For the best experience, open
https://m.punjabitribuneonline.com
on your mobile browser.
Advertisement

ਕਵਿਤਾਵਾਂ

06:47 AM Oct 24, 2024 IST
ਕਵਿਤਾਵਾਂ
Advertisement

ਗੁੱਲੀ ਡੰਡਾ

ਨਿਰਮਲ ਸਿੰਘ ਰੱਤਾ
ਨਿੱਕੇ ਹੁੰਦੇ ਕਿੰਨਾ ਸੀ ਅਨੰਦ ਮਾਣਦੇ
ਖੇਡਦੇ ਸੀ ਖੇਡ ਗੁੱਲੀ ਡੰਡਾ ਹਾਣਦੇ
ਮੁੜ ਆਉਣ ਦਿਨ ਕਰਾਂ ਫਰਿਆਦ ਜੀ
ਗੁੱਲੀ ਡੰਡਾ ਖੇਡ ਬੜੀ ਆਉਂਦੀ ਯਾਦ ਜੀ।
ਦਾਰਾ ਮੀਤਾ ਭੋਲ਼ਾ ਹਰਪਾਲ ਖੇਡਦੇ
ਲੰਬੜਾਂ ਦਾ ਕੰਮਾ ਤੇ ਗੋਪਾਲ ਖੇਡਦੇ
ਖੇਡਦੇ ਸੀ ਰਲ ਕੇ ਸਕੂਲ ਬਾਦ ਜੀ
ਗੁੱਲੀ ਡੰਡਾ ਖੇਡ ਬੜੀ ਆਉਂਦੀ ਯਾਦ ਜੀ।

Advertisement

ਖੇਡਣੇ ਨੂੰ ਸਦਾ ਨਿੱਕੜੇ ਤਿਆਰ ਸੀ
ਮਾਰ ਕੇ ਆਵਾਜ਼ਾਂ ’ਕੱਠੇ ਹੁੰਦੇ ਯਾਰ ਸੀ
ਵਧ ਜਾਂਦੀ ਪਲਾਂ ਵਿੱਚ ਹੀ ਤਾਦਾਦ ਜੀ
ਗੁੱਲੀ ਡੰਡਾ ਖੇਡ ਬੜੀ ਆਉਂਦੀ ਯਾਦ ਜੀ।
ਬੁੱਚੀ ਪਾ ਕੇ ਪਹਿਲਾਂ ਵਾਰੀਆਂ ਸੀ ਮੱਲਦੇ
ਮਾਰ ਮਾਰ ਟੁੱਲ ਗੁੱਲੀ ਦੂਰ ਘੱਲਦੇ
ਜਿੱਤ ਵਾਲਾ ਹੁੰਦਾ ਵੱਖਰਾ ਸਵਾਦ ਜੀ
ਗੁੱਲੀ ਡੰਡਾ ਖੇਡ ਬੜੀ ਆਉਂਦੀ ਯਾਦ ਜੀ।

Advertisement

ਚੁਣ ਚੁਣ ਯਾਰ ਟੋਲੀਆਂ ਬਣਾਉਂਦੇ ਸਾਂ
ਜਿੱਤ ਜਾਣ ਪਿੱਛੋਂ ਲੁੱਡੀਆਂ ਵੀ ਪਾਉਂਦੇ ਸਾਂ
ਅੱਜ ਵੀ ਨੇ ਯਾਦਾਂ ਦਿਲ ’ਚ ਆਬਾਦ ਜੀ
ਗੁੱਲੀ ਡੰਡਾ ਖੇਡ ਬੜੀ ਆਉਂਦੀ ਯਾਦ ਜੀ।
ਚੰਦਰਾ ਮੋਬਾਈਲ ਜ਼ਿੰਦਗੀ ’ਚ ਆ ਗਿਆ
ਬਚਪਨ ਦੀਆਂ ਸਭ ਖੇਡਾਂ ਖਾ ਗਿਆ
ਫੋਨ ਨੂੰ ਬਣਾਇਆ ਐਵੇਂ ਉਸਤਾਦ ਜੀ
ਗੁੱਲੀ ਡੰਡਾ ਖੇਡ ਬੜੀ ਆਉਂਦੀ ਯਾਦ ਜੀ।

ਖੇਡ ਹੈ ਜ਼ਰੂਰੀ ‘ਰੱਤੇ’ ਖੋਜ ਆਖਦੀ
ਰੱਖਦੀ ਅਰੋਗ ਹਰ ਰੋਜ਼ ਆਖਦੀ
ਬਣਦਾ ਸਰੀਰ ਨਿੱਗਰ ਫੌਲਾਦ ਜੀ
ਗੁੱਲੀ ਡੰਡਾ ਖੇਡ ਬੜੀ ਆਉਂਦੀ ਯਾਦ ਜੀ।
ਸੰਪਰਕ: 84270-07623
* * *

ਜਾਣਦੇ ਤਾਂ ਸਭ ਨੇ...

ਅਵਤਾਰ ਸਿੰਘ ਸੌਜਾ
ਜਾਣਦੇ ਤਾਂ ਸਭ ਨੇ...
ਸੱਚ ਨੂੰ ਸੱਚ ਕਹਿਣਾ
ਝੂਠੇ ਨਾਲ ਮਿਲ ਕੇ ਨਾ ਬਹਿਣਾ
ਸਾਨੂੰ ਚਾਹੀਦਾ ਮਿਲ ਕੇ ਰਹਿਣਾ
ਪਿਆ ਨਫ਼ਰਤਾਂ ’ਚ ਕੀ ਏ!
ਇਹ ਜਾਣਦੇ ਤਾਂ ਸਭ ਨੇ
ਪਰ ਜਾਣਨ ’ਚ ਪਿਆ ਕੀ ਏ!

ਰੌਲੇ ਧਰਮਾਂ ਦੇ ਸਭ ਝੂਠੇ
ਝੂਠੀਆਂ ਨੇ ਜਾਤਾਂ-ਪਾਤਾਂ
ਮਜ਼ਹਬ ਇੱਕੋ ਇਨਸਾਨੀਅਤ ਹੈ
ਜੋ ਜੁੜਿਆ ਨਾਲ ਜਜ਼ਬਾਤਾਂ
ਖ਼ੂਨ ਸਭਨਾਂ ਦਾ ਇੱਕੋ ਰੰਗਾ
ਫ਼ਰਕ ਰਹਿ ਗਿਆ ਫਿਰ ਕੀ ਏ
ਇਹ ਜਾਣਦੇ ਤਾਂ ਸਭ ਨੇ
ਪਰ ਜਾਣਨ ’ਚ ਪਿਆ ਕੀ ਏ!

ਰਸਤਾ ਮਿਹਨਤ ਦਾ ਅਸਲੀ
ਇਮਾਨਦਾਰੀ ਚੰਗੀ ਨੀਤੀ
ਸਬਰ ਉੱਤਮ ਹਥਿਆਰ ਹੈ
ਆਰਾਮ ਹੈ ਹਰਾਮ, ਬੇਈਮਾਨੀ ਬਦਨੀਤੀ
ਲਾਲਚ, ਹੰਕਾਰ, ਰਿਸ਼ਵਤਾਂ ਵਿੱਚ ਰੱਖਿਆ ਦੱਸੋ ਕੀ ਏ
ਇਹ ਜਾਣਦੇ ਤਾਂ ਸਭ ਨੇ
ਪਰ ਜਾਣਨ ’ਚ ਰੱਖਿਆ ਕੀ ਏ!
ਵਿਚਾਰ ਓਹੀਓ ਬੋਲੋ ਜੋ ਆਪ ਅਮਲ ਹੋ ਕਰਦੇ
ਐਵੇਂ ਚੰਗੀਆਂ ਗੱਲਾਂ ਨਾਲ ਕਿਉਂ ਲਿਖਕੇ ਕੰਧਾਂ ਭਰਦੇ
ਪਹਿਲਾਂ ਆਪਾ ਪਛਾਣੋ, ਵਿੱਚੋਂ ਚੰਗਿਆਈ ਨੂੰ ਛਾਣੋ
ਫਿਰ ਦੇਖਿਓ ਬੰਦੇ ’ਚੋਂ ਨਿਕਲਦਾ ਕੀ ਏ
ਇਹ ਜਾਣਦੇ ਤਾਂ ਸਭ ਨੇ
ਪਰ ਜਾਣਨ ’ਚ ਪਿਆ ਕੀ ਏ!
ਸੰਪਰਕ: 98784-29005
* * *

ਹਾਲਾਤ ਦਾ ਘੇਰ

ਰਵਿੰਦਰ ਕੌਰ ਰਾਵੀ
ਇਹ ਹਾਲਾਤ ਦਾ ਕੇਹਾ ਘੇਰ ਏ
ਜੇ ਮੈਂ ਸੇਰ ਤੇ ਉਹ ਸਵਾ ਸੇਰ ਏ
ਖੁੱਲ੍ਹ ਕੇ ਕਦੇ ਹੱਸਣ ਨਹੀਂ ਦਿੰਦੇ
ਨਿਗ੍ਹਾ ਚੱਜ ਨਾਲ ਚੱਕਣ ਨਹੀਂ ਦਿੰਦੇ

ਨੀਰ ਜੋ ਇੰਨਾ ਚੋਅ ਰਿਹਾ ਏ ਲੱਗਦਾ
ਅੱਖਾਂ ਵਿੱਚ ਕਿਤੇ ਕੋਈ ਤਰੇੜ ਏ
ਇਹ ਹਾਲਾਤ ਦਾ ਕੇਹਾ ਘੇਰ ਏ
ਜੇ ਮੈਂ ਸੇਰ ਤੇ ਉਹ ਸਵਾ ਸੇਰ ਏ
ਮਹਿਲ ਬਣ ਕੇ ਢਹਿ ਜਾਂਦੇ ਨੇ
ਨੀਹਾਂ ਦੇ ਪੱਥਰ ਪਰ ਰਹਿ ਜਾਂਦੇ ਨੇ
ਜਿਨ੍ਹਾਂ ਕੋਲ ਏ ਰੱਬ ਦੀ ਬਖ਼ਸ਼ਿਸ਼
ਉਹ ਦੁਨੀਆ ਦੀਆਂ ਗੱਲਾਂ ਵੀ ਸਹਿ ਜਾਂਦੇ ਨੇ
ਰੱਬ ਦੇ ਘਰ ਹਨੇਰ ਨਹੀਂ ਹੁੰਦਾ
ਲੱਗਦੀ ਭਾਵੇਂ ਥੋੜ੍ਹੀ ਦੇਰ ਏ
ਇਹ ਹਾਲਾਤ ਦਾ ਕੇਹਾ ਘੇਰ ਏ
ਜੇ ਮੈਂ ਸੇਰ ਤੇ ਉਹ ਸਵਾ ਸੇਰ ਏ|

ਸਿੱਖਣਾ ਤੇ ਸਿੱਖ ਦੇ ਰਹਿਣਾ ਜ਼ਿਦਗੀ ਦਾ ਸਾਰ ਏਹੀ ਏ
ਕਿਸੇ ਦਾ ਗਹਿਣਾ ਏ ਚੁੱਪ ਤੇ ਕਿਸੇ ਕੋਲ ਹਥਿਆਰ ਏਹੀ ਏ
ਇੰਤਜ਼ਾਰ ’ਚ ਜੋ ਸੋਨਾ ਬਣ ਜੇ ਸੱਚਾ ਕਿਰਦਾਰ ਏਹੀ ਏ
ਕਾਲੀ ਰਾਤ ਮੁੱਕਣ ਤੋਂ ਪਿੱਛੋਂ ਆਉਂਦੀ ਪੱਕੀ ਸੱਜਰ ਸਵੇਰ ਏ
ਇਹ ਹਾਲਾਤ ਦਾ ਕੇਹਾ ਘੇਰ ਏ
ਜੇ ਮੈਂ ਸੇਰ ਤੇ ਉਹ ਸਵਾ ਸੇਰ ਏ|
* * *

ਔਖਾਂ ਨੂੰ ਹੈ ਜਰਦਾ ਬੰਦਾ

ਮਨਿੰਦਰ ਕੌਰ ਬਸੀ
ਔਖਾਂ ਨੂੰ ਹੈ ਜਰਦਾ ਬੰਦਾ
ਆਖਿਰ ਕੀ ਨਹੀਂ ਕਰਦਾ ਬੰਦਾ
ਮੁਸ਼ਕਿਲ ਸਾਹਵੇਂ ਅੜ ਜਾਂਦਾ ਏ
ਕਈ ਵਾਰੀ ਪਰ ਹਰਦਾ ਬੰਦਾ
ਬੰਦਾ ਹੀ ਬੰਦੇ ਦਾ ਦਾਰੂ
ਬੰਦੇ ਨੂੰ ਨਾ ਜਰਦਾ ਬੰਦਾ
ਦੂਜੇ ਕੋਲੋਂ ਸਾੜਾ ਕਰਦਾ
ਨਫ਼ਰਤ ਹਿਰਦੇ ਧਰਦਾ ਬੰਦਾ
ਰਬ ਦਾ ਦੂਜਾ ਨਾਂ ਮੁਹੱਬਤ
ਪਰ ਉਲਫ਼ਤ ਤੋਂ ਡਰਦਾ ਬੰਦਾ

ਇੱਕ ਸੱਚੇ ਨੂੰ ਪਾਉਣ ਲਈ
ਨਿਸਦਿਨ ਜਿਊਂਦਾ ਮਰਦਾ ਬੰਦਾ
ਆਪਣੀ ਹਉਂ ਨੂੰ ਪੂਰਨ ਲਈ
ਰਿਸ਼ਤੇ ਮਿੱਟੀ ਕਰਦਾ ਬੰਦਾ
* * *

ਸੱਚ ਬੋਲਾਂ ਤਾਂ ਮਾੜਾ ਲੱਗਦਾ

ਹਰਦੀਪ ਬਿਰਦੀ
ਸੱਚ ਬੋਲਾਂ ਤਾਂ ਮਾੜਾ ਲੱਗਦਾ।
ਨਿੰਮ ਦਾ ਕੌੜਾ ਕਾੜ੍ਹਾ ਲੱਗਦਾ।
ਸੱਚ ਬੋਲਣ ਤੋਂ ਬਹੁਤੇ ਡਰਦੇ
ਚਾਹੇ ਨਾ ਹੈ ਭਾੜਾ ਲੱਗਦਾ।
ਸੱਚ ਨੂੰ ਘੇਰੀ ਫਿਰਦੇ ਸਾਰੇ
ਮੈਨੂੰ ਤਾੜਮ-ਤਾੜਾ ਲੱਗਦਾ।
ਮੈਂ ਸੱਚ ਬੋਲਾਂ ਸ਼ੀਤਲ ਮਨ ਤੋਂ
ਉਸ ਦੇ ਤਾਂ ਵੀ ਸਾੜਾ ਲੱਗਦਾ।

ਉਹ ਤਾਂ ਬਾਹਲਾ ਤੜਫੇ ਯਾਰੋ
ਸੱਚ ਨੂੰ ਜਿਸ ਤੋਂ ਰਾੜ੍ਹਾ ਲੱਗਦਾ।
ਸੱਚ ਵੀ ਕਹਿੰਦਾ ਮੌਤ ਵਿਆਹੂੰ
ਇਹ ਵੀ ਅੜਬੀ ਲਾੜਾ ਲੱਗਦਾ।
ਚੌਧਰ ਝੂਠੇ ਦੀ ਹੈ ਖੁੱਸਦੀ
ਏਸੇ ਗੱਲ ਦਾ ਪਾੜਾ ਲੱਗਦਾ।
ਉਸ ਦੀ ਹੋਂਦ ਮੁਕਾਉਂਦੇ ਝੂਠੇ
ਜੋ ਵੀ ਸੱਚ ਦਾ ਘਾੜਾ ਲੱਗਦਾ।
ਝੂਠੇ ਕੰਨੀਂ ਉਂਗਲਾਂ ਦਿੰਦੇ
ਜਦ ਵੀ ਸੱਚ ਦਾ ਖਾੜਾ ਲੱਗਦਾ।
ਸੰਪਰਕ: 90416-00900
* * *

ਦੇਸ਼ਾਂ ਦੀ ਜੰਗ

ਹਰਪ੍ਰੀਤ ਪੱਤੋ
ਅੱਧ ਅਸਮਾਨੋਂ ਜਹਾਜ਼ ਉੱਥੇ ਬੰਬ ਸੁੱਟਣ
ਹੱਲੇ ਧਰਤੀ ਗੂੰਜੇ ਅਸਮਾਨ ਮੀਆਂ।
ਇਮਾਰਤਾਂ ਡਿੱਗੀਆਂ, ਲੋਥਾਂ ਢੇਰ ਲੱਗੇ
ਜਿਉਂ ਫ਼ਸਲ ਕੱਟੇ ਕਿਰਸਾਨ ਮੀਆਂ।
ਅੱਗੇ ਰੂਸ ਯੂਕਰੇਨ ਦੀ ਜੰਗ ਲੱਗੀ
ਹੁਣ ਇਜ਼ਰਾਈਲ ਤੇ ਲਿਬਨਾਨ ਮੀਆਂ।
ਬੈਠੇ ਲੋਕ ਕੋਸਦੇ ਉੱਥੇ ਕਿਸਮਤਾਂ ਨੂੰ
ਘਰ ਸ਼ਹਿਰ ਬਣੇ ਬੀਆਬਾਨ ਮੀਆਂ।

ਭੁੱਖਮਰੀ ਬਿਮਾਰੀਆਂ ਲਾਏ ਡੇਰੇ
ਨੱਚਣ ਭੂਤਨੇ ਜਿਉਂ ਸ਼ਮਸ਼ਾਨ ਮੀਆਂ।
ਪਸ਼ੂਆਂ ਜੀਵ ਜੰਤੂਆਂ ਦੁੱਖ ਕੌਣ ਜਾਣੇ
ਬੰਬ ਵੇਖੇ ਨਾ ਜ਼ੁਬਾਨ ਬੇਜ਼ੁਬਾਨ ਮੀਆਂ।
ਸਾਰੇ ਦੇਸ਼ ਫਿਕਰਾਂ ਵਿੱਚ ਪਏ ਡੁੱਬੇ
ਬਣ ਜਾਣ ਨਾ ਸ਼ਹਿਰ ਜਪਾਨ ਮੀਆਂ।

ਲੜਾਈ ਸਲਾਹੀ ਨਾ ਕਿਸੇ ਕੁੱਤਿਆਂ ਦੀ
ਲੜ ਮਰੇ ਕਿਉਂ ਨਿੱਤ ਇਨਸਾਨ ਮੀਆਂ।
ਸੁਲਝਾਓ ਮਸਲਾ ਕੱਢੋ ਛੇਤੀ ਹੱਲ ਕੋਈ
ਪੱਤੋ, ਹੋਵੇ ਉੱਥੇ ਅਮਨ ਅਮਾਨ ਮੀਆਂ।
ਸੰਪਰਕ: 94658-21417
* * *

ਦੂਜਿਆਂ ਦੇ ਲਈ ਜਿਊਣਾ ਸਿੱਖੋ

ਓਮਕਾਰ ਸੂਦ ਬਹੋਨਾ
ਹੱਸਣਾ ਅਤੇ ਹਸਾਉਣਾ ਸਿੱਖੋ।
ਦਿਲ ਵਿੱਚ ਪਿਆਰ ਵਧਾਉਣਾ ਸਿੱਖੋ।
ਮਾਰੋ ਗੋਲੀ ਨਫ਼ਰਤ ਤਾਈਂ
ਪਿਆਰ ਦਾ ਬੂਟਾ ਲਾਉਣਾ ਸਿੱਖੋ।

ਆਸਾਂ ਦਾ ਇੱਕ ਮਹਿਲ ਬਣਾਓ
ਸਬਰ ਸਿਦਕ ਨਾਲ ਜਿਊਣਾ ਸਿੱਖੋ।
ਹੱਸਦੇ ਹੱਸਦੇ ਕੰਮ ਕੋਈ ਵੀ
ਪੂਰਾ ਕਰ ਵਿਖਾਉਣਾ ਸਿੱਖੋ।
ਛੱਡ ਦਿਓ ਸਭ ਰੋਣਾ-ਧੋਣਾ
ਹੱਸ ਕੇ ਵਕਤ ਲੰਘਾਉਣਾ ਸਿੱਖੋ।
ਜੋ ਹੋਣਾ ਹੈ ਹੋ ਕੇ ਰਹਿਣਾ
ਬਸ ਢੋਲੇ ਦੀਆਂ ਲਾਉਣਾ ਸਿੱਖੋ।

ਸੱਚ ਦੇ ਪਾਂਧੀ ਬਣ ਕੇ ਜੀਵੋ
ਸੱਚ ਲਈ ਸੀਸ ਕਟਾਉਣਾ ਸਿੱਖੋ।
ਆਫ਼ਤ ਆਈ ਤੋਂ ਵੀ ਮਿੱਤਰੋ
ਸੁੱਤਿਆਂ ਤਾਈਂ ਜਗਾਉਣਾ ਸਿੱਖੋ।
ਨਿੱਜ ਲਈ ਤਾਂ ਸਾਰੇ ਜਿਊਂਦੇ
ਦੂਜਿਆਂ ਦੇ ਲਈ ਜਿਊਣਾ ਸਿੱਖੋ।
ਵੱਡਿਆਂ ਦਾ ਸਨਮਾਨ ਕਰਨ ਲਈ
ਬਹੋਨੇ ਜ਼ਰਾ ਨਿਉਣਾ ਸਿੱਖੋ।
ਸੰਪਰਕ: 96540-36080
* * *

ਅੱਜ ਦਾ ਯੁੱਗ

ਪ੍ਰਸ਼ੋਤਮ ਪੱਤੋ
ਸਾਰੇ ਪਾਸੇ ਹੀ ਇੱਥੇ ਹਨੇਰਾ ਹੈ
ਮੇਰੀ ਸੋਚ ’ਚ ਸੁਰਖ ਸਵੇਰਾ ਹੈ।
ਕਹਿਣ ਨੂੰ ਸਾਰੇ ਹੀ ਉਂਝ ਤੇਰੇ ਨੇ
ਕੋਈ ਨਾ ਮਿੱਤਰਾ ਤੇਰਾ ਨਾ ਮੇਰਾ ਹੈ।
ਸਨਮਾਨਾਂ ਦੀ ਲੋਈ ਦੇ ਅੰਦਰ
ਚਾਪਲੂਸੀ ਦਾ ਵੱਡਾ ਘੇਰਾ ਹੈ।

ਗਿੱਦੜ ਵਰਗਾ ਦਿਲ ਰੱਖਦਾ ਏ
ਉਂਝ ਕਹਿਣ ਨੂੰ ਨਾਂ ਸ਼ੇਰਾ ਹੈ।
ਸੋਚ ਖੁੰਢੀ ਨੂੰ ਕੀ ਆਖਾਂ ਯਾਰੋ?
ਤਿੱਖਾ ਕਰਦ ਜੇਹਾ ਨਾ ਜੇਰਾ ਹੈ।
ਲੋਕਾਂ ਨੂੰ ਲੜਾਉਣ ਦੀ ਖਾਤਰ
ਹਰ ਇੱਕ ਪਿੰਡ ਵਿੱਚ ਡੇਰਾ ਹੈ।
ਪਾਪ ਰੋਜ਼ ਵਧਦੇ ਹੀ ਜਾਂਦੇ ਨੇ
ਲੁੱਚਿਆਂ ਦਾ ਚੁਫੇਰੇ ਤੋਰਾ ਫੇਰਾ ਹੈ।
ਅੰਧਵਿਸ਼ਵਾਸੀ ਦਾ ਜਾਲ ਵਿਛਾ ਕੇ
ਸਾਧ-ਨੇਤਾ ਚੋਵਣ ਨਵਾਂ ਲਵੇਰਾ ਹੈ।
‘ਪੱਤੋ’ ਨੇ ਆਸਾਂ ਦੀ ਤੰਦ ਛੱਡੀ ਨਾ
ਉਹਦੀ ਸੋਚ ਦਾ ਪੰਧ ਲੰਮੇਰਾ ਹੈ।
ਸੰਪਰਕ: 98550-38775
* * *

ਗ਼ਜ਼ਲ

ਅਮਨ ਦਾਤੇਵਾਸੀਆ
ਆ ਵੇ ਲੋਕਾ ਵੇਖ ਲੋਕਾਈ
ਚਾਰੇ ਪਾਸੇ ਹਾਲ-ਦੁਹਾਈ।
ਬੰਜ਼ਰ ਧਰਤੀ, ਪਾਣੀ ਡੂੰਘੇ
ਰਸਾਇਣਾਂ ਨੇ ਧਾਕ ਜਮਾਈ।
ਨਸ਼ਿਆਂ ਦੀ ਹੁਣ ਤੂਤੀ ਬੋਲੇ
ਚਿੱਟੇ ਨੇ ਤਾਂ ਸੁਰਤ ਭਲਾਈ।
ਕੌਲ-ਫੁੱਲ ਲਈ ਹੱਲਾ-ਗੁੱਲਾ
ਲੱਛਮੀ ਵੇਲੇ ਚੁੱਪ ਵਰਤਾਈ।

ਖਾਣਾ-ਦਾਣਾ ਵੀ ਜ਼ਹਿਰੀਲਾ
ਪ੍ਰਦੂਸ਼ਣ ਨੇ ਜਾਨ ਸੁਕਾਈ।
ਖੇਤੀ ਬਣਗੀ ਮਹਿੰਗਾ ਸੌਦਾ
ਪੱਲੇ ਪੈਂਦੀ ਵੱਟ-ਵਟਾਈ।
ਮਹਿੰਗ ਦੇ ਅੱਥਰੇ ਘੋੜੇ ਨੇ ਤਾਂ
ਕਿਰਤੀ ਦੀ ਹੈ ਸੁਰਤ ਭਲਾਈ।

ਮਿਹਨਤ ਏਥੇ ਕੌਡੀ ਵਿਕਦੀ
ਟੁੰਬਦੀ ਤਾਂ ਹੀ ਧਰਤ-ਪਰਾਈ।
ਜੇਬ ਗਰਮ ਦੀ ਰੀਤ ਅਵੱਲੀ
ਵਧਦੀ ਜਾਏ ਭ੍ਰਿਸ਼ਟ ਕਮਾਈ।
ਖ਼ਾਲਸ ਸ਼ਬਦ ਕੰਨਾਂ ਨੂੂੰ ਤਰਸੇ
ਮਿਲਾਵਟ ਨੇ ਜੋ ਹੱਦ ਮੁਕਾਈ।

ਕੈਂਸਰ ਅਜ਼ਗਰ ਬੰਦੇ-ਖਾਣਾ
ਖਾਈ ਜਾਵੇ ਕਿਰਤ-ਕਮਾਈ।
ਜਿੰਦ ਵਿਆਜੂ ਹਰ ਪਲ ਸੋਚ
ਕਰੀਏ ਕਿੱਦਾਂ ਮੂਲ ਚੁਕਾਈ।
‘ਅਮਨ’ ਜੀ ਕਦੇ ਨਾ ਰਹਿੰਦੀ
ਜਿਹੜੀ ਬਾਤ ਬੁੱਲ੍ਹਾਂ ’ਤੇ ਆਈ।
ਸੰਪਰਕ: 94636-09540
* * *

ਮਲਾਲ

ਰਾਕੇਸ਼ ਕੁਮਾਰ
ਉਸ ਦਾ ਮਸ਼ਹੂਰ ਹੋਣਾ ਇੱਕ ਸੁਆਲ ਹੈ
ਤੇਰਾ ਚੁੱਪ ਰਹਿਣਾ ਉਸ ਤੋਂ ਵੱਧ ਕਮਾਲ ਹੈ।
ਹਰ ਰੰਗ ਦਾ ਜੋਬਨ ਆਪੇ ਢਲ ਜਾਵੇਗਾ
ਕਿਸ ਗੱਲ ਦਾ ਵਕਤ ਉੱਤੇ ਮਲਾਲ ਹੈ।
ਆਪਣੀ ਮਿੱਟੀ ਉੱਤੇ ਕੁਝ ਕਰਕੇ ਵਿਖਾ
ਪਰਵਾਸੀ ਹੋ ਕਰਦਾ ਰੁਜ਼ਗਾਰ ਦੀ ਭਾਲ ਹੈ।

ਉਡਾ ਕੇ ਦੌਲਤ ਜ਼ਰੂਰਤਮੰਦਾਂ ’ਤੇ ਉਹ
ਰੂਹ ਆਪਣੀ ਨੂੰ ਕਰਦਾ ਮਾਲਾਮਾਲ ਹੈ।
ਕਦਮਾਂ ਲਈ ਥਾਂ ਬਣਾਉਣੀ ਔਖੀ ਹੁੰਦੀ
ਭੀੜ ਵਿੱਚ ਨਾ ਕਰਦਾ ਕੋਈ ਖ਼ਿਆਲ ਹੈ।
ਪਲ ਵਿੱਚ ਹੀ ਬਦਲ ਜਾਂਦਾ ਹੈ ‘ਰਾਕੇਸ਼’
ਇਨਸਾਨਾਂ ਵਰਗਾ ਮੌਸਮਾਂ ਦਾ ਹਾਲ ਹੈ।
ਸੰਪਰਕ: 94630-24455
* * *

Advertisement
Author Image

Advertisement