ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨੀਵਾਂ ਕੌਣ...

09:03 AM Apr 10, 2024 IST

ਸੁਰਿੰਦਰ ਗੀਤ
Advertisement

ਬਲਦੇਵ ਸਿੰਘ ਨੇ ਪਤਨੀ ਨੂੰ ਕਿਹਾ, “ਕਰਤਾਰ ਕੁਰੇ, ਤੂੰ ਆਪਣੀ ਜੇਬ ’ਚ ਮਿੱਠੀਆਂ ਗੋਲੀਆਂ ਰੱਖਦੀ ਹੁੰਨੀ ਐਂ- ਦੇਖ ਖਾਂ ਕੋਈ ਗੋਲੀ ਹੈਗੀ ਕਿ ਨਹੀਂ।”
ਸ਼ੁਕਰ ਹੈ ਗਰਮੀਆਂ ਦੇ ਦਿਨ ਸਨ। ਸਿਆਲਾਂ ਦੇ ਦਿਨਾਂ ’ਚ ਤਾਂ ਇਸ ਠੰਢੇ ਮੁਲਕ ’ਚ ਖ਼ਾਸ ਕਰਕੇ ਕੈਲਗਰੀ ਸ਼ਹਿਰ ਦੇ ਕਿਸੇ ਪਾਰਕ ’ਚ ਬੰਦਾ ਕੁਲਫ਼ੀ ਵਾਂਗ ਜੰਮ ਜਾਂਦਾ ਹੈ। ਬਲਦੇਵ ਸਿੰਘ ਤੇ ਓਹਦੀ ਘਰ ਵਾਲੀ ਪਾਰਕ ’ਚ ਇੱਕ ਬੈਂਚ ’ਤੇ ਬੈਠੇ ਇੱਕ ਦੂਸਰੇ ਦੇ ਮੂੰਹ ਵੱਲ ਦੇਖ ਰਹੇ ਸਨ। ਜਾਣ ਤਾਂ ਕਿੱਧਰ ਜਾਣ? ਆਸੇ ਪਾਸੇ ਕੋਈ ਆਪਣਾ ਦਿਖਾਈ ਨਹੀਂ ਸੀ ਦਿੰਦਾ। ਸਮਝ ਵੀ ਕੰਮ ਨਹੀਂ ਸੀ ਕਰ ਰਹੀ। ਸਵੇਰ ਦਾ ਕੁਝ ਖਾਧਾ ਪੀਤਾ ਵੀ ਨਹੀਂ ਸੀ। ਸਾਹਮਣੇ ਟਿੰਮ ਹੋਰਟਨ (ਕੌਫ਼ੀ ਹਾਊਸ) ਦਿਖਾਈ ਤਾਂ ਦੇ ਰਿਹਾ ਸੀ ਪਰ ਤੁਰ ਕੇ ਜਾਣ ਦੀ ਹਿੰਮਤ ਕਿੱਥੋਂ ਲਿਆਉਂਦੇ? ਬਲਦੇਵ ਸਿੰਘ ਦੀ ਜੇਬ ਵਿੱਚ ਕੇਵਲ ਦਸ ਡਾਲਰ ਦਾ ਨੋਟ ਤੇ ਭਾਨ ਸੀ। ਜੇਕਰ ਟਿੰਮ ਹੋਰਟਨ ਜਾਣ ਵੀ ਤਾਂ ਦਸਾਂ ਡਾਲਰਾਂ ਦਾ ਕੀ ਆਉਣਾ ਸੀ। ਅੰਗਰੇਜ਼ੀ ’ਚ ਗੱਲਬਾਤ ਕੌਣ ਕਰੂ?
ਕਰਤਾਰ ਕੁਰ ਨੇ ਆਪਣੀ ਜੈਕੇਟ ਦੀ ਜੇਬ ਫਰੋਲੀ ਤਾਂ ਕਿਸੇ ਭਲੇ ਵੇਲੇ ਦੀਆਂ ਪਾਈਆਂ ਤਿੰਨ ਚਾਰ ਮਿੱਠੀਆਂ ਗੋਲੀਆਂ ਨਿਕਲ ਆਈਆਂ। ਉਸ ਨੇ ਇੱਕ ਗੋਲੀ ਬਲਦੇਵ ਸਿੰਘ ਦੇ ਹੱਥ ’ਤੇ ਧਰੀ ਤੇ ਦੂਸਰੀ ਪੇਪਰ ਲਾਹ ਕੇ ਆਪਣੇ ਮੂੰਹ ’ਚ ਪਾ ਲਈ। ਹੌਲੀ ਹੌਲੀ ਚੂਸਣ ਲੱਗ ਪਈ। ਮਿੱਠੀ ਗੋਲੀ ਨੇ ਦੋਵਾਂ ’ਚ ਜਾਨ ਪਾ ਦਿੱਤੀ। ਕਹਿੰਦੇ ਨੇ ਡੁੱਬਦੇ ਨੂੰ ਤਿਣਕੇ ਦਾ ਸਹਾਰਾ ਹੁੰਦਾ ਹੈ। ਬਿਲਕੁਲ ਇਸੇ ਤਰ੍ਹਾਂ ਅੱਜ ਇਹ ਭੋਰਾ ਕੁ ਮਿੱਠੀ ਗੋਲੀ ਦੋਵਾਂ ਨੂੰ ਕਿਸੇ ਬਹੁਤ ਕੀਮਤੀ ਸ਼ੈਅ ਵਾਂਗ ਜਾਪ ਰਹੀ ਸੀ। ਉਹ ਜਿਵੇਂ ਜਿਵੇਂ ਚੂਸਦੇ ਤਿਵੇਂ ਤਿਵੇਂ ਜਾਨ ਪੈਂਦੀ ਜਾਂਦੀ। ਕਰਤਾਰ ਕੌਰ ਦੀ ਜੇਬ ਵਿੱਚ ਪਈਆਂ ਦੋ ਹੋਰ ਗੋਲੀਆਂ ਇਸ ਸਮੇਂ ਬਹੁਤ ਸਹਾਈ ਜਾਪਦੀਆਂ ਸਨ। ਸ਼ਾਇਦ ਇਸੇ ਕਰਕੇ ਕਰਤਾਰ ਕੌਰ ਨੇ ਆਪਣੀ ਜੇਬ ਨੂੰ ਘੁੱਟ ਕੇ ਫੜ ਲਿਆ। ਉਸ ਨੂੰ ਲੱਗਿਆ ਕਿ ਕਿਤੇ ਇਹ ਗੋਲੀਆਂ ਜੇਬ ’ਚੋਂ ਡਿੱਗ ਨਾ ਪੈਣ।
ਬਲਦੇਵ ਸਿੰਘ ਬੈਂਚ ਤੋਂ ਉੱਠਿਆ ਤੇ ਦੋ-ਚਾਰ ਕਦਮ ਏਧਰ ਓਧਰ ਤੁਰਨ ਪਿੱਛੋਂ ਦੂਸਰੇ ਬੈਂਚ ’ਤੇ ਜਾ ਬੈਠਾ। ਕੁਝ ਕੁ ਮਿੰਟਾਂ ਬਾਅਦ ਕਰਤਾਰ ਕੁਰ ਵੀ ਓਹਦੇ ਮਗਰ ਚਲੀ ਗਈ ਤੇ ਨਾਲ ਦੇ ਬੈਂਚ ’ਤੇ ਜਾ ਬੈਠੀ। ਉੱਡਦਾ ਉੱਡਦਾ ਇੱਕ ਪੱਤਾ ਬਲਦੇਵ ਸਿੰਘ ਦੀ ਜੈਕੇਟ ’ਤੇ ਆ ਡਿੱਗਾ। ਉਸ ਨੇ ਪੱਤੇ ਨੂੰ ਹੱਥ ’ਚ ਇਉਂ ਫੜਿਆ ਜਿਵੇਂ ਉਹ ਉਸ ਦਾ ਕੁਝ ਲੱਗਦਾ ਹੋਵੇ। ਉਸ ਨੇ ਪੱਤੇ ਨੂੰ ਗਹੁ ਨਾਲ ਦੇਖਿਆ ਤੇ ਦੋਵਾਂ ਹੱਥਾਂ ਨਾਲ ਪਲੋਸਣ ਲੱਗਾ ਜਿਵੇਂ ਪੱਤਾ ਉਸ ਨੂੰ ਕੋਈ ਰਾਹ ਦੱਸੇਗਾ ਕਿ ਉਹ ਹੁਣ ਕੀ ਕਰੇ।

ਪੱਤਾ ਆਪਣੇ ਟਾਹਣ ਤੋਂ ਟੁੱਟ ਕੇ ਹਵਾ ਵਿੱਚ ਭਟਕ ਰਿਹਾ ਸੀ। ਬਲਦੇਵ ਸਿੰਘ ਨੂੰ ਮਹਿਸੂਸ ਹੋਇਆ ਜਿਵੇਂ ਉਹ ਵੀ ਟਾਹਣ ਤੋਂ ਟੁੱਟਿਆ ਪੱਤਾ ਹੋਵੇ।
ਬਲਦੇਵ ਸਿੰਘ ਨੇ ਲੰਬਾ ਸਾਹ ਲਿਆ ਤੇ ਕਰਤਾਰ ਕੌਰ ਵੱਲ ਮੂੰਹ ਕਰਕੇ ਆਖਣ ਲੱਗਾ, “ਏਥੇ ਇਉਂ ਬੈਠਿਆਂ ਨ੍ਹੀਂ ਸਰਨਾ। ਹੁਣ ਤਾਂ ਬੈਠੇ ਆਂ ਔਖੈ ਸੌਖੇ ...ਰਾਤ ਨੂੰ ਕੀ ਬਣੂੰ। ਦਸ ਡਾਲਰਾਂ ਨਾਲ ਕੀ ਬਣਨਾ ਆ। ਭੁੱਖ ਨਾਲ ਤਾਂ ਪਹਿਲਾਂ ਈ ਬੁਰਾ ਹਾਲ ਹੋਇਆ ਪਿਆ। ਜਾਈਏ ਤਾਂ ਕਿੱਥੇ ਜਾਈਏ... ਕਰੀਏ ਤਾਂ ਕੀ ਕਰੀਏ?”
ਕਰਤਾਰ ਕੌਰ ਦਾ ਗੱਚ ਭਰ ਆਇਆ। ਹੁਣ ਤੱਕ ਰੋਕੇ ਹੰਝੂ ਵਹਿ ਤੁਰੇ। ਉਹ ਅੱਖਾਂ ਪੂੰਝਦੀ ਬੋਲੀ, “ਮੈਂ ਕੀ ਦੱਸਾਂ... ਮੈਨੂੰ ਤਾਂ ਕੁਝ ਨ੍ਹੀਂ ਔੜਦਾ ਬਈ ਕਿੱਥੇ ਜਾਈਏ ਤੇ ਕੀਹਨੂੰ ਫੋਨ ਕਰੀਏ।”
“ਹਾਂ... ਏਹੀ ਤਾਂ ਮੈਂ ਸੋਚਦਾਂ। ਜੇ ਪੁਲੀਸ ਨੂੰ ਦੱਸਦੇ ਆਂ ਤਾਂ ਗੱਲ ਬਹੁਤੀ ਦੂਰ ਨਿਕਲ ਜੂ ਗੀ। ਆਸ ਸੀ ਕਿ ਉਹਦਾ ਫੋਨ ਆ ਜਾਊ ਕਿ ਕਿੱਥੇ ਹੋ ਤੁਸੀਂ। ਸਾਨੂੰ ਘਰੋਂ ਕੱਢ ਕੇ ਕੁਝ ਮਹਿਸੂਸ ਕੀਤਾ ਹੋਵੇ ਤੇ ਆ ਕੇ ਲੈ ਜਾਊਗੀ। ਏਨੀ ਚੰਗੀ ਕਿਸਮਤ ਕਿੱਥੇ? ਅੱਜ ਤਾਂ ਰੱਬ ਵੀ ਦੂਰ ਹੋਇਆ ਲੱਗਦੈ ਆਪਣੇ ਤੋਂ।” ਇੱਕ ਹਉਕਾ ਹਵਾ ਵਿੱਚ ਰਲ ਗਿਆ।
“ਅੱਜ ਤਾਂ ਕੋਈ ਆਪਣਾ ਵੀ ਏਧਰ ਨ੍ਹੀਂ ਆਉਂਦਾ ਦਿੱਸਦਾ। ਜੇ ਕੋਈ ਏਧਰ ਆਵੇ ਤਾਂ ਖ਼ਬਰੇ ਪੁੱਛ ਹੀ ਲਵੇ ਕਿ ਏਥੇ ਕਿਉਂ ਬੈਠੇ ਹੋ।”
ਕਰਤਾਰ ਕੁਰ ਨੇ ਅਸਮਾਨ ਵੱਲ ਵੇਖਿਆ। ਸੂਰਜ ਸਿਰ ’ਤੇ ਆ ਗਿਆ ਸੀ। ਉਹ ਮੂੰਹ ’ਚ ਕੁਝ ਬੁੜਬੁੜਾਈ ਪਰ ਬਲਦੇਵ ਸਿੰਘ ਨੂੰ ਉਸ ਦੀ ਭੋਰਾ ਵੀ ਸਮਝ ਨਾ ਆਈ।
ਬਲਦੇਵ ਸਿੰਘ ਤੇ ਕਰਤਾਰ ਕੌਰ ਨੂੰ ਕੈਨੇਡਾ ਆਇਆਂ ਦੋ ਸਾਲ ਹੀ ਹੋਏ ਸਨ। ਉਹ ਆਪਣੇ ਪੁੱਤ ਜ਼ੋਰਾਵਰ ਦੇ ਜ਼ੋਰ ਦੇਣ ’ਤੇ ਵਿਜ਼ਿਟਰ ਵੀਜ਼ਾ ਲੈ ਕੇ ਆਏ ਸਨ। ਇੱਕ ਸਾਲ ਵਧੀਆ ਲੰਘ ਗਿਆ। ਕਿਸਨੂੰ ਪਤਾ ਹੁੰਦਾ ਹੈ ਕਿ ਅੱਗੇ ਕੀ ਹੋਣ ਵਾਲਾ ਹੈ। ਸਮਾਂ ਆਪਣੀ ਬੁੱਕਲ ’ਚ ਕੀ ਲਕੋਈ ਬੈਠਾ ਹੈ। ਬਲਦੇਵ ਸਿੰਘ ਨੂੰ ਆਪਣੇ ਪੁੱਤ ਜ਼ੋਰਾਵਰ ’ਤੇ ਲੋਹੜਿਆਂ ਦਾ ਮਾਣ ਸੀ ਕਿ ਉਸ ਨੇ ਪੰਜਾਂ ਛੇਆਂ ਸਾਲਾਂ ’ਚ ਪਿੰਡ ਵਿੱਚ ਸਿਰ ਚੁੱਕ ਕੇ ਤੁਰਨ ਜੋਗਾ ਕਰ ਦਿੱਤਾ। ਕੋਠੀ ਵਰਗਾ ਸੋਹਣਾ ਮਕਾਨ ਬਣਾ ਲਿਆ। ਲੋਕਾਂ ’ਚ ਕਹਿਣ ਜੋਗਾ ਹੋ ਗਿਆ ਕਿ ਉਹ ਵੀ ਹੁਣ ਕੋਠੀ ਆਲੇ ਵੱਜਦੇ ਆ। ਏਸੇ ਕੋਠੀ ਕਰਕੇ ਜ਼ੋਰਾਵਰ ਤੋਂ ਛੋਟੇ ਸਤਨਾਮ ਦਾ ਵਿਆਹ ਵੀ ਚੰਗੇ ਖਾਂਦੇ ਪੀਂਦੇ ਘਰ ਹੋ ਗਿਆ। ਸਤਨਾਮ ਨੇ ਨਵਾਂ ਟਰੈਕਟਰ ਲੈ ਲਿਆ। ਜ਼ੋਰਾਵਰ ਦੇ ਸਿਰ ’ਤੇ ਉਹ ਖੇਤੀਬਾੜੀ ਦਾ ਕੰਮ ਬੜੇ ਸ਼ੌਂਕ ਨਾਲ ਕਰੀ ਜਾਂਦਾ ਸੀ।
ਬਲਦੇਵ ਸਿੰਘ ਸੋਚਦਾ ਕਿ ਹੁਣ ਉਸ ਨੂੰ ਕੋਈ ਫ਼ਿਕਰ ਨਹੀਂ ਹੈ। ਉਸ ਨੂੰ ਆਪਣੀ ਸਲੱਗ ਔਲਾਦ ’ਤੇ ਏਨਾ ਮਾਣ ਹੋਣ ਲੱਗ ਪਿਆ ਕਿ ਉਹ ਆਪਣੇ ਪਿੰਡ ’ਚ ਆਕੜ ਕੇ ਤੁਰਦਾ ਤੇ ਸੋਚਦਾ ਕਿ ਪਿੰਡ ’ਚ ਉਹਦੇ ਵਰਗਾ ਕੋਈ ਹੋਰ ਨਹੀਂ। ਕੋਠੀ ’ਚ ਬੈਠਾ ਆਪਣੇ ਆਪ ਨੂੰ ਆਸ ਪਾਸ ਦੇ ਪਿੰਡਾਂ ਦੇ ਸਰਦਾਰਾਂ ’ਚੋਂ ਸਰਦਾਰ ਸਮਝਦਾ।
ਓਧਰ ਕਰਤਾਰ ਕੌਰ ਦੀ ਤੋਰ ਵੀ ਬਦਲ ਗਈ। ਉਹ ਚੜ੍ਹਦੇ ਤੋਂ ਚੜ੍ਹਦਾ ਲੀੜਾ ਪਾਉਂਦੀ। ਜਦੋਂ ਦਾ ਜ਼ੋਰਾਵਰ ਕੈਨੇਡਾ ਆਇਆ ਸੀ, ਓਦੋਂ ਦਾ ਉਸ ਨੂੰ ਵੀ ਪਿਓਰ ਡੀਸ਼ੀਂਨ ਦਾ ਪਤਾ ਲੱਗ ਗਿਆ। ਉਸ ਤੋਂ ਪਹਿਲਾਂ ਤਾਂ ਉਸ ਨੇ ਕਦੇ ਚੱਜ ਦਾ ਸੂਟ ਨਹੀਂ ਸੀ ਖ਼ਰੀਦਿਆ। ਹਾੜ੍ਹੀ ਸਾਉਣੀ ਜਿਹੜਾ ਜੁੜਿਆ ਪਾ ਲਿਆ। ਸਾਰੀ ਉਮਰ ਚੁੱਲ੍ਹੇ ’ਚ ਫੂਕਾਂ ਮਾਰਦੀ ਦੀ ਲੰਘ ਗਈ ਤੇ ਹੁਣ ਨਵੀਂ ਬਣੀ ਰਸੋਈ ’ਚ ਖਲੋ ਕੇ ਰੋਟੀ ਬਣਾਉਣ ਦਾ ਮਜ਼ਾ ਹੀ ਵੱਖਰਾ ਸੀ। ਉਹ ਵੀ ਆਪਣੇ ਆਪ ਨੂੰ ਪਿੰਡ ਦੀਆਂ ਬੁੜੀਆਂ ਤੋਂ ਅਲੱਗ ਸਮਝਣ ਲੱਗ ਪਈ। ਕਦੇ ਕਦੇ ਆਪਣੇ ਗਲੀ ਗੁਆਂਢ ਦੀਆਂ ਕੁੜੀਆਂ ਬੁੜੀਆਂ ਨੂੰ ਚੱਜ ਨਾਲ ਰਹਿਣ ਸਹਿਣ ਦੇ ਤਰੀਕੇ ਵੀ ਦੱਸਦੀ ਰਹਿੰਦੀ।
ਇੱਕ ਦਿਨ ਅਚਾਨਕ ਜ਼ੋਰਾਵਰ ਦੇ ਪੇਟ ’ਚ ਵੱਖਰੀ ਹੀ ਕਿਸਮ ਦਾ ਦਰਦ ਹੋਇਆ। ਸੋਚਿਆ ਕੁਝ ਵਾਧੂ ਘਾਟੂ ਖਾਧਾ ਪੀਤਾ ਗਿਆ ਹੋਵੇਗਾ। ਕੁਝ ਦਿਨ ਡਾਕਟਰ ਦੇ ਜਾਣ ਤੋਂ ਬਿਨਾਂ ਹੀ ਪੇਨਕਿਲਰ ਲੈਂਦਾ ਰਿਹਾ। ਵਧਦੀ ਪੀੜ ਦੇਖ ਕੇ ਉਹ ਡਾਕਟਰ ਦੇ ਗਿਆ ਤਾਂ ਡਾਕਟਰ ਨੇ ਬਹੁਤ ਸਾਰੇ ਟੈਸਟ ਲਿਖ ਕੇ ਦੇ ਦਿੱਤੇ। ਪੇਟ ਦਾ ਅਲਟਰਾਸਾਊਂਡ ਤੇ ਫਿਰ ਐੱਮਆਰਆਈ ਤੋਂ ਪਤਾ ਲੱਗਿਆ ਕਿ ਮਿਹਦੇ ਵਿੱਚ ਕੈਂਸਰ ਹੈ। ਕੁਝ ਮਹੀਨਿਆਂ ਦੀ ਬਿਮਾਰੀ ਤੋਂ ਬਾਅਦ ਉਹ ਰੱਬ ਨੂੰ ਪਿਆਰਾ ਹੋ ਗਿਆ। ਬਲਦੇਵ ਸਿੰਘ ਤੇ ਕਰਤਾਰ ਕੌਰ ਦਾ ਜਹਾਨ ਹੀ ਲੁੱਟਿਆ ਗਿਆ। ਪਿਓ ਲਈ ਪੁੱਤ ਦੀ ਲਾਸ਼ ਨੂੰ ਆਪਣੇ ਮੋਢਿਆਂ ’ਤੇ ਚੁੱਕਣ ’ਤੋਂ ਵੱਧ ਹੋਰ ਕੁਝ ਵੀ ਦੁਖਦਾਈ ਨਹੀਂ ਹੁੰਦਾ।
ਜ਼ੋਰਾਵਰ ਦੀ ਮੌਤ ਤੋਂ ਬਾਅਦ ਜ਼ੋਰਾਵਰ ਦੀ ਪਤਨੀ ਹਰਲੀਨ ਤੇ ਉਸ ਦੇ ਸੱਸ-ਸਹੁਰੇ ਵਿਚਾਲੇ ਇੱਕ ਦਰਾੜ ਜਿਹੀ ਪੈ ਗਈ। ਦਰਾੜ ਤਾਂ ਪਹਿਲਾਂ ਵੀ ਸੀ ਪਰ ਜ਼ੋਰਾਵਰ ਦੀ ਮੌਤ ਤੋਂ ਬਾਅਦ ਇਹ ਹੋਰ ਗਹਿਰੀ ਤੇ ਚੌੜੀ ਹੋ ਗਈ। ਉਸ ਦੇ ਜਿਊਂਦਿਆਂ ਹਰਲੀਨ ਦਾ ਕਦੇ ਹੌਸਲਾ ਨਹੀਂ ਸੀ ਪਿਆ ਕਿ ਉਹ ਬਲਦੇਵ ਸਿੰਘ ਤੇ ਕਰਤਾਰ ਕੁਰ ਨੂੰ ਉੱਚਾ ਨੀਵਾਂ ਬੋਲੇ। ਹਰਲੀਨ ਨੂੰ ਆਪਣੇ ਸੱਸ-ਸਹੁਰੇ ਦੀ ਰੂੜੀਵਾਦੀ ਸੋਚ ਉੱਪਰ ਬਹੁਤ ਗੁੱਸਾ ਆਉਂਦਾ ਪਰ ਉਹ ਚੁੱਪ ਜੋ ਜਾਂਦੀ। ਉਹ ਜ਼ੋਰਾਵਰ ਕੋਲ ਸ਼ਿਕਾਇਤ ਕਰਦੀ ਤਾਂ ਉਹ ਇਹ ਆਖ ਕੇ ਗੱਲ ਟਾਲ ਦਿੰਦਾ ਕਿ ਹੌਲੀ ਹੌਲੀ ਸਭ ਠੀਕ ਹੋ ਜਾਵੇਗਾ।
ਅੱਜ ਸਵੇਰੇ ਹੀ ਤੂੰ-ਤੂੰ, ਮੈਂ-ਮੈਂ ਹੋ ਗਈ। ਮੌਕੇ ਦੀ ਤਲਾਸ਼ ਵਿੱਚ ਹਰਲੀਨ ਨੂੰ ਵਧੀਆ ਵਕਤ ਮਿਲ ਗਿਆ ਤੇ ਉਸ ਨੇ ਬਲਦੇਵ ਸਿੰਘ ਨੂੰ ਆਖ ਦਿੱਤਾ, “ਇਸ ਤੋਂ ਪਹਿਲਾਂ ਕਿ ਮੈਂ ਪੁਲੀਸ ਬੁਲਾਵਾਂ...ਆਪਣੇ ਆਪ ਘਰੋਂ ਬਾਹਰ ਹੋ ਜਾਵੋ। ਮੈਂ ਨਹੀਂ ਤੁਹਾਡੇ ਵਰਗੇ ਲੋਕਾਂ ਨਾਲ ਰਹਿ ਸਕਦੀ। ਮੈਂ ਆਪਣੀ ਜ਼ਿੰਦਗੀ ਆਪਣੇ ਢੰਗ ਨਾਲ ਜਿਊਣਾ ਚਾਹੁੰਦੀ ਹਾਂ।”
ਲੀੜੇ ਕੱਪੜੇ ਵੀ ਚੁੱਕਣ ਦਾ ਮੌਕਾ ਨਾ ਦਿੱਤਾ। ਬਲਦੇਵ ਸਿੰਘ ਨੇ ਬਥੇਰਾ ਕਿਹਾ ਕਿ ਪੁੱਤ ਸਾਨੂੰ ਮਾੜੇ ਮੋਟੇ ਲੀੜੇ ਕੱਪੜੇ ਤਾਂ ਚੁੱਕ ਲੈਣ ਦੇ ਪਰ ਉਹ ਟੱਸ ਤੋਂ ਮੱਸ ਨਾ ਹੋਈ।
‘‘ਤੁਸੀਂ ਮੇਰੇ ਘਰੋਂ ਬਾਹਰ ਹੋ ਜਾਵੋ। ਲੀੜੇ ਕੱਪੜੇ ਪੁਲੀਸ ਨੂੰ ਨਾਲ ਲੈ ਕੇ ਲੈ ਜਾਣਾ ਤੇ ਘਰ ਦੀਆਂ ਚਾਬੀਆਂ ਮੈਨੂੰ ਦੇ ਜਾਵੋ।’’
ਗੱਲ ਇਉਂ ਹੋਈ ਕਿ ਜ਼ੋਰਾਵਰ ਦੀ ਮੌਤ ਪਿੱਛੋਂ ਬਲਦੇਵ ਸਿੰਘ ਤੇ ਜ਼ੋਰਾਵਰ ਦੀ ਪਤਨੀ ਹਰਲੀਨ ਵਿਚਕਾਰ ਪੈਸਿਆਂ ਦਾ ਝਗੜਾ ਛਿੜ ਗਿਆ। ਕਾਨੂੰਨੀ ਤੌਰ ’ਤੇ ਜੋ ਕੁਝ ਜ਼ੋਰਾਵਰ ਦਾ ਸੀ ਉਸ ਉੱਪਰ ਹਰਲੀਨ ਦਾ ਹੱਕ ਬਣਦਾ ਸੀ ਪਰ ਬਲਦੇਵ ਸਿੰਘ ਨੂੰ ਇਹ ਮਨਜ਼ੂਰ ਨਹੀਂ ਸੀ। ਉਹ ਜ਼ੋਰਾਵਰ ਦੇ ਬੈਂਕ ਬੈਲੇਂਸ ’ਤੇ ਆਪਣਾ ਅਧਿਕਾਰ ਸਮਝਦਾ ਸੀ। ਇਹ ਖਿੱਚੋਤਾਣ ਤੇ ਖਹਿੜਬਾਜ਼ੀ ਸਵੇਰ ਵਾਲੇ ਝਗੜੇ ਦੀ ਜੜ ਸੀ।
ਸਵੇਰੇ ਉੱਠਣ ਸਾਰ ਬਲਦੇਵ ਸਿੰਘ, ਹਰਲੀਨ ਨੂੰ ਆਖਣ ਲੱਗਾ, “ਭਾਈ! ਅੱਜ ਬੈਂਕ ਜਾ ਕੇ ਕੰਮ ਮੁਕਾ ਹੀ ਆਈਏ। ਸਾਡਾ ਪੁੱਤ ਸੀ ਉਹ... ਸਾਡਾ ਵੀ ਹੱਕ ਬਣਦਾ ਆ ਉਸ ਦੇ ਪੈਸੇ ਧੇਲੇ ’ਤੇ। ਅਸੀਂ ਕੀ ਖੱਟਿਆ ਏਥੇ ਆ ਕੇ। ਪੁੱਤ ਕੀ ਗਿਆ ...ਅਸੀਂ ਤਾਂ ਮੰਗਤੇ ਬਣੇ ਗਏ। ਧੇਲਾ ਨ੍ਹੀਂ ਮੇਰੀ ਜੇਬ ਵਿੱਚ। ਉਹ ਜਿਊਂਦਾ ਸੀ ਤਾਂ ਕਦੇ ਮੇਰੀ ਜੇਬ ਖਾਲੀ ਨਹੀਂ ਸੀ ਹੋਈ ਤੇ ਹੁਣ...ਵਾਹਿਗੁਰੂ ਨੂੰ ਪਤਾ ਸਾਡੇ ਨਾਲ ਕੀ ਬੀਤਦੀ ਆ!” ਬਲਦੇਵ ਸਿੰਘ ਦੇ ਸ਼ਬਦਾਂ ਨੇ ਹਰਲੀਨ ਦੇ ਸੱਤੀਂ ਕੱਪੜੀਂ ਅੱਗ ਲਾ ਦਿੱਤੀ।
“ਦੇਖੋ! ਮੇਰੇ ਤੋਂ ਨਹੀਂ ਇਹ ਰੋਜ਼ ਰੋਜ਼ ਦਾ ਕੰਜਰਖਾਨਾ ਸਹਿ ਹੁੰਦਾ। ਮੈਂ ਤਾਂ ਸੋਚਦੀ ਸੀ ਤੁਸੀਂ ਮੇਰਾ ਸਹਾਰਾ ਬਣੋਗੇ ਪਰ ਤੁਸੀਂ ਤਾਂ ਮੈਨੂੰ ਹੀ ਚੱਬਣ ਲੱਗ ਪਏ। ਜ਼ੋਰਾਵਰ ਮੇਰਾ ਪਤੀ ਸੀ...ਮੈਂ ਹੀ ਜਾਣਦੀ ਆਂ ਮੇਰੇ ’ਤੇ ਜੋ ਬੀਤ ਰਹੀ ਹੈ। ਤੁਹਾਨੂੰ ਉਸ ਦੀ ਮੌਤ ਨਾਲ ਕੀ, ਤੁਹਾਨੂੰ ਤਾਂ ਪੈਸਾ ਚਾਹੀਦਾ ਆ। ਬੈਂਕ ’ਚ ਸਭ ਕੁਝ ਸਾਡਾ ਸਾਂਝਾ ਸੀ ਤੇ ਇਹ ਘਰ ਸਾਡੇ ਦੋਵਾਂ ਦੇ ਨਾਂ ’ਤੇ ਹੈ... ਕਿਵੇਂ ਮਿਲੂ ਤੁਹਾਨੂੰ? ਕਿਹੜਾ ਤੁਹਾਡਾ ਕਾਨੂੰਨ ਹੈ। ਆਪੇ ਹੀ ਕਾਨੂੰਨ ਘੜੀ ਜਾਂਦੇ ਹੋ। ਅਨਪੜ੍ਹ ਕਿਸੇ ਥਾਂ ਦੇ!”
ਬਲਦੇਵ ਸਿੰਘ ਭੁੱਲ ਗਿਆ ਕਿ ਉਹ ਕੈਨੇਡਾ ’ਚ ਬੈਠਾ ਹੈ। ਉਸ ਨੇ ਹਰਲੀਨ ਵੱਲ ਚਪੇੜ ਚੁੱਕੀ ਪਰ ਕਰਤਾਰ ਕੁਰ ਨੇ ਉਸ ਦੀ ਬਾਂਹ ਫੜ ਲਈ।
ਬਲਦੇਵ ਸਿੰਘ ਨੇ ਕਰਤਾਰ ਕੁਰ ਨੂੰ ਪੂਰੇ ਜ਼ੋਰ ਨਾਲ ਧੱਕਾ ਤਾਂ ਦਿੱਤਾ ਪਰ ਚੰਗੀ ਕਿਸਮਤ ਨੂੰ ਉਹ ਸੋਫ਼ੇ ’ਤੇ ਜਾ ਡਿੱਗੀ ਤੇ ਸੱਟ ਚੋਟ ਤੋਂ ਬਚ ਗਈ।
“ਇਸ ਤੋਂ ਪਹਿਲਾਂ ਕਿ ਮੈਂ ਪੁਲੀਸ ਨੂੰ ਫੋਨ ਕਰਾਂ, ਮੇਰੇ ਘਰ ’ਚੋਂ ਬਾਹਰ ਹੋ ਜਾਵੋ... ਤੁਹਾਨੂੰ ਪਤਾ ਹੋਣਾ ਚਾਹੀਦੈ ਕਿ ਤੁਸੀਂ ਇਸ ਵੇਲੇ ਮੇਰੇ ਟੁਕੜਿਆਂ ’ਤੇ ਪਲ ਰਹੇ ਹੋ। ਬਾਹਰ ਹੋ ਜਾਓ... ਨਹੀਂ ਤਾਂ ਪੁਲੀਸ ਆ ਕੇ ਤੁਹਾਡੇ ਨਾਲ ਨਿੱਬੜੂ!”
ਬਲਦੇਵ ਸਿੰਘ ‘ਪੁਲੀਸ’ ਸ਼ਬਦ ਸੁਣ ਕੇ ਤ੍ਰਬਕ ਗਿਆ ਤੇ ਕਰਤਾਰ ਕੁਰ ਨੂੰ ਆਖਣ ਲੱਗਾ, “ਉੱਠ ਤੁਰ! ਕੀ ਵੇਹਨੀਂ ਏ ਮੇਰੇ ਵੱਲ। ਹੁਣ ਕੋਈ ਕਸਰ ਬਾਕੀ ਆ ਬੇਇੱਜ਼ਤੀ ਦੀ...!”
ਉਸ ਦੇ ਤ੍ਰਬਕਣ ਦਾ ਕਾਰਨ ਇਹ ਵੀ ਸੀ ਉਹ ਵਿਜ਼ਿਟਰ ਵੀਜ਼ੇ ’ਤੇ ਸੀ। ਜੇਕਰ ਪੁਲੀਸ ਆ ਜਾਂਦੀ ਤਾਂ ਉਨ੍ਹਾਂ ਨੂੰ ਪੁਲੀਸ ਨੇ ਫੜ ਕੇ ਤੁਰੰਤ ਵਾਪਸ ਭਾਰਤ ਭੇਜ ਦੇਣਾ ਸੀ। ਕੀ ਰਹਿਣੀ ਸੀ ਉਨ੍ਹਾਂ ਦੀ ਇੱਜ਼ਤ। ਪਿੰਡ ’ਚ ਵੱਖ ਤਰ੍ਹਾਂ ਦੀਆਂ ਗੱਲਾਂ ਹੋਣੀਆਂ ਸਨ। ਗੱਲਾਂ ਨੂੰ ਤਾਂ ਖੰਭ ਲੱਗ ਜਾਂਦੇ ਆ...ਮੂੰਹ ’ਚੋਂ ਨਿਕਲੀ ਨ੍ਹੀਂ ਤੇ ਉੱਡੀ ਨ੍ਹੀਂ!
ਘਰੋਂ ਨਿਕਲਣ ਦਾ ਸੀਨ ਯਾਦ ਕਰਕੇ ਬਲਦੇਵ ਸਿੰਘ ਦੀ ਧਾਹ ਨਿਕਲ ਗਈ। ਕਰਤਾਰ ਕੌਰ ਨੇ ਉਸ ਦਾ ਮੋਢਾ ਹਲੂਣਿਆ ਤੇ ਕਹਿਣ ਲੱਗੀ, “ਸਰਦਾਰਾ ਇਉਂ ਚਿੱਤ ਹੌਲਾ ਕੀਤਿਆਂ ਨ੍ਹੀਂ ਸਰਨਾ। ਜੋ ਹੋਣਾ ਸੀ ਉਹ ਹੋ ਗਿਆ। ਹੁਣ ਇਹ ਸੋਚ ਬਈ ਕਿੱਧਰ ਜਾਣਾ ਆ। ਦਿਨ ਚੜ੍ਹਦਾ ਨਹੀਂ ਦਿਨ ਢੱਲਦਾ ਆ... ਇਉਂ ਏਥੇ ਕਿੰਨਾ ਚਿਰ ਬੈਠਾਂਗੇ? ਮੈਂ ਬਥੇਰਾ ਤੈਨੂੰ ਸਮਝਾਇਆ ਕਿ ਆਰਾਮ ਨਾਲ ਮਿੱਠਾ ਪਿਆਰਾ ਹੋ ਕੇ ਚਾਰ ਦਿਹਾੜੇ ਕੱਟ ਲੈ। ਜੇ ਮੇਰੀ ਮਾੜੀ ਮੋਟੀ ਸੁਣੀ ਹੁੰਦੀ ਤਾਂ ਆਹ ਦਿਨ ਨਾ ਵੇਖਣਾ ਪੈਂਦਾ।”
ਏਨਾ ਕਹਿ ਕੇ ਉਹ ਅੱਖਾਂ ਦੇ ਕੋਏ ਪੂੰਝਣ ਲੱਗ ਪਈ।
ਬਲਦੇਵ ਸਿੰਘ ਤਾਂ ਪਹਿਲਾਂ ਹੀ ਪਸੀਜਿਆ ਪਿਆ ਸੀ। ਇੱਕ ਖ਼ਿਆਲ ਆਉਂਦਾ ਇੱਕ ਖ਼ਿਆਲ ਜਾਂਦਾ। ਆਖਿਰ ਉਸ ਨੂੰ ਖ਼ਿਆਲ ਆਇਆ ਕਿ ਕਿਉਂ ਨਾ ਸੰਦੀਪ ਨੂੰ ਫੋਨ ਕਰਕੇ ਦੇਖਾਂ। ਫਿਰ ਰੁਕ ਗਿਆ...।
ਸੰਦੀਪ ਉਨ੍ਹਾਂ ਦੇ ਪਿੰਡ ਦਾ ਮੁੰਡਾ ਸੀ। ਉਸ ਦੇ ਮਾਂ-ਬਾਪ ਪਿੰਡ ਦੀਆਂ ਗਲੀਆਂ ਨਾਲੀਆਂ ਦੀ ਸਾਫ਼ ਸਫ਼ਾਈ ਕਰਿਆ ਕਰਦੇ ਸਨ। ਸੰਦੀਪ ਨੇ ਅੰਤਾਂ ਦੀ ਗ਼ਰੀਬੀ ਵਿੱਚ ਰਹਿ ਕੇ ਪਤਾ ਨਹੀਂ ਕਿਵੇਂ ਤੇ ਕਿਹੜੇ ਹਾਲਾਤ ਵਿੱਚ ਬੀਟੈੱਕ ਦੀ ਡਿਗਰੀ ਲੈ ਲਈ ਤੇ ਉਹ ਨੰਬਰ ਸਿਸਟਮ ’ਤੇ ਕੈਨੇਡਾ ਆ ਗਿਆ ਤੇ ਏਥੇ ਹੀ ਉਹ ਕਿਸੇ ਇਮੀਗ੍ਰੰਟ ਪੰਜਾਬਣ ਕੁੜੀ ਨੀਰੂ ਨਾਲ ਵਿਆਹ ਕਰਵਾ ਕੇ ਸੈਟਲ ਹੋ ਗਿਆ।
ਕੈਨੇਡਾ ਰਹਿੰਦਿਆਂ ਸੰਦੀਪ ਤੇ ਜ਼ੋਰਾਵਰ ਦੀ ਆਪਸ ਵਿੱਚ ਚੰਗੀ ਦੋਸਤੀ ਹੋ ਗਈ ਸੀ। ਉਹ ਭਰਾਵਾਂ ਵਾਂਗ ਆਪਸ ਵਿੱਚ ਵਰਤਣ ਲੱਗੇ। ਹਰ ਵੀਕਐੰਂਡ ’ਤੇ ਕਦੇ ਸੰਦੀਪ ਦੇ ਘਰ ਮਹਿਫ਼ਲ ਲੱਗਦੀ ਤੇ ਕਿਤੇ ਜ਼ੋਰਾਵਰ ਦੇ ਘਰ ਪਰ ਇਸ ਗੱਲ ਤੋਂ ਬਲਦੇਵ ਸਿੰਘ ਬਹੁਤ ਖਿੱਝਦਾ। ਉਹ ਅਕਸਰ ਆਪਣੇ ਪੁੱਤ ਜ਼ੋਰਾਵਰ ਨੂੰ ਆਖਦਾ ਕਿ ਦੇਖ ਆਪਾਂ ਜੱਟ ਸਰਦਾਰ ਆਂ, ਨਿੱਕੀ ਸੁੱਕੀ ਜਾਤ ਨਾਲ ਵਰਤ ਵਰਤਾਵਾ ਸਾਨੂੰ ਸ਼ੋਭਦਾ ਨਹੀਂ। ਕਿੱਥੇ ਅਸੀਂ ਤੇ ਕਿੱਥੇ ਇਹ... ਪਿੰਡ ਦਾ ਗੰਦ ਸਾਫ਼ ਕਰਨ ਵਾਲੇ। ਸਾਰੀ ਉਮਰ ਇਨ੍ਹਾਂ ਦੇ ਬੁੜ੍ਹੇ-ਬੁੜ੍ਹੀ ਨੇ ਪਿੰਡ ਦਾ ਕੂੜਾ ਢੋਇਆ ਤੇ ਨਾਲੀਆਂ ਸਾਫ਼ ਕੀਤੀਆਂ...ਤੇ ਹੁਣ ਇਹ ਸਾਡੀ ਬਰਾਬਰੀ ਕਰਨ ਲੱਗ ਪਏ ਆ। ਜਾਤ ਤਾਂ ਧੋਤੀ ਨ੍ਹੀਂ ਜਾਂਦੀ... ਨਾਲ ਹੀ ਰਹਿੰਦੀ ਆ ਬੰਦੇ ਦੇ ਜਨਮ ਤੋਂ ਮਰਨ ਤੱਕ।
ਜ਼ੋਰਾਵਰ ਆਪਣੇ ਬਾਪ ਨੂੰ ਬਥੇਰਾ ਸਮਝਾਉਂਦਾ ਤੇ ਕਹਿੰਦਾ, “ਦੇਖੋ ਬਾਪੂ ਜੀ... ਜੇਕਰ ਅਸੀਂ ਬਾਬੇ ਨਾਨਕ ਦੇ ਸਿੱਖ ਆਂ ਤੇ ਅਸੀਂ ਗੁਰੂਆਂ ਦੀ ਬਾਣੀ ਵਿੱਚ ਯਕੀਨ ਰੱਖਦੇ ਹਾਂ ਤਾਂ ਸਾਨੂੰ ਗੁਰੂਆਂ ਦੀ ਮੰਨਣੀ ਵੀ ਚਾਹੀਦੀ ਹੈ। ਉਨ੍ਹਾਂ ਦੀ ਬਾਣੀ ਅਨੁਸਾਰ ਬੰਦਾ ਜਾਤ ਤੋਂ ਨਹੀਂ ਬਲਕਿ ਆਪਣੇ ਕਿਰਦਾਰ ਤੋਂ ਪਛਾਣਿਆ ਜਾਂਦਾ ਹੈ। ਇਹ ਜਾਤ ਪਾਤ ਰੱਬ ਨੇ ਨਹੀਂ ਬਣਾਈ, ਬੰਦੇ ਨੇ ਆਪਣੇ ਸੁਆਰਥ ਲਈ ਆਪ ਬਣਾਈ ਹੈ। ਤੁਹਾਡੇ ਵਰਗੇ ਗੁਰੂ ਦੇ ਸਿੱਖ ਨੂੰ ਅਜਿਹੀਆਂ ਗੱਲਾਂ ਨਹੀਂ ਸ਼ੋਭਦੀਆਂ।”
ਪਰ ਬਲਦੇਵ ਸਿੰਘ ’ਤੇ ਇਨ੍ਹਾਂ ਗੱਲਾਂ ਦਾ ਕੋਈ ਅਸਰ ਨਾ ਹੁੰਦਾ। ਜਦੋਂ ਵੀ ਸੰਦੀਪ ਤੇ ਉਸ ਦੀ ਪਤਨੀ ਨੀਰੂ ਉਨ੍ਹਾਂ ਦੇ ਘਰ ਆਉਂਦੇ ਤਾਂ ਉਹ ਅੰਦਰ ਆਪਣੇ ਕਮਰੇ ’ਚ ਜਾ ਬੈਠਦਾ। ਉਨ੍ਹਾਂ ਦੇ ਗਿਆਂ ਤੋਂ ਹੀ ਬਾਹਰ ਨਿਕਲਦਾ ਤੇ ਕਰਤਾਰ ਕੌਰ ਨੂੰ ਮਿਹਣੇ ਮਾਰਦਾ ਕਿ ਤੈਨੂੰ ਉਨ੍ਹਾਂ ਨਾਲ ਬਹਿ ਕੇ ਖਾਣ ਨਾਲ ਰੋਟੀ ਜ਼ਿਆਦਾ ਸਵਾਦ ਲੱਗਦੀ ਆ। ਕਰਤਾਰ ਕੌਰ ਜਵਾਬ ਵਿੱਚ ਏਹੀ ਆਖਦੀ ਕਿ ਰੱਬ ਤੋਂ ਡਰਿਆ ਕਰ ਕਿਉਂ ਪੁੱਠੀਆਂ ਗੱਲਾਂ ਕਰਕੇ ਮਨ ਦਾ ਸੁਖ ਆਰਾਮ ਗਵਾਉਂਦੈ। ਸਿਆਣਾ ਬਣ! ਮੁੰਡਾ ਗ਼ਲਤ ਨ੍ਹੀਂ ਕਹਿੰਦਾ। ਪਰ ਬਲਦੇਵ ਸਿੰਘ ਤੇ ਭੋਰਾ ਅਸਰ ਨਾ ਹੁੰਦਾ। ਉਹ ਓਹੀ ਰੱਟ ਲਾਈ ਰੱਖਦਾ। ਇੱਥੋਂ ਤੱਕ ਕਿ ਇੱਕ ਦਿਨ ਤਾਂ ਉਹ ਸਾਰੀਆਂ ਹੱਦਾਂ ਟੱਪ ਗਿਆ।
ਸੰਦੀਪ ਤੇ ਨੀਰੂ ਸ਼ੁੱਕਰਵਾਰ ਦੀ ਸ਼ਾਮ ਉਨ੍ਹਾਂ ਦੇ ਘਰ ਆਏ ਹੋਏ ਸਨ। ਹਰਲੀਨ ਫੁਲਕੇ ਲਾਹ ਰਹੀ ਸੀ ਤੇ ਨੀਰੂ ਸਾਰਿਆਂ ਲਈ ਸਲਾਦ ਕੱਟ ਲੱਗਣ ਪਈ। ਬਲਦੇਵ ਤੋਂ ਜਰਿਆ ਨਾ ਗਿਆ ਤੇ ਗੁੱਸੇ ’ਚ ਕਹਿਣ ਲੱਗਾ, “ਦੇਖ ਭਾਈ ਹਰਲੀਨ! ਕਿਸੇ ਓਪਰੇ ਨੂੰ ਰਸੋਈ ਵਿੱਚ ਨਾ ਵੜਨ ਦਿਆ ਕਰ। ਕੰਮ ਆਪ ਕਰ ਲਿਆ ਕਰ ਜਾਂ ਕਰਤਾਰ ਕੁਰ ਨੂੰ ਕਹਿ ਦਿਆ ਕਰ।”
ਬਲਦੇਵ ਸਿੰਘ ਦੀ ਇਹ ਗੱਲ ਸੁਣ ਤਾਂ ਸਾਰਿਆਂ ਨੇ ਲਈ ਤੇ ਸਭ ਨੇ ਸੁਣੀ ਅਣਸੁਣੀ ਕਰ ਦਿੱਤੀ। ਸੰਦੀਪ ਦਾ ਚਿੱਤ ਤਾਂ ਕੀਤਾ ਕਿ ਉਹ ਇਕਦਮ ਘਰ ’ਚੋਂ ਬਾਹਰ ਹੋ ਜਾਵੇ ਤੇ ਮੁੜਕੇ ਕਦੇ ਇਸ ਘਰ ਦਾ ਬੂਹਾ ਨਾ ਦੇਖੇ ਪਰ ਜ਼ੋਰਾਵਰ ਨਾਲ ਦੋਸਤੀ ਨੇ ਉਸ ਨੂੰ ਰੋਕ ਲਿਆ।
ਸੰਦੀਪ ਤੇ ਨੀਰੂ ਦੇ ਜਾਣ ਪਿੱਛੋਂ ਜ਼ੋਰਾਵਰ ਨੇ ਆਪਣੇ ਬਾਪ ਨੂੰ ਅੱਗੇ ਤੋਂ ਅਜਿਹਾ ਨਾ ਕਰਨ ਦੀ ਪੱਕੀ ਹਦਾਇਤ ਕਰ ਦਿੱਤੀ। ਉਸ ਦਿਨ ਤਾਂ ਕਰਤਾਰ ਕੁਰ ਨੇ ਵੀ ਬਲਦੇਵ ਸਿੰਘ ਨੂੰ ਆਖ ਦਿੱਤਾ,“ਤੇਰੀ ਗੰਦੀ ਜ਼ੁਬਾਨ ਕਿਸੇ ਦਿਨ ਕੋਈ ਵੱਡਾ ਕਾਰਾ ਕਰਵਾ ਕੇ ਰਹੂ। ਜੇ ਇਉਂ ਹੀ ਕਰਨਾ ਹੈ ਤਾਂ ਚੱਲ ਮੁੜ ਜਾ ਪਿੰਡ ਨੂੰ। ਤੇਰੇ ਵਰਗੇ ਏਥੇ ਆ ਕੇ ਵੀ ਜਾਤ-ਪਾਤ ਦਾ ਗੰਦ ਪਾਉਣੋਂ ਨਹੀਂ ਟਲਦੇ। ਦੋਵੇਂ ਮੁੰਡੇ ਪਰਦੇਸਾਂ ’ਚ ਭਰਾਵਾਂ ਵਾਂਗ ਰਹਿੰਦੇ ਆ... ਇੱਕ ਦੂਜੇ ਦਾ ਸਹਾਰਾ ਦੋਵਾਂ ਨੂੰ। ਤੇਰਾ ਕਾਲਜਾ ਕਿਉਂ ਮੱਚਦਾ ਰਹਿੰਦੈ। ਤੈਥੋਂ ਜਵਾਕਾਂ ਦਾ ਮੋਹ ਪਿਆਰ ਜਰਿਆ ਨ੍ਹੀਂ ਜਾਂਦੈ। ਆਇਆ ਵੱਡਾ ਇਹ ਵੱਡੀ ਜਾਤ ਵਾਲਾ। ਮੈਂ ਤਾਂ ਮੁੰਡੇ ਨੂੰ ਆਖ ਦੇਣਾ ਕਿ ਇਹਦੀ ਸੀਟ ਬੁੱਕ ਕਰਵਾ ਕੇ ਤੋਰ ਦੇ ਪਿੰਡ ਨੂੰ।”
... ਤੇ ਜਿਉਂ ਜਿਉਂ ਦਿਨ ਢਲਦਾ ਜਾਂਦਾ ਸੀ, ਬਲਦੇਵ ਸਿੰਘ ਦੀ ਚਿੰਤਾ ਵਧਦੀ ਜਾਂਦੀ ਸੀ। ਫ਼ਿਕਰ ਤਾਂ ਕਰਤਾਰ ਕੁਰ ਨੂੰ ਵੀ ਬਥੇਰਾ ਸੀ ਪਰ ਉਹ ਸ਼ਾਂਤ ਸੀ। ਉਹ ਬਲਦੇਵ ਸਿੰਘ ਨੂੰ ਟਕੋਰ ਵੀ ਲਾ ਜਾਂਦੀ ਸੀ ਕਿ ਇੱਕ ਦਿਨ ਅਜਿਹਾ ਹੋਣਾ ਹੀ ਸੀ। ਕਰਤਾਰ ਕੁਰ ਨੂੰ ਵੀ ਢਲਦੇ ਦਿਨ ਦੀ ਚਿੰਤਾ ਸੀ ਪਰ ਉਹ ਸੋਚਦੀ ਕਿ ਇਹ ਆਪੇ ਕੁਝ ਨਾ ਕੁਝ ਕਰੂਗਾ ਈ। ਫ਼ਿਕਰ ਤਾਂ ਉਸ ਨੂੰ ਵੀ ਸੀ ਪਰ ਉਹ ਬਲਦੇਵ ਸਿੰਘ ’ਤੇ ਸਾਰੀ ਗੱਲ ਸੁੱਟ ਬੈਠੀ ਰਹੀ।
ਬਲਦੇਵ ਸਿੰਘ ਦੀ ਲਾਚਾਰੀ ਉਸ ਦੀਆਂ ਅੱਖਾਂ ਥਾਣੀਂ ਵਹਿ ਤੁਰੀ। ਉਸ ਨੇ ਆਪਣੀ ਪੱਗ ਦਾ ਲੜ ਢਿੱਲਾ ਕਰਕੇ ਅੱਖਾਂ ਪੱਗ ਦੇ ਲੜ ਨਾਲ ਪੂੰਝ ਕੇ ਦੁਬਾਰਾ ਟੰਗ ਲਿਆ। ਉਸ ਦੀਆਂ ਅੱਖਾਂ ’ਚੋਂ ਵਗਿਆ ਨੀਰ ਦੇਖ ਕੇ ਕਰਤਾਰ ਕੌਰ ਦੀਆਂ ਅੱਖਾਂ ’ਚੋਂ ਵੀ ਹੰਝੂ ਕਿਰੇ ਜਿਹੜੇ ਪਾਰਕ ਦੇ ਹਰੇ ਘਾਹ ਨੇ ਪੀ ਲਏ।
ਢਲਦਾ ਦਿਨ ਦੇਖ ਕੇ ਬਲਦੇਵ ਸਿੰਘ ਨੇ ਆਪਣੀ ਜੇਬ ’ਚੋਂ ਫੋਨ ਕੱਢਿਆ ਤੇ ਕਰਤਾਰ ਕੁਰ ਨਾਲ ਸਲਾਹ ਮਸ਼ਵਰਾ ਕੀਤੇ ਬਿਨਾਂ ਹੀ ਸੰਦੀਪ ਦਾ ਨੰਬਰ ਘੁੰਮਾ ਲਿਆ। ਸੰਦੀਪ ਨੇ ਫੋਨ ਨਾ ਚੁੱਕਿਆ। ਬਲਦੇਵ ਸਿੰਘ ਦੇ ਦਿਮਾਗ਼ ਵਿੱਚ ਖ਼ਿਆਲ ਆਇਆ ਕਿ ਹੋ ਸਕਦਾ ਹੈ ਕਿ ਉਸ ਦੀ ਨੂੰਹ ਨੇ ਸੰਦੀਪ ਨੂੰ ਦੱਸ ਦਿੱਤਾ ਹੋਵੇ ਕਿ ਉਸ ਨੇ ਸਾਨੂੰ ਘਰੋਂ ਕੱਢ ਦਿੱਤਾ ਹੈ। ਨਹੀਂ ਤਾਂ ਉਸ ਨੇ ਫੋਨ ਚੁੱਕ ਲੈਣਾ ਸੀ। ਸੰਦੀਪ ਵੀ ਤਾਂ ਓਹਦਾ ਹੀ ਪੱਖ ...ਲਊ!
“ਐਸ ਵੇਲੇ ਉਸ ਨੇ ਕਿੱਥੇ ਜਾਣਾ ਆ? ਅੱਜ ਤਾਂ ਉਸ ਨੂੰ ਛੁੱਟੀ ਹੈ। ਚੱਲ ਕੁਝ ਦੇਰ ਠਹਿਰ ਕੇ ਫੋਨ ਕਰਦਾਂ ਨਹੀਂ ਤਾਂ ਫਿਰ ਕੁਝ ਹੋਰ ਸੋਚਣਾ ਪਊ।” ਉਹ ਖ਼ਿਆਲਾਂ ਦੀ ਉਧੇੜ ਬੁਣ ’ਚ ਉਲਝਿਆ ਹੋਇਆ ਸੀ।
ਤੇ ਫਿਰ ਉਹ ਸੀਨ ਜਿਸ ਦਿਨ ਸੰਦੀਪ ਤੇ ਉਸ ਦੀ ਪਤਨੀ ਉਨ੍ਹਾਂ ਨੂੰ ਮਿਲਣ ਆਏ ਸੀ। ਮੇਜ਼ ’ਤੇ ਪਾਈ ਰੋਟੀ ਛੱਡ ਕੇ ਉਹ ਕਮਰੇ ’ਚ ਜਾ ਬੈਠਾ ਸੀ, ਯਾਦ ਆ ਗਿਆ। ਇਹ ਉਸ ਦਾ ਹੰਕਾਰ ਸੀ ਕਿ ਪਿੰਡ ’ਚੋਂ ਜਿਸ ਦਾ ਪਿਓ ਪਿੰਡ ਦੀਆਂ ਗਲੀਆਂ ਨਾਲੀਆਂ ਸਾਫ਼ ਕਰਦਾ ਰਿਹਾ ਹੋਵੇ, ਅੱਜ ਉਹ ਉਨ੍ਹਾਂ ਦੇ ਬਰਾਬਰ ਬੈਠ ਕੇ ਰੋਟੀ ਖਾਵੇ।
ਬਲਦੇਵ ਨੂੰ ਖ਼ਿਆਲ ਆਇਆ ਕਿ ਸ਼ਾਇਦ ਸੰਦੀਪ ਉਸ ਦਾ ਫੋਨ ਨਹੀਂ ਚੁੱਕੇਗਾ। ਪਹਿਲਾਂ ਗੱਲ ਹੋਰ ਸੀ। ਓਦੋਂ ਜ਼ੋਰਾਵਰ ਜਿਊਂਦਾ ਸੀ। ਉਹ ਇਹਦਾ ਯਾਰ ਸੀ। ਅਸੀਂ ਕੀ ਲੱਗਦੇ ਆਂ ਇਹਦੇ। ਨਾਲੇ ਅਸੀਂ ਕਿਹੜਾ ਕਦੇ ਇਸ ਨੂੰ ਪਿਆਰ ਨਾਲ ਬੁਲਾਇਆ ਆ!
ਉਸ ਨੂੰ ਜਾਪਿਆ ਜਿਵੇਂ ਖ਼ਿਆਲਾਂ ਨੇ ਉਸ ਨੂੰ ਘੇਰ ਲਿਆ ਹੈ ਤੇ ਘੇਰੇ ’ਚੋਂ ਨਿਕਲਣ ਲਈ ਕੋਈ ਵਿਰਲ ਨਹੀਂ ਸੀ ਮਿਲ ਰਹੀ। ਬਲਦੇਵ ਸਿੰਘ ਦੇ ਕਾਲਜੇ ’ਚ ਭੁੱਖ ਦੀ ਧੂਹ ਜੇਹੀ ਪਈ ਤੇ ਉਹ ਕਰਤਾਰ ਕੁਰ ਨੂੰ ਕਹਿਣ ਲੱਗਾ, “ਆਹ ਦੇਈਂ ਇੱਕ ਗੋਲੀ।”
ਕਰਤਾਰ ਕੁਰ ਨੇ ਅਜੇ ਗੋਲੀ ਤੋਂ ਪੇਪਰ ਲਾਹ ਕੇ ਉਸ ਨੂੰ ਫੜਾਈ ਹੀ ਸੀ ਕਿ ਬਲਦੇਵ ਸਿੰਘ ਦੇ ਕੋਲ ਬੈਂਚ ’ਤੇ ਪਿਆ ਫੋਨ ਖੜਕ ਪਿਆ। ਉਸ ਨੇ ਕਾਹਲ ਨਾਲ ਫੋਨ ਚੁੱਕਿਆ ਤੇ ਹੈਲੋ ਆਖੀ। ਅਗਲੇ ਪਾਸੇ ਤੋਂ ਸੰਦੀਪ ਬੋਲ ਰਿਹਾ ਸੀ।
“ਕੀ ਹਾਲ ਹੈ ਪੁੱਤ ਸੰਦੀਪ...।” ਬਲਦੇਵ ਸਿੰਘ ਨੇ ਬੜੇ ਪਿਆਰ ਨਾਲ ਕਿਹਾ।
ਸੰਦੀਪ ਨੂੰ ਬਲਦੇਵ ਸਿੰਘ ਦੀ ਆਵਾਜ਼ ’ਤੇ ਕੁਝ ਸ਼ੱਕ ਜਿਹਾ ਹੋਇਆ। ਉਸ ਦੀ ਆਵਾਜ਼ ਦੀ ਟੋਨ ਪਹਿਲਾਂ ਨਾਲੋਂ ਵੱਖਰੀ ਸੀ।
“ਅਸੀਂ ਸਭ ਠੀਕ ਠਾਕ ਹਾਂ। ਤੁਸੀਂ ਸੁਣਾਓ ਕਿਵੇਂ ਹੋ।” ਸੰਦੀਪ ਨੇ ਬੜੇ ਅਦਬ ਨਾਲ ਪੁੱਛਿਆ।
ਬਲਦੇਵ ਸਿੰਘ ਕੁਝ ਝਿਜਕਿਆ। ਉਸ ਨੂੰ ਇਕਦਮ ਯਾਦ ਆ ਗਿਆ ਕਿ ਕਿਵੇਂ ਉਸ ਨੇ ਗੱਲਾਂ ਗੱਲਾਂ ਵਿੱਚ ਸੰਦੀਪ ਤੇ ਉਸ ਦੀ ਪਤਨੀ ਦੀ ਬੇਇੱਜ਼ਤੀ ਕੀਤੀ ਸੀ ਜਦੋਂ ਉਹ ਆਪਣੇ ਘਰੋਂ ਉਨ੍ਹਾਂ ਲਈ ਵੇਸਣ ਦੀ ਬਰਫ਼ੀ ਬਣਾ ਕੇ ਲਿਆਈ ਸੀ। ਉਸ ਨੇ ਬੜੀ ਬੇਸ਼ਰਮੀ ਅਤੇ ਬੇਰਹਿਮੀ ਨਾਲ ਆਖਿਆ ਸੀ, “ਏਥੇ ਆ ਕੇ ਤਾਂ ਕੋਹੜ ਕਿਰਲੀਆਂ ਵੀ ਸ਼ਤੀਰਾਂ ਨੂੰ ਜੱਫ਼ੇ ਪਾਉਣ ਲੱਗ ਜਾਂਦੀਆਂ ਆ।”
ਉਹ ਸ਼ਾਇਦ ਕੁਝ ਹੋਰ ਵੀ ਊਲ ਜਲੂਲ ਬੋਲ ਦਿੰਦਾ ਜੇਕਰ ਉਸ ਦੇ ਪੁੱਤ ਜ਼ੋਰਾਵਰ ਨੇ ਅੱਖਾਂ ਦੀ ਘੂਰ ਨਾਲ ਚੁੱਪ ਰਹਿਣ ਦਾ ਇਸ਼ਾਰਾ ਨਾ ਕੀਤਾ ਹੁੰਦਾ।
ਬਲਦੇਵ ਸਿੰਘ ਨੂੰ ਇਸ ਗੱਲ ਦੀ ਚਿੰਤਾ ਸੀ ਕਿ ਸੰਦੀਪ ਉਸ ਦੀ ਬੇਇੱਜ਼ਤੀ ਨਾ ਕਰ ਦੇਵੇ। ਹੁਣ ਝਿਜਕਣ ਦਾ ਵੇਲਾ ਨਹੀਂ ਸੀ। ਉਸ ਨੂੰ ਆਪਣੇ ਦਿਲ ਦੀ ਗੱਲ ਕਰਨੀ ਹੀ ਪੈਣੀ ਸੀ। ਗੱਲ ਜੋ ਕਹਿਣੀ ਚਾਹੁੰਦਾ ਸੀ, ਉਸ ਦੇ ਬੁੱਲ੍ਹਾਂ ’ਤੇ ਆ ਕੇ ਰੁਕ ਗਈ। ਬਲਦੇਵ ਸਿੰਘ ਦਾ ਸਾਰਾ ਸਰੀਰ ਕੰਬਣ ਲੱਗਾ। ਉਸ ਦਾ ਚਿੱਤ ਤਾਂ ਕੀਤਾ ਸੀ ਕਿ ਉਹ ਫੋਨ ਕੱਟ ਦੇਵੇ ਪਰ ਕੱਟਿਆਂ ਕਿੱਥੇ ਸਰਨਾ ਸੀ।
ਉਸ ਨੇ ਮਨ ਕਰੜਾ ਕਰ ਕੇ ਕਿਹਾ, “ਸੰਦੀਪ...ਮੈਂ ਤੇ ਤੇਰੀ ਚਾਚੀ ਸਵੇਰ ਤੋਂ ਹੀ ਪਾਰਕ ’ਚ ਬੈਠੇ ਆਂ। ਤੇਰੀ ਭਰਜਾਈ ਹਰਲੀਨ ਨੇ ਸਾਨੂੰ ਘਰੋਂ ਕੱਢ ਦਿੱਤਾ ਆ। ਪਤਾ ਨ੍ਹੀਂ ਲੱਗਦਾ ਹੁਣ ਕਿੱਥੇ ਜਾਈਏ?”
ਸੰਦੀਪ ਇਕਦਮ ਬੋਲ ਪਿਆ ,“ਚਾਚਾ ਜੀ... ਤੁਸੀਂ ਫ਼ਿਕਰ ਨਾ ਕਰੋ। ਮੈਂ ਹੁਣੇ ਆਇਆ। ਮੇਰੇ ਹੁੰਦਿਆਂ ਤੁਸੀਂ ਕਿੱਥੇ ਜਾਣਾ ਹੈ। ਸਾਡਾ ਘਰ ਤੁਹਾਡਾ ਆਪਣਾ ਘਰ ਹੈ।”
ਸੰਦੀਪ ਨੇ ਨੀਰੂ ਨੂੰ ਏਨਾ ਹੀ ਕਿਹਾ ਕਿ ਮੈਂ ਚਾਚਾ ਜੀ ਤੇ ਚਾਚੀ ਜੀ ਨੂੰ ਲੈਣ ਚੱਲਿਆ ਆਂ। ਤੂੰ ਰੋਟੀ ਪਾਣੀ ਦਾ ਪ੍ਰਬੰਧ ਕਰ।
ਨੀਰੂ ਨੂੰ ਕੁਝ ਪਤਾ ਨਹੀਂ ਸੀ ਕਿ ਸੰਦੀਪ ਉਨ੍ਹਾਂ ਨੂੰ ਕਿੱਥੋਂ ਲੈਣ ਚੱਲਿਆ ਹੈ। ਉਹ ਚਾਚਾ-ਚਾਚੀ ਸ਼ਬਦ ਤੋਂ ਸਮਝ ਗਈ ਸੀ ਕਿ ਉਹ ਬਲਦੇਵ ਸਿੰਘ ਤੇ ਕਰਤਾਰ ਕੁਰ ਨੂੰ ਲੈਣ ਗਿਆ ਹੈ।
ਸੰਦੀਪ ਨੇ ਜਿਉਂ ਹੀ ਪਾਰਕ ਦੀ ਪਾਰਕਿੰਗ ਵਿੱਚ ਕਾਰ ਲਾਈ ਤਾਂ ਦੂਰੋਂ ਹੀ ਬਲਦੇਵ ਸਿੰਘ ਤੇ ਕਰਤਾਰ ਕੁਰ ਨੂੰ ਬੈਂਚ ’ਤੇ ਬੈਠੇ ਦੇਖ ਲਿਆ। ਉਨ੍ਹਾਂ ਦੀ ਨਜ਼ਰ ਵੀ ਪਾਰਕਿੰਗ ਵੱਲ ਟਿਕੀ ਹੋਈ ਸੀ। ਸੰਦੀਪ ਨੇ ਬਿਨਾਂ ਕੋਈ ਸਵਾਲ ਕੀਤੇ ਉਨ੍ਹਾਂ ਨੂੰ ਆਪਣੀ ਕਾਰ ਵਿੱਚ ਬਿਠਾਇਆ ਤੇ ਪੰਦਰਾਂ ਮਿੰਟਾਂ ’ਚ ਆਪਣੇ ਘਰ ਲੈ ਆਇਆ।
ਬਲਦੇਵ ਸਿੰਘ ਨੇ ਕਹਾਣੀ ਸੁਣਾਉਣੀ ਸ਼ੁਰੂ ਕੀਤੀ ਪਰ ਸੰਦੀਪ ਨੇ ਵਿੱਚੋਂ ਹੀ ਟੋਕ ਦਿੱਤਾ ਤੇ ਕਿਹਾ, “ਚਾਚਾ ਜੀ ਪਹਿਲੀ ਗੱਲ ਤਾਂ ਇਹ ਕਿ ਤੁਸੀਂ ਮੈਨੂੰ ਓਦੋਂ ਹੀ ਕਿਉਂ ਨਹੀਂ ਦੱਸਿਆ। ਤੁਸੀਂ ਮੇਰੇ ਹੁੰਦਿਆਂ ਸਵੇਰ ਦੇ ਪਾਰਕ ਵਿੱਚ ਕਿਉਂ ਬੈਠੇ ਰਹੇ। ਮੈਨੂੰ ਤੁਸੀਂ ਬੇਗਾਨਾ ਕਿਉਂ ਸਮਝਿਆ। ਮੈਨੂੰ ਇਸ ਗੱਲ ਦਾ ਬਹੁਤ ਦੁੱਖ ਹੈ।”
ਸੰਦੀਪ ਦੀਆਂ ਗੱਲਾਂ ਸੁਣ ਕੇ ਬਲਦੇਵ ਸਿੰਘ ਤੇ ਕਰਤਾਰ ਕੌਰ ਦੀਆਂ ਅੱਖਾਂ ’ਚੋਂ ਤ੍ਰਿਪ ਤ੍ਰਿਪ ਪਾਣੀ ਵਹਿ ਤੁਰਿਆ। ਨੀਰੂ ਨੇ ਅੱਗੇ ਵਧ ਕੇ ਦੋਵਾਂ ਨੂੰ ਬੜੀ ਨਿੱਘੀ ਜਿਹੀ ਗਲਵੱਕੜੀ ਪਾਈ ਤੇ ਬੋਲੀ, “ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਮੈਂ ਕੰਮ ਨਹੀਂ ਕਰਦੀ। ਮੈਟਰਨਿਟੀ ਲੀਵ ’ਤੇ ਹਾਂ। ਮੈਨੂੰ ਓਦੋਂ ਹੀ ਫੋਨ ਕਰ ਦੇਣਾ ਸੀ!”
ਅੱਜ ਤਾਂ ਅਸੀਂ ਦੋਵੇਂ ਹੀ ਘਰ ਸਾਂ। ਸਾਡੇ ’ਚੋਂ ਇੱਕ ਜਣੇ ਨੇ ਓਸੇ ਵੇਲੇ ਹੀ ਆ ਜਾਣਾ ਸੀ। ਮੈਨੂੰ ਬੁਰਾ ਲੱਗ ਰਿਹੈ ਕਿ ਸਾਡੇ ਹੁੰਦਿਆਂ ਤੁਸੀਂ ਪਾਰਕ ਵਿੱਚ ਭੁੱਖੇ ਤਿਹਾਏ ਬੈਠੇ ਰਹੇ।”
ਨੀਰੂ ਨੇ ਜਲਦੀ ਜਲਦੀ ਰੋਟੀ ਬਣਾਈ ਤੇ ਬੜੇ ਅਦਬ ਨਾਲ ਉਨ੍ਹਾਂ ਨੂੰ ਖਵਾਈ ਤੇ ਸੌਣ ਦਾ ਕਮਰਾ ਦਿਖਾ ਦਿੱਤਾ। ਅਗਲੀ ਸਵੇਰੇ ਸੰਦੀਪ ਤੇ ਨੀਰੂ ਹਰਲੀਨ ਕੋਲੋਂ ਬਲਦੇਵ ਸਿੰਘ ਤੇ ਕਰਤਾਰ ਕੁਰ ਦੇ ਲੀੜੇ ਕੱਪੜੇ ਤੇ ਦਵਾਈ ਆਦਿ ਫੜ ਲਿਆਏ।
ਦੋ-ਤਿੰਨ ਦਿਨ ਸੰਦੀਪ ਦੇ ਘਰ ਰਹਿਣ ਮਗਰੋਂ ਬਲਦੇਵ ਸਿੰਘ ਸੰਦੀਪ ਨੂੰ ਆਖਣ ਲੱਗਾ, “ਪੁੱਤ ਸੰਦੀਪ ਅਸੀਂ ਕਿੰਨਾ ਚਿਰ ਤੇਰੇ ’ਤੇ ਬੋਝ ਬਣ ਕੇ ਬੈਠਾਂਗੇ। ਤੂੰ ਇਉਂ ਕਰ ਸਾਡਾ ਭਾਰਤ ਦਾ ਟਿਕਟ ਕਟਾ ਦੇ। ਅਸੀਂ ਪਿੰਡ ਜਾ ਕੇ ਤੇਰੇ ਖ਼ਾਤੇ ’ਚ ਪੈਸੇ ਪਾ ਦਿਆਂਗੇ ਜਾਂ ਤੇਰੇ ਬਾਪੂ ਨੂੰ ਦੇ ਦੇਵਾਂਗੇ।”
ਸੰਦੀਪ ਹੱਸਿਆ ਤੇ ਕਹਿਣ ਲੱਗਾ,“ਚਾਚਾ ਜੀ ਤੁਸੀਂ ਮੇਰੇ ’ਤੇ ਬੋਝ ਨਹੀਂ ਹੋ। ਤੁਸੀਂ ਜਿੰਨਾ ਚਿਰ ਚਾਹੋ ਸਾਡੇ ਨਾਲ ਰਹਿ ਸਕਦੇ ਹੋ। ਬੋਝ ਸ਼ਬਦ ਕਹਿ ਕੇ ਮੈਨੂੰ ਨੀਵਾਂ ਨਾ ਕਰੋ।”
ਬਲਦੇਵ ਸਿੰਘ ਨੂੰ ਕੁਝ ਸ਼ਰਮ ਜਿਹੀ ਮਹਿਸੂਸ ਹੋਈ ਤੇ ਸੋਚਣ ਲੱਗ ਪਿਆ ਕਿ ਜਿਸ ਨੂੰ ਮੈਂ ਹੁਣ ਤੱਕ ਨੀਵਾਂ ਸਮਝਦਾ ਰਿਹਾਂ, ਉਹ ਕਿੰਨਾ ਉੱਚਾ ਹੈ।
ਸੰਦੀਪ ਨੇ ਬਲਦੇਵ ਸਿੰਘ ਦੇ ਜ਼ੋਰ ਪਾਉਣ ’ਤੇ ਭਾਰਤ ਦੇ ਟਿਕਟ ਤੇ ਹੋਰ ਨਿੱਕ-ਸੁੱਕ ਲੈ ਦਿੱਤਾ। ਏਥੋਂ ਤੱਕ ਕਿ ਰਿਸ਼ਤੇਦਾਰਾਂ ਲਈ ਵੀ ਕੁਝ ਨਾ ਕੁਝ ਲੈ ਦਿੱਤਾ ਤਾਂ ਜੋ ਇਨ੍ਹਾਂ ਦੇ ਦਿਲ ਵਿੱਚ ਨਾ ਆਵੇ ਕਿ ਜੇ ਜ਼ੋਰਾਵਰ ਜਿਊਂਦਾ ਹੁੰਦਾ ਤਾਂ ਸਾਨੂੰ ਕੁਝ ਲੈ ਕੇ ਨਾ ਦਿੰਦਾ। ਸਾਨੂੰ ਖ਼ਾਲੀ ਹੱਥ ਨਾ ਤੋਰਦਾ। ਸੰਦੀਪ ਨੇ ਭਰਾਵਾਂ ਵਰਗੇ ਦੋਸਤ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਸਮਝ ਕੇ ਨਿਭਾਇਆ।
ਏਅਰਪੋਰਟ ’ਤੇ ਜਾਣ ਲੱਗਿਆਂ ਬਲਦੇਵ ਸਿੰਘ ਨੇ ਸੰਦੀਪ ਨੂੰ ਆਪਣੀਆਂ ਬਾਹਾਂ ’ਚ ਲੈਂਦਿਆਂ ਆਖ ਹੀ ਦਿੱਤਾ, “ਪੁੱਤਰਾ! ਮੈਨੂੰ ਮੁਆਫ਼ ਕਰੀਂ। ਅੱਜ ਤੱਕ ਮੇਰੇ ਅੰਦਰਲਾ ਜੱਟ ਤੈਨੂੰ ਨੀਵਾਂ ਸਮਝਦਾ ਰਿਹਾ। ਅੱਜ ਤੇਰੇ ਕਿਰਦਾਰ ਨੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ ਕਿ ਨੀਵਾਂ ਤੂੰ ਨਹੀਂ ... ਨੀਵਾਂ ਮੈਂ ਹਾਂ।’’
ਸੰਪਰਕ: 403 605 3734

Advertisement
Advertisement