ਪਿਆਰਾ ਸਿੰਘ ਸਹਿਰਾਈ ਦਾ ਕਾਵਿ-ਸੰਗ੍ਰਹਿ ‘ਵਣ ਤ੍ਰਿਣ’ ਪੜ੍ਹਦਿਆਂ
ਪਿਆਰਾ ਸਿੰਘ ਸਹਿਰਾਈ ਕੋਲ ਜਿੱਥੇ ਡੂੰਘੀ ਸੰਵੇਦਨਾ ਵਾਲਾ ਦਿਲ ਸੀ, ਉੱਥੇ ਮਨ ਦੀ ਅਮੀਰੀ ਵਾਲੀ ਦ੍ਰਿਸ਼ਟੀ ਵੀ ਸੀ। ਜਜ਼ਬਿਆਂ ਦਾ ਉਛਾਲ ਅਤੇ ਰਹੱਸਵਾਦੀ ਕਲਪਨਾ ਦੀ ਉਡਾਰੀ ਸਿਖਰਾਂ ਛੋਹਣ ਵਾਲੀ ਸੀ।
ਮਨਮੋਹਨ ਸਿੰਘ ਦਾਊਂ
ਪੰਜਾਬੀ ਕਾਵਿ-ਖੇਤਰ ’ਚ ਪਿਆਰਾ ਸਿੰਘ ਸਹਿਰਾਈ ਮਕਬੂਲ ਸ਼ਾਇਰ ਸੀ ਜਿਸ ਬਾਰੇ ਬਹੁਤ ਘੱਟ ਜ਼ਿਕਰ ਕੀਤਾ ਮਿਲਦਾ ਹੈ। ‘ਵਣ ਤ੍ਰਿਣ’ ਤੋਂ ਪਹਿਲਾਂ ਸਹਿਰਾਈ ਦੀਆਂ ਪੰਛੀ, ਤਾਰਿਆਂ ਦੀ ਲੋਅ, ਧਰਤੀ ਦੇ ਗੀਤ, ਸ਼ਕੁੰਤਲਾ, ਤਿਲੰਗਾਨਾ ਦੀ ਵਾਰ, ਸਮੇਂ ਦੀ ਵਾਗ, ਲਗਰਾਂ ਤੇ ਰੁਣ-ਝੁਣ ਕਾਵਿ-ਪੁਸਤਕਾਂ ਨੇ ਸਮੇਂ-ਸਮੇਂ ਆਪਣੀ ਪੈਂਠ ਦੀਆਂ ਪੈੜਾਂ ਪਾਈਆਂ। ਕਾਵਿ-ਸੰਗ੍ਰਹਿ ‘ਵਣ-ਤ੍ਰਿਣ’ ਨਵਯੁਗ ਪਬਲਿਸਰਜ਼, ਚਾਂਦਨੀ ਚੌਕ, ਦਿੱਲੀ ਨੇ ਪਹਿਲੀ ਵਾਰ 1970 ’ਚ ਪ੍ਰਕਾਸ਼ਿਤ ਕੀਤਾ ਸੀ ਤੇ 80 ਪੰਨਿਆਂ ਦੀ ਇਸ ਸਰੋਦੀ ਪੁਸਤਕ ਦੀ ਕੀਮਤ ਸੱਤ ਰੁਪਏ ਸੀ। ਇਸ ਦੇ ਸਰਵਰਕ ਅਤੇ ਪਿੱਠ ਪੰਨੇ ’ਤੇ ਸੁੰਦਰ ਚਿੱਤਰਕਾਰੀ ਇਮਰੋਜ਼ ਦੀ ਕਲਾ ਦੀ ਗਵਾਹੀ ਭਰਦੀ ਹੈ। ਪ੍ਰਾਰੰਭ ’ਚ ਸੁਖਬੀਰ ਦਾ ਲਿਖਿਆ ‘ਸਹਿਰਾਈ: ਇੱਕ ਪੋਰਟ੍ਰੇਟ’ ਦਿਲ ਨੂੰ ਟੁੰਬਦਾ ਹੈ: “ਪਾਣੀ ਦਾ ਗੀਤ ਗਾ ਕੇ, ਮਾਰੂਥਲਾਂ ’ਚ ਤਰਦਾ, ਫੁੱਲ ਜੋ ਖਿਜ਼ਾਂ ਦਾ ਸੁੱਤਾ, ਮਹਿਕਾਂ ਖਿਲਾਰਦਾ।” ਇਸ ਰਚਨਾ ’ਚ 13 ਸਰੋਦੀ ਤੇ ਪ੍ਰਗਤੀਵਾਦੀ ਗੀਤ ਪਾਠਕ ਦੇ ਧੁਰ-ਅੰਦਰ ਸਮੋਣ ਦੀ ਸ਼ਕਤੀ ਰੱਖਦੇ ਹਨ। ‘ਕਿਉਂ’ ਨਾਂ ਦੀ ਪਹਿਲੀ ਕਵਿਤਾ ਇੱਕ ਨਸ਼ਾ ਚੜ੍ਹਾਉਣ ਵਰਗੀ ਸ਼ਕਤੀ ਰੱਖਦੀ ਹੈ ਜਾਂ ਇੰਜ ਕਹਿ ਲਵੋ ਕਿ ਸਹਿਰਾਈ ਦੀ ਕਾਵਿ-ਚਿੱਤਰੀ ਸੰਵੇਦਨਾ ਦੀ ਸੂਖ਼ਮ ਅਰਜੋਈ ਹੈ:
ਕਿਉਂ ਸੁਪਨੇ ਤ੍ਰਹਿੰਦੇ ਨੇ ਮੇਰੇ ਨੈਣੀਂ
ਕਿਉਂ ਗੀਤ ਰੋਂਦੇ ਨੇ ਮੇਰੀ ਹਿਕ ਵਿੱਚ,
ਕਿਉਂ ਗ਼ਮ ਦੀ ਲੱਗੀ ਏ ਜਾਗ ਦਿਲ ਨੂੰ
ਇਹ ਦਿਲ ਦੇ ਵਿਹੜੇ ਵਰਾਨੀਆਂ ਕਿਉਂ?
‘ਜ਼ਿੰਦਗੀ ਬੜੀ ਹੁਸੀਨ’ ਕਵਿਤਾ ਪ੍ਰਕਿਰਤੀ ਨੂੰ ਗਲਵਕੜੀ ਪਾਉਂਦੀ ਜ਼ਿੰਦਗੀ ਨੂੰ ਹੁਸੀਨ ਬਣਾਉਣ ਲਈ ਲੂਰੀਆਂ ਲੈਂਦੀ ਹੈ। ਅਜਿਹੀ ਕਾਵਿ-ਦ੍ਰਿਸ਼ਟੀ ਪੰਜਾਬੀ ਕਵਿਤਾ ਦੀ ਅਮੀਰੀ ਹੈ।
“ਜ਼ਿੰਦਗੀ ਬੜੀ ਹੁਸੀਨ, ਬੇਲੀਆ
ਜ਼ਿੰਦਗੀ ਬੜੀ ਪਿਆਰੀ ਵੇ
ਇਸ ਜ਼ਿੰਦਗੀ ਤੋਂ ਸੈਆਂ ਵਾਰੀ
ਮੈਂ ਘੋਲੀ, ਮੈਂ ਵਾਰੀ ਵੇ।”
... ... ...
“ਚਿੜੀਆਂ ਚੂਕਣ, ਪੰਛੀ ਗੁਟਕਣ
ਕਰਦੇ ਪਏ ਕਲੋਲਾਂ ਵੇ,
ਰੁੱਖਾਂ ਨੂੰ ਗਲਵਕੜੀ ਪਾ ਕੇ
ਝੂਮ ਰਹੀਆਂ ਨੇ ਵੇਲਾਂ ਵੇ,
ਝਰਨੇ ਝਰ-ਝਰ ਝਰ-ਝਰ ਕਰਦੇ
ਫੁੱਲਾਂ ਧੌਣ ਉਲਾਰੀ ਵੇ।”
‘ਮੈਂ’ ਕਵਿਤਾ ਮਨੁੱਖ ਦੀ ਪ੍ਰਗਤੀ ਅਤੇ ਸਿਰਜਣਾ ਦੀ ਗੱਲ ਕਰਦੀ ਹੈ ਕਿ ਮਨੁੱਖ ਗ਼ੁਲਾਮੀ ਦੀਆਂ ਜ਼ੰਜੀਰਾਂ ਤੋੜਦਾ ਕਿਵੇਂ ਅੱਗੇ-ਅੱਗੇ ਸਮਾਜ ਨੂੰ ਸੁਥਰਾ ਤੇ ਚੰਗੇਰਾ ਬਣਾਉਣ ਲਈ ਯਤਨਸ਼ੀਲ ਰਹਿੰਦਾ ਹੈ। ਕਿੰਝ ਮਨੁੱਖ ਆਪਣੇ ਬਲ ਤੋਂ ਚੇਤੰਨ ਸੰਗਰਾਮ ਕਰਦਾ ਰਿਹਾ ਹੈ ਅਤੇ ਸਮੁੱਚੀ ਮਨੁੱਖਤਾ ਦੇ ਭਲੇ ਲਈ ਆਪਣੀ ਕਿਰਤ ਵਾਰਦਾ ਰਿਹਾ। ‘ਜ਼ਿੰਦਗੀ ਦੇ ਰਾਹਾਂ ਉੱਤੇ’ ਕਵਿਤਾ ਵੀ ਮਨੁੱਖ ਦੇ ਜੂਝਣ ਦੀ ਗੱਲ ਕਰਦੀ ਹੈ। ਜ਼ਿੰਦਗੀ ਦੇ ਸੋਮੇ ਵਹਿੰਦੇ ਹੀ ਰਹੇ, ਤ੍ਰਿਹਾਏ ਪਰ ਇਨਸਾਨ ਖਹਿੰਦੇ ਹੀ ਰਹੇ। ‘ਝੂਮਰ’ ਕਵਿਤਾ ਜ਼ਿੰਦਗੀ ਦੇ ਖੇੜੇ ਦੀ ਗੱਲ ਕਰਦੀ ਇੱਕ ਲੋਕ-ਨਾਚ ਵਰਗਾ ਦ੍ਰਿਸ਼ ਪੇਸ਼ ਕਰਦੀ ਹੈ। ਅਕਲ, ਸ਼ਕਤੀ, ਸੂਝ ਇੱਕ-ਮਿੱਕ ਹੋ ਗਏ, ਬੁੱਧੀ-ਬਲ ਨੇ ਸਿਖਰ ਆਪਣੀ ਛੋਹ ਲਈ। ‘ਜਗਤ ਜਲੰਦਾ’ ਕਵਿਤਾ ’ਚ ਸਹਿਰਾਈ ਦੀ ਕਾਵਿਕ-ਬਿੰਬਾਵਲੀ ਨਵੇਂ-ਨਵੇਂ ਸ਼ਬਦਾਂ ਦੀ ਘੜਤ ਘੜਦੀ ਹੈ। ‘ਨਾਨਕ’ ਕਵਿਤਾ ’ਚ ਕਿਰਤ ਦੀ ਵਡਿਆਈ ਨਾਲ ਹੀ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਸਰਬ ਕਾਲੀ ਰਹੇਗੀ: ਤੂੰ ਜੁਗਾਂ ਦੇ ਖ਼ਾਬ ਦੀ ਤਾਬੀਰ ਸੈਂ, ਲੋਕਾਂ ਦੇ ਦਰਦ ਦੀ ਅਕਸੀਰ ਸੈਂ। ਕਿਰਤ ਕੀਤੀ, ਸਾਥ ਦਿੱਤਾ ਕਿਰਤ ਦਾ। ਕਿਰਤ-ਹੱਥੋਂ ਹੀ ਤਾਂ ਸਭ ਕੁਝ ਵਰਤਦਾ। ‘ਲੈਨਿਨ’ ਕਵਿਤਾ ’ਚ ਨੇਤਾ ਲੈਨਿਨ ਦੀ ਸਮੁੱਚੀ ਦੇਣ ਤੇ ਪ੍ਰਤਿਭਾ ਨੂੰ ਜਗਤ ਪੱਧਰ ’ਤੇ ਉਸਾਰਿਆ ਗਿਆ। ਚਰਚਿਤ ਕਵਿਤਾ ‘ਵੀਅਤਨਾਮ’ ਬਹੁਤ ਕੁਝ ਆਖਦੀ, ਸਾਮਰਾਜੀ ਤਾਕਤਾਂ ਨੂੰ ਪਛਾੜਦੀ, ਹੱਕ-ਸੱਚ ਅਤੇ ਮਨੁੱਖ ਦੀ ਜਿੱਤ ਦਾ ਡੰਕਾ ਵਜਾਉਂਦੀ, ਵੀਅਤਨਾਮ ਦੀ ਧਰਤੀ ਗਗਨ ਦਮਾਮਾ ਵੱਜੇ, ਸੁਤੰਤਰਤਾ, ਅਮਨ ਦੇ ਪ੍ਰੇਮੀ ਰਣ ਵਿੱਚ ਗੱਜੇ। ਅੱਜ ਲੋਕਾਂ ਦਾ ਜੁਗ ਏ, ਲੋਕਾਂ ਦੀ ਧਰਤੀ। ‘ਦੋਸਤਾ’ ਕਵਿਤਾ ਵੀ ਮਨੁੱਖ ਨੂੰ ਚੜ੍ਹਦੀ ਕਲਾ ਦਾ ਸੰਦੇਸ਼ ਦਿੰਦੀ ਹੈ। ‘ਨੀਲ ਗਗਨ ਵਿੱਚ’ ਕਵਿਤਾ ਪ੍ਰਕਿਰਤੀ ਦੀ ਸੁੰਦਰਤਾ ਰਾਹੀਂ ਇੱਕ ਨਵਾਂ ਜੋਸ਼ ਭਰਦੀ ਤੇ ਪਹਾੜੀ ਜਨ-ਜੀਵਨ ਨੂੰ ਚਿਤਰਦੀ ਹੈ। ‘ਪ੍ਰਕਿਰਤੀ ਰੰਗ’ ਕਵਿਤਾ ਨਿਰੀ ਕੁਦਰਤ ਦੀ ਸੁੰਦਰਤਾ ਨਾਲ ਰੰਗੀ ਹੋਈ ਹੈ। ਵਾਹ, ਰੰਗਾਂ ਦੀ ਜਾਦੂਗਰੀ ਔਹ ਪਰਬਤ ਓਹਲੇ, ਉੱਠਣ ਹਿੱਕ ਮੁਟਿਆਰ ’ਚੋਂ, ਜਿੱਦਾਂ ਕੋਈ ਸ਼ੁਅਲੇ। ‘ਉੱਗਿਆ ਰੁੱਖ ਪਿਆਰ ਦਾ’ ਪਿਆਰ ਦਾ ਦੀਵਾ ਜਗਾਉਣ ਦੀ ਗੱਲ ਕਰਦੀ ਹੈ। ‘ਖੂਨ ਕੇ ਸੁਹਲੇ ਗਾਵੀਐ ਨਾਨਕ’ ਸਮਕਾਲੀ ਪ੍ਰਸਥਿਤੀਆਂ ਦੇ ਕੂੜ ਤੇ ਜ਼ੁਲਮ ਨੂੰ ਬਿਆਨ ਕਰਦੀ ਕਵਿਤਾ ਭਾਈ ਲਾਲੋ ਨੂੰ ਸੰਬੋਧਨ ਕਰਦਿਆਂ ਕਹਿੰਦੀ ਹੈ: ਅੱਜ ਮੁੜ ਕੂੜ ਦਾ ਝੰਡਾ ਝੁੱਲੇ, ਜ਼ੁਲਮ ਦਾ ਗਰਮ ਬਜ਼ਾਰ ਵੇ ਲਾਲੋ। ‘ਵਿਕਾਸ’ ਨਾਂ ਦੀ ਕਵਿਤਾ ’ਚ ਸਹਿਰਾਈ ਦੀ ਕਾਵਿ-ਕੁਸ਼ਲਤਾ ਸਿਖਰਾਂ ’ਤੇ ਹੈ: ਤੁਰਤ ਨਾ ਪਾਣੀ ਉਬਲਦੇ, ਤੁਰਤ ਨਾ ਛਮ-ਛਮ ਮੀਂਹ ਵਸੰਦੇ। ਤੁਰਤ ਨਾ ਮੱਸਿਆ ਆਂਵਦੀ, ਤੁਰਤ ਨਾ ਪੂਰਨ-ਚੰਦ ਚੜ੍ਹੰਦੇ।
ਪੁਸਤਕ ਦੀ ਅੰਤਿਮ ਕਵਿਤਾ ‘ਗੱਲ ਛੇੜੋ ਖਾਂ ਕੋਈ ਦੀਵਾਨਿਆਂ ਦੀ’ ਸਮੁੱਚੀ ਕਵਿਤਾ ਦਾ ਸਾਰੰਸ਼ ਹੈ ਜਿਸ ਵਿੱਚ ਸੂਰਬੀਰਤਾ ਦਾ ਜਸ ਗਾਇਆ ਗਿਆ ਹੈ। ਮਨੁੱਖ ਦੀ ਸੂਰਮਗਤੀ ਫਾਂਸੀ ਦੇ ਰੱਸਿਆਂ ਨੂੰ ਚੁੰਮ ਕੇ ਭਵਿੱਖ ਨੂੰ ਉੱਜਲਾ ਬਣਾਉਣ ਦਾ ਸੁਨੇਹਾ ਦਿੰਦੀ ਹੈ। ਅਜਿਹੀ ਨਿੱਗਰ ਤੇ ਬਲਵਾਨ ਜਜ਼ਬਿਆਂ ਨਾਲ ਗੜੁੱਚ ਕਵਿਤਾ ਪਿਆਰਾ ਸਿੰਘ ਸਹਿਰਾਈ ਵਰਗਾ ਬੁੱਧ-ਬਬਿੇਕ ਵਾਲਾ ਕਵੀ ਹੀ ਲਿਖ ਸਕਦਾ ਹੈ:
ਪੁਤਲੇ ਪਿਆਰ ਦੇ, ਸਿਦਕ ਕਮਾਉਣ ਵਾਲੇ
ਮੰਜ਼ਿਲਾਂ ਮਾਰਦੇ, ਧੂਹ ਨਿਸ਼ਾਨਿਆਂ ਦੀ,
ਰੱਸਾ ਫਾਂਸੀ ਦਾ ਚੁੰਮਦੇ ਖਿੜੇ ਮੱਥੇ
ਹੁੰਦੀ ਹਾਰ ਉਹ ਤੱਕ ਜਰਵਾਣਿਆਂ ਦੀ।
ਸਹਿਰਾਈ ਦੀ ਕਵਿਤਾ ਉੱਜਲੇ ਸਵੇਰਿਆਂ ਲਈ ਆਸਵੰਦੀ ਲਈ ਚੇਤਨਾ ਜਗਾਉਂਦੀ ਹੈ। ਜਿੱਥੋਂ ਤੱਕ ਇਸ ਪੁਸਤਕ ਦੇ ਸਾਹਿਤਕ ਗੀਤਾਂ ਦੀ ਚਿੰਤਨਧਾਰਾ ਦੀ ਗੱਲ ਹੈ, ਉਹ ਪਾਠਕ ਨੂੰ ਇੱਕ ਸੰਗੀਤਕ ਮਾਹੌਲ ਪੈਦਾ ਕਰਦਿਆਂ ਡੂੰਘੀ ਸੰਵੇਦਨਾ ਦਾ ਪਾਂਧੀ ਬਣਾਉਂਦੀ ਹੈ। ਉਸ ਦਾ ਹਰ ਗੀਤ ਜਿੱਥੇ ਲੋਕਧਾਰਾਈ ਨਾਲ ਜੁੜਿਆ ਹੋਇਆ, ਉੱਥੇ ਉਸ ਦੀ ਗਾਇਨ-ਸ਼ੈਲੀ ਦਿਲ ਨੂੰ ਟੁੰਬਦੀ ਹੈ। ਸਰੋਦੀ ਅੱਖਰਕਾਰੀ ਅਤੇ ਸ਼ਬਦੀ ਸ਼ਿੰਗਾਰ ਵਾਲੀ ਕਵਿਤਾ ਦਾ ਰਸ ਮਾਣਨ ਵਾਲਾ ਹੈ। ਪ੍ਰੋ. ਮੋਹਨ ਸਿੰਘ ਦੀ ਕਵਿਤਾ ਤੋਂ ਬਾਅਦ ਪਿਆਰਾ ਸਿੰਘ ਸਹਿਰਾਈ ਦੀ ਕਵਿਤਾ ਪੂਰੇ ਸੁੰਦਰਤਾ-ਬੋਧ ਦੀ ਲਖਾਇਕ ਹੈ। ਕਾਵਿਕ-ਗੁਣਾਂ ਭਰਪੂਰ ਗੀਤ ਚਿੰਤਨ ਤੇ ਚੇਤਨਾ ਦਾ ਆਨੰਦ ਦਿੰਦੇ ਹਨ।
* ਤੱਕਣੀ ਤੇਰੀ ਦਾ ਚਾਨਣ ਚੰਨਣਾ! ਕੀ ਦੱਸਾਂ,
ਦਰ ਮੇਰੇ ਤੁਰ ਆਈਆਂ ਜਿਵੇਂ ਖੁਦਾਈਆਂ ਹੋ।
* ਤੇਰੇ ਨੇੜੇ ਹਬੀਬ ਆ ਨਾ ਸਕੇ,
ਪੈਰ ਪਿੱਛੇ ਵੀ ਪਰ ਹਟਾ ਨਾ ਸਕੇ।
* ਜ਼ਿੰਦਗੀ ਦੇ ਮਾਰੂਥਲ ਅੰਦਰ
ਇੱਥੋਂ ਮੈਂ ਨਾ ਮੁੱਕ ਰਹੀ
ਇੱਥੇ ਤਾਂ ਨਿਤ ਲੱਖਾਂ ਸੱਸੀਆਂ
ਵਿਲਕ-ਵਿਲਕ ਕੇ ਮਰੀਆਂ ਹੋ।
* ਸਾਡੇ ਵਿਹੜੇ ਉੱਗੇ ਫੁੱਲ, ਤੂੰ ਨਾ ਘਰ ਰਾਂਝਣਾ
ਡੁੱਲ੍ਹ-ਡੁੱਲ੍ਹ ਪਏ ਰੂਪ ਘੁੱਟ ਭਰ ਰਾਂਝਣਾ।
ਇਸ ਪੁਸਤਕ ’ਚ ਕੁਝ ਰੁਬਾਈਆਂ ਵੀ ਮਾਣਨਯੋਗ ਹਨ। ਪਿਆਰਾ ਸਿੰਘ ਸਹਿਰਾਈ ਕੋਲ ਜਿੱਥੇ ਡੂੰਘੀ ਸੰਵੇਦਨਾ ਵਾਲਾ ਦਿਲ ਸੀ, ਉੱਥੇ ਮਨ ਦੀ ਅਮੀਰੀ ਵਾਲੀ ਉਦਗਰ-ਦ੍ਰਿਸ਼ਟੀ ਵੀ ਸੀ। ਜਜ਼ਬਿਆਂ ਦਾ ਉਛਾਲ ਅਤੇ ਰਹੱਸਵਾਦੀ ਕਲਪਨਾ ਦੀ ਉਡਾਰੀ ਸਿਖਰਾਂ ਛੋਹਣ ਵਾਲੀ ਸੀ। ਇਸੇ ਕਰਕੇ ‘ਤਿਲੰਗਾਨਾ ਦੀ ਵਾਰ’ ਰਚਨਾ ਨੇ ਉਨ੍ਹਾਂ ਨੂੰ ਲੋਕ-ਕਵੀ ਦਾ ਰੁਤਬਾ ਦਿਵਾਇਆ। ਇਹ ਮੰਨਣਾ ਪਵੇਗਾ ਕਿ ਪ੍ਰਗਤੀਸ਼ੀਲ ਲਹਿਰ ਦੇ ਉੱਘੇ ਕਵੀਆਂ ’ਚ ਸਹਿਰਾਈ ਸਭ ਤੋਂ ਵੱਧ ਮਾਰਕਸਵਾਦੀ ਸੋਚ ਦਾ ਸਰੋਦੀ ਸ਼ਾਇਰ ਹੈ। ਸਹਿਰਾਈ ਦੇ ਸਮਕਾਲੀ ਕਵੀਆਂ ’ਚ ਤਾਰਾ ਸਿੰਘ, ਡਾ. ਹਰਿਭਜਨ ਸਿੰਘ, ਅੰਮ੍ਰਿਤਾ ਪ੍ਰੀਤਮ, ਡਾ. ਜਸਵੰਤ ਸਿੰਘ ਨੇਕੀ, ਬਾਵਾ ਬਲਵੰਤ ਤੇ ਮੋਹਨਜੀਤ ਆਪਣੀਆਂ-ਆਪਣੀਆਂ ਕਾਵਿ-ਰਚਨਾਵਾਂ ਕਰਕੇ ਦਿੱਲੀ ਦੇ ਚਰਚਿਤ ਸ਼ਾਇਰ ਸਨ ਜਿਨ੍ਹਾਂ ’ਚ ਪਿਆਰਾ ਸਿੰਘ ਸਹਿਰਾਈ ਇੱਕ ਨਿਵੇਕਲੀ ਪ੍ਰਗਤੀਵਾਦੀ ਧਾਰਾ ਨਾਲ ਜੁੜਿਆ ਰਿਹਾ। ਉਹ ਧਰਤੀ ਦੇ ਲੋਕਾਂ ਦੇ ਦੁੱਖ-ਦਰਦ ਦਾ ਗੰਭੀਰ ਰੁਚੀਆਂ ਵਾਲਾ ਸ਼ਾਇਰ ਸੀ ਜਿਸ ਕੋਲ ਕਵਿਤਾ ਦੀ ਸਥਾਪਤੀ ਸੀ। ਸਹਿਰਾਈ ਨੇ ਲੋਕ-ਪੀੜਾ ਨੂੰ ਬਹੁਤ ਨੇੜਿਓਂ ਤੱਕਿਆ ਤੇ ਹੰਢਾਇਆ। ਇਸੇ ਕਰਕੇ ਉਹ ਕਹਿੰਦਾ ਹੈ:
ਅਜੇ ਵੀ ਧਰਤੀ, ਜਬਰ ਜ਼ੁਲਮ ਦੀ ਭਰੀ ਪਈ ਏ।
ਅਜੇ ਤਾਂ ਜੂਝਣਾ ਹੈ ਜ਼ਿੰਦਗੀ ਨੇ
ਅਜੇ ਤਾਂ ਫੁੱਲ ਖਿੜਨਗੇ ਏਥੇ।
‘ਵਣ-ਤ੍ਰਿਣ’ ਤੋਂ ਬਾਅਦ ਸਹਿਰਾਈ ਦੇ ਲਗਰਾਂ, ਰੁਣ-ਝੁਣ, ਗੁਜ਼ਰਗਾਹ, ਬਾਤਾਂ ਵਕਤ ਦੀਆਂ, ਗੀਤ ਮਰਿਆ ਨਹੀਂ ਕਰਦੇ, ਸੰਗੀਤ ਦੇ ਖੰਭ, ਰਾਜ ਹੰਸ ਦਾ ਗੀਤ, ਗੌਤਮ ਬੁੱਧ ਆਦਿ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋਏ। ਇਸ ਤੋਂ ਬਿਨਾਂ ਅਨੁਵਾਦਤ ਪੁਸਤਕਾਂ ਹਨ ਜਿਨ੍ਹਾਂ ’ਚ ਪੁਸ਼ਕਿਨ ਦੀ ਰੂਹ, ਲੈਨਿਨ, ਲੈਨਿਨ ਦਾ ਸਰਮਾਇਆ, ਕਾਰਲ ਮਾਰਕਸ ਦੀ ਕੈਪੀਟਲ, ਅਲੈਗਜਾਂਦਰ ਫਾ. ਦੇ ਨਾਵਲ, ਵਲਾਦੀਮੀਰ ਦੀ ਕਵਿਤਾ ਤੇ ਕਿੰਨਾ ਕੁਝ ਹੋਰ।
ਪਿਆਰਾ ਸਿੰਘ ਸਹਿਰਾਈ ਦੀ ਸਾਹਿਤ ਸਿਰਜਣਾ ਦੀ ਲੰਮੀ ਘਾਲਣਾ ਕਾਰਨ ਸੋਵੀਅਤ ਲੈਂਡ ਨਹਿਰੂ ਐਵਾਰਡ, ਬਲਰਾਜ ਸਾਹਨੀ ਮੈਮੋਰੀਅਲ ਟਰੱਸਟ ਸਨਮਾਨ, ਬਾਵਾ ਬਲਵੰਤ ਯਾਦਗਾਰੀ ਸਨਮਾਨ, ਪਾਸ਼ ਯਾਦਗਾਰੀ ਅੰਤਰਰਾਸ਼ਟਰੀ ਸਨਮਾਨ, ਰਘਬੀਰ ਢੰਡ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਪੁਰਸਕਾਰ, ਭਾਈ ਵੀਰ ਸਿੰਘ ਐਵਾਰਡ, ਸ਼੍ਰੋਮਣੀ ਪੰਜਾਬੀ ਸਾਹਿਤਕਾਰ ਸਨਮਾਨ ਤੇ ਕਿੰਨੀਆਂ ਹੋਰ ਅਕਾਦਮਿਕ ਸੰਸਥਾਵਾਂ ਵੱਲੋਂ ਸਨਮਾਨ ਮਿਲੇ। ਇੱਕ ਤਪੱਸਵੀ ਸਮਾਜਵਾਦੀ ਸਾਹਿਤਕਾਰ ਦੀ ਘਾਲਣਾ ਨੂੰ ਯਾਦ ਕਰਨਾ ਪੰਜਾਬੀ ਮਾਂ-ਬੋਲੀ ਲਈ ਅਤਿ ਗੌਰਵਮਈ ਹੈ।
ਸੰਪਰਕ: 98151-23900