ਧਰਮ ਦੇ ਦੁਸ਼ਮਣ ਕੌਣ ਹਨ ?
ਪਰਸ਼ੋਤਮ ਸਿੰਘ
ਨੜਿਨਵੇਂ ਫ਼ੀਸਦੀ ਲੋਕ ਇਸ ਭਰਮ ਵਿੱਚ ਸਾਰੀ ਉਮਰ ਗੁਆ ਦਿੰਦੇ ਹਨ ਕਿ ਜੋ ਮੇਰੇ ਧਰਮ, ਇਸ਼ਟ, ਫਲਸਫ਼ੇ ਅਨੁਸਾਰ ਜਾਂ ਮੇਰੀ ਸ਼ਰਧਾ ਦੇ ਕੇਂਦਰ ਬਣੇ ਵਿਅਕਤੀ ਵਿਸ਼ੇਸ਼ ਅਨੁਸਾਰ ਨਹੀਂ ਚਲਦੇ, ਉਹ ਧਾਰਮਿਕ ਨਹੀਂ। ਇਸੇ ਤਰ੍ਹਾਂ ਸਿਆਣਪ, ਚਲਾਕੀਆਂ, ਧੋਖਾ, ਝੂਠ ਫ਼ਰੇਬ ਤੇ ਠੱਗੀਆਂ ਦਾ ਦਿਖਾਵਾ ਵੀ ਉਸ ਅਨੁਸਾਰ ਨਹੀਂ ਕਰ ਸਕਦੇ ਤਾਂ ਉਹ ਵੀ ਇੱਕ ਦੂਜੇ ਨੂੰ ਸੂਤ ਨਹੀਂ ਬੈਠਦੇ। ਇਹ ਜ਼ਰੂਰੀ ਨਹੀਂ ਕਿ ਦੂਜੇ ਦੀ ਮਰਜ਼ੀ ਅਨੁਸਾਰ ਤੁਸੀਂ ਚੱਲੋ। ਇਸ ਦੇ ਬਾਵਜੂਦ ਤੁਸੀਂ ਕਿੰਤੂ-ਪਰੰਤੂ ਕਰ ਦਿੱਤਾ ਤਾਂ ਤੁਹਾਡਾ ਤੇ ਦੂਸਰੇ ਦਾ ਰਾਹ ਅੱਡੋ-ਅੱਡ ਹੋਣ ਨੂੰ ਦੇਰ ਨਹੀਂ ਲੱਗਣੀ। ਇਹ ਕਿਸ ਤਰ੍ਹਾਂ ਦੀ ਧਾਰਮਿਕਤਾ ਹੈ ਕਿ ਤੁਸੀਂ ਆਪਣੇ ਆਪ ਨੂੰ ਬੰਦ ਕਰਕੇ, ਦਬਾਅ ਕੇ, ਖ਼ਤਮ ਕਰ ਕੇ ਸਿਰਫ਼ ਉਸ ਦੀ ਹਾਂ ’ਚ ਹਾਂ ਮਿਲਾਉ। ਤੁਹਾਡੇ ਜ਼ਿਹਨ ਦੇ ਸ਼ੰਕੇ ਕੌਣ ਮਿਟਾਏਗਾ? ਤੁਹਾਡੀ ਵਾਰਤਾਲਾਪ ਤੁਹਾਨੂੰ ਦੂਜੇ ਵਿਅਕਤੀ ਤੋਂ ਦੂਰ ਕਰ ਦੇਵੇ ਤਾਂ ਸਮਝ ਲੈਣਾ ਤੁਹਾਡਾ ਕੋਈ ਧਰਮ ਨਹੀਂ ਹੈ। ਤੁਸੀਂ ਕਿਸੇ ਖਿੱਚੀ ਲਕੀਰ ’ਤੇ ਖੜ੍ਹੇ ਰਹੇ, ਤੁਹਾਡੇ ਅੰਦਰ ਨਵੀਂ ਲਾਈਨ ਬਣਾਉਣ ਦਾ ਚਾਅ ਨਹੀਂ ਉਗਮਿਆ ਤਾਂ ਅਜੇ ਵੀ ਧਰਮ ਤੁਹਾਥੋਂ ਕੋਹਾਂ ਦੂਰ ਹੈ। ਤੁਸੀਂ ਕਿਸੇ ਜ਼ਿੱਦ ’ਤੇ ਅੜੇ ਰਹੇ ਤਾਂ ਵੀ ਤੁਸੀਂ ਦੂਜੇ ਹਿਰਦੇ ਨੂੰ ਵਿੰਨ੍ਹਣ ਤੋਂ ਅਸਮਰੱਥ ਰਹੋਗੇ। ਤੁਸੀਂ ਕਿਸੇ ਵਿਚਾਰਧਾਰਾ ਨੂੰ ਜ਼ਬਰਦਸਤੀ ਦੂਜੇ ’ਤੇ ਥੋਪਦੇ ਹੋ ਤਾਂ ਤੁਹਾਡੇ ਤੇ ਧਰਮ ਦੋਵਾਂ ਦੇ ਰਸਤੇ ਅਲੱਗ ਅਲੱਗ ਹਨ। ਵੱਡੇ-ਵੱਡੇ ਸਾਧਕ ਮਾਇਆਜਾਲ ਦੇ ਲਾਲਚਵੱਸ ਜਾਂ ਸੁੰਦਰਤਾ ਵੱਲ ਪੈਰ ਪਸਾਰ ਕੇ ਸਿਰਫ਼ ਬਸਤਰ ਪਹਿਨਣ ਵਾਲੇ ਸਾਧ ਹੀ ਰਹਿ ਜਾਂਦੇ ਹਨ ਤੇ ਸੰਸਾਰੀਆਂ ਨਾਲੋਂ ਵੀ ਬਦਤਰ ਜੀਵਨ ਇੱਛਾਵਾਂ ’ਚ ਗਰਕਦੇ ਹਨ। ਤੁਹਾਡਾ ਜੀਵਨ ਆਪਣਾ ਹੈ। ਤੁਹਾਡੀਆਂ ਟੋਹਸਿੰਗੀਆਂ (ਗਿਆਨ ਇੰਦਰੀਆਂ) ਤੇ ਸਮਝ ਆਪਣੀ ਹੈ। ਸੰਸਾਰ ਦੇ ਖਲਾਅ ਨੂੰ ਧਾਰਮਿਕ ਸ਼ਬਦਾਂ ’ਚ ਭਵਸਾਗਰ ਕਹਿ ਕੇ ਸਮਝ ਸਕਦੇ ਹੋ। ਭਰਮਾਂ ਦੇ ਸਮੁੰਦਰ ਤੇ ਭਰਮਜਾਲ ਜਦੋਂ ਜੀਵਨ ਦੀਆਂ ਕੌੜੀਆਂ ਕਸਵੱਟੀਆਂ ’ਤੇ ਟੁੱਟਦੇ ਹਨ ਤਾਂ ਤੁਸੀਂ ਬੇਹੋਸ਼ੀ ’ਚੋਂ ਬਾਹਰ ਆਉਂਦੇ ਹੋ, ਉਦੋਂ ਤੁਹਾਨੂੰ ਜਾਗ ਆਉਂਦੀ ਹੈ। ਚੇਤੰਨਤਾ ’ਚ ਮੌਲਣ ਅਤੇ ਬੇਹੋਸ਼ੀ ’ਚ ਰਹਿਣ ਦਰਮਿਆਨ ਦਿਨ ਰਾਤ ਦਾ ਫ਼ਰਕ ਹੈ। ਜਿਸ ਨੂੰ ਆਪਣੀ ਕਾਬਲੀਅਤ ਦੀ ਸਮਝ ਲੱਗ ਗਈ ਉਹ ਉਸਤਾਦ ਬਣ ਬੈਠਦਾ ਹੈ। ਇੱਥੇ ਉਸ ਦੀ ਮਰਜ਼ੀ ਹੈ ਕਿ ਆਪਣਾ ਹਿਰਦਾ ਸਾਫ਼ ਕਰੇ ਜਾਂ ‘ਭੋਲੀਆਂ ਭੇਡਾਂ’ ਮੁੰਨਣ ’ਤੇ ਵਕਤ ਜ਼ਾਇਆ ਕਰੇ। ਜ਼ਰਾ ਕੁ ਜ਼ਿਆਦਾ ਸਮਝ ਵਾਲਾ ਦੂਜੇ ਤੋਂ ਵੱਡਾ ਬਣ ਬੈਠਦਾ ਹੈ।
ਯਹੂਦੀਆਂ ਦੀ ਇੱਕ ਬਹੁਤ ਪਿਆਰੀ ਧਾਰਮਿਕ ਪੁਸਤਕ ਹੈ ਤਾਲਿਮੁਦ। ਤਾਲਿਮੁਦ ਮਨੁੱਖ ਨੂੰ ਕਹਿੰਦੀ ਹੈ ਕਿ ਪਰਮਾਤਮਾ ਨੇ ਤੈਨੂੰ ਐਨੇ ਮੌਕੇ ਦਿੱਤੇ ਤੂੰ ਉਹ ਭੋਗੇ ਕਿਉਂ ਨਹੀਂ? ਬਚਪਨ ’ਚ ਇਹ ਕਿ ਚਲੋ ਜੁਆਨੀ ’ਚ ਕਰ ਲਵਾਂਗੇ ਤੇ ਜੁਆਨੀ ਆਈ ਤਾਂ ਅਲਗਰਜ਼ੀ ’ਚ ਰਹੇ ਕਿ ਅਜੇ ਬੜੀ ਉਮਰ ਹੈ। ਬੁਢਾਪੇ ’ਚ ਆਣ ਕੇ ਵੀ ਮਨ ਇਹੀ ਕਹਿੰਦਾ ਰਿਹਾ, ਮਨ ਭਾਵ ਤੁਸੀਂ ਆਪ ਕਿ ਕਾਹਲੀ ਕਾਹਦੀ ਹੈ...। ਜਾਗਣ ਦਾ ਵਕਤ ਇਹੀ ਸੀ ਜਦੋਂ ਪਤਾ ਲਗਾ। ਤੂੰ ਗੁਆ ਲਿਆ। ਜਦੋਂ ਗੀਤ ਗਾ ਸਕਦਾ ਸੀ ਤੈਥੋਂ ਗਾਇਆ ਨਾ ਗਿਆ। ਬੱਸ ਇਹੀ ਪਾਪ ਸੀ। ਟਾਲਾ ਵੱਟਣਾ ਤੁਸੀਂ ਜੀਵਨ ਦਾ ਹਿੱਸਾ ਬਣਾ ਲਿਆ। ਪਰਮਾਤਮਾ ਤੁਹਾਡੀਆਂ ਗ਼ਲਤੀਆਂ ਗਿਣਨ ਮਿਣਨ ਲਈ ਨਹੀਂ ਹੈ।
ਜੇ ਤੁਸੀਂ ਆਪਣੇ ਧਰਮ ਨੂੰ ਵਰਤਣਾ ਚਾਹੁੰਦੇ ਹੋ ਤਾਂ ਉਸ ਵਿੱਚ ਮਨੋਂ ਪੂਰੀ ਤਰ੍ਹਾਂ ਭਿੱਜ ਜਾਉ। ਤੁਸੀਂ ਇਸ਼ਨਾਨ ਕਰ ਕੇ ਸਮੁੰਦਰ ਦੀ ਥਾਹ ਨਹੀਂ ਪਾ ਸਕਦੇ। ਕਹਿਣ ਨੂੰ ਤਾਂ ਤੁਸੀਂ ਧਰਮੀ ਹੋ ਪਰ ਆਪਣੇ ਮਤਲਬ ਦੀ ਚੁੱਭੀ ਲਾ ਕੇ ਤੁਸੀਂ ਉਸ ਸਮੁੰਦਰ ਨਾਲ ਰਲਦੇ ਨਹੀਂ। ਡੁੱਬਣ ਤੋਂ ਪਹਿਲਾਂ ਤੱਕ ਗਿਰਨ ਦਾ ਡਰ ਹਮੇਸ਼ਾਂ ਬਣਿਆ ਰਹਿਣਾ ਹੈ। ਧਰਮੀ ਸਿਰਫ਼ ਉਹੀ ਹੈ ਜਿਹੜਾ ਧਰਮ ’ਚ ਡੁੱਬ ਗਿਆ, ਮੁੜ ਕੇ ਸੰਸਾਰੀ ਨਾ ਹੋਇਆ। ਜਿਹੜਾ ਕਰਾਮਾਤੀ ਧਰਮ ਦੇ ਸਰੋਵਰ ’ਚੋਂ ਦੋ ਚਾਰ ਬਾਲਟੀਆਂ ਭਰ ਲਿਆਇਆ ਉਹ ਸਵਾਰਥੀ। ਧਰਮ ਦੇ ਕਾਇਦੇ ਕਾਨੂੰਨ ਆਪਣੇ ਹੁੰਦੇ ਹਨ। ਵਿਸ਼ਵਾਸ ਦੇ ਪੈਮਾਨੇ ’ਚ ਦਇਆ ਤੋਂ ਸੱਖਣੇ ਮਨਾਂ ਵਾਲੇ ਵੀ ਕਈ ਵਾਰ ਧਰਮ ਸਥਾਨਾਂ ਦੇ ਪ੍ਰਧਾਨ ਬਣ ਬੈਠਦੇ ਹਨ। ਜੇਕਰ ਤੁਹਾਨੂੰ ਚੌਧਰ ਦੀ ਲਾਲਸਾ ਹੈ ਤਾਂ ਤੁਸੀਂ ਧਰਮੀ ਨਹੀਂ। ਜੇਕਰ ਲਾਲਚ ਹਨ ਤਾਂ ਧਰਮ ਗਾਇਬ ਸਮਝੋ। ਜੇਕਰ ਮਾਇਆ ਤੇ ਸੰਸਾਰਕ ਗਿਣਤੀਆਂ ਨਾਲ ਲੁੱਟਮਾਰ ਗਿਣ ਕੇ ਦੱਸਦੇ ਹਨ ਤਾਂ ਧਰਮ ਦੀ ਲੁੱਟ-ਖਸੁੱਟ ਕਰਨ ਵਾਲਿਆਂ ਦੇ ਵਿਰੋਧੀ ਵੀ ਧਰਮੀ ਨਹੀਂ ਹਨ। ਉਨ੍ਹਾਂ ਦੀ ਮਨਸ਼ਾ ਵੀ ਚੌਧਰ, ਕਬਜ਼ੇ ਦੀ ਹੈ। ਜੇਕਰ ਕਿਸੇ ਵਿੱਚੋਂ ਧਰਮ ਮਨਫ਼ੀ ਹੈ ਤਾਂ ਧਰਮ ਅਸਥਾਨਾਂ ’ਤੇ ਡਾਂਗ ਸੋਟਾ ਖੜਕਣਾ ਕੋਈ ਵੱਡੀ ਗੱਲ ਨਹੀਂ ਹੁੰਦਾ। ਤੁਹਾਡਾ ਲੜਨਾ ਝਗੜਨਾ ਹੀ ਦੱਸਦਾ ਹੈ ਕਿ ਤੁਸੀਂ ਧਰਮੀ ਨਹੀਂ ਹੋ; ਤੁਸੀਂ ਤਾਸ਼ ਦੇ ਪਾਸੇ ’ਤੇ ਰੱਖੇ ਗਏ ਪੱਤੇ ਹੋ ਜੋ ਸਮੇਂ ਨਾਲ ਸ਼ੋਅ ਹੋਣਗੇ।
ਜ਼ਿਆਦਾ ਨਹੀਂ ਤਾਂ ਸੌ ਕੁ ਬੰਦਾ ਅਗਰ ਧਰਮੀ ਹੋਵੇ ਤਾਂ ਬਹੁਤ ਕੁਝ ਸੁਲਝ ਸਕਦਾ ਹੈ। ਇੰਨੇ ਕੁ ਬੰਦੇ ਧਾਰਮਿਕਤਾ ਦਾ ਰੋਲ ਮਾਡਲ ਹੋ ਸਕਦੇ ਹਨ। ਜਿਨ੍ਹਾਂ ਨੂੰ ਕੋਈ ਲਾਲਚ ਨਾ ਹੋਵੇ, ਉਹ ਚੌਧਰੀ ਨਾ ਬਣ ਕੇ ਸੇਵਾ ਕਰਨ। ਇੱਕ ਧਰਮ ਅਸਥਾਨ ਤੋਂ ਪੂਰੇ ਮੁਲਕ ਤੱਕ ਹੀ ਨਹੀਂ, ਦੁਨੀਆ ਤੱਕ ਧਾਂਕ ਜੰਮ ਜਾਵੇਗੀ। ਫਿਰ ਕਿਸੇ ਵੱਖਰੇ ਮੁਲਕ ਦੀ ਸ਼ਾਇਦ ਲੋੜ ਹੀ ਨਾ ਪਵੇ। ਪੂਰੇ ਮੁਲਕ ਦੇ ਲੋਕ, ਪੂਰੀ ਦੁਨੀਆ ਦੇ ਵਾਸੀ ਤੁਹਾਡੇ ਉਸ ਖਿੱਤੇ ’ਤੇ ਮਾਣ ਕਰ ਸਕਣਗੇ। ਉਹ ਤੁਹਾਡੇ ਸਾਗਰ ’ਚ ਚੁੱਭੀ ਲਾਉਣ ਨੂੰ ਤਰਸ ਸਕਦੇ ਹਨ। ਕਿਤੇ ਕਰ ਕੇ ਤਾਂ ਦੇਖੋ। ਜਦ ਤਕ ਅਮਲੀ ਰੂਪ ਵਿੱਚ ਸੰਭਵ ਨਹੀਂ ਉਦੋਂ ਤੱਕ ਇੱਕ ਦੂਜੇ ਨੂੰ ਕੋਸਣਾ ਵੀ ਧਰਮ ਨਹੀਂ, ਭਾਵੇਂ ਤੁਸੀਂ ਕਿੰਨੀ ਵੱਡੀ ਕੁਰਬਾਨੀ ਕੀਤੀ ਹੋਵੇ। ਜੇ ਤੁਹਾਡਾ ਵੀ ਵਿਰੋਧ ਹੈ ਤਾਂ ਅਜੇ ਵੀ ਕਿਤੇ ਨਾ ਕਿਤੇ ਅੜੇ, ਰੁਕੇ ਹੋ, ਕੁਝ ਕਮੀਆਂ ਹਨ। ਤੁਸੀਂ ਵੱਡਿਆਂ ਦੀ ਕਦਰ ਗੁਆ ਲਈ ਤਾਂ ਤੁਹਾਡੇ ਸਭ ਪੱਲੇ ਖਾਲੀ ਹਨ ਪਰ ਜੇ ਛੋਟਿਆਂ ਨੂੰ ਨਾਲ ਲੈ ਕੇ ਨਹੀਂ ਚੱਲੇ ਤਾਂ ਤੁਹਾਡਾ ਭਵਿੱਖ ਵੀ ਸੁਰੱਖਿਅਤ ਨਹੀਂ। ਇਹ ਕਹਿਣਾ ਕੁਥਾਈਂ ਨਹੀਂ ਹੋਵੇਗਾ ਕਿ ਧਰਮ ਬਾਰੇ ਪਤਾ ਸਿਰਫ਼ ਧਰਮੀ ਹੋ ਕੇ ਹੀ ਲੱਗ ਸਕਦਾ ਹੈ। ਉਸ ਤੋਂ ਉਰ੍ਹੇ ਸਭ ਜਾਬ੍ਹਾਂ ਦਾ ਭੇੜ ਹੈ।
ਸੰਪਰਕ: 98144-03747