹਰ।

Advertisement

Advertisement
Author Image

sanam grng

View all posts

Advertisement
Advertisement
×