ਸਾਡੀ ਰੂਹ ਕੌਣ ਲੈ ਗਿਆ
ਹਾਲ ਹੀ ਵਿੱਚ ਕ੍ਰਿਕਟਰ ਆਰ. ਅਸ਼ਿਵਨ ਨੇ ਜਦੋਂ ਇਹ ਕਹਿ ਦਿੱਤਾ ਸੀ ਕਿ ਹਿੰਦੀ ਭਾਰਤ ਦੀ ਰਾਸ਼ਟਰ ਭਾਸ਼ਾ ਨਹੀਂ ਹੈ ਤਾਂ ਦੇਸ਼ ਵਿੱਚ ਤੂਫ਼ਾਨ ਖੜ੍ਹਾ ਹੋ ਗਿਆ ਸੀ। ਭਾਰਤੀ ਸੰਵਿਧਾਨ ਦੀ ਧਾਰਾ 343 ਤਹਿਤ ਦੇਵਨਾਗਰੀ ਲਿਪੀ ਵਿੱਚ ਲਿਖੀ ਜਾਂਦੀ ਹਿੰਦੀ ਨੂੰ ਕੇਂਦਰ ਅਤੇ ਸੂਬਿਆਂ ਵਿਚਕਾਰ ਸੰਚਾਰ ਦੇ ਮਾਧਿਅਮ ਵਜੋਂ ਇੱਕ ਸਰਕਾਰੀ ਭਾਸ਼ਾ ਦਾ ਦਰਜਾ ਦਿੱਤਾ ਗਿਆ ਹੈ ਨਾ ਕਿ ਰਾਸ਼ਟਰ ਭਾਸ਼ਾ ਵਜੋਂ। ਸਿਰਫ਼ ਹਿੰਦੀ ਨੂੰ ਸਰਕਾਰੀ ਭਾਸ਼ਾ ਦਾ ਦਰਜਾ ਦੇਣ ਖ਼ਿਲਾਫ਼ ਦੱਖਣੀ ਸੂਬਿਆਂ ਅੰਦਰ ਰੋਸ ਮੁਜ਼ਾਹਰੇ ਹੋਣ ਤੋਂ ਬਾਅਦ ਅੰਗਰੇਜ਼ੀ ਨੂੰ ਇਸ ਸੂਚੀ ਵਿੱਚ ਦੂਜੀ ਸਰਕਾਰੀ ਭਾਸ਼ਾ ਵਜੋਂ ਸ਼ਾਮਿਲ ਕੀਤਾ ਗਿਆ ਸੀ। ਇਸ ਵਖਰੇਵੇਂ, ਜਿਸ ਨੂੰ ਅਮੂਮਨ ਗ਼ਲਤ ਢੰਗ ਨਾਲ ਸਮਝਿਆ ਜਾਂਦਾ ਰਿਹਾ ਹੈ, ਦੀਆਂ ਜੜ੍ਹਾਂ ਸੰਵਿਧਾਨ ਉੱਪਰ ਹੋਈਆਂ ਇਤਿਹਾਸਕ ਬਹਿਸਾਂ ਵਿੱਚ ਪਈਆਂ ਹਨ। ਪ੍ਰੋਫੈਸਰ ਪ੍ਰੀਤਮ ਸਿੰਘ ਨੇ ਭਾਰਤੀ ਸੰਵਿਧਾਨ ਉੱਪਰ ਆਪਣੇ ਕਾਰਜ ਵਿੱਚ ਵੇਰਵੇ ਦਿੱਤੇ ਹਨ ਕਿ ਕਿਵੇਂ 1949 ਵਿੱਚ ਇੱਕ ਹਿੰਦੂ ਸੰਨਿਆਸਣ ਨੇ ਹਿੰਦੀ ਨੂੰ ਰਾਸ਼ਟਰ ਭਾਸ਼ਾ ਦਾ ਦਰਜਾ ਦਿਵਾਉਣ ਅਤੇ ਇੰਡੀਆ ਦਾ ਨਾਂ ‘ਭਾਰਤ’ ਰੱਖਣ ਲਈ ਵਰਤ ਰੱਖਿਆ ਸੀ। ਭਾਵੇਂ ਹਿੰਦੀ ਨੂੰ ਰਾਸ਼ਟਰ ਭਾਸ਼ਾ ਦਾ ਦਰਜਾ ਕਦੇ ਵੀ ਨਾ ਮਿਲ ਸਕਿਆ, ਪਰ ਇਸ ਦੇ ਦਬਦਬੇ ਨੇ ਬਹੁਤ ਸਾਰੀਆਂ ਖੇਤਰੀ ਭਾਸ਼ਾਵਾਂ ਦੀ ਜੱਖਣਾ ਪੁੱਟ ਦਿੱਤੀ ਜਿਨ੍ਹਾਂ ’ਚ ਪੰਜਾਬੀ ਵੀ ਸ਼ਾਮਿਲ ਹੈ।
ਭਾਸ਼ਾ ਵਿਗਿਆਨੀ ਨੌਮ ਚੌਮਸਕੀ ਨੇ ਇਸ ਦੀ ਘੋਖ ਕੀਤੀ ਹੈ ਕਿ ਭਾਸ਼ਾਵਾਂ ਦਾ ਉਥਾਨ ਕਿੰਝ ਹੁੰਦਾ ਹੈ ਅਤੇ ਭਾਸ਼ਾਈ ਵਿਰਾਸਤਾਂ ਕਿਵੇਂ ਸਿਰਜੀਆਂ ਜਾਂਦੀਆਂ ਹਨ। ਹਾਲਾਂਕਿ ਉਨ੍ਹਾਂ ਦਾ ਧਿਆਨ ਯੂਰਪੀ ਭਾਸ਼ਾਵਾਂ ’ਤੇ ਕੇਂਦਰਿਤ ਸੀ ਪਰ ਉਨ੍ਹਾਂ ਦੀਆਂ ਲੱਭਤਾਂ ਦੀ ਗੂੰਜ ਉਪ ਮਹਾਦੀਪ ਵਿੱਚ ਵੀ ਸੁਣਾਈ ਦਿੰਦੀ ਹੈ ਜਿੱਥੇ ਸੱਤਾ ਨੂੰ ਗਤੀ ਦੇਣ ਵਾਲੇ ਕਾਰਕ ਭਾਸ਼ਾਈ ਧਾਰਨਾਵਾਂ ਨੂੰ ਘੜਦੇ ਹਨ। ਮਿਸਾਲ ਦੇ ਤੌਰ ’ਤੇ ਪਾਕਿਸਤਾਨ ਵਿੱਚ ਉਰਦੂ ਦੇ ਗ਼ਲਬੇ ਨੇ ਪੰਜਾਬੀ ਨੂੰ ਨੱਪ ਲਿਆ ਸੀ ਹਾਲਾਂਕਿ ਹੁਣ ਪੱਛਮੀ ਪੰਜਾਬ ਵਿੱਚ ਪੰਜਾਬੀ ’ਚ ਰੁਚੀ ਵਧ ਰਹੀ ਹੈ। ਪੂਰਬੀ ਪੰਜਾਬ ਵਿੱਚ ਭਾਵੇਂ 1966 ਤੋਂ ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਮਿਲਿਆ ਹੋਇਆ ਹੈ ਪਰ ਫਿਰ ਵੀ ਵੱਡੇ ਸ਼ਹਿਰੀ ਖੇਤਰਾਂ ਵਿੱਚ ਹਿੰਦੀ ਦਾ ਪ੍ਰਭਾਵ ਵਧ ਰਿਹਾ ਹੈ। ਇਸ ਤੋਂ ਹੀ ਮੈਨੂੰ ਭਾਸ਼ਾ, ਸੱਭਿਆਚਾਰ ਅਤੇ ਸਮਾਜਿਕ ਨੁਹਾਰ ਦੀਆਂ ਤ੍ਰਿਵੇਣੀਆਂ ਦੀ ਤਲਾਸ਼ ਕਰਨ ਲਈ ਪ੍ਰੇਰਨਾ ਮਿਲੀ, ਜਿਸ ਨਾਲ ਪੰਜਾਬੀ ਦੀ ਅਹਿਮੀਅਤ ਪ੍ਰਤੀ ਮੇਰੀ ਸਮਝ ਪੁਖ਼ਤਾ ਹੋਈ।
ਪੰਜਾਬ ਨਾਲ ਮੇਰਾ ਨੇਹੁ ਉਦੋਂ ਹੋਰ ਗੂੜ੍ਹਾ ਹੁੰਦਾ ਚਲਿਆ ਗਿਆ ਜਦੋਂ ਮੈਂ ਇਹ ਜਾਣਿਆ ਕਿ ਕਿਵੇਂ ਭਾਸ਼ਾ ਸਾਨੂੰ ਆਪਣੀ ਪਛਾਣ, ਇਤਿਹਾਸ ਅਤੇ ਕਦਰਾਂ-ਕੀਮਤਾਂ ਨਾਲ ਜੋੜਦੀ ਹੈ। ਧਨਬਾਦ (ਝਾਰਖੰਡ) ਦੇ ਇੱਕ ਪੰਜਾਬੀ ਖੱਤਰੀ ਪਰਿਵਾਰ ਵਿੱਚ ਮੇਰਾ ਜਨਮ ਹੋਇਆ ਅਤੇ ਆਪਣੀ ਪੜ੍ਹਾਈ ਅਤੇ ਕੰਮ ਦਿੱਲੀ ਵਿੱਚ ਕੀਤਾ ਹੈ। ਮੈਂ ਅਕਸਰ ਰੋਜ਼ਮਰ੍ਹਾ ਜੀਵਨ ਵਿੱਚ ਹਿੰਦੀ ਦੇ ਦਬਦਬੇ ਦੇ ਬੋਝ ਅਤੇ ਪੰਜਾਬੀ ਨੂੰ ਹੌਲੀ-ਹੌਲੀ ਲੱਗ ਰਹੇ ਖੋਰੇ ਨੂੰ ਮਹਿਸੂਸ ਕੀਤਾ ਹੈ। ਪੰਜਾਬ ਵਿੱਚ ਵਸਦੇ ਮੇਰੇ ਬਹੁਤੇ ਰਿਸ਼ਤੇਦਾਰ ਪੰਜਾਬੀ ਦੀ ਬਜਾਏ ਹਿੰਦੀ ਬੋਲਣ ਨੂੰ ਤਰਜੀਹ ਦਿੰਦੇ ਹਨ। ਜ਼ੀਰਕਪੁਰ ਵਿੱਚ ਰਹਿੰਦੀ ਆਪਣੀ ਦਸ ਸਾਲ ਦੀ ਭਤੀਜੀ ਨੂੰ ਜਦੋਂ ਮੈਂ ਪੁੱਛਿਆ ਕਿ ਉਹ ਪੰਜਾਬੀ ਦੀ ਬਜਾਏ ਹਿੰਦੀ ਕਿਉਂ ਬੋਲਦੀ ਹੈ ਤਾਂ ਉਸ ਦਾ ਜਵਾਬ ਸੀ ‘‘ਕਿਉਂਕਿ ਮੈਂ ਇੰਡੀਅਨ ਹੂੰ’’। ਇਸ ਤੋਂ ਪਤਾ ਲੱਗਦਾ ਹੈ ਕਿ ਕਿਵੇਂ ਨਵੀਂ ਪੀੜ੍ਹੀ ਹਿੰਦੀ ਨੂੰ ਰਾਸ਼ਟਰੀ ਪਛਾਣ ਨਾਲ ਜੋੜ ਕੇ ਵੇਖਦੀ ਹੈ ਤੇ ਪੰਜਾਬੀ ਨੂੰ ਕਿਵੇਂ ਵਿਸਾਰ ਰਹੀ ਹੈ।
ਸ਼ਹਿਰੀ ਪੰਜਾਬੀ ਹਿੰਦੂਆਂ ਅਤੇ ਕੁਝ ਸਿੱਖਾਂ ਅੰਦਰ ਪੰਜਾਬੀ ਤੋਂ ਬੇਮੁੱਖਤਾ ਬਹੁਤ ਤਿੱਖੇ ਰੂਪ ਵਿੱਚ ਨਜ਼ਰ ਆਉਂਦੀ ਹੈ। ਆਜ਼ਾਦੀ ਤੋਂ ਬਾਅਦ ਸ਼ਹਿਰੀ ਮੱਧਵਰਗੀ ਪੰਜਾਬੀਆਂ ਅੰਦਰ ਪੰਜਾਬੀ ਦੀ ਥਾਂ ਹਿੰਦੀ ਨੇ ਲੈਣੀ ਸ਼ੁਰੂ ਕਰ ਦਿੱਤੀ ਸੀ ਤੇ ਇਸ ਨੂੰ ਹਿੰਦੀ ਨਾਲ ਰਾਸ਼ਟਰਵਾਦ ਜੋੜੇ ਜਾਣ ਤੋਂ ਹੱਲਾਸ਼ੇਰੀ ਮਿਲਣ ਲੱਗੀ। ਮੇਰੀ ਮਾਂ (66 ਸਾਲ) ਜਿਸ ਨੇ ਲੁਧਿਆਣੇ ਵਿੱਚ ਪੜ੍ਹਾਈ ਕੀਤੀ ਸੀ, ਨੇ ਦੱਸਿਆ ਕਿ ਸਿਰਫ਼ ਇੱਕ ਸਾਲ ਪੰਜਾਬੀ ਦੀ ਪੜ੍ਹਾਈ ਕਰਵਾਈ ਜਾਂਦੀ ਸੀ ਜਦੋਂਕਿ ਹਿੰਦੀ ਦੀ ਪੜ੍ਹਾਈ ਪਹਿਲੀ ਤੋਂ ਹੀ ਲਾਜ਼ਮੀ ਕਰ ਦਿੱਤੀ ਜਾਂਦੀ ਸੀ। ਜ਼ੀਰਕਪੁਰ ਵਿੱਚ ਕੁਝ ਸਕੂਲਾਂ ਵਿੱਚ ਕਿੰਡਰਗਾਰਟਨ ਤੋਂ ਹੀ ਹਿੰਦੀ ਪੜ੍ਹਾਈ ਜਾਂਦੀ ਹੈ ਜਦੋਂਕਿ ਪੰਜਾਬੀ ਆਮ ਤੌਰ ’ਤੇ ਪੰਜਵੀਂ ਕਲਾਸ ਤੋਂ ਬਾਅਦ ਪੜ੍ਹਾਉਣੀ ਸ਼ੁਰੂ ਕੀਤੀ ਜਾਂਦੀ ਹੈ। ਮੇਰੀ ਭਤੀਜੀ ਦੇ ਸਕੂਲ ਵਿੱਚ ਇਉਂ ਹੀ ਹੈ, ਭਾਵੇਂ ਕੁਝ ਹੋਰ ਸਕੂਲਾਂ ਦੀਆਂ ਨੀਤੀਆਂ ਵਿੱਚ ਫ਼ਰਕ ਸੰਭਵ ਹੈ।
ਪੰਜਾਬੀ ਭਾਸ਼ਾ ਨੂੰ ਲੱਗ ਰਹੇ ਖੋਰੇ ਦੀ ਕਹਾਣੀ ਵਿਅਕਤੀਗਤ ਤਜਰਬਿਆਂ ਤੱਕ ਸੀਮਤ ਨਹੀਂ ਹੈ ਸਗੋਂ ਇਹ ਇਸ ਤੋਂ ਕਿਤੇ ਅਗਾਂਹ ਦਾ ਵਰਤਾਰਾ ਹੈ। ਆਮ ਦੇਖਣ ਵਿੱਚ ਆਉਂਦਾ ਹੈ ਕਿ ਸਕੂਲਾਂ ਵਿੱਚ ਕਿਵੇਂ ਵਿਦਿਆਰਥੀਆਂ ਦੇ ਮਨਾਂ ਅੰਦਰ ਉਨ੍ਹਾਂ ਦੀ ਮਾਤ ਭਾਸ਼ਾ (ਪੰਜਾਬੀ) ਬਾਰੇ ਹੀਣਤਾ ਭਰੀ ਜਾਂਦੀ ਹੈ। ਅੰਗਰੇਜ਼ੀ ਅਤੇ ਹਿੰਦੀ ਵਿੱਚ ਪ੍ਰਬੀਨਤਾ ਨੂੰ ਹੱਲਾਸ਼ੇਰੀ ਦੇਣ ਦੀ ਗੱਲ ਅਹਿਮ ਹੈ ਪਰ ਇਸ ਵਾਸਤੇ ਪੰਜਾਬੀ ਦੀ ਬਲੀ ਨਹੀਂ ਦਿੱਤੀ ਜਾਣੀ ਚਾਹੀਦੀ।
ਵੰਡ ਅਤੇ ਭਾਸ਼ਾ ਦੀ ਸਿਆਸਤ ਨੇ ਪੰਜਾਬੀ ਨੂੰ ਬਹੁਤ ਖ਼ੋਰਾ ਲਾਇਆ। ਉਂਝ, ਸੱਭਿਆਚਾਰਕ ਰਹੁ-ਰੀਤਾਂ ਵਿੱਚ ਪੰਜਾਬੀ ਪਛਾਣ ਕੇਂਦਰੀ ਬਣੀ ਹੋਈ ਹੈ। ਵਿਆਹ ਜਿਹੇ ਖ਼ੁਸ਼ੀ ਦੇ ਮੌਕਿਆਂ ’ਤੇ ਸਾਡੇ ਰਿਸ਼ਤੇਦਾਰ, ਭਾਵੇਂ ਹਿੰਦੀ ਵਿੱਚ ਹੀ ਸਹੀ ਆਪਣੀ ਪੰਜਾਬੀ ਪਛਾਣ ਨੂੰ ਦਰਸਾਉਂਦੇ ਹਨ ਪਰ ਗਿੱਧਾ ਤੇ ਭੰਗੜਾ ਉਹ ਪੰਜਾਬੀ ਗਾਣਿਆਂ ’ਤੇ ਹੀ ਪਾਉਂਦੇ ਹਨ। ਫਿਰ ਇਹ ਸੱਭਿਆਚਾਰਕ ਮਾਣ ਉਨ੍ਹਾਂ ਦੇ ਨਿੱਤ ਦੇ ਕਾਰ-ਵਿਹਾਰ ਨਾਲ ਬਿਲਕੁਲ ਮੇਲ ਨਹੀਂ ਖਾਂਦਾ। ਵਿਆਹ ਦੇ ਸੱਦਾ ਪੱਤਰ ਹਿੰਦੀ ਵਿੱਚ ਛਪਵਾਏ ਜਾਂਦੇ ਹਨ ਅਤੇ ਗੱਲਬਾਤ ਵਿੱਚ ਕਦੇ ਕਦਾਈਂ ਹੀ ਪੰਜਾਬੀ ਸ਼ਬਦ ਆਉਂਦੇ ਹਨ। ਨਵੀਂ ਪੀੜ੍ਹੀ ਵਿੱਚ ਇਹ ਪਾੜ੍ਹਾ ਹੋਰ ਵਧ ਰਿਹਾ ਹੈ। ਮਹਾਨਗਰਾਂ ਵਿੱਚ ਰਹਿਣ ਵਾਲੇ ਪੰਜਾਬੀ ਆਪਣੇ ਬੱਚਿਆਂ ਨਾਲ ਬਹੁਤਾ ਹਿੰਦੀ ਵਿੱਚ ਹੀ ਗੱਲਬਾਤ ਕਰਦੇ ਹਨ ਅਤੇ ਇੰਝ ਉਨ੍ਹਾਂ ਦੇ ਘਰਾਂ ’ਚੋਂ ਮਾਤ ਭਾਸ਼ਾ ਮਨਫ਼ੀ ਹੋ ਰਹੀ ਹੈ। 62 ਸਾਲ ਦੇ ਮੇਰੇ ਇੱਕ ਰਿਸ਼ਤੇਦਾਰ ਦੀ 38 ਸਾਲਾ ਧੀ ਆਪਣੇ ਬੱਚਿਆਂ ਨਾਲ ਹਿੰਦੀ ਵਿੱਚ ਗੱਲ ਕਰਦੀ ਹੈ। ਮੇਰੇ ਦੋਵੇਂ ਭਤੀਜੇ ਪੰਜਾਬੀ ਵਿੱਚ ਗੱਲਬਾਤ ਕਰਨ ਤੋਂ ਅਸਮੱਰਥ ਹਨ। ਜਦੋਂ ਮੈਂ ਆਪਣੀ ਭਤੀਜੀ ਸਾਹਮਣੇ ‘ਡੱਡੂ’ ਸ਼ਬਦ ਬੋਲ ਬੈਠੀ ਤਾਂ ਉਸ ਨੇ ਪੁੱਛਿਆ ‘‘ਵਟ ਇਜ਼ ਡੱਡੂ?’’। ਆਖ਼ਿਰ ਮੈਨੂੰ ਹਿੰਦੀ ਦਾ ਸ਼ਬਦ ‘ਮੇਂਡਕ’ ਵਰਤ ਕੇ ਉਸ ਨੂੰ ‘ਡੱਡੂ’ ਦਾ ਅਰਥ ਸਮਝਾਉਣਾ ਪਿਆ।
ਸਿਤਮਜ਼ਰੀਫ਼ੀ ਹੈ ਕਿ ਮੇਰੇ ਕੁਝ ਰਿਸ਼ਤੇਦਾਰ ਆਪਣੀ ਪੰਜਾਬੀ ਪਛਾਣ ਨੂੰ ਮਾਣ ਨਾਲ ਪ੍ਰਗਟ ਕਰਦੇ ਹਨ ਤੇ ਨਾਲ ਹੀ ਬਿਹਾਰ ਤੋਂ ਆਏ ਲੋਕਾਂ ਨੂੰ ਨੀਵਾਂ ਸਮਝਦੇ ਹਨ, ‘ਬਿਹਾਰੀ’ ਵਰਗੇ ਸ਼ਬਦ ਨੂੰ ਵੀ ਅਪਮਾਨਜਨਕ ਢੰਗ ਨਾਲ ਵਰਤਦੇ ਹਨ। ਫਿਰ ਵੀ ਆਪਣੀ ਭਾਸ਼ਾ ਨੂੰ ਅਪਣਾਉਣ ਲੱਗਿਆਂ ਝਿਜਕ ਮਹਿਸੂਸ ਕਰਦੇ ਹਨ। ਇਹ ਵਿਰੋਧਾਭਾਸ, ਪਛਾਣ ਘੜਨ ’ਚ ਭਾਸ਼ਾਈ ਵਰਗੀਕਰਨ ਤੇ ਸਮਾਜਿਕ ਰੀਤਾਂ ਦੇ ਪ੍ਰਭਾਵ ਨੂੰ ਦਰਸਾਉਂਦਾ ਹੈ।
ਕੁਲੀਨ ਵਰਗ ਦੀਆਂ ਭਾਸ਼ਾਈ ਤਰਜੀਹਾਂ ਇਸ ਵੰਡ ਨੂੰ ਹੋਰ ਗਹਿਰਾ ਕਰਦੀਆਂ ਹਨ। ਐੱਸਓਏਐੱਸ ’ਚ ਮੇਰੇ ਅਧਿਆਪਕ ਪ੍ਰੋਫੈਸਰ ਡੇਵ, ਦਲੀਲ ਦਿੰਦੇ ਹਨ ਕਿ ਕਿਸੇ ਭਾਸ਼ਾ ਦੀ ਹੋਂਦ ਕੁਲੀਨਾਂ ਵੱਲੋਂ ਇਸ ਨੂੰ ਅਪਨਾਉਣ ’ਤੇ ਨਿਰਭਰ ਕਰਦੀ ਹੈ। ਸ਼ਹਿਰੀ ਪੰਜਾਬ ’ਚ, ਜ਼ਿਆਦਾਤਰ ਕੁਲੀਨ ਵਰਗ ਪੰਜਾਬੀ ਨੂੰ ਪਹਿਲ ਨਹੀਂ ਦਿੰਦਾ। ਰੋਜ਼ਾਨਾ ਦੀ ਗੱਲਬਾਤ ’ਚ ਇਹ ਦਿਸਦਾ ਹੈ। ਇੱਕ ਵਾਰ ਚੰਡੀਗੜ੍ਹ ਦੇ ਕਿਸੇ ਮਹਿੰਗੇ ਕੈਫੇ ਵਿੱਚ, ਮੈਂ ਇੱਕ ਔਰਤ ਨੂੰ ਇਹ ਕਹਿੰਦਿਆਂ ਸੁਣਿਆ, ‘‘ਮੇਰੇ ਹਸਬੈਂਡ ਪੰਜਾਬੀ ਬੋਲਤੇ ਹੈਂ, ਪਰ ਮੈਂ ਹਿੰਦੀ ਬੋਲਤੀ ਹੂੰ, ਇਸੀ ਲੀਏ ਮੇਰੀ ਬੇਟੀ ਭੀ ਹਿੰਦੀ ਬੋਲਤੀ ਹੈ’’। ਭਾਵੇਂ ਕੁਲੀਨਾਂ ਨੂੰ ਅਕਸਰ ਅੰਗਰੇਜ਼ੀ ’ਚ ਗੱਲਬਾਤ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਪਰ ਮੱਧਵਰਗ ਤੇ ਨਿਮਨ ਮੱਧਵਰਗ ਬਹੁਤਾ ਕਰ ਕੇ ਹਿੰਦੀ ਹੀ ਬੋਲਦਾ ਹੈ ਕਿਉਂਕਿ ਅੰਗਰੇਜ਼ੀ ਬੋਲਣੀ ਉਨ੍ਹਾਂ ਨੂੰ ਮੁਸ਼ਕਿਲ ਲੱਗਦੀ ਹੈ।
ਚੰਡੀਗੜ੍ਹ ਤੇ ਜ਼ੀਰਕਪੁਰ ’ਚ, ਜਾਪਦਾ ਹੈ ਕਿ ਗ਼ੈਰ-ਰਸਮੀ ਤੌਰ ’ਤੇ, ਰੱਜੇ-ਪੁੱਜੇ ਇਲਾਕਿਆਂ ’ਚ ਪੰਜਾਬੀ ’ਤੇ ਰੋਕ ਲੱਗੀ ਹੋਈ ਹੈ। ਇੱਥੇ ਜ਼ਿਕਰਯੋਗ ਹੈ ਕਿ ਮਾਲਵੇ ਤੇ ਮਾਝੇ ਵਿੱਚ ਹਿੰਦੀ ਦਾ ਓਨਾ ਬੋਲਬਾਲਾ ਨਹੀਂ ਹੈ ਜਿੰਨਾ ਦੋਆਬੇ ’ਚ ਮਹਿਸੂਸ ਹੁੰਦਾ ਹੈ। ਜਲੰਧਰ ਵਰਗੇ ਸ਼ਹਿਰਾਂ ਵਿੱਚ ਵੀ, ਇਹ ਦੇਖਿਆ ਗਿਆ ਹੈ ਕਿ ਆਮ ਤੌਰ ’ਤੇ ਮਾਵਾਂ ਆਪਣੇ ਬੱਚਿਆਂ ਨਾਲ ਹਿੰਦੀ ਬੋਲਦੀਆਂ ਹਨ।
ਜਿਹੜੀ ਚੀਜ਼ ਨਿਰਾਸ਼ਾਜਨਕ ਹੈ, ਉਹ ਹੈ ਭਾਸ਼ਾ ਤੇ ਅਮੀਰ ਵਿਰਾਸਤ ਦਾ ਨੁਕਸਾਨ ਹੋਣਾ ਤੇ ਮਿਟਦੇ ਜਾਣਾ। ਪੰਜਾਬੀ ਬੁੱਲ੍ਹੇ ਸ਼ਾਹ ਦੀ ਭਾਸ਼ਾ ਹੈ ਜਿਨ੍ਹਾਂ ਰੂਹਾਨੀ ਇਸ਼ਕ ਦਾ ਪਾਠ ਪੜ੍ਹਾਇਆ; ਇਹ ਹੀਰ ਨੂੰ ਅਮਰ ਕਰ ਦੇਣ ਵਾਲੇ ਵਾਰਿਸ ਸ਼ਾਹ ਦੀ ਭਾਸ਼ਾ ਹੈ ਜੋ ਆਪਣੇ ਸਮਿਆਂ ਦੀ ਉੱਘੀ ਨਾਰੀਵਾਦੀ ਹਸਤੀ ਸੀ; ਸੰਤ ਰਾਮ ਉਦਾਸੀ ਦੀ ਵੀ ਜਿਨ੍ਹਾਂ ਜਾਤ-ਪਾਤ ਦੇ ਵਰਗੀਕਰਨ ਨੂੰ ਲਲਕਾਰਿਆ; ਅਤੇ ਸ਼ਿਵ ਕੁਮਾਰ ਬਟਾਲਵੀ ਦੀ ਵੀ ਜੋ ਬੇਸ਼ੱਕ ਵੀਹਵੀਂ ਸਦੀ ਦੇ ਸਭ ਤੋਂ ਪ੍ਰਸਿੱਧ ਪੰਜਾਬੀ ਕਵੀ ਹਨ। ਫਿਰ ਵੀ ਬਹੁਤੇ ਪੰਜਾਬੀ ਇਸ ਅਮੀਰੀ ਦੀ ਕਦਰ ਪਾਉਣ ’ਚ ਨਾਕਾਮ ਰਹੇ ਹਨ। ਉਹ ਇੱਕ ਵਿਆਪਕ ਵਿਚਾਰਧਾਰਕ ਯੋਜਨਾ ਦੇ ਸ਼ਿਕਾਰ ਹਨ - ਜਿਸ ਨੂੰ ਮੈਂ ‘‘ਹਿੰਦੀ-ਹਿੰਦੂ-ਹਿੰਦੂਤਵ’ ਏਜੰਡੇ ਦਾ ਨਾਂ ਦਿਆਂਗੀ - ਜੋ ਭਾਰਤੀ ਹੋਣ ਨੂੰ ਹਿੰਦੀ ਨਾਲ ਜੋੜਦੀ ਹੈ ਜਦੋਂਕਿ ਬਾਕੀ ਖੇਤਰੀ ਭਾਸ਼ਾਵਾਂ ਨੂੰ ਨੀਵਾਂ ਦਿਖਾਉਂਦੀ ਹੈ।
ਅਖ਼ੀਰ ’ਚ ਮੈਂ ਖ਼ੁਦ ਲੋਪ ਹੋਣ ਕੰਢੇ ਪੁੱਜੀ ਅਵਾਰ ਭਾਸ਼ਾ ’ਚ ਲਿਖੇ ਰਸੂਲ ਹਮਜ਼ਾਤੋਵ ਦੇ ਨਾਵਲ ਦੀ ਇੱਕ ਗਹਿਰੀ ਸਤਰ ਦਾ ਜ਼ਿਕਰ ਕਰਨਾ ਚਾਹਾਂਗੀ: ‘‘ਜਦੋਂ ਲੋਕ ਆਪਣੀ ਭਾਸ਼ਾ ਨੂੰ ਵਿਸਾਰ ਦਿੰਦੇ ਹਨ ਤਾਂ ਉਹ ਆਪਣੀ ਰੂਹ ਵੀ ਗੁਆ ਬਹਿੰਦੇ ਹਨ।’’ ਆਪਣੇ ਰਿਸ਼ਤੇਦਾਰਾਂ ਨੂੰ ਅਜਿਹੀ ਜੜ੍ਹਹੀਣ ਜ਼ਿੰਦਗੀ ਜਿਊਂਦੇ ਦੇਖ ਮੇਰੇ ਮਨ ’ਚ ਉਨ੍ਹਾਂ ਪ੍ਰਤੀ ਤਰਸ, ਕ੍ਰੋਧ ਤੇ ਨਿਰਾਸ਼ਾ ਦੇ ਭਾਵ ਪੈਦਾ ਹੁੰਦੇ ਹਨ, ਭਾਵੇਂ ਮੈਂ ਸਮਝਦੀ ਹਾਂ ਕਿ ਉਹ ਇਸ ਖ਼ੋਰੇ ਦੇ ਹੀ ਸ਼ਿਕਾਰ ਹਨ। ਜੇ ਹਾਲਾਤ ਬਦਲ ਗਏ ਤਾਂ ਉਹ ਵੀ ਢਲ ਹੀ ਜਾਣਗੇ। ਹਾਲਾਂਕਿ, ਪੰਜਾਬੀ ਦੀ ਹੋਣੀ ਕੇਵਲ ਨੀਤੀਆਂ ਘੜਨ ’ਤੇ ਨਹੀਂ ਬਲਕਿ ਆਪਣੀ ਅਮੀਰ ਵਿਰਾਸਤ ਨੂੰ ਮੁੜ ਦਿਲੋਂ ਅਪਨਾਉਣ ਤੇ ਇਸ ਦਾ ਜਸ਼ਨ ਮਨਾਉਣ ਦੀ ਸਾਂਝੀ ਵਚਨਬੱਧਤਾ ਉੱਤੇ ਨਿਰਭਰ ਕਰਦੀ ਹੈ।
(ਲੇਖਕਾ ਲੰਡਨ ਯੂਨੀਵਰਸਿਟੀ ਦੇ ਸਕੂਲ ਆਫ ਓਰੀਐਂਟਲ ਐਂਡ ਅਫਰੀਕਨ ਸਟੱਡੀਜ਼ ਵਿੱਚ ਮੱਧ ਅਤੇ ਦੱਖਣੀ ਏਸ਼ੀਆ ਬਾਰੇ ਅਧਿਐਨ ਕਰ ਰਹੀ ਹੈ।)