For the best experience, open
https://m.punjabitribuneonline.com
on your mobile browser.
Advertisement

ਮਾਸੀ ਤੇ ਮਸ਼ੀਨ

06:21 AM May 18, 2024 IST
ਮਾਸੀ ਤੇ ਮਸ਼ੀਨ
Advertisement

ਜਸਵਿੰਦਰ ਸੁਰਗੀਤ

Advertisement

‘‘ਮਾਸੀ, ਤੂੰ ਦਿਨ ਰਾਤ ਮਸ਼ੀਨ ਤੇ ਬੈਠੀ ਰਹਿਨੀਂ ਐਂ, ਅੱਕਦੀ ਥੱਕਦੀ ਨ੍ਹੀਂ ਕਦੇ?’’ ਇੱਕ ਦਿਨ ਮੈਂ ਮਾਸੀ ਨੂੰ ਪੁੱਛਿਆ। ਮੇਰੀ ਗੱਲ ਸੁਣ ਕੇ ਉਹਨੇ ਮਸ਼ੀਨ ਰੋਕ ਲਈ। ਚਮਕੀਲੀਆਂ ਅੱਖਾਂ ਮੇਰੇ ਤੇ ਸੁੱਟਦੀ ਬੋਲੀ, ‘‘ਥੱਕਣ ਵਾਲੇ ਦਿਨ ਤਾਂ ਪੁੱਤ ਮੈਂ ਜੰਮੀ ਨੀ। ਬਾਕੀ ਦੋ ਹੱਥ ਰੱਬ ਨੇ ਕੰਮ ਕਰਨ ਨੂੰ ਦਿੱਤੇ ਐ, ਥੱਕਣਾ ਕਾਹਤੋਂ ਐ।’’ ਇਹ ਆਖਦਿਆਂ ਉਸਨੇ ਫਿਰ ਮਸ਼ੀਨ ਨੂੰ ਗੇੜੇ ਦੇਣੇ ਫਿਰ ਸ਼ੁਰੂ ਕਰ ਦਿੱਤੇ।
ਮਾਸੀ ਪਿਛਲੇ ਲਗਭਗ ਪੰਦਰਾਂ ਕੁ ਸਾਲਾਂ ਤੋਂ ਮੇਰੇ ਮੁਹੱਲੇ ਵਿੱਚ ਰਹਿ ਰਹੀ ਹੈ। ਉਹਦਾ ਅਸਲ ਨਾਂ ਤਾਂ ਬਲਬੀਰ ਕੌਰ ਹੈ ਪਰ ਸਾਰੇ ਉਸਨੂੰ ਮਾਸੀ ਕਹਿ ਕੇ ਬੁਲਾਉਂਦੇ ਹਨ। ਨਿਆਣਿਆਂ ਤੋਂ ਲੈ ਕੇ ਸਿਆਣਿਆਂ ਤੱਕ ਉਹ ਸਭ ਦੀ ਮਾਸੀ ਹੈ। ਉਮਰ ਸੱਤਰਾਂ ਦੇ ਨੇੜੇ ਤੇੜੇ ਹੈ ਪਰ ਵੇਖਣ ਨੂੰ ਸੱਠਾਂ ਕੁ ਦਾ ਭੁਲੇਖਾ ਪੈਂਦਾ ਹੈ। ਪਿਛਲੇ ਲਗਭਗ ਪੰਜਾਹ ਸਾਲਾਂ ਤੋਂ ਕੱਪੜੇ ਸਿਉਣ ਵਾਲੀ ਮਸ਼ੀਨ ਉਹਦੀ ਸਾਥੀ ਹੈ। ਦਿਨ ਰਾਤ ਦੀ ਸਾਥੀ। ਹਜ਼ਾਰਾਂ ਲੜਕੀਆਂ ਨੂੰ ਉਹ ਸਿਖਲਾਈ ਦੇ ਕੇ ਉਹਨਾਂ ਨੂੰ ਕਿੱਤੇ ਲਾ ਚੁੱਕੀ ਹੈ। ਮਸ਼ੀਨ ਤੋਂ ਬਿਨਾਂ ਉਹਨੂੰ ਚਿਤਵਿਆ ਹੀ ਨਹੀਂ ਜਾ ਸਕਦਾ।
ਉਸ ਦੌਰ ਦੀਆਂ ਹੋਰ ਲੜਕੀਆਂ ਵਾਂਗ ਉਹਦਾ ਵਿਆਹ ਵੀ ਹੱਸਣ ਖੇਡਣ ਦੀ ਉਮਰੇ ਕਰ ਦਿੱਤਾ ਸੀ। ਮਾਸੀ ਦੇ ਵਿਆਹ ਵਾਸਤੇ ਮੁੰਡੇ ਦੀ ਉਹਦੇ ਪਿਉ ਨੇ ਬੱਸ ਜ਼ਮੀਨ ਦੇਖੀ ਸੀ। ਉਹਦੀ ਮਾਂ ਨੇ ਗਿਲਾ ਕਰਦੀ ਨੇ ਕਿਹਾ ਵੀ ਸੀ, ‘‘ਬੀਰੋ ਦੇ ਬਾਪੂ, ਮੁੰਡਾ ਤਾਂ ਵੇਖ ਲੈਣਾ ਸੀ, ਮੁੰਡਾ ਤਾਂ ਬੀਬੀ ਦੇ ਪੈਰ ਵਰਗਾ ਵੀ ਨ੍ਹੀਂ।’’.. ‘‘ਮੁੰਡਿਆਂ ਦੀ ਸ਼ਕਲ ਕੌਣ ਦੇਖਦੈ, ਜੈਦਾਦ ਵੇਖੀ ਦੀ ਐ, ਬਾਰਾਂ ਕਿੱਲੇ ਮੁੰਡੇ ਨੂੰ ’ਕੱਲੇ ਨੂੰ ਆਉਂਦੇ ਐ, ਕੁੜੀ ਰਾਣੀ ਬਣ ਕੇ ਰਾਜ਼ ਕਰੂ-ਗੀ।’’ ਗੁਰਨਾਮ ਕੌਰ ਸੁਣ ਕੇ ਚੁੱਪ ਹੋ ਗਈ ਸੀ। ਬੀਬੀ ਕਿੰਨੇ ਦਿਨ ਘਰ ਦਿਆਂ ਤੋਂ ਚੋਰੀ ਰੋਂਦੀ ਰਹੀ। ਉਦੋਂ ਪਰ ਕੁੜੀਆਂ ਦੇ ਰੋਣੇ ਕੌਣ ਸੁਣਦਾ ਸੀ! ਇਉਂ ਰੋਂਦੀ ਕੁਰਲਾਉਂਦੀ ਇੱਕ ਦਿਨ ਪੰਦਰਾਂ ਕੁ ਸਾਲ ਦੀ ਮਾਸੀ ਡੋਲੀ ਚੜ੍ਹ ਗਈ।
ਵੱਡਾ ਟੱਬਰ ਸੀ। ਮਾਸੀ ਸਾਰਾ ਦਿਨ ਕੰਮਕਾਰ ਵਿੱਚ ਉਲਝੀ ਰਹਿੰਦੀ। ਘਰ ਵਾਲਾ ਸਿਰੇ ਦਾ ਨਿਖੱਟੂ। ਬਸ ਜ਼ਮੀਨ ਦਾ ਠੇਕਾ ਖਾ ਛੱਡਦਾ। ਦਾਰੂ ਪੀਂਦਾ। ਯਾਰਾਂ ਦੋਸਤਾਂ ਨਾਲ ਤੁਰਿਆ ਫਿਰਦਾ। ਛੇ ਕੁ ਮਹੀਨਿਆਂ ਬਾਅਦ ਘਰ ਵਿੱਚ ਇੱਕ ਨਵੀਂ ਚਰਚਾ ਛਿੜ ਪਈ। ਅਖੇ,ਬਹੂ ਦੇ ਅਜੇ ਨਿਆਣਾ..?” ਪਹਿਲਾਂ ਜਿਹੜੀ ਗੱਲ ਵਿੱਚੇ ਵਿੱਚੇ ਧੁਖਦੀ ਸੀ, ਹੁਣ ਭਾਂਬੜ ਬਣਨ ਲੱਗੀ। ਉਹਨੂੰ ਆਨੇ ਬਹਾਨੇ ਸੁਣਾਇਆ ਜਾਂਦਾ। ਸ਼ੂਰੂ ਸ਼ੁਰੂ ਵਿੱਚ ਤਾਂ ਮਾਸੀ ਨੇ ਇਨ੍ਹਾਂ ਗੱਲਾਂ ਨੂੰ ਬਹੁਤਾ ਗੌਲਿਆ ਨਾ। ਪਰ ਜਦੋਂ ਇਸਦੀ ਆਮ ਹੀ ਚਰਚਾ ਹੋਣ ਲੱਗੀ ਤਾਂ ਉਹ ਅੰਦਰੇ ਅੰਦਰ ਖਿਝਦੀ। ਫਿਰ ਦੌਰ ਸ਼ੁਰੂ ਹੋਇਆ,ਉਹਨੂੰ ਮੜ੍ਹੀਆਂ ਮਸਾਣੀਂ ਲੈ ਕੇ ਜਾਣ ਦਾ। ਸੱਸ ਉਹਨੂੰ ਕਦੇ ਕਿਸੇ ਪਾਂਧੇ ਕੋਲ, ਕਦੇ ਕਿਸੇ ਪੰਡਿਤ ਕੋਲ ਲਈ ਫਿਰਦੀ। ਕੇਰਾਂ ਜਦੋਂ ਉਹਦੀ ਸੱਸ ਕਿਸੇ ਸਿਆਣੇ ਦੇ ਲੈ ਕੇ ਜਾਣ ਲੱਗੀ ਤਾਂ ਉਹ ਬਿੱਟਰ ਗਈ, ‘‘ਮੈਂ ਨੀ ਜਾਣਾ, ਕਿਸੇ ਮੜ੍ਹੀ ਮਸਾਣੀਂ ਤੇ।’’ ਓਸ ਦਿਨ ਘਰ ਕਾਫੀ ਰੰਧ੍ਹ ਪਿਆ,ਪਰ ਉਹ ਆਪਣੀ ਗੱਲ ਤੇ ਅੜੀ ਰਹੀ।
ਉਹ ਹੁਣ ਵੀ ਕਦੇ ਕਦੇ ਪੇਕੇ ਆ ਕੇ ਆਪਣੇ ਰੋਣੇ ਰੋਂਦੀ। ਪਰ ਬਿਨਾਂ ਮਾਂ ਤੋਂ ਉਹਦਾ ਕੋਈ ਨਹੀਂ ਸੀ। ਭਰਾਵਾਂ ਨੂੰ ਤਾਂ ਉਹਦਾ ਬਹੁਤਾ ਪੇਕੇ ਆਉਣਾ ਵੀ ਸੋਭਦਾ ਨਹੀਂ ਸੀ। ਇੱਕ ਵਾਰ ਉਹ ਛੇ ਮਹੀਨੇ ਪੇਕੇ ਬੈਠੀ ਰਹੀ। ਇਨ੍ਹਾਂ ਹੀ ਦਿਨਾਂ ਵਿੱਚ ਉਹਨੇ ਗੁਆਂਢ ਵਿੱਚ ਖੁੱਲ੍ਹੇ ਸਿਲਾਈ ਸੈਂਟਰ ਵਿਚ ਸਿਲਾਈ ਦਾ ਕੰਮ ਸਿੱਖਿਆ। ਸਹੁਰਿਆਂ ਵੱਲੋਂ ਉਹਨੂੰ ਕੋਈ ਲੈਣ ਨਾ ਆਇਆ। ਜਿਵੇਂ ਉਹ ਖਹਿੜਾ ਛੁਡਾਉਣਾ ਚਾਹੁੰਦੇ ਹੋਣ। ਇੱਕ ਦਿਨ ਬਾਪੂ ਕਹਿਣ ਲੱਗਾ, “ਧੀਏ, ਕੁੜੀਆਂ ਪੇਕੇ ਬੈਠੀਆਂ ਨੀ ਸੋਂਹਦੀਆਂ, ਤੂੰ ਆਪਣੇ ਘਰ ਜਾਹ ਭਾਈ।” ਇਹੀ ਕੁਝ ਭਰਾਵਾਂ ਨੇ ਆਖਿਆ। ਤੇ ਉਸਨੂੰ ਇੱਕ ਤਰ੍ਹਾਂ ਧੱਕੇ ਨਾਲ ਉਹਦੇ ਸਹੁਰੇ ਛੱਡ ਆਏ।
...ਤੇ ਇੰਝ ਕਰਦੇ ਕਰਾਉਂਦੇ ਪੰਜ ਸਾਲ ਗੁਜ਼ਰ ਗਏ।
ਜਦੋਂ ਕਦੇ ਵਰ੍ਹੇ ਛਿਮਾਹੀ ਮਹਿੰਦਰ ਸਹੁਰੇ ਜਾਂਦਾ ਤਾਂ ਉਹਦੀ ਨਿਗ੍ਹਾ ਸੀਤੋ ਤੇ ਹੁੰਦੀ। ਸੀਤੋ ਉਹਦੀ ਛੋਟੀ ਸਾਲੀ ਸੀ, ਸਤਾਰਾਂ ਕੁ ਸਾਲਾਂ ਦੀ। ਇੱਕ ਦਿਨ ਉਹਨੇ ਪੀਤੀ ਵਿਚ ਬਿਨਾਂ ਕਿਸੇ ਲੱਗ ਲਪੇਟ ਦੇ ਸਿੱਧਾ ਹੀ ਕਹਿ ਦਿੱਤਾ, ‘‘ਬਾਪੂ ਜੀ, ਬੀਬੀ ਦੇ ਤਾਂ ਕੋਈ ਨਿਆਣਾ ਹੁੰਦਾ ਨ੍ਹੀਂ ਲਗਦਾ, ਆਹ ਸੀਤੋ ਮੇਰੇ ਨਾਲ ਤੋਰ ਦਿਓ, ਦੋਵੇਂ ਭੈਣਾਂ ਰਾਜ ਕਰਨਗੀਆਂ।’’ ਬਾਪੂ ਨੇ ਪਹਿਲਾਂ ਸੋਚਿਆ ਕਿ ਐਂਵੇ ਦਾਰੂ ਪੀ ਕੇ ਕਮਲ ਕੁੱਟਦੈ। ਪਰ ਜਦੋਂ ਉਹਨੇ ਓਸ ਗੱਲ ਦੀ ਹਿੰਡ ਫੜ੍ਹ ਲਈ ਤਾਂ ਬਾਪੂ ਉੱਠ ਕੇ ਤੁਰ ਪਿਆ ।
ਇਹ ਗੱਲ ਜਦੋਂ ਮਾਸੀ ਨੂੰ ਪਤਾ ਲੱਗੀ ਤਾਂ ਉਹਦੇ ਚਾਰੇ ਕੱਪੜੇ ਅੱਗ ਲੱਗ ਗਈ, ‘‘ਨਾ ਅਸੀਂ ਗਾਵਾਂ ਬੱਕਰੀਆਂ, ਜੀਹਨੂੰ ਜੀ ਕਰਦੈ, ਕਿੱਲੇ ਤੇ ਬੰਨ੍ਹ ਲੇਂ-ਗਾ। ਤੂੰ ਇਹ ਸੋਚ ਕਿਵੇਂ ਲਿਆ, ਬਈ ਸੀਤੋ ਨੂੰ ਏਥੇ ਵਸਾ ਲੇਂ ਗਾ। ਪਹਿਲਾਂ ਤਾਂ ਮੇਰੀ ਜੂਨ ਖਰਾਬ ਕੀਤੀ, ਹੁਣ ਤੂੰ ਉਹਨੂੰ ਵੀ ਬਰਬਾਦ ਕਰਨ ਨੂੰ ਫਿਰਦੈਂ।” ਮਾਸੀ ਓਸ ਦਿਨ ਬਹੁਤ ਬੋਲੀ ਸੀ। ਪਰ ਮਹਿੰਦਰ ਨੇ ਤਾਂ ਦੂਜਾ ਵਿਆਹ ਕਰਾਉਣ ਦੀ ਜਿਵੇਂ ਠਾਣ ਲਈ ਸੀ। ਸੀਤੋ ਤਾਂ ਨਹੀਂ, ਮਹਿੰਦਰ ਨੇ ਸੀਤੋ ਦੀ ਮਾਸੀ ਦੀ ਕੁੜੀ, ਜਿਹੜੀ ਇੱਕ ਅੱਖੋਂ ‘ਬੱਜੋਰੱਤੀ’ ਸੀ ,ਨਾਲ ਵਿਆਹ ਕਰਵਾਉਣ ਦਾ ਬੰਨ੍ਹ ਸੁਭ੍ਹ ਕਰ ਲਿਆ ਸੀ। ਮਾਸੀ ਬਥੇਰਾ ਕਲਪੀ, ਪਰ ਉਹਦੀ ਸੁਣਨ ਵਾਲਾ ਕੋਈ ਵੀ ਨਹੀਂ ਸੀ। ਇੱਕ ਮਾਂ ਸੀ, ਉਹ ਵੀ ਅਧਵਾਟੇ ਜੀਵਨ ਪੰਧ ਛੱਡ ਕੇ ਤੁਰ ਗਈ ਸੀ। ਸਾਲ ਦੇ ਅੰਦਰ ਅੰਦਰ ਕਰਤਾਰੋ ਦੇ ਮੁੰਡਾ ਹੋ ਗਿਆ। ਫਿਰ ਉਪਰੋ ਥਲੀ ਤਿੰਨ ਮੁੰਡੇ ਹੋਏ। ਮਾਸੀ ਦੀ ਹੋਂਦ ਘਟਦੀ ਘਟਦੀ ਇੱਕ ਵਾਧੂ ਦਾ ਜੀਅ ਬਣ ਕੇ ਰਹਿ ਗਈ। ਕਰਤਾਰੋ ਨੇ ਵੀ ਆਪਣੀ ਮਸੇਰ ਤੋਂ ਅੱਖਾਂ ਫੇਰ ਲਈਆਂ। ਉਹ ਇਕੱਲੀ ਪੈ ਗਈ। ਉਹ ਸਭ ਕੁੱਝ ਛੱਡ ਛਡਾ ਕੇ ਪੇਕੇ ਆ ਗਈ। ਘਰ ਦੇ ਇੱਕ ਕੋਨੇ ਵਿੱਚ ਸਿਲਾਈ ਸੈਂਟਰ ਸ਼ੁਰੂ ਕਰ ਲਿਆ। ਹੌਲੀ ਹੌਲੀ ਉਹਦੇ ਕੋਲ ਕੁੜੀਆਂ ਦੀ ਗਿਣਤੀ ਵਧਦੀ ਗਈ। ਪੇਕੇ ਘਰ ਦੀ, ਖਾਸ ਕਰਕੇ ਭਰਜਾਈਆਂ ਦੀ ਚਬਾ ਚਬੀ ਤੋਂ ਤੰਗ ਆ ਕੇ ਉਹ ਇੱਕ ਮਕਾਨ ਕਿਰਾਏ ਤੇ ਲੈ ਕੇ ਰਹਿਣ ਲੱਗ ਪਈ ਤੇ ਮਕਾਨ ਦੇ ਇੱਕ ਹਿੱਸੇ ਵਿੱਚ ਸਿਲਾਈ ਸੈਂਟਰ ਚਲਾਉਣ ਲੱਗ ਪਈ।
...’ਤੇ ਜਦ ਮਾਸੀ ਨੂੰ ਕੋਈ ਮੁਹੱਲੇ ਦੀ ਕੁੜੀ ਕੱਤਰੀ ਪੁੱਛਦੀ ਹੈ ਕਿ: ਮਾਸੀ, ਸਾਰੀ ਉਮਰ ਤੂੰ ’ਕੱਲੀ ਨੇ ਕੱਢ-ਲੀ, ਨਾ ਪੇਕਿਆਂ ਵੱਲੋਂ ਤੇ ਨਾ ਈ ਸਹੁਰਿਆਂ ਵੱਲੋਂ ਤੇਰਾ ਕੋਈ ਨ੍ਹੀਂ ਹੋਇਆ, ਹਰਖ਼ ਤਾਂ ਕਦੇ ਕਦੇ ਆਉਂਦਾ ਹੋਊ।’’ ਇੱਕ ਪਲ ਲਈ ਉਹਦੀ ਮਸ਼ੀਨ ਰੁਕਦੀ ਹੈ। ਚਮਕੀਲੀਆਂ ਅੱਖਾਂ ਸਵਾਲ ਕਰਤਾ ਤੇ ਸੁੱਟਦੀ ਹੈ: ਨਾ ਧੀਏ! ਕੋਈ ਹਰਖ਼ ਗਿਲਾ ਨ੍ਹੀਂ, ’ਤੇ ਮੇਰਾ ਕੋਈ ਕਿਉਂ ਨ੍ਹੀਂ! ਆਹ ਦੇਖ ਨਾ ਮੇਰੀ ਮਸ਼ੀਨ! ਏਨਾ ਆਖਦਿਆਂ ਹੀ ਉਹਦੇ ਹੱਥ, ਪੈਰ ਹਰਕਤ ਵਿਚ ਆਉਂਦੇ ਹਨ, ਤੇ ਮਸ਼ੀਨ ਘੁੰਮਣ ਲੱਗ ਜਾਂਦੀ ਹੈ।
ਸੰਪਰਕ: 94174-48436

Advertisement
Author Image

joginder kumar

View all posts

Advertisement
Advertisement
×