ਇਹੀ ਸਫ਼ਰ ਹੈ, ਇਹੀ ਮੰਜ਼ਿਲ
ਅਰਵਿੰਦਰ ਜੌਹਲ
ਪਿਛਲੇ ਵਰ੍ਹੇ ਜਨਵਰੀ ਵਿੱਚ ਕਾਰਜਕਾਰੀ ਸੰਪਾਦਕ ਵਜੋਂ ਸ਼ੁਰੂ ਹੋਇਆ ਮੇਰਾ ਸਫ਼ਰ ਅਗਲੇ ਦੌਰ ਵਿੱਚ ਦਾਖ਼ਲ ਹੋ ਗਿਆ ਹੈ। ‘ਪੰਜਾਬੀ ਟ੍ਰਿਬਿਊਨ’ ਨਾਲ ਜੁੜੇ ਹੋਣਾ ਆਪਣੇ ਆਪ ਵਿੱਚ ਬਹੁਤ ਮਾਣਮੱਤਾ ਅਹਿਸਾਸ ਹੈ। ਇਹ ਤੁਹਾਡੇ ਲਈ ਉਦੋਂ ਹੋਰ ਵੀ ਖ਼ਾਸ ਹੋ ਨਿਬੜਦਾ ਹੈ ਜਦੋਂ ਇੱਕ ਟਰੇਨੀ ਸਬ-ਐਡੀਟਰ ਵਜੋਂ ਆਪਣੇ ਪੱਤਰਕਾਰੀ ਜੀਵਨ ਦੀ ਸ਼ੁਰੂਆਤ ਕਰਨ ਵਾਲੀ ਮੁਲਾਜ਼ਮ ਨੂੰ ਅਦਾਰੇ ਵੱਲੋਂ ਸਭ ਤੋਂ ਸਿਖਰਲੇ, ਸੰਪਾਦਕ ਦੇ ਅਹੁਦੇ ਦੀ ਜ਼ਿੰਮੇਵਾਰੀ ਸੌਂਪੀ ਜਾਵੇ।
ਤੁਹਾਡੀ ਸਮੁੱਚੀ ਸ਼ਖ਼ਸੀਅਤ ਵਿੱਚ ਜਿੱਥੇ ਤੁਹਾਡੇ ਮਾਪਿਆਂ ਅਤੇ ਪਰਿਵਾਰ ਦੀ ਅਹਿਮ ਭੂਮਿਕਾ ਹੁੰਦੀ ਹੈ, ਉੱਥੇ ਤੁਹਾਡੀ ਸਮੁੱਚੀ ਪੇਸ਼ੇਵਰ ਸ਼ਖ਼ਸੀਅਤ ਤੁਹਾਡੇ ਅਦਾਰੇ ਅਤੇ ਉਸ ਦੀਆਂ ਕਦਰਾਂ-ਕੀਮਤਾਂ ਵੱਲੋਂ ਘੜੀ ਅਤੇ ਨਿਖਾਰੀ ਜਾਂਦੀ ਹੈ। ਇਸ ਮੁਕਾਮ ’ਤੇ ਪਹੁੰਚਣ ਮਗਰੋਂ ਵੀ ਮੈਨੂੰ ਜਾਪਦਾ ਹੈ ਜਿਵੇਂ ਇਹ ਅਜੇ ਕੱਲ੍ਹ ਦੀ ਗੱਲ ਤਾਂ ਹੈ ਜਦੋਂ ਮੈਂ 1988 ਵਿੱਚ ‘ਪੰਜਾਬੀ ਟ੍ਰਿਬਿਊਨ’ ਦੇ ਨਿਊਜ਼ ਡੈਸਕ ’ਤੇ ਆਪਣੇ ਪੇਸ਼ੇਵਰ ਸਫ਼ਰ ਦੀ ਸ਼ੁਰੂਆਤ ਕੀਤੀ ਸੀ। ਇਹ ਉਹ ਵੇਲਾ ਸੀ ਜਦੋਂ ਹੱਥੀਂ ਸੰਪਾਦਨ ਹੁੰਦਾ ਸੀ ਜਿਸ ਤੋਂ ਮਗਰੋਂ ਖ਼ਬਰਾਂ ਕੰਪੋਜ਼ ਕਰਨ ਲਈ ਕੰਪੋਜ਼ਿੰਗ ਸੈਕਸ਼ਨ ਤੇ ਫਿਰ ਪਰੂਫ਼ ਪੜ੍ਹਨ ਲਈ ਪਰੂਫ਼ ਰੀਡਿੰਗ ਵਿਭਾਗ ’ਚ ਜਾਂਦੀਆਂ ਸਨ। ਮੈਂ ਉਨ੍ਹਾਂ ਵੇਲਿਆਂ ਦੀ ਗੱਲ ਕਰ ਰਹੀ ਹਾਂ ਜਦੋਂ ਨਿਊਜ਼ ਰੂਮ ਅਜੇ ਕੰਪਿਊਟਰਾਂ ਨਾਲ ਲੈਸ ਨਹੀਂ ਸਨ ਹੋਏ। ਤਕਨਾਲੋਜੀ ’ਚ ਆਈ ਕ੍ਰਾਂਤੀ ਸਦਕਾ ਦੇਖਦਿਆਂ ਹੀ ਦੇਖਦਿਆਂ ਸਮੁੱਚਾ ਦ੍ਰਿਸ਼ ਬਦਲ ਗਿਆ। ਅੱਜ ਹਰ ਸਬ-ਐਡੀਟਰ ਕੰਪਿਊਟਰ ’ਤੇ ਹੀ ਖ਼ਬਰ ਦੀ ਸੰਪਾਦਨਾ ਕਰਦਾ ਹੈ, ਖ਼ੁਦ ਹੀ ਉਸ ਦੇ ਪਰੂਫ਼ ਪੜ੍ਹਦਾ ਹੈ ਅਤੇ ਇੱਥੋਂ ਤੱਕ ਕਿ ਪੇਜ ਵੀ ਖ਼ੁਦ ਹੀ ਬਣਾਉਂਦਾ ਹੈ। ਨਵੀਂ ਤਕਨਾਲੋਜੀ ਨੇ ਜਿੱਥੇ ਸਹਿਯੋਗੀਆਂ ਦਾ ਕੰਮ ਸੌਖਾ ਕੀਤਾ ਹੈ, ਉੱਥੇ ਨਾਲ ਹੀ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਵੀ ਕਈ ਗੁਣਾ ਵਧਾ ਦਿੱਤੀਆਂ ਹਨ। ਅਖ਼ਬਾਰ ਵਿੱਚ ਸਮੇਂ-ਸਮੇਂ ਆਈਆਂ ਤਬਦੀਲੀਆਂ ਦੀ ਮੈਂ ਗਵਾਹ ਰਹੀ ਹਾਂ।
ਅਖ਼ਬਾਰ ਦੀ ਸ਼ੁਰੂਆਤ ਵੇਲੇ ਛਾਪੇਖਾਨੇ ਦਾ ਦੌਰ ਸੀ। ਸਿੱਕੇ ਦੇ ਇਕੱਲੇ-ਇਕੱਲੇ ਅੱਖਰ ਜੋੜ ਕੇ ਫਰਮਾ ਬਣਾਇਆ ਜਾਂਦਾ ਸੀ, ਜਿਸ ਦੀ ਵਰਤੋਂ ਨਾਲ ਖ਼ਬਰਾਂ ਛਪਣ ਲਈ ਤਿਆਰ ਹੁੰਦੀਆਂ ਸਨ, ਫਿਰ ਕਾਗਜ਼ਾਂ ’ਤੇ ਛਪੀਆਂ ਖ਼ਬਰਾਂ ਕੈਂਚੀ ਨਾਲ ਕੱਟ-ਕੱਟ ਕੇ ਅਖ਼ਬਾਰ ਦੇ ਪੰਨੇ ਵਾਲੇ ਆਕਾਰ ਦੇ ‘ਮਿਸਤਰ’ ’ਤੇ ਚਿਪਕਾਈਆਂ ਜਾਂਦੀਆਂ ਸਨ। ਖ਼ਬਰਾਂ ਦੇ ਸਿਰਲੇਖ ਦੇ ਆਕਾਰ ਦੇ ਸ਼ਬਦ ਖ਼ਾਸ ਕਰ ਕੇ ਧਿਆਨ ਵਿੱਚ ਰੱਖੇ ਜਾਂਦੇ ਸਨ। ਉਸ ਦੌਰ ਵਿੱਚ ਸੰਪਾਦਕੀ ਅਮਲੇ ਲਈ ਕੰਮ ਦੀਆਂ ਤਿੰਨ ਸ਼ਿਫਟਾਂ ਹੁੰਦੀਆਂ ਸਨ। ਪਹਿਲੀ ਸਵੇਰੇ 9 ਵਜੇ ਸ਼ੁਰੂ ਹੁੰਦੀ ਤੇ ਬਾਅਦ ਦੁਪਹਿਰ ਤਿੰਨ ਵਜੇ ਤੱਕ ਚੱਲਦੀ ਅਤੇ ਆਖ਼ਰੀ ਸ਼ਿਫਟ ਸ਼ਾਮ 7.30 ਵਜੇ ਤੋਂ ਰਾਤ ਡੇਢ ਵਜੇ ਤੱਕ ਹੁੰਦੀ ਸੀ। ਕਈ ਵਾਰ ਰਾਤ ਨੂੰ ਡੇਢ ਵਜੇ ਡਿਊਟੀ ਕਰ ਕੇ ਗਿਆ ਸਾਥੀ ਕਿਸੇ ਕਾਰਨ ਸਵੇਰੇ ਨੌਂ ਵਜੇ ਦੀ ਡਿਊਟੀ ’ਤੇ ਮੁੜ ਹਾਜ਼ਰ ਹੋ ਜਾਂਦਾ ਤਾਂ ਸਾਥੀ ਉਸ ਨੂੰ ਮਜ਼ਾਕ ਕਰਦਿਆਂ ਕਹਿੰਦੇ, ‘‘ਕੀ ਗੱਲ ਰਾਤ ਦਾ ਘਰ ਨਹੀਂ ਗਿਆ?’’ ਅੱਜ ਬਹੁਤੇ ਅਖ਼ਬਾਰਾਂ ’ਚ ਕੰਮਕਾਜ ਸ਼ਾਮ ਚਾਰ ਵਜੇ ਤੋਂ ਬਾਅਦ ਹੀ ਸ਼ੁਰੂ ਹੁੰਦਾ ਹੈ।
ਪਾਠਕ ਸਵੇਰ ਵੇਲੇ ਚਾਹ ਦੀਆਂ ਚੁਸਕੀਆਂ ਨਾਲ ਜਿਸ ਅਖ਼ਬਾਰ ਦਾ ਆਨੰਦ ਮਾਣਦੇ ਹਨ, ਉਸ ਦੇ ਪਿੱਛੇ ਅਖ਼ਬਾਰ ਦੇ ਅਮਲੇ ਦੀ ਅਣਥੱਕ ਮਿਹਨਤ ਹੁੰਦੀ ਹੈ ਜੋ ਖ਼ਬਰਾਂ ਦੇ ਸੰਦਰਭ ’ਚ ਪਲ-ਪਲ ਬਦਲਦੀਆਂ ਪ੍ਰਸਥਿਤੀਆਂ ਦੇ ਨਾਲੋ-ਨਾਲ ਆਪਣੀ ਰਣਨੀਤੀ ਘੜਦਿਆਂ ਤੇ ਬਦਲਦਿਆਂ ਘੜੀ ਦੀਆਂ ਸੂਈਆਂ ਨਾਲ ਲਗਾਤਾਰ ਖਹਿੰਦਿਆਂ ਆਪਣੇ ਕੰਮ ਨੂੰ ਅੰਜਾਮ ਦਿੰਦਾ ਹੈ। ਤਕਨਾਲੋਜੀ ਵਿੱਚ ਆਈਆਂ ਤਬਦੀਲੀਆਂ ਨੇ ਪੱਤਰਕਾਰੀ ਦਾ ਚਿਹਰਾ-ਮੋਹਰਾ ਬਦਲ ਦਿੱਤਾ ਹੈ। ਸੂਚਨਾ ਪ੍ਰਵਾਹ ਅੱਜ ਏਨਾ ਵਿਆਪਕ, ਤੇਜ਼ ਅਤੇ ਵਿਸ਼ਾਲ ਹੋ ਗਿਆ ਹੈ ਕਿ ਉਸ ਨੂੰ ਭਾਸ਼ਾਈ ਅਖ਼ਬਾਰਾਂ ਦੇ ਸੀਮਤ ਪੰਨਿਆਂ ਵਿੱਚ ਸਮੋਣਾ ਬਹੁਤ ਵੱਡੀ ਚੁਣੌਤੀ ਹੈ। ਇਸ ਤੋਂ ਇਲਾਵਾ ਅੱਜ ਹਰ ਵਿਅਕਤੀ ਦੇ ਹੱਥ ਵਿਚਲਾ ਫੋਨ ਉਸ ਲਈ ਸੂਚਨਾ ਦਾ ਸਰੋਤ ਹੈ ਪਰ ਫਿਰ ਵੀ ਖ਼ਬਰਾਂ ਅਤੇ ਹੋਰ ਸਮੱਗਰੀ ਦੀ ਪ੍ਰਮਾਣਿਕਤਾ ਲਈ ਉਹ ਅਖ਼ਬਾਰ ਉੱਪਰ ਹੀ ਨਿਰਭਰ ਕਰਦਾ ਹੈ। ਉਂਜ ਨਵੀਂ ਪੀੜ੍ਹੀ ਨੂੰ ਅਖ਼ਬਾਰ ਪੜ੍ਹਾਉਣਾ ਹੋਰ ਵੀ ਚੁਣੌਤੀ ਭਰਿਆ ਕਾਰਜ ਹੋ ਗਿਆ ਹੈ ਕਿਉਂਕਿ ਉਸ ਨੂੰ ਸੋਸ਼ਲ ਮੀਡੀਆ ਨੇ ਪੂਰੀ ਤਰ੍ਹਾਂ ਆਪਣੀ ਜਕੜ ਵਿੱਚ ਲੈ ਲਿਆ ਹੈ। ਉਂਜ, ਇਹ ਵੀ ਹੈ ਕਿ ਕਈ ਵਾਰ ਜੋ ਜਾਣਕਾਰੀ ਸੋਸ਼ਲ ਮੀਡੀਆ ਤੋਂ ਮਿਲਦੀ ਹੈ, ਉਸ ਨੂੰ ਮੁੱਖ ਧਾਰਾ ਦਾ ਮੀਡੀਆ ਪੇਸ਼ ਹੀ ਨਹੀਂ ਕਰਦਾ।
ਪੇਸ਼ੇਵਰ ਜ਼ਿੰਦਗੀ ਵਿੱਚ ਵਿਚਰਦਿਆਂ ਆਪਣੇ ਕਿੱਤੇ ਦੇ ਗੁਰ ਸਿੱਖਣਾ, ਉਨ੍ਹਾਂ ਨੂੰ ਨਿਖਾਰਨਾ, ਕਦੇ ਵੀ ਇਹ ਵਹਿਮ ਨਾ ਰੱਖਣਾ ਕਿ ‘ਮੈਨੂੰ ਹੀ ਸਭ ਕੁਝ ਪਤਾ ਹੈ’ ਤੁਹਾਨੂੰ ਲਗਾਤਾਰ ਆਪਣੇ ਆਪ ’ਚ ਸੁਧਾਰ ਕਰਨ ਦੇ ਰਾਹ ਪਾਉਂਦਾ ਹੈ। ਨਿਊਜ਼ ਰੂਮ, ਜੋ ਸਭ ਤੋਂ ਮਹੱਤਵਪੂਰਨ ਸਬਕ ਸਿਖਾਉਂਦਾ ਹੈ, ਉਹ ਹੈ ਟੀਮ ਦਾ ਹਿੱਸਾ ਬਣ ਕੇ ਵਿਚਰਨਾ। ਵੱਖ-ਵੱਖ ਨਜ਼ਰੀਏ ਦਾ ਸਤਿਕਾਰ ਕਰਦਿਆਂ ਰਲ ਕੇ ਕਿਸੇ ਫ਼ੈਸਲੇ ’ਤੇ ਪੁੱਜਣਾ ਉਨ੍ਹਾਂ ’ਚੋਂ ਸਭ ਤੋਂ ਅਹਿਮ ਹੈ। ਨਿਊਜ਼ ਰੂਮ ਦੇ ਤਣਾਅ ਭਰੇ ਮਾਹੌਲ ’ਚ ਇਹ ਵੀ ਨਹੀਂ ਕਿ ਕੰਮ ਬਾਰੇ ਫ਼ੈਸਲੇ ਲੈਣ ਵੇਲੇ ਵੱਖੋ-ਵੱਖਰੇ ਨਜ਼ਰੀਏ ਕਾਰਨ ਸਹਿਯੋਗੀਆਂ ਦੀ ਆਪਸੀ ਤਕਰਾਰ ਨਹੀਂ ਹੁੰਦੀ, ... ਹੁੰਦੀ ਹੈ…... ਬਿਲਕੁਲ ਹੁੰਦੀ ਹੈ ਪਰ ਘੜੀ ਦੀਆਂ ਸੂਈਆਂ ਦਾ ਅਨੁਸ਼ਾਸਨ ਇਹ ਇਜਾਜ਼ਤ ਨਹੀਂ ਦਿੰਦਾ ਕਿ ਕੰਮ-ਕਾਜ ਛੱਡ ਕੇ ਉਹ ਲੰਮੇ ਆਢੇ ਲਾ ਲੈਣ। ਲੜਾਈ-ਝਗੜੇ ਜਿਹੀਆਂ ‘ਫੈਲਸੂਫ਼ੀਆਂ’ ਲਈ ਨਿਊਜ਼ ਰੂਮ ਕੋਲ ਵਿਹਲ ਹੀ ਨਹੀਂ ਹੁੰਦੀ। ਵੱਖ-ਵੱਖ ਸੁਭਾਵਾਂ ਅਤੇ ਪਿਛੋਕੜਾਂ ਤੋਂ ਆਏ ਸਹਿਯੋਗੀ ਨਿਊਜ਼ ਰੂਮ ਦੇ ਖ਼ਾਸੇ ਮੁਤਾਬਕ ਢਲਦਿਆਂ ਹੌਲੀ-ਹੌਲੀ ਇੱਕ ਟੀਮ ਵਜੋਂ ਵਿਚਰਨਾ ਸਿੱਖ ਹੀ ਜਾਂਦੇ ਹਨ। ਯੂਨੀਵਰਸਿਟੀ ’ਚ ਮੇਰੇ ਅਧਿਆਪਕ ਰਹੇ ਡਾ. ਨਰਿੰਦਰ ਸਿੰਘ ਕਪੂਰ ਨੇ ਯੂਨੀਵਰਸਿਟੀ ਵਿਚਲੇ ਅਧਿਆਪਕਾਂ ਦੇ ਮੱਤਭੇਦਾਂ ਅਤੇ ਟਕਰਾਅ ਬਾਰੇ ਇੱਕ ਵਾਰ ਟਿੱਪਣੀ ਕੀਤੀ ਸੀ, ‘‘ਸਾਡੇ ਕੋਲ ਵਿਹਲ ਹੈ, ਇਸ ਲਈ ਅਸੀਂ ਆਪਸ ’ਚ ਲੜ ਸਕਦੇ ਹਾਂ ਪਰ ਪੱਤਰਕਾਰ ਏਦਾਂ ਨਹੀਂ ਲੜਦੇ ਕਿਉਂਕਿ ਉਨ੍ਹਾਂ ਕੋਲ ਲੜਨ ਦੀ ਵਿਹਲ ਹੀ ਨਹੀਂ। ਉਨ੍ਹਾਂ ਤਾਂ ਰੋਜ਼ ਅਖ਼ਬਾਰ ਕੱਢਣਾ ਹੁੰਦਾ ਹੈ।’’
ਕੋਵਿਡ ਦੇ ਸਮਿਆਂ ਦੌਰਾਨ ਅਖ਼ਬਾਰੀ ਸਨਅਤ ਨੂੰ ਵੱਡਾ ਨੁਕਸਾਨ ਪਹੁੰਚਿਆ। ਉਸ ਵੇਲੇ ਕੋਵਿਡ ਦੀ ਲਾਗ ਦੇ ਡਰੋਂ ਲੋਕਾਂ ਨੇ ਅਖ਼ਬਾਰਾਂ ਲੈਣੀਆਂ ਬੰਦ ਕਰ ਦਿੱਤੀਆਂ। ਇਹ ਆਦਤ ਛੁੱਟਣ ਤੋਂ ਬਾਅਦ ਬਹੁਤ ਸਾਰੇ ਪਾਠਕ ਅਖ਼ਬਾਰ ਪੜ੍ਹਨ ਦੀ ਆਪਣੀ ਪੁਰਾਣੀ ਆਦਤ ਨੂੰ ਕਾਇਮ ਨਾ ਰੱਖ ਸਕੇ ਜਿਸ ਨਾਲ ਅਖ਼ਬਾਰ ਦੀ ਇਸ਼ਾਇਤ ਨੂੰ ਭਾਰੀ ਸੱਟ ਵੱਜੀ। ਇਸ ਵਰਤਾਰੇ ਨਾਲ ਅਖ਼ਬਾਰਾਂ ਦੀ ਮਾਲੀ ਹਾਲਤ ਵੀ ਡਾਵਾਂਡੋਲ ਹੋ ਗਈ। ‘ਪੰਜਾਬੀ ਟ੍ਰਿਬਿਊਨ’ ਦੀ ਕਹਾਣੀ ਵੀ ਇਸ ਤੋਂ ਕੋਈ ਵੱਖਰੀ ਨਹੀਂ। ਅਚਾਨਕ ਹੀ ਸਾਹਮਣੇ ਆਈ ਇਹ ਆਪਣੇ ਕਿਸਮ ਦੀ ਵੱਖਰੀ ਹੀ ਚੁਣੌਤੀ ਸੀ ਜਿਸ ਦਾ ਟਾਕਰਾ ਕਰਨ ਦਾ ਕਿਸੇ ਕੋਲ ਕੋਈ ਗਿਣਿਆ-ਮਿਥਿਆ ਫਾਰਮੂਲਾ ਨਹੀਂ ਸੀ। ਉਹ ਬਹੁਤ ਚੁਣੌਤੀਆਂ ਭਰਿਆ ਵੇਲਾ ਸੀ। ਹੌਲੀ-ਹੌਲੀ ਸਭ ਨੇ ਇਨ੍ਹਾਂ ਸਥਿਤੀਆਂ ਦਾ ਟਾਕਰਾ ਕਰਨ ਲਈ ਆਪੋ-ਆਪਣੀ ਸੂਝ-ਬੂਝ ਨਾਲ ਰਾਹ ਕੱਢੇ। ਹੌਲੀ-ਹੌਲੀ ਅਸੀਂ ਵੀ ਉਨ੍ਹਾਂ ਚੁਣੌਤੀਆਂ ਤੋਂ ਬਾਹਰ ਆ ਰਹੇ ਹਾਂ। ‘ਪੰਜਾਬੀ ਟ੍ਰਿਬਿਊਨ’ ਦੇ ਪਾਠਕਾਂ ਤੇ ਸਨੇਹੀਆਂ ਵੱਲੋਂ ਪਿਆਰ ਭਰਿਆ ਉਲਾਂਭਾ ਦੇ ਕੇ ਅਖ਼ਬਾਰ ਦੇ ਪੰਨਿਆਂ ਦੀ ਗਿਣਤੀ ਪਹਿਲੇ ਪੱਧਰ ’ਤੇ ਲਿਜਾਣ ਦਾ ਇਸਰਾਰ ਲਗਾਤਾਰ ਕੀਤਾ ਜਾ ਰਿਹਾ ਹੈ। ਹਕੀਕਤ ਇਹ ਹੈ ਕਿ ਪਾਠਕਾਂ ਦੀ ਇਹ ਇੱਛਾ ਪੂਰੀ ਹੋਣ ’ਚ ਸਮਾਂ ਤਾਂ ਲੱਗੇਗਾ ਪਰ ਇਹ ਪੂਰੀ ਜ਼ਰੂਰ ਹੋਵੇਗੀ।
ਸਮੁੱਚੀ ਟੀਮ ਵਿੱਚੋਂ ਸਭ ਤੋਂ ਉੱਪਰਲੀ ਕੁਰਸੀ ਕਿਸੇ ਇੱਕ ਦੇ ਹਿੱਸੇ ਹੀ ਆਉਣੀ ਹੁੰਦੀ ਹੈ ਪਰ ਇਸ ਦੇ ਇਹ ਮਾਅਨੇ ਨਹੀਂ ਕਿ ਉਸ ਦੇ ਉੱਥੇ ਤੱਕ ਪਹੁੰਚਣ ਵਿੱਚ ਬਾਕੀ ਸਾਥੀਆਂ ਦਾ ਕੋਈ ਯੋਗਦਾਨ ਨਹੀਂ। ਕੋਈ ਇਕੱਲਾ ‘ਮੈਂ’ ਕੁਝ ਨਹੀਂ ਕਰ ਸਕਦਾ ਜਦੋਂ ਤੱਕ ਉਹ ‘ਅਸੀਂ’ ਦੇ ਸਫ਼ਰ ਨੂੰ ਸਮਝਦਾ ਤੇ ਮੁਕੰਮਲ ਨਹੀਂ ਕਰਦਾ। ਇਸ ਅਖ਼ਬਾਰ ਦੇ ਅਕਸ ਨੂੰ ਸੰਵਾਰਨ ਵਿੱਚ ਕਿਸੇ ਵੀ ਹੋਰ ਨਾਲੋਂ ਵੱਧ ਇਸ ਦੇ ਪੱਤਰਕਾਰਾਂ ਦਾ ਯੋਗਦਾਨ ਹੈ ਜਿਨ੍ਹਾਂ ਦੀ ਬਦੌਲਤ ਲੋਕਾਂ ਵਿੱਚ ਸਾਡੀ ਵਿਸ਼ੇਸ਼ ਪਛਾਣ ਹੈ। ਇਸ ਤੋਂ ਬਾਅਦ ਸੰਪਾਦਕੀ ਅਮਲਾ ਸਭ ਤੋਂ ਵੱਧ ਸ਼ਲਾਘਾ ਦਾ ਹੱਕਦਾਰ ਹੈ ਜੋ ਠਰ੍ਹੰਮੇ ਨਾਲ ਸਾਰੀਆਂ ਚੁਣੌਤੀਆਂ ਨਾਲ ਜੂਝਦਾ ਹੋਇਆ ਅਖ਼ਬਾਰ ਨੂੰ ਛਪਣ ਲਈ ਅੰਤਿਮ ਰੂਪ ਦਿੰਦਾ ਹੈ। ਪ੍ਰਿੰਟਿੰਗ ਤੇ ਸਰਕੁਲੇਸ਼ਨ ਵਿਭਾਗ ਦਾ ਅਮਲਾ ਇਸ ਨੂੰ ਛਾਪ ਕੇ ਪਾਠਕਾਂ ਤੱਕ ਪੁੱਜਦਾ ਕਰਦਾ ਹੈ। ਇਸੇ ਤਰ੍ਹਾਂ ਇਸ਼ਤਿਹਾਰ ਵਿਭਾਗ ਅਖ਼ਬਾਰ ਦੀ ਵਿੱਤੀ ਸਿਹਤ ਸਹੀ ਰੱਖਣ ਲਈ ਲਗਾਤਾਰ ਯਤਨਸ਼ੀਲ ਰਹਿੰਦਾ ਹੈ। ਇਨ੍ਹਾਂ ਵਿੱਚੋਂ ਕਿਸੇ ਇੱਕ ਦੇ ਵੀ ਸਹਿਯੋਗ ਤੋਂ ਬਿਨਾਂ ਇਹ ਅਮਲ ਮੁਕੰਮਲ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਸਾਰਿਆਂ ਦੇ ਨਾਲ ਹੀ ਲੇਖਕ ਵੀ ਬਹੁਤ ਅਹਿਮੀਅਤ ਰੱਖਦੇ ਹਨ ਜੋ ਅਖ਼ਬਾਰ ਲਈ ਵੱਖ-ਵੱਖ ਵਿਸ਼ਿਆਂ ’ਤੇ ਮਿਆਰੀ ਲਿਖਤਾਂ ਨਾਲ ਆਪਣਾ ਯੋਗਦਾਨ ਪਾਉਂਦੇ ਹਨ। ਇਹ ਧਾਰਨਾ ਬਣਾ ਲੈਣਾ ਸਹੀ ਨਹੀਂ ਹੋਵੇਗਾ ਕਿ ਕੋਈ ਆਪਣੀ ਟੀਮ ਤੋਂ ਬਗ਼ੈਰ ਇਸ ਸਮੁੱਚੇ ਅਮਲ ਨੂੰ ਨੇਪਰੇ ਚਾੜ੍ਹ ਸਕਦਾ ਹੈ। ਰਲ ਕੇ ਇੱਕ ਟੀਮ ਵਜੋਂ ਨਾ ਚੱਲਣ ਦੀ ਸੂਰਤ ’ਚ ਮਨਚਾਹੇ ਨਤੀਜੇ ਕਦੇ ਵੀ ਹਾਸਲ ਨਹੀਂ ਕੀਤੇ ਜਾ ਸਕਦੇ। ਭਾਵੇਂ ਇਹ ਗੱਲਾਂ ਕਰਨੀਆਂ ਸੌਖੀਆਂ ਤਾਂ ਬਹੁਤ ਨੇ ਪਰ ਇਨ੍ਹਾਂ ਦੀ ਡੂੰਘੀ ਰਮਜ਼ ਸਮਝਣ ਲਈ ਬਹੁਤ ਸਾਰੀਆਂ ਮਾਨਸਿਕ ਦੁਸ਼ਵਾਰੀਆਂ ਦਾ ਸਫ਼ਰ ਵੀ ਤੈਅ ਕਰਨਾ ਪੈਂਦਾ ਹੈ। ਪਲ-ਪਲ ’ਤੇ ਦਰਪੇਸ਼ ਔਖਿਆਈਆਂ ਨੂੰ ਦਰਗੁਜ਼ਰ ਕਰਨਾ ਪੈਂਦਾ ਹੈ। ਇਹੀ ਸਫ਼ਰ ਹੈ ਅਤੇ ਇਹੀ ਮੰਜ਼ਿਲ ਹੈ। ਪਾਠਕਾਂ ਦੀ ਨਜ਼ਰ ’ਚ ਪ੍ਰਵਾਨ ਹੋਣ ਲਈ ਸਾਨੂੰ ਹਰ ਦਿਨ ਇੱਕ ਨਵੇਂ ਇਮਤਿਹਾਨ ’ਚੋਂ ਗੁਜ਼ਰਨਾ ਪੈਂਦਾ ਹੈ। ਪਾਠਕਾਂ ਦੇ ਹੁੰਗਾਰੇ ਤੋਂ ਬਿਨਾਂ ਇਹ ਸਫ਼ਰ ਕਦੇ ਵੀ ਮੁਕੰਮਲ ਨਹੀਂ ਹੋ ਸਕਦਾ। ਸ਼ਾਲਾ! ਸਾਡੇ ਪਾਠਕਾਂ ਦਾ ਅਖ਼ਬਾਰ ਲਈ ਇਹ ਸਨੇਹ ਹਮੇਸ਼ਾ ਬਣਿਆ ਰਹੇ।