For the best experience, open
https://m.punjabitribuneonline.com
on your mobile browser.
Advertisement

ਇਉਂ ਮਿਲੀ ‘ਬਾਂਗਿ-ਦਰਾ’

06:34 AM Jun 01, 2024 IST
ਇਉਂ ਮਿਲੀ ‘ਬਾਂਗਿ ਦਰਾ’
Advertisement

ਤਰਲੋਚਨ ਸਿੰਘ ਦੁਪਾਲਪੁਰ

Advertisement

ਜਿਥੋਂ ਤੱਕ ਯਾਦ ਹੈ, ਸਕੂਲੀ ਪੜ੍ਹਾਈ ਦੌਰਾਨ ਸਭ ਤੋਂ ਪਹਿਲਾਂ ਮੇਰੀ ਨਜ਼ਰੇ ਜੋ ਪਹਿਲਾ ਸਿ਼ਅਰ ਚੜ੍ਹਿਆ ਸੀ, ਉਹ ਇਹ ਸੀ:
ਖੁਦਾ ਬਚਾਏ ਇਨ ਤੀਨੋਂ ਬਲਾਉਂ ਸੇ,
ਹਕੀਮੋਂ ਵਕੀਲੋਂ ਔਰ ... ਨਿਗਾਹੋਂ ਸੇ।
ਬਬਰਾਂ ਦੇ ਪਿੰਡ ਦੌਲਤ ਪੁਰ ਤੋਂ ਉੱਤਰ ਵੱਲ ਸਾਡੇ ਨਾਨਕੇ, ਮਾਸੀਆਂ ਅਤੇ ਦੋ ਭੈਣਾਂ ਦੇ ਸਹੁਰਿਆਂ ਦੇ ਪਿੰਡੀਂ ਜਾਣ ਸਮੇਂ ਸਾਨੂੰ ਜਾਡਲੇ ਦੇ ਬੱਸ ਅੱਡੇ ਤੋਂ ਲੰਘਣਾ ਪੈਂਦਾ ਸੀ ਜਿੱਥੇ ਸੜਕ ਕੰਢੇ ਚਾਹ-ਦੁੱਧ ਵਾਲਾ ਛੋਟਾ ਜਿਹਾ ਹੋਟਲ ਹੁੰਦਾ ਸੀ। ਇਸ ਦੇ ਕਮਰੇ ਦੀ ਪਿਛਲੀ ਕੰਧ ਉੱਤੇ ਨੀਲੇ ਅੱਖਰਾਂ ਵਿੱਚ ਇਹ ਸਿ਼ਅਰ ਲਿਖਿਆ ਹੋਇਆ ਸੀ।
ਕਮਰੇ ਦੀ ਛੱਤ ਦੇ ਪਰਨਾਲੇ ’ਚੋਂ ਵਗਦੇ ਮੀਂਹ ਦੇ ਪਾਣੀ ਨਾਲ ਸਿ਼ਅਰ ਦਾ ਅਖੀਰਲਾ ਸ਼ਬਦ ਮਿਟਿਆ ਹੋਇਆ ਸੀ। ਚੰਗਾ ਲੱਗੇ ਤੋਂ ਇਹ ਸਿ਼ਅਰ ਤਾਂ ਮੈਂ ਕਾਪੀ ’ਚ ਨੋਟ ਕਰਨ ਦੇ ਨਾਲ-ਨਾਲ ਚੇਤੇ ਵੀ ਕਰ ਲਿਆ ਪਰ ਅਖ਼ੀਰਲੇ ਮਿਟੇ ਹੋਏ ਸ਼ਬਦ ਬਾਰੇ ਕਿਸੇ ਤੋਂ ਪੁੱਛਣ ਦਾ ਮੇਰਾ ਹੀਆ ਨਾ ਪਵੇ! ਸੰਗਦਾ ਰਿਹਾ ਕਿ ਇੱਥੇ ਕੋਈ ਇਸ਼ਕ-ਮੁਸ਼ਕ ਬਾਰੇ ਗੱਲ ਹੋਈ ਤਾਂ ਅਗਲਾ ਕੀ ਖਿਆਲ ਕਰੇਗਾ ਮੇਰੇ ਬਾਰੇ!!
ਦੌਲਤ ਪੁਰ ਤੋਂ ਸਾਨੂੰ ਪੜ੍ਹਾਉਣ ਆਉਂਦੇ ਮਾਸਟਰ ਹਰਕ੍ਰਿਸ਼ਨ ਸਿੰਘ ਸੋਢੀ ਮੈਨੂੰ ਬਹੁਤ ਪਿਆਰ ਕਰਦੇ ਸਨ। ਉਹ ਜਾਡਲਿਉਂ ਲੰਘ ਕੇ ਸਾਡੇ ਪਿੰਡ ਸਕੂਲੇ ਆਉਂਦੇ ਸਨ। ਇੱਕ ਦਿਨ ਹੌਸਲਾ ਕਰ ਕੇ ਉਨ੍ਹਾਂ ਨੂੰ ਪੁੱਛਿਆ ਤਾਂ ਉਨ੍ਹਾਂ ਮੇਰਾ ਕੰਨ ਮਰੋੜਦਿਆਂ ਸਿ਼ਅਰ ਦਾ ਖਾਲੀ ਥਾਂ ‘ਇਸ਼ਕੀ’ ਸ਼ਬਦ ਨਾਲ ਭਰ ਦਿੱਤਾ।
ਇਸ ਸਿ਼ਅਰ ਦੀ ਸ਼ਰਾਰਤ ਸਦਕਾ ਮੈਨੂੰ ਸਿ਼ਅਰ ਇਕੱਠੇ ਕਰਨ ਦਾ ਭੁਸ ਪੈ ਗਿਆ। ਅਖਬਾਰਾਂ ਪੜ੍ਹਨ ਦਾ ਸ਼ੌਕ ਵੀ ਸਕੂਲ ਸਮੇਂ ਤੋਂ ਹੀ ਹੋਣ ਕਰ ਕੇ ਜਿੱਥੇ ਕਿਤੇ ਕਿਸੇ ਲਿਖਤ ਵਿੱਚ ਕੋਈ ਸਿ਼ਅਰ ਨਜ਼ਰ ਪੈਣਾ, ਝੱਟ ਕਾਪੀ ’ਤੇ ਨੋਟ ਵੀ ਕਰ ਲੈਣਾ ਤੇ ਕੰਠ ਵੀ। ਇਸ ਤੋਂ ਇਲਾਵਾ ਸਿਆਸੀ ਅਤੇ ਧਾਰਮਿਕ ਇਕੱਠਾਂ ਵਿੱਚ ਬੁਲਾਰਿਆਂ ਤੋਂ ਸੁਣ-ਸੁਣ ਕੇ ਵੀ ਸਿ਼ਅਰ ਇਕੱਠੇ ਕਰਦਾ ਰਿਹਾ; ਖਾਸ ਕਰ ਕੇ ਢਾਡੀ ਦਿਲਬਰ ਜੀ ਦੇ ਬੋਲੇ ਸਾਰੇ ਸਿ਼ਅਰ ਮੈਨੂੰ ਜ਼ਬਾਨੀ ਕੰਠ ਹੋ ਗਏ।
ਇੱਕ ਵਾਰ ਮਸਕੀਨ ਜੀ ਨੇ ਕਥਾ ਦੌਰਾਨ ਅਲਾਮਾ ਇਕਬਾਲ ਦਾ ਸਿ਼ਅਰ ਬੋਲ ਕੇ ਦੱਸਿਆ- ਇਕਬਾਲ ਸਾਹਬ ਦੇ ਸਿ਼ਅਰਾਂ ਦੀ ਕਿਤਾਬ ਹੈ- ਬਾਂਗਿ-ਦਰਾ’। ਪਤਾ ਲੱਗਣ ’ਤੇ ਮੈਂ ਇਹ ਕਿਤਾਬ ਲੱਭਣ ਲੱਗਾ। ਬੜੀਆਂ ਦੁਕਾਨਾਂ ਤੋਂ ਪੁੱਛਿਆ ਪਰ ਕਿਤਿਉਂ ਵੀ ਨਾ ਮਿਲੀ। ਇੱਕ ਦੋਸਤ ਨੇ ਸਲਾਹ ਦਿੱਤੀ ਕਿ ਭਾਸ਼ਾ ਵਿਭਾਗ ਪਟਿਆਲਾ ਤੋਂ ਪਤਾ ਕਰਾਂ। ਮੈਂ ਭਾਸ਼ਾ ਵਿਭਾਗ ਨੂੰ ਚਿੱਠੀ ਲਿਖ ਕੇ ‘ਬਾਂਗਿ-ਦਰਾ’ ਬਾਰੇ ਪੁੱਛਿਆ। ਜਵਾਬ ਆਇਆ ਕਿ ਸਾਡੇ ਕੋਲ ਇਸ ਕਿਤਾਬ ਦੀ ਸਿਰਫ ਇੱਕੋ ਹੀ ਕਾਪੀ ਪਈ ਹੈ। ਹੱਥ ਧੋ ਕੇ ਮਗਰ ਪੈਣ ਵਾਂਗ ਮੈਂ ਉਨ੍ਹਾਂ ਨੂੰ ਇੱਕ ਹੋਰ ਚਿੱਠੀ ਲਿਖੀ ਕਿ ਇਹ ਕਿਤਾਬ ਮੈਂ ਜ਼ਰੂਰ ਮੁੱਲ ਲੈਣੀ ਚਾਹੁੰਦਾ ਹਾਂ।
ਉਸ ਸਮੇਂ ਭਾਸ਼ਾ ਵਿਭਾਗ ਦੇ ਡਾਇਰੈਕਟਰ ਚੇਤਨ ਸਿੰਘ ਜੀ ਸਨ। ਉਨ੍ਹਾਂ ਨੂੰ ਕਿਤਾਬ ਲਈ ਮੇਰੀ ਸਿ਼ੱਦਤ ਦੇਖ ਕੇ ਸ਼ਾਇਦ ਮੇਰੇ ’ਤੇ ਤਰਸ ਆ ਗਿਆ, ਉਨ੍ਹਾਂ ਮੇਰਾ ਅਤਾ-ਪਤਾ ਪੁੱਛ ਕੇ ਕਿਹਾ ਕਿ ਸੱਜਣਾਂ, ਮੈਂ ਇਸ ਕਿਤਾਬ ਦੀ ਫੋਟੋ ਕਾਪੀ ਕਰਵਾ ਕੇ ਕਿਸੇ ਦਿਨ ਜਲੰਧਰ ਜਾਂਦਾ ਹੋਇਆ ਨਵੇਂ ਸ਼ਹਿਰ ਇੱਕ ਅਖਬਾਰ ਦੇ ਦਫਤਰ ਫੜਾ ਜਾਵਾਂਗਾ, ਤੁਸੀਂ ਉੱਥੋਂ ਚੁੱਕ ਲਿਉ।... ਕੁਝ ਦਿਨਾਂ ਬਾਅਦ ਅਖਬਾਰ ਦੇ ਦਫਤਰੋਂ ਸੁਨੇਹਾ ਮਿਲਣ ’ਤੇ ਮੈਂ ਨਵਾਂ ਸ਼ਹਿਰ ਨੂੰ ਸਾਈਕਲ ’ਤੇ ਸ਼ੂਟ ਵੱਟ ਲਈ। ਕਾਪੀ ਕੀਤੇ ਹੋਏ ਕਾਗਜ਼ਾਂ ਦਾ ਥੱਬਾ ਚੁੱਕ ਕੇ ਉਸੇ ਵੇਲੇ ਭੱਲਾ ਕਿਤਾਬ ਘਰ ਜਾ ਕੇ ਇਸ ਦੀ ਜਿਲਦ ਬੰਨ੍ਹਵਾ ਲਿਆਇਆ। ਹੁਣ ਇਹ ਤੋਹਫਾ ਮੇਰੀ ਪਿੰਡ ਵਾਲੀ ਲਾਇਬਰੇਰੀ ਦੀ ਸ਼ਾਨ ਵਧਾ ਰਿਹਾ ਹੈ।
ਸੰਪਰਕ: 78146-92724

Advertisement
Author Image

joginder kumar

View all posts

Advertisement
Advertisement
×