ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

... ਜੋ ਆਮ ਨਹੀਂ ਖਾਤੇ

06:12 AM Jul 12, 2023 IST

ਇੰਦਰਜੀਤ ਭਲਿਆਣ

ਚਾਰ-ਪੰਜ ਮੁੰਡੇ ਪਿਲਕਣ ਹੇਠ ਬੈਠੇ ਕੋਈ ਗੰਭੀਰ ਗੱਲ ਕਰ ਰਹੇ ਸਨ। ਮੈਂ ਵੀ ਉਨ੍ਹਾਂ ਕੋਲ਼ ਬੈਠ ਗਿਆ। ਗੱਲਬਾਤ ਦਾ ਸਿਲਸਲਾ ਥਾਏਂ ਰੁਕ ਗਿਆ। ਗੱਲਾਂ ਕਰਦੇ ਮੁੰਡੇ ਇੱਕ ਦੂਜੇ ਵੱਲ ਦੇਖਣ ਲੱਗ ਪਏ ਜਿਵੇਂ ਉਨ੍ਹਾਂ ਦੀ ਗੱਲਬਾਤ ਦਾ ਭੇਤ ਮੈਂ ਤਾੜ ਗਿਆ ਹੋਵਾਂ। “ਖਿੱਚੋ ਇਹਨੂੰ ਵੀ ਨਾਲ਼ ਈ, ਨਹੀਂ ਤਾਂ ਸਾਨੂੰ ਵੀ ਫਸਾਊਂਗਾ।” ਉਨ੍ਹਾਂ ’ਚੋਂ ਇਕ ਨੇ ਫ਼ੈਸਲਾ ਸੁਣਾ ਦਿੱਤਾ। ਹੁਣ ਮੈਂ ਵੀ ਇਸ ਟੋਲੀ ਦਾ ਹਿੱਸਾ ਤਾਂ ਬਣ ਗਿਆ ਸਾਂ ਪਰ ਮੈਨੂੰ ਭੋਰਾ ਵੀ ਪਤਾ ਨਹੀਂ ਸੀ ਕਿ ਅਸੀਂ ਕਿਸ ਮੁਹਿੰਮ ’ਤੇ ਜਾ ਰਹੇ ਹਾਂ। ਮੇਰੇ ਚਿਹਰੇ ਦੀ ਗੰਭੀਰਤਾ ਤੇ ਉਤਸੁਕਤਾ ਭਾਂਪਦਿਆਂ ਇੱਕ ਮੁੰਡੇ ਨੇ ਆਪਣਾ ਹੱਥ ਮੇਰੇ ਵੱਲ ਇਸ ਤਰ੍ਹਾਂ ਉਲਾਰਿਆ ਜਿਵੇਂ ਕਹਿ ਰਿਹਾ ਹੋਵੇ- ‘ਦੱਸਦੇ ਆਂ ਘਬਰਾ ਨਾ’।
ਅਸੀਂ ਖੇਤਾਂ ਵਿਚੋਂ ਦੀ ਹੁੰਦੇ ਹੋਏ ਇੱਕ ਖੂਹ ‘ਤੇ ਪੁੱਜ ਗਏ। ਰਾਹ ਵਿਚ ਬਾਕੀ ਮੁੰਡਿਆਂ ਦੀਆਂ ਗੱਲਾਂ ਤੋਂ ਮੈਨੂੰ ਇਹ ਅੰਦਾਜ਼ਾ ਤਾਂ ਹੋ ਗਿਆ ਸੀ ਕਿ ਕਿਸੇ ਨਾ ਕਿਸੇ ਅੰਬ ਦੀਆਂ ਅੰਬੀਆਂ ਝਾੜਨ ਦਾ ਪ੍ਰੋਗਰਾਮ ਹੈ, ਹੁਣ ਇਹ ਵੀ ਸਪੱਸ਼ਟ ਹੋ ਗਿਆ ਕਿ ਕੀਹਦੀਆਂ ਤੋੜਨੀਆਂ ਨੇ। ਅੰਬ ਫਲਿ਼ਆ ਹੋਇਆ ਵੀ ਬਹੁਤ। ਜਿਉਂ ਹੀ ਅੰਬ ਦਾ ਮਾਲਕ (ਰਾਖਾ) ਦੁਪਹਿਰ ਦੀ ਰੋਟੀ ਖਾਣ ਘਰ ਗਿਆ, ਮੁੰਡੇ ਜਾ ਚੜ੍ਹੇ ਅੰਬ ਦੇ ਦਰਖ਼ਤ ਉੱਪਰ ਤੇ ਲੱਗੇ ਸੰਧੂਰੀ ਅੰਬੀਆਂ ਨਾਲ ਲੱਦੇ ਟਹਿਣਿਆਂ ਨੂੰ ਹਲੂਣੇ ਦੇਣ। ਮੈਂ ਥੱਲੇ ਗਿਰ ਰਹੀਆਂ ਅੰਬੀਆਂ ਨੂੰ ਪਰਨੇ ਵਿਚ ਪਾ ਕੇ ਨਾਲ਼ ਦੇ ਇੱਖ (ਕਮਾਦ) ਦੇ ਖੇਤ ਵਿਚ ਰੱਖੀ ਜਾਂਦਾ ਤਾਂ ਕਿ ਭੱਜਣ ਦੀ ਸੂਰਤ ਵਿਚ ਅੰਬੀਆਂ ਬਚ ਜਾਣ। ਸਕੀਮ ਸਫਲ ਰਹੀ ਤੇ ਉਸੇ ਖੂਹ ‘ਤੇ ਅੰਬੀਆਂ ਦਾ ਲੁਤਫ ਲਿਆ।
ਐਵੇਂ ਨਹੀਂ ਅੰਬ ਨੂੰ ਫ਼ਲਾਂ ਦਾ ਬਾਦਸ਼ਾਹ ਕਹਿੰਦੇ, ਇਹ ਹੈ ਈ ਕਮਾਲ ਦੀ ਚੀਜ਼। ਜਿਵੇਂ ਸੋਹਣੀ ਕੁੜੀ ਨੂੰ ਕਹਿੰਦੇ ਕਿ ਰੱਬ ਨੇ ਖੁਦ ਵਿਹਲੇ ਵਕਤ ਬਣਾਇਆ ਹੋਵੇਗਾ, ਅੰਬ ’ਤੇ ਵੀ ਰੱਬ ਦਾ ਕੁਝ ਇਹੋ ਜਿਹਾ ਹੀ ਕਰਮ ਹੋਇਆ ਲਗਦਾ ਹੈ। ਐਵੇਂ ਤਾਂ ਨਹੀਂ ਭਲਾ ਚੰਗਾ ਬੰਦਾ ਅੰਬ ਨਾਲ ਲਟਕਦੇ ਪੱਕੀਆਂ ਅੰਬੀਆਂ ਦੇ ਗੁੱਛਿਆਂ ਵੱਲ ਖਿੱਚਿਆ ਜਾਂਦਾ। ਸਾਡੇ ਪਿੰਡ ਦੇ ਦੋ ਮੁੰਡਿਆਂ ਚਾਨਾ ਤੇ ਦਾਨਾ ਨਾਲ਼ ਵੀ ਇਹੋ ਹੋਈ। ਪਿੰਡ ਵਿਚ ਅੰਬ ਦਾ ਬਹੁਤ ਵੱਡਾ ਤੇ ਕਾਫ਼ੀ ਪੁਰਾਣਾ ਦਰਖ਼ਤ ਸੀ। ਕਿਆ ਅੰਬੀਆਂ ਲੱਗਦੀਆਂ ਸਨ ਇਸ ਦਰਖ਼ਤ ਨੂੰ... ਪਤਲਾ ਰਸ, ਲੰਮੀ ਪੀਲ਼ੀ ਜਰਦ ਅੰਬੀ, ਟਪਕੇ ਦੀ ਚੂਪ ਕੇ ਤਾਂ ਬਹਿਜਾ ਬਹਿਜਾ ਹੋ ਜਾਂਦੀ। ਜਦੋਂ ਅਜੇ ਅੰਬੀਆਂ ਕੱਚੀਆਂ ਹੀ ਹੁੰਦੀਆਂ, ਮਾਲਕ ਇਸ ਨੂੰ ਠੇਕੇ ’ਤੇ ਦੇ ਦਿੰਦੇ; ਭਾਵ, ਫਲ਼ ਵੇਚ ਦਿੰਦੇ ਤੇ ਠੇਕੇ ਦੀ ਵੱਡੀ ਰਕਮ ਦੇ ਨਾਲ਼ ਨਾਲ਼ ਸੀਜ਼ਨ ਦੀਆਂ 40-50 ਕਿੱਲੋ ਪੱਕੀਆਂ ਅੰਬੀਆਂ ਮੁਫ਼ਤ ਲੈਣੀਆਂ ਕਰ ਲੈਂਦੇ। ਇਸ ਤਰ੍ਹਾਂ ਮਾਲਕ ਨੂੰ ਰਾਖੀ ਵੀ ਨਾ ਕਰਨੀ ਪੈਂਦੀ ਤੇ ਪੱਕੀਆਂ ਅੰਬੀਆਂ ਦੇ ਨਾਲ਼ ਨਾਲ਼ ਚੰਗੀ ਰਕਮ ਵੀ ਮਿਲ ਜਾਂਦੀ। ਠੇਕਾ ਲੈਣ ਵਾਲ਼ਾ ਅੰਬ ਹੇਠ ਝੁੱਗੀ ਬਣਾ ਕੇ ਪਰਿਵਾਰ ਸਮੇਤ ਰਹਿਣ ਲੱਗਦਾ। ਪਿੰਡ ਦੇ ਹੋਰ ਅੰਬ ਵੀ ਉਹ ਠੇਕੇ ’ਤੇ ਲੈ ਲੈਂਦਾ। ਉੱਧਰ ਚਾਨਾ ਤੇ ਦਾਨਾ ਵੀ ਪੂਰੇ ਅਫਲਾਤੂਨੀ ਸਨ। ਕਈ ਦਨਿਾਂ ਤੋਂ ਗੇੜੇ ਮਾਰ ਰਹੇ ਸਨ ਪਰ ਕੰਮ ਲੋਟ ਨਹੀਂ ਸੀ ਆ ਰਿਹਾ। ਇੱਕ ਦਨਿ ਪਾਸਾ ਸਿੱਧਾ ਪੈ ਹੀ ਗਿਆ। ਉਸ ਦਨਿ ਰਾਖਾ (ਠੇਕੇਦਾਰ) ’ਕੱਲਾ ਹੀ ਸੀ। ਦਾਨਾ ਅੰਬ ਦੇ ਚੜ੍ਹਦੀ ਵੱਲ ਚਲਾ ਗਿਆ ਤੇ ਚਾਨਾ ਛਿਪਦੀ ਵੱਲ ਲੁਕ ਕੇ ਖੜੋ ਗਿਆ। ਜਿਉਂ ਹੀ ਦਾਨਾ ਅੰਬੀਆਂ ’ਤੇ ਡਲ਼ੇ ਮਾਰਦਾ, ਰਾਖਾ ਉਹਦੇ ਮਗਰ ਦੌੜਦਾ, ਦਾਨਾ ਪਿੱਛੇ ਹਟ ਜਾਂਦਾ। ਇਹ ਮੁੰਡਿਆਂ ਦੀ ਚਾਲ ਸੀ ਜਿਸ ਵਿਚ ਰਾਖਾ ਫਸ ਗਿਆ। ਦਾਨਾ ਰਾਖੇ ਨੂੰ ਅੰਬ ਤੋਂ ਦੂਰ ਲੈ ਗਿਆ ਤੇ ਇਧਰ ਫੁਰਤੀ ਦਿਖਾਉਂਦਿਆਂ ਚਾਨਾ ਅੰਬ ਥੱਲੇ ਪਈਆਂ ਸਾਰੀਆਂ ਪੱਕੀਆਂ ਅੰਬੀਆਂ ਟੋਟੇ (ਕੱਟੇ) ਵਿਚ ਭਰ ਕੇ ਫ਼ਰਾਰ ਹੋਇਆ। ਸ਼ਾਮ ਨੂੰ ਬਿਹਤਰੀਨ ਅੰਬੀਆਂ ਦਾ ਅਸੀਂ ਕਈ ਦੋਸਤਾਂ ਨੇ ਖੂਬ ਆਨੰਦ ਮਾਣਿਆ।ਇਹ ਗੱਲ ਨਹੀਂ ਕਿ ਕੇਵਲ ਅਸੀਂ ਹੀ ਅੰਬੀਆਂ ਚੋਰੀ ਤੋੜਦੇ ਹੋਵਾਂਗੇ, ਹੋਰ ਲੋਕੀਂ ਸਾਡੀਆਂ ਤੋੜਦੇ ਰਹੇ ਹਨ। ਸਾਡੇ ਵੀ ਕਦੇ ਤਿੰਨ ਅੰਬ ਹੋਇਆ ਕਰਦੇ ਸਨ। ਬਹੁਤ ਹੀ ਸਵਾਦਲੀਆਂ ਅੰਬੀਆਂ ਲੱਗਦੀ ਉਨ੍ਹਾਂ ਬੂਟਿਆਂ ਨੂੰ। ਘਰ ਦੇ ਮਾਲੀ ਸੰਕਟ ਕਾਰਨ ਸਿਰਫ ਤਿੰਨ ਸੌ ਰੁਪਏ ਵਿਚ ਹੀ ਵੇਚਣੇ ਪੈ ਗਏ ਸਨ ਤਿੰਨ ਦਰਖਤ। ਹਾਂ ਜੀ, ਛੇ ਦਹਾਕੇ ਪੁਰਾਣੀ ਹੀ ਗੱਲ ਕਰ ਰਿਹਾ ਹਾਂ। ਅੰਬੀਆਂ ਚੂਪਣ ਦੀ ਲਾਲਸਾ ਅਸੀਂ ਨਿਆਣੀ ਉਮਰੇ ਨਾਨਕੇ ਪਿੰਡ ਜਾ ਕੇ ਪੂਰੀ ਕਰਦੇ ਰਹੇ। ਮਾਮਿਆਂ ਦੇ ਖੇਤ ਵਿਚ ਅੰਬਾਂ ਦੇ ਤਿੰਨ-ਚਾਰ ਵੱਡੇ ਦਰਖ਼ਤ ਸਨ। ਸਾਰੇ ਹਰ ਸਾਲ ਫਲ਼ਦੇ। ਅਸੀਂ ਵੀ ਗਰਮੀਆਂ ਦੀਆਂ ਛੁੱਟੀਆਂ ਅੰਬਾਂ ਹੇਠ ਹੀ ਗੁਜ਼ਾਰਦੇ। ਟਪਕੇ ਦੀ ਅੰਬੀ ਚੂਪਣ ਦਾ ਆਪਣਾ ਹੀ ਨਜ਼ਾਰਾ ਹੁੰਦਾ। ਇਸ ਤੋਂ ਵੀ ਵੱਧ ਲੁਤਫ ਸ਼ਾਮ ਨੂੰ ਨਾਨਕੇ ਪਰਿਵਾਰ ਵਿਚ ਬੈਠ ਕੇ ਅੰਬ ਚੂਪਣ ਦਾ ਆਉਂਦਾ। ਠੰਢੇ ਪਾਣੀ ਦੀ ਬਾਲਟੀ ਵਿਚ ਡੋਬੀਆਂ ਪੱਕੀਆਂ ਅੰਬੀਆਂ ਚੁੱਕ ਚੁੱਕ ਚੂਪਦੇ ਤੇ ਗੱਲਾਂ ਵੀ ਮਾਰੀ ਜਾਂਦੇ। ਢਿੱਡ ਭਰ ਜਾਂਦੇ ਪਰ ਨੀਅਤਾਂ ਨਾ ਭਰਦੀਆਂ। ਬਾਅਦ ਵਿਚ ਜ਼ਮੀਨਾਂ ਦੀ ਵੰਡ-ਵੰਡਾਈ ਵਿਚ ਅੰਬ ਪੁੱਟੇ ਗਏ ਤੇ ਨਾਨਕਿਆਂ ਦੀ ਅੰਬੀਆਂ ਦੀ ਛਬੀਲ ਦਾ ਵੀ ਅੰਤ ਹੋ ਗਿਆ।
ਅੰਬੀਆਂ ਚੂਪਣ ਦਾ ਇੱਕ ਹੋਰ ਬਹਾਨਾ ਜਿਹੜਾ ਮੁੰਡਿਆਂ ਵਿਚ ਬੇਹੱਦ ਮਕਬੂਲ ਰਿਹਾ, ਉਹ ਸੀ ਆਟਾ ਪਿਸਾਉਣ ਜਾਣਾ। ਸਾਡੇ ਪਿੰਡ ਚੱਕੀ ਨਹੀਂ ਸੀ, ਨੇੜਲੇ ਪਿੰਡ ਸੀ। ਆਮ ਤੌਰ ’ਤੇ ਤਾਂ ਘਰਦੇ ਆਟਾ ਗੱਡੇ ’ਤੇ ਹੀ ਪਿਸਾਉਣ ਜਾਂਦੇ ਪਰ ਬਰਸਾਤਾਂ ਵਿਚ ਸਾਡਾ ਦਾਅ ਲੱਗ ਜਾਂਦਾ। ਅਸਲ ਵਿਚ ਚੱਕੀ ਆਲ਼ੇ ਪਿੰਡ ਵਿਚ ਅੰਬਾਂ ਦਾ ਵੱਡਾ ਬਾਗ ਸੀ। ਸਾਈਕਲ ’ਤੇ ਲੱਦੇ ਕਣਕ ਦੇ ਦੋ ਟੋਟਿਆਂ ਵਿਚੋਂ ਬਾਗ ਵਿਚ ਕਰੀਬ ਦੋ ਕਿੱਲੋ ਕਣਕ ਕੱਢਦੇ ਤੇ ਇਸ ਦੇ ਵੱਟੇ ਪੱਕੀਆਂ ਅੰਬੀਆਂ ਤੁਲਾਉਂਦੇ ਅਤੇ ਆਨੰਦ ਨਾਲ ਚੂਪ ਕੇ ਹੀ ਚੱਕੀ ਵੱਲ ਤੁਰਦੇ। ਹੁਣ ਨਾ ਅੰਬ ਰਹੇ, ਨਾ ਬਾਗ; ਨਾ ਉਹੋ ਜਿਹੇ ਅੰਬੀਆਂ ਚੂਪਣ ਵਾਲੇ! ਹੁਣ ਤਾਂ ਚਮਚੇ ਨਾਲ ਅੰਬ ਖਾਣ ਦਾ ਜ਼ਮਾਨਾ ਆ ਗਿਆ।
ਜਾਂਦੇ ਜਾਂਦੇ ਸੰਸਾਰ ਪ੍ਰਸਿੱਧ ਸ਼ਾਇਰ ਮਿਰਜ਼ਾ ਗ਼ਾਲਿਬ ਦੀ ਵੀ ਗੱਲ ਕਰ ਲੈਂਦੇ ਹਾਂ। ਉਹ ਅੰਬਾਂ ਦਾ ਬੇਹੱਦ ਸ਼ੌਕੀਨ ਸੀ। ਇੱਕ ਦਨਿ ਉਹ ਦੋਸਤਾਂ ਦੀ ਮਹਿਫ਼ਲ ਸਜਾਈ ਅੰਬ ਚੂਪ ਰਹੇ ਸਨ ਕਿ ਕਿਧਰੋਂ ਗਧਾ ਆ ਗਿਆ। ਗਧੇ ਨੇ ਅੰਬਾਂ ਦੇ ਛਿਲਕੇ ਸੁੰਘੇ ਤੇ ਬਨਿਾ ਮੂੰਹ ਲਾਏ ਚਲਾ ਗਿਆ। ਮਹਿਫ਼ਲ ’ਚੋਂ ਕਿਸੇ ਨੇ ਕਿਹਾ, “ਲਉ ਮਿਰਜ਼ਾ, ਗਧੇ ਭੀ ਆਮ ਨਹੀਂ ਖਾਤੇ।” ਮਿਰਜ਼ਾ ਗ਼ਾਲਿਬ ਨੇ ਕਿਹਾ, “ਹਾਂ, ਗਧੇ ਹੈਂ ਜੋ ਆਮ ਨਹੀਂ ਖਾਤੇ।”
ਸੰਪਰਕ: 98720-73035

Advertisement

Advertisement
Tags :
ਖਾਤੇਨਹੀਂ
Advertisement