ਅਧਿਆਪਕ ਦੇ ਘਟਦੇ ਸਤਿਕਾਰ ਦਾ ਜਿ਼ੰਮੇਵਾਰ ਕੌਣ?
ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਪੁਰਾਣੇ ਸਮਿਆਂ ਵਿਚ ਅਧਿਆਪਨ ਦਾ ਕਾਰਜ ਕਰਨ ਵਾਲੇ ਸ਼ਖ਼ਸ ਲਈ ਗੁਰੂ (ਵੱਡਾ ਜਾਂ ਮਾਰਗ ਦਰਸ਼ਕ), ਆਚਾਰੀਆ (ਉਚ ਆਚਰਨ ਤੇ ਆਦਰਸ਼ਾਂ ਵਾਲਾ) ਆਦਿ ਸ਼ਬਦ ਇਸਤੇਮਾਲ ਕੀਤੇ ਜਾਂਦੇ ਸਨ ਤੇ ਵਿਦਿਆਰਥੀ ਅਧਿਆਪਕ ਨੂੰ ਬਹੁਤ ਮਾਣ-ਸਤਿਕਾਰ ਦਿੰਦੇ ਸਨ। ਅਜੋਕੇ ਸਮੇਂ ਵਿਚ ਸਮਾਜ ਅਤੇ ਵਿਦਿਆਰਥੀ ਮਨਾਂ ਅੰਦਰ ਅਧਿਆਪਕ ਦਾ ਉਹ ਪੁਰਾਣੇ ਸਮੇਂ ਵਾਲਾ ਸਤਿਕਾਰ ਮਨਫ਼ੀ ਨਜ਼ਰ ਆਉਂਦਾ ਹੈ।
ਸਮੇਂ ਦੀ ਪਾਬੰਦੀ ਅਜਿਹਾ ਸਦਗੁਣ ਸੀ ਜਿਸ ਨੂੰ ਹਰ ਅਧਿਆਪਕ ਹਰ ਕੀਮਤ ’ਤੇ ਕਾਇਮ ਰੱਖਣ ਦਾ ਯਤਨ ਕਰਦਾ ਸੀ। ਉਸ ਦਾ ਜੀਵਨ ਅਨੁਸ਼ਾਸਨ ਅਤੇ ਆਦਰਸ਼ਾਂ ਨੂੰ ਪ੍ਰਣਾਇਆ ਹੁੰਦਾ ਸੀ। ਅੱਜ ਕੁਝ ਅਧਿਆਪਕਾਂ ’ਤੇ ਇਲਜ਼ਾਮ ਲੱਗਦਾ ਹੈ ਕਿ ਉਹ ਦੇਰ ਨਾਲ ਸਕੂਲ ਆਉਣ, ਸਮੇਂ ਤੋਂ ਪਹਿਲਾਂ ਸਕੂਲ ਤੋਂ ਚਲੇ ਜਾਣ ਜਾਂ ਫਰਲੋ ਲੈਣ ਤੋਂ ਝਿਜਕਦੇ ਨਹੀਂ। ਅਨੁਸ਼ਾਸਨਹੀਣ ਅਧਿਆਪਕ ਨਾ ਤਾਂ ਵਿਦਿਆਰਥੀਆਂ ਨੂੰ ਸਮੇਂ ਦੇ ਪਾਬੰਦ ਰਹਿਣ ਬਾਰੇ ਕੁਝ ਸਿਖਾ ਸਕਦਾ ਹੈ ਤੇ ਨਾ ਹੀ ਉਨ੍ਹਾਂ ਦੇ ਮਨਾਂ ਅੰਦਰ ਆਪਣੇ ਲਈ ਸਤਿਕਾਰ ਦੀ ਭਾਵਨਾ ਪੈਦਾ ਕਰ ਸਕਦਾ ਹੈ।
ਕੁਝ ਅਧਿਆਪਕ ਟਿਊਸ਼ਨ/ਕੋਚਿੰਗ ਦਾ ਕਾਰੋਬਾਰ ਕਰਦੇ ਹਨ। ਗੱਲ ਇਹ ਨਹੀਂ ਕਿ ਕਿਸੇ ਲੋੜਵੰਦ ਜਾਂ ਪਛੜ ਰਹੇ ਵਿਦਿਆਰਥੀ ਨੂੰ ਕੋਚਿੰਗ ਦੇਣਾ ਗੁਨਾਹ ਹੈ ਪਰ ਜੇ ਕੋਈ ਅਧਿਆਪਕ ਵਿਦਿਆਰਥੀਆਂ ਨੂੰ ਜਬਰਨ ਟਿਊਸ਼ਨ ਪੜ੍ਹਨ ਲਈ ਮਜਬੂਰ ਕਰਦਾ ਹੈ ਤਾਂ ਇਹ ਗ਼ਲਤ ਹੈ; ਅਜਿਹੇ ਅਧਿਆਪਕ ਦੇ ਵਿਦਿਆਰਥੀ ਉਸ ਦਾ ਸਤਿਕਾਰ ਨਹੀਂ ਕਰਨਗੇ।
ਲਗਨ, ਮਿਹਨਤ ਤੇ ਦਿਆਨਤਦਾਰੀ ਨਾਲ ਸਾਰਾ ਸਾਲ ਵਿਦਿਆਰਥੀਆਂ ਨੂੰ ਨਾ ਪੜ੍ਹਾ ਕੇ ਤੇ ਸਾਲਾਨਾ ਪ੍ਰੀਖਿਆਵਾਂ ’ਚ ਰਾਹੀਂ ‘ਚੰਗੇਰੇ ਨਤੀਜੇ’ ਦਿਖਾਉਣ ਵਾਲੇ ਅਧਿਆਪਕਾਂ ਦੀ ਕੋਈ ਘਾਟ ਨਹੀਂ। ਅਜਿਹਾ ਕਰਨ ਵਾਲੇ ਅਧਿਆਪਕ ਜਿੰਨਾ ਮਰਜ਼ੀ ਜ਼ੋਰ ਲਗਾ ਲੈਣ, ਵਿਦਿਆਰਥੀਆਂ ਤੋਂ ਸਤਿਕਾਰ ਹਾਸਿਲ ਨਹੀਂ ਕਰ ਸਕਣਗੇ। ਉਦੋਂ ਵਿਦਿਆਰਥੀਆਂ ਨੂੰ ਅਹਿਸਾਸ ਨਹੀਂ ਹੁੰਦਾ ਕਿ ਉਹ ਆਪਣੇ ਪੈਰਾਂ ’ਤੇ ਆਪ ਕੁਹਾੜੀ ਮਾਰ ਰਹੇ ਹਨ। ਮੁਕਾਬਲਾ ਪ੍ਰੀਖਿਆਵਾਂ ਵਿਚ ਅਸਫਲ ਰਹਿਣ ਮਗਰੋਂ ਅਜਿਹੇ ਵਿਦਿਆਰਥੀ ਜਿੱਥੇ ਆਪਣੇ ਆਪ ਨੂੰ ਕੋਸਦੇ ਹਨ, ਉੱਥੇ ਉਸ ਅਧਿਆਪਕ ਨੂੰ ਵੀ ਯਾਦ ਕਰਦੇ ਹਨ ਜਿਸ ਨੇ ਸਹੀ ਮਾਰਗ ਦਰਸ਼ਨ ਦੇਣ ਦੀ ਥਾਂ ਉਨ੍ਹਾਂ ਦਾ ਬੇੜਾ ਗਰਕ ਕਰ ਦਿੱਤਾ ਹੁੰਦਾ ਹੈ।
ਕੁਝ ਅਧਿਆਪਕਾਂ ਦਾ ਸ਼ਰਾਬ ਪੀ ਕੇ ਡਿਊਟੀ ’ਤੇ ਆਉਣਾ ਜਾਂ ਵਿਦਿਆਰਥਣਾਂ ਨਾਲ ਜਿਨਸੀ ਛੇੜਛਾੜ ਕਰਨਾ ਉਨ੍ਹਾਂ ਦੇ ਨਿਘਾਰ ਦਾ ਸੂਚਕ ਹੈ। ਆਪਣੀਆਂ ਸਾਥਣ ਅਧਿਆਪਕਾਂ ਬਾਰੇ ਭੱਦੀਆਂ ਟਿੱਪਣੀਆਂ ਕਰ ਕੇ ਅਜਿਹੇ ਅਧਿਆਪਕ ਆਪਣੇ ਕਿਰਦਾਰ ਦਾ ਆਪ ਹੀ ਘਾਣ ਕਰ ਰਹੇ ਹਨ। ਅਜਿਹੇ ਅਧਿਆਪਕਾਂ ਦਾ ਸਤਿਕਾਰ ਭਲਾ ਵਿਦਿਆਰਥੀ ਕਿਉਂ ਕਰਨਗੇ?
ਕੋਈ ਸ਼ੱਕ ਨਹੀਂ ਹੈ ਕਿ ਸਰਕਾਰ ਅਧਿਆਪਕ ਤੋਂ ਗ਼ੈਰ-ਜ਼ਰੂਰੀ ਕੰਮ ਲੈਂਦੀ ਹੈ, ਉਨ੍ਹਾਂ ਦਾ ਕੀਮਤੀ ਸਮਾਂ ਬਰਬਾਦ ਕਰਦੀ ਹੈ ਪਰ ਸੱਚ ਇਹ ਵੀ ਹੈ ਕਿ ਬੱਚਿਆਂ ਦੇ ਵਿਅਰਥ ਗਏ ਉਸ ਸਮੇਂ ਦੀ ਭਰਪਾਈ ਲਈ ਕਿੰਨੇ ਕੁ ਅਧਿਆਪਕ, ਸਕੂਲ ਸਮੇਂ ਤੋਂ ਪਹਿਲਾਂ ਜਾਂ ਬਾਅਦ ’ਚ ਵਿਦਿਆਰਥੀਆਂ ਨੂੰ ਪੜ੍ਹਾ ਕੇ ਫਰਜ਼ ਪੂਰਾ ਕਰਦੇ ਹਨ? ਬਹੁਤੇ ਅਧਿਆਪਕਾਂ ਨੂੰ ਸੈਮੀਨਾਰ ਜਾਂ ਵਰਕਸ਼ਾਪਾਂ ਆਦਿ ਵਾਧੂ ਬੋਝ ਜਾਪਦੇ ਹਨ; ਨਵੀਆਂ ਤਕਨੀਕਾਂ ਤੇ ਤਕਨਾਲੋਜੀ ਨਾ ਸਿੱਖ ਕੇ ਉਹ ਆਪਣੇ ਵਿਸ਼ੇ ਨੂੰ ਸੁਖਾਲਾ ਤੇ ਸੁਆਦਲਾ ਨਹੀਂ ਬਣਾਉਂਦੇ ਜਿਸ ਕਾਰਨ ਸਬੰਧਿਤ ਵਿਸ਼ਾ ਵਿਦਿਆਰਥੀਆਂ ਨੂੰ ਨੀਰਸ ਜਾਪਦਾ ਹੈ ਤੇ ਉਹ ਅਧਿਆਪਕ ਦੇ ਆਖੇ ‘ਕੁੰਜੀਆਂ’ ਵਰਤ ਕੇ ਬੁੱਤਾ ਸਾਰ ਤਾਂ ਲੈਂਦੇ ਹਨ ਪਰ ਅਧਿਆਪਕ ਪ੍ਰਤੀ ਉਨ੍ਹਾਂ ਦੇ ਮਨ ਅੰਦਰੋਂ ਸਤਿਕਾਰ ਮਨਫ਼ੀ ਹੋ ਜਾਂਦਾ ਹੈ।
ਉਂਝ, ਅੱਜ ਵੀ ਅਜਿਹੇ ਅਧਿਆਪਕ ਹਨ ਜਿਹੜੇ ਆਪਣੇ ਕਿੱਤੇ ਤੇ ਵਿਦਿਆਰਥੀਆਂ ਪ੍ਰਤੀ ਸਮਰਪਿਤ ਹਨ; ਉਨ੍ਹਾਂ ਦੇ ਸਾਬਕਾ ਤੇ ਵਰਤਮਾਨ ਵਿਦਿਆਰਥੀ ਉਨ੍ਹਾਂ ਦਾ ਦਿਲੋਂ ਸਤਿਕਾਰ ਕਰਦੇ ਹਨ ਪਰ ਕੌੜਾ ਸੱਚ ਇਹ ਹੈ ਕਿ ਅਜਿਹੇ ਅਧਿਆਪਕਾਂ ਦੀ ਗਿਣਤੀ ਹੁਣ ਕਾਫੀ ਘੱਟ ਹੈ। ਹੁਣ ਸਮਾਂ ਆ ਗਿਆ ਹੈ ਕਿ ਸਮੂਹ ਅਧਿਆਪਕਾਂ ਅਤੇ ਅਧਿਆਪਕ ਜਥੇਬੰਦੀਆਂ ਸਿਰ ਜੋੜ ਯਤਨ ਕਰਨ ਤਾਂ ਜੋ ਉਹ ਦਿਨ ਵਾਪਸ ਲਿਆਂਦੇ ਜਾ ਸਕਣ ਜਦੋਂ ਅਧਿਆਪਕ ਨੂੰ ਗੁਰੂ ਜਾਂ ਆਚਾਰੀਆ ਕਿਹਾ ਜਾਂਦਾ ਸੀ।
ਸੰਪਰਕ: 97816-46008