For the best experience, open
https://m.punjabitribuneonline.com
on your mobile browser.
Advertisement

ਜ਼ਿੰਮੇਵਾਰ ਕੌਣ

08:45 AM Aug 17, 2023 IST
ਜ਼ਿੰਮੇਵਾਰ ਕੌਣ
Advertisement

ਭੂਪਿੰਦਰ ਡਿਓਟ
ਸੁਰਮੁਖ ਸਿੰਘ ਆਪਣੇ ਵੱਡੇ ਮਕਾਨ ’ਚ ਕਿਸੇ ਭੂਤ ਵਾਂਗ ਟਹਿਲ ਰਿਹਾ ਸੀ। ਉਸ ਦੀ ਪਤਨੀ ਸਾਲ ਭਰ ਤੋਂ ਮੰਜੇ ’ਤੇ ਪਈ ਸੀ ਕਿਉਂਕਿ ਉਸ ਦੇ ਸਰੀਰ ਦਾ ਅੱਧਾ ਹਿੱਸਾ ਅਧਰੰਗ ਨਾਲ ਮਾਰਿਆ ਜਾ ਚੁੱਕਿਆ ਸੀ। ਉਹ ਸੁਰਮੁਖ ਸਿੰਘ ਦਾ ਸਹਾਰਾ ਲੈ ਕੇ ਵੀ ਬੜੀ ਮੁਸ਼ਕਿਲ ਨਾਲ ਬਾਥਰੂਮ ਤੱਕ ਜਾਂਦੀ ਸੀ। ਸੁਰਮੁਖ ਸਿੰਘ ਬਗੀਚੇ ’ਚ ਬੈਠਾ ਆਪਣੇ ਤੇ ਆਪਣੀ ਪਤਨੀ ਦੇ ਇਕੱਲੇਪਣ ਬਾਰੇ ਸੋਚ ਰਿਹਾ ਸੀ। ਇੰਨੇ ਨੂੰ ਮੋਬਾਈਲ ’ਤੇ ਗਾਣਾ ਵੱਜਿਆ, ਪਾਪਾ ਕਹਿਤੇ ਹੈਂ ਬੜਾ ਨਾਮ ਕਰੇਗਾ...। ਦੇਖਿਆ ਤਾਂ ਮੁੰਡੇ ਦਾ ਫੋਨ ਸੀ ਅਮਰੀਕਾ ਤੋਂ।
ਉਸ ਨੇ ਝੱਟ ਫੋਨ ਚੁੱਕਿਆ। ਵੀਡੀਓ ਕਾਲ ਸੀ। ਮੁੰਡੇ ਨੇ ਪੁੱਛਿਆ, ‘‘ਹੈਲੋ ਡੈਡ, ਮੰਮੀ ਕਿਵੇਂ ਹੈ?’’ ਉਹ ਮੋਬਾਈਲ ਲੈ ਕੇ ਤੁਰੰਤ ਆਪਣੀ ਪਤਨੀ ਦੇ ਕਮਰੇ ’ਚ ਆਇਆ ਤਾਂ ਪੁੱਤ ਨਾਲ ਗੱਲ ਕਰ ਕੇ ਉਹ ਖ਼ੁਸ਼ ਹੋ ਗਈ ਸੀ ਇੰਜ ਲੱਗਿਆ ਜਿਵੇਂ ਪੁੱਤ ਸਾਹਮਣੇ ਹੀ ਹੋਵੇ। ‘‘ਹਾਏ ਦਾਦਾ ਜੀ ਕਿਵੇਂ ਹੋ?’’ ਬਾਰ੍ਹਾਂ ਸਾਲ ਦੀ ਪੋਤੀ ਨੂੰ ਫੋਨ ’ਤੇ ਦੇਖ ਸੁਰਮੁਖ ਸਿੰਘ ਵੀ ਖ਼ੁਸ਼ ਹੋ ਗਿਆ। ਫਿਰ ਮੁੰਡੇ ਨੂੰ ਬੋਲਿਆ, ‘‘ਪੁੱਤ, ਹੁਣ ਇੰਡੀਆ ਆ ਜਾ। ਅਸੀਂ ਇਕੱਲੇ ਰਹਿ ਗਏ ਹਾਂ ਹੁਣ।’’ ‘‘ਡੈਡ, ਅਜੇ ਬਹੁਤ ਸਾਰੇ ਕੰਮ ਬਾਕੀ ਨੇ। ਆਪਣਾ ਤੇ ਮੰਮਾ ਦਾ ਧਿਆਨ ਰੱਖੋ। ਆਈ ਲਵ ਯੂ, ਡੈਡ ਮੰਮਾ ਲਵ... ਬਾਏ।’’
ਸੁਰਮੁਖ ਸਿੰਘ ਦੀਆਂ ਅੱਖਾਂ ਹੰਝੂਆਂ ਨਾਲ ਭਰਨ ਲੱਗੀਆਂ। ਉਹ ਸਭ ਕੁਝ ਯਾਦ ਆਉਣ ਲੱਗਿਆ ਜਦੋਂ ਪੁੱਤ ਵਿਦੇਸ਼ ਨਹੀਂ ਜਾਣਾ ਚਾਹੁੰਦਾ ਸੀ। ਉਨ੍ਹਾਂ ਜ਼ਿੱਦ ਕਰ ਕੇ ਥੋੜ੍ਹੀ ਜ਼ਮੀਨ ਤੇ ਘਰਵਾਲੀ ਦੇ ਗਹਿਣੇ ਤੱਕ ਵੇਚ ਕੇ ਵਿਦੇਸ਼ ਭੇਜਿਆ ਸੀ, ਨਾਂ ਰੌਸ਼ਨ ਕਰਨ ਲਈ।
ਸੰਪਰਕ: 89684-83246
* * *

Advertisement

ਉਰਲੀਆਂ-ਪਰਲੀਆਂ

ਰਮੇਸ਼ ਬੱਗਾ ਚੋਹਲਾ
ਸਰਕਾਰੀ ਸਕੂਲ ਵਿੱਚ ਸਵੇਰ ਦੀ ਸਭਾ ਵਿੱਚ ਪ੍ਰਾਰਥਨਾ ਹੋ ਰਹੀ ਸੀ। ਰਾਸ਼ਟਰੀ ਗੀਤ ਦੀ ਸਮਾਪਤੀ ਤੋਂ ਬਾਅਦ ਇੱਕ ਸੀਨੀਅਰ ਜਮਾਤ ਦੀ ਵਿਦਿਆਰਥਣ ਆਪਣਾ ਹੱਥ ਬਾਹਰ ਕੱਢ ਕੇ ਸਭਾ ਵਿੱਚ ਜੁੜੇ ਵਿਦਿਆਰਥੀਆਂ ਨੂੰ ਸਹੁੰ ਚੁਕਾ ਰਹੀ ਸੀ। ‘‘ਮੈਂ ਸਹੁੰ ਚੁੱਕਦੀ ਹਾਂ ਕਿ ਮੈਂ ਕਦੇ ਝੂਠ ਨਹੀਂ ਬੋਲਾਂਗੀ, ਅਨਿਆਂ ਦਾ ਸਾਥ ਨਹੀਂ ਦੇਵਾਂਗੀ, ਅਧਿਆਪਕਾਂ ਅਤੇ ਵੱਡਿਆਂ ਦਾ ਸਤਿਕਾਰ ਕਰਾਂਗੀ, ਟਰੈਫਿਕ ਨਿਯਮਾਂ ਦੀ ਪਾਲਣਾ ਕਰਾਂਗੀ ਅਤੇ ਨਕਲ ਨਹੀਂ ਮਰਾਂਗੀ।’’
ਇਸ ਸਹੁੰ ਦੇ ਅਖੀਰਲੇ (ਨਕਲ ਨਾ ਮਾਰਨ ਵਾਲੇ) ਵਾਕ ਦਾ ਜਨਾਜ਼ਾ ਉਸ ਵਕਤ ਨਿਕਲਿਆ ਜਦੋਂ ਸਤੰਬਰ ਦੀਆਂ ਘਰੇਲੂ ਪ੍ਰੀਖਿਆਵਾਂ ਦੌਰਾਨ ਆਪ ਸਹੁੰ ਚੁੱਕਣ ਅਤੇ ਦੂਸਰਿਆਂ ਨੂੰ ਚੁਕਾਉਣ ਵਾਲੀ ਉਸ ਕੁੜੀ ਕੋਲੋਂ ਵਿਸ਼ੇ ਨਾਲ ਸਬੰਧਿਤ ਨਕਲ ਫੜੀ ਗਈ।
ਸੰਪਰਕ: 94631-32719
* * *

Advertisement

ਕੰਜਕਾਂ

ਡਾ. ਇੰਦਰਜੀਤ ਸਿੰਘ
‘‘ਕੁੜੇ ਦੀਪੋ! ਉੱਠ ਜਾ।’’ ਮਨਜੀਤ ਨੇ ਵਿਹੜੇ ਵਿੱਚ ਕੱਪੜੇ ਸੁੱਕਣੇ ਪਾਉਂਦਿਆਂ ਕਮਰੇ ’ਚ ਸੁੱਤੀ ਦੀਪੋ ਨੂੰ ਆਵਾਜ਼ ਦਿੱਤੀ। ਦੀਪੋ ਨੇ ਮਨਜੀਤ ਦੀ ਆਵਾਜ਼ ਸੁਣ ਘੇਸਲ ਵੱਟ ਕੇ ਚਾਦਰ ਮੂੰਹ ’ਤੇ ਲੈ ਲਈ। ‘‘ਐਤਵਾਰ ਕਿਹੜਾ ਸਕੂਲ ਲੱਗਣਾ ਏ! ਸੌਣ ਦੇ ਕੁੜੀ ਨੂੰ।’’ ਦੀਪੋ ਦੇ ਬਾਪੂ ਕੁਲਵੰਤ ਨੇ ਉਸ ਨਾਲ ਹਮਦਰਦੀ ਜਤਾਉਂਦਿਆਂ ਮਨਜੀਤ ਨੂੰ ਕਿਹਾ। ‘‘ਮੈਂ ਇਹਨੂੰ ਉਠਾ ਕੇ ਕਿਹੜਾ ਕੰਮ ਕਰਵਾਉਣਾ ਏ। ਕੱਲ੍ਹ ਚੱਕੀ ਵਾਲੇ ਸ਼ਾਹਾਂ ਦੇ ਘਰੋਂ ਕੰਜਕਾਂ ਲਈ ਦੀਪੋ ਨੂੰ ਭੇਜਣ ਲਈ ਸੱਦਾ ਅਇਆ ਸੀ। ਮੈਂ ਕਿਹਾ ਦੀਪੋ ਸਾਝਰੇ ਨਹਾ ਧੋ ਕੇ ਸ਼ਾਹਾਂ ਦੇ ਘਰ ਕੰਜਕਾਂ ’ਤੇ ਹੋ ਆਉਂਦੀ।’’ ਦੀਪੋ ਨੇ ਕੁਲਵੰਤ ਨੁੂੰ ਜਵਾਬ ਦਿੱਤਾ। ਕੁਲਵੰਤ ਨੇ ਹੈਰਾਨ ਹੁੰਦਿਆਂ ਕਿਹਾ, ‘‘ਚੱਕੀ ਵਾਲੇ ਸ਼ਾਹਾਂ ਦੇ ਘਰੋਂ ਕੰਜਕਾਂ ਦਾ ਸੱਦਾ! ਹੱਦ ਹੋ ਗਈ ਲੋਕਾਂ ਦੀ... ਆਪਣੇ ਘਰ ਦੋ ਪੋਤਰੀਆਂ ਦੀ ਆਮਦ ’ਤੇ ਆਪਣੀ ਨੂੰਹ ਨੂੰ ਦੁਰਕਾਰ ਕੇ ਘਰੋਂ ਕੱਢ ਦਿੱਤਾ... ਤੇ ਬੇਗਾਨੀਆਂ ਧੀਆਂ ਨੂੰ ਕੰਜਕਾਂ ਪੂਜਣ ’ਤੇ ਸੱਦਾ ਦਿੰਦੇ ਫਿਰਦੇੇ ਐ।’’ ਮਨਜੀਤ ਨੇ ਕੁਲਵੰਤ ਨੂੰ ਸਮਝਾਉਂਦੇ ਹੋਏ ਕਿਹਾ, ‘‘ਦੀਪੋ ਦੇ ਬਾਪੂ! ਨੂੰਹ ਨੂੰ ਘਰੋਂ ਕੱਢਣ ਦਾ ਮਾਮਲਾ ਉਨ੍ਹਾਂ ਦੇ ਘਰ ਦਾ ਏ। ਕੁੜੀ ਨੂੰ ਤਾਂ ਅਸੀਂ ਧਾਰਮਿਕ ਕਾਰਜ ਲਈ ਭੇਜਣਾ ਏ। ਕੁੜੀ ਨੂੰ ਨਾ ਭੇਜ ਕੇ ਅਸੀਂ ਕਾਹਨੂੰ ਪਾਪ ਦੇ ਭਾਗੀਦਾਰ ਬਣੀਏ।’’ ‘‘ਰਹਿਣ ਦੇ ਤੂੰ ਫੋਕੇ ਧਾਰਮਿਕ ਕਾਰਜਾਂ ਨੂੰ... ਪਾਪ-ਪੁੰਨ ਨੂੰ... ਅਸੀਂ ਨਹੀਂ ਉਸ ਘਰ ਆਪਣੀ ਕੁੜੀ ਨੂੰ ਭੇਜਣਾ ਜਿੱਥੇ ਕੁੜੀਆਂ ਦਾ ਸਤਿਕਾਰ ਨਹੀਂ। ਕੰਨਿਆ ਦੀ ਪੂਜਾ ਉਸ ਘਰ ਸੋਭਦੀ ਹੈ ਜਿਸ ਘਰ ਕੰਨਿਆ ਦਾ ਸਤਿਕਾਰ ਹੁੰਦਾ ਹੋਵੇ।’’ ਆਖਦਿਆਂ ਕੁਲਵੰਤ ਦੀਪੋ ਦੇ ਕਮਰੇ ਦਾ ਦਰਵਾਜ਼ਾ ਬੰਦ ਕਰ ਦਿੰਦਾ ਹੈ।

Advertisement
Author Image

joginder kumar

View all posts

Advertisement