ਕਿੱਥੇ ਗੁਜ਼ਾਰਾਂ ਝੱਟ ਸਾਈਆਂ...
ਦੀਪ ਦੇਵਿੰਦਰ ਸਿੰਘ
ਉਸ ਦਿਨ ਘਰ ਜਾਣ ਦੀ ਬਹੁਤ ਕਾਹਲ ਸੀ। ਅੱਧੇ ਘੰਟੇ ਤੋਂ ਜਾਮ ’ਚ ਫਸਿਆ ਖੜ੍ਹਾ ਸਾਂ। ਪਤਾ ਨਹੀਂ ਕੋਈ ਧਾਰਮਿਕ ਸਮਾਗਮ ਸੀ ਜਾਂ ਕੁਝ ਹੋਰ, ਸ਼ਹਿਰ ਦੀਆਂ ਸੜਕਾਂ ’ਤੇ ਹਰ ਪਾਸੇ ਭੀੜ ਸੀ। ਗੱਡੀਆਂ, ਮੋਟਰਾਂ ਦਾ ਹੜ੍ਹ ਜਾਮ ਹੋਇਆ ਖਲੋਤਾ ਸੀ। ਖੜ੍ਹੀਆਂ ਗੱਡੀਆਂ ਹਿਲਦੀਆਂ ਤਾਂ ਸਨ ਪਰ ਕਦੀ ਕਦਾਈਂ। ਫਿਰ ਉਹੀ ਹਾਲ ਜਿਸ ਕਰ ਕੇ ਘਰ ਦਾ ਪੈਂਡਾ ਮੁੱਕਣ ਦਾ ਨਾਂ ਨਹੀਂ ਸੀ ਲੈ ਰਿਹਾ। ਮੈਂ ਇਸ ਜਮਘਟੇ ’ਚੋਂ ਉਡ ਕੇ ਨਿਕਲ ਜਾਣਾ ਚਾਹੁੰਦਾ ਸਾਂ।
ਘਰੋਂ ਕਈ ਵਾਰੀ ਫੋਨ ਆ ਗਿਆ ਸੀ। ਪਤਨੀ ਦੀ ਸਿਹਤ ਦਿਨਾਂ ਤੋਂ ਢਿੱਲੀ ਮੱਠੀ ਜਿਹੀ ਹੈ, ਕਿਸੇ ਹੋਰ ਡਾਕਟਰ ਨੂੰ ਦਿਖਾਉਣ ਦਾ ਸਮਾਂ ਲਿਆ ਸੀ ਜਿਹੜਾ ਤੇਜ਼ੀ ਨਾਲ ਲੰਘ ਰਿਹਾ ਸੀ। ਉਪਰੋਂ ਮੇਰੇ ਆਸ-ਪਾਸ ਦੀ ਭੀੜ ਹਿੱਲਣ ਦਾ ਨਾਂ ਨਹੀਂ ਸੀ ਲੈ ਰਹੀ। ਲਗਾਤਾਰ ਵਜ ਰਹੇ ਹਾਰਨ ਕੰਨਾਂ ’ਚ ਕਿਰਚਾਂ ਵਾਂਗ ਵਜ ਰਹੇ ਸਨ ਤੇ ਗੂੜ੍ਹੇ ਘਸਮੈਲੇ ਰੰਗ ਦੇ ਧੂੰਏਂ ਦਾ ਗੁਬਾਰ ਦਿਮਾਗ਼ ਨੂੰ ਚੜ੍ਹ ਰਿਹਾ ਸੀ। ਹਾੜ੍ਹ ਮਹੀਨਾ ਅੱਧਿਉਂ ਬਹੁਤਾ ਬੀਤ ਚੁਕਿਆ ਸੀ ਪਰ ਮੀਂਹ ਦਾ ਕਿਤੇ ਨਾਮੋ-ਨਿਸ਼ਾਨ ਨਹੀਂ ਸੀ। ਦਿਨ ਚੜ੍ਹਦਿਆਂ ਸਾਰ ਅਸਮਾਨੋਂ ਅੱਗ ਵਰ੍ਹਨ ਲੱਗਦੀ। ਅੱਜ ਵੀ ਕਿਤੇ ਪਹਿਲੇ ਵੇਲੇ ਦੋ ਚਾਰ ਬੱਦਲ ਉਠੇ ਤਾਂ ਸਨ, ਫਿਰ ਕਿਧਰੇ ਖਿੰਡ-ਪੁੰਡ ਗਏ। ਮੈਂ ਮੱਥੇ ’ਤੇ ਟਪਕਦੀਆਂ ਪਸੀਨੇ ਦੀਆਂ ਬੂੰਦਾਂ ਰੁਮਾਲ ਨਾਲ ਮੁੜ-ਮੁੜ ਪੂੰਝਦਾ ਹਾਂ।
ਫੋਨ ਦੀ ਘੰਟੀ ਫਿਰ ਵੱਜੀ। ਭੀੜ ਹੋਣ ਕਰ ਕੇ ਮੇਰੇ ਕੋਲੋਂ ਵਾਰ-ਵਾਰ ਫੋਨ ਚੁੱਕ ਨਹੀਂ ਹੁੰਦਾ। ਕਦੀ ਪਤਨੀ ’ਤੇ ਵੀ ਖਿਝ ਆਉਂਦੀ ਹੈ। ਬੰਦਾ ਥੋੜ੍ਹਾ ਧੀਰਜ ਰੱਖਦਾ। ਐਵੇਂ ਬੱਚਿਆਂ ਵਾਂਗ ਕਰਨ ਲੱਗ ਜਾਂਦੀ ਕਈ ਵਾਰੀ। ਫਿਰ ਸੋਚਦਾ, ਉਹ ਵੀ ਤਾਂ ਬੇਵੱਸ ਹੈ, ਪਿਛਲੀਆਂ ਦੋ ਰਾਤਾਂ ਤੋਂ ਚੱਜ ਨਾਲ ਸੁੱਤੀ ਨਹੀਂ। ਉਹਦੇ ਨਾਲ ਮੇਰੀ ਵੀ ਚੱਤੇ ਪਹਿਰ ਅਵਾਜ਼ਾਰੀ ਜਿਹੀ ਬਣੀ ਰਹਿੰਦੀ ਹੈ। ਧਿਆਨ ਹਮੇਸ਼ਾ ਘਰ ਵੱਲ ਲੱਗਿਆ ਰਹਿੰਦਾ।
ਖੜ੍ਹੀ ਭੀੜ ਥੋੜ੍ਹਾ-ਥੋੜ੍ਹਾ ਹਿੱਲੀ ਹੈ ਅੱਗੇ ਨਾਲੋਂ। ਅਗਲੀਆਂ ਗੱਡੀਆਂ ਤੁਰੀਆਂ ਨੇ ਸਹਿਜ-ਸਹਿਜ। ਮਨ ਦੀ ਤਲਖ਼ੀ ਥੋੜ੍ਹੀ ਘਟੀ ਹੈ। ਬੱਸ ਅੱਡੇ ਵਾਲਾ ਮੋੜ ਮੁੜ ਕੇ ਭੀੜ ਆਪਣੀ ਚਾਲੇ ਅਜੇ ਤੁਰਨ ਹੀ ਲੱਗੀ ਸੀ ਜਦੋਂ ਇਕਹਿਰੇ ਜਿਹੇ ਸਰੀਰ ਵਾਲੇ ਉਸ ਮੁੰਡੇ ਨੇ ਹੱਥ ਦੇ ਇਸ਼ਾਰੇ ਨਾਲ ਰੁਕਣ ਦਾ ਤਰਲਾ ਜਿਹਾ ਮਾਰਿਆ। ਘਰ ਜਾਣ ਦੀ ਕਾਹਲ, ਉਪਰੋਂ ਇਸ ਜਾਮ ਤੋਂ ਮਸਾਂ ਮਿਲੇ ਛੁਟਕਾਰੇ ਕਰ ਕੇ ਹੁਣ ਖਲੋਣ ਦਾ ਕੋਈ ਇਰਾਦਾ ਨਹੀਂ ਸੀ। ਮੈਂ ਆਪਣੀ ਚਾਲੇ ਚਲਦੇ ਨੇ ਉਹਦੇ ਵੱਲ ਥੋੜ੍ਹੀ ਧੌਣ ਭੁਆਈ। ਤਿੰਨ ਕੁ ਵਰ੍ਹਿਆਂ ਦਾ ਬਾਲ ਉਸ ਆਪਣੀ ਬਾਂਹ ਦੇ ਸਹਾਰੇ ਕੁੱਛੜ ਚੁੱਕਿਆ ਹੋਇਆ ਸੀ ਜਿਸ ਨੇ ਆਪਣੀਆਂ ਪਤਲੀਆਂ-ਪਤਲੀਆਂ ਬਾਹਾਂ ਉਸ ਮੁੰਡੇ ਦੇ ਗਲ ਦੁਆਲੇ ਵਲੀਆਂ ਹੋਈਆਂ ਸਨ। ਫੁਟਪਾਥ ਦੇ ਨਾਲ ਲੱਗ ਕੇ ਖਲੋਤਿਆਂ ਤਿੱਖੀ ਧੁੱਪ ਉਨ੍ਹਾਂ ਦੇ ਚਿਹਰਿਆਂ ’ਤੇ ਪੈ ਰਹੀ ਸੀ। ਕੁੱਛੜ ਚੁੱਕਿਆ ਬੱਚਾ ਮੁੰਡੇ ਦੀ ਧੌਣ ਹੇਠ ਆਪਣਾ ਸਿਰ ਘਸੋੜ-ਘਸੋੜ ਕੇ ਧੁੱਪ ਤੋਂ ਬਚਣ ਦਾ ਯਤਨ ਕਰ ਰਿਹਾ ਸੀ। ਮਨ ਪਸੀਜ ਗਿਆ ਸੀ ਤੇ ਇੰਨੀ ਕਾਹਲ ਦੇ ਬਾਵਜੂਦ ਬਰੇਕ ਵੱਜ ਗਈ।
ਉਹ ਮੁੰਡਾ ਮੇਰੇ ਕਰੀਬ ਹੋ ਗਿਆ ਸੀ। ਕੱਪੜੇ ਲੱਤੇ ਤੋਂ ਉਹਦੀ ਹਾਲਤ ਕੋਈ ਬਹੁਤੀ ਵਧੀਆ ਨਹੀਂ ਸੀ ਲਗਦੀ ਤੇ ਉਹਦੀਆਂ ਅੱਖਾਂ ਵੀ ਸਿੱਲ੍ਹੀਆਂ ਜਿਹੀਆਂ ਸਨ ਜਿਵੇਂ ਰੋ ਕੇ ਹਟਿਆ ਹੋਵੇ। ਉਸ ਘਗਿਆਈ ਜਿਹੀ ਆਵਾਜ਼ ’ਚ ਬੋਲਣਾ ਸ਼ੁਰੂ ਕੀਤਾ ਸੀ, “ਭਾ ਜੀ, ਵੱਡੇ ਹਸਪਤਾਲ ’ਚ ਮੇਰਾ ਕਾਕਾ ਪੂਰਾ ਹੋ ਗਿਆ, ਥੋੜ੍ਹੇ ਦਿਨਾਂ ਦਾ ਸੀ। ਘਰ ਦੀ ਮੇਰੀ ਉਥੇ ਈ ਐ, ਛੁੱਟੀ ਨਹੀਂ ਮਿਲੀ ਉਹਨੂੰ। ਭਾ ਜੀ, ਪਿੰਡ ਜਾਣਾ ਮੈਂ ਆਪਣੇ, ਬਥੇਰਿਆਂ ਨੂੰ ਕਿਹਾ ਪਰ ਕਿਸੇ ਨੇ ਬਾਂਹ ਨਹੀਂ ਫੜੀ। ਸਿਰਫ ਵੀਹਾਂ-ਤੀਹਾਂ ਦੀ ਗੱਲ ਐ।” ਕਹਿੰਦਿਆਂ ਉਹਦਾ ਗੱਚ ਭਰ ਆਇਆ ਸੀ।
ਮੈਂ ਸੁੰਨ ਹੋ ਗਿਆ ਸਾਂ। ਉਹਦੀਆਂ ਕਹੀਆਂ ਗੱਲਾਂ ਦਿਲ ’ਚ ਆਰੀ ਦੇ ਦੰਦਿਆਂ ਵਾਂਗ ਖੁੱਭੀਆਂ ਸਨ। ਉਹਦੀ ਪ੍ਰੇਸ਼ਾਨੀ ਮੇਰੇ ਨਾਲੋਂ ਕਈ ਗੁਣਾ ਭਾਰੀ ਲੱਗ ਰਹੀ ਸੀ। ਉਹਦੇ ਕੁੱਛੜ ਚੁਕਿਆ ਬਾਲ ਉਹਦੇ ਵਾਂਗ ਹੀ ਉਦਾਸ ਸੀ। ਫੋਨ ’ਤੇ ਵੱਜੀ ਘੰਟੀ ਮੈਂ ਇਸ ਵਾਰੀ ਬਿਨ ਦੇਖਿਆਂ ਬੰਦ ਕਰ ਦਿੱਤੀ ਤਾਂ ਜੋ ਮੇਰਾ ਧਿਆਨ ਉਨ੍ਹਾਂ ਦੋਹਾਂ ਵਲੋਂ ਲਾਂਭੇ ਨਾ ਹੋ ਜਾਵੇ। ਆਦਤ ਮੂਜਬ ਉਹਦੇ ਨਾਲ ਹੋਰ ਗੱਲਾਂ ਕਰਨਾ ਚਾਹੁੰਦਾ ਸਾਂ- ਉਹਦੇ ਬਾਰੇ, ਉਹਦੇ ਬੱਚੇ ਬਾਰੇ, ਉਹਦੇ ਪਰਿਵਾਰ ਦੇ ਹੋਰਨਾਂ ਜੀਆਂ ਬਾਰੇ। ਉਹ ਨਿੱਕੇ ਨਿੱਕੇ ਜਵਾਬ ਦੇਈ ਜਾਂਦਾ ਤੇ ਨਾਲ ਦੀ ਨਾਲ ਆਪਣੀ ਵੀਹਾਂ-ਤੀਹਾਂ ਵਾਲੀ ਲੋੜ ਵੀ ਦੁਹਰਾਈ ਜਾਂਦਾ।
ਸਾਨੂੰ ਇੰਝ ਭਰ ਵਗਦੀ ਸੜਕ ਕੰਢੇ ਖਲੋ ਕੇ ਗੱਲਾਂ ਕਰਦਿਆਂ ਦੇਖ ਅੱਧਖੜ ਜਿਹੀ ਉਮਰ ਦਾ ਬੰਦਾ ਸੜਕ ਪਾਰੋਂ ਬਚਦਾ ਬਚਾਉਂਦਾ ਸਾਡੇ ਤੱਕ ਆਣ ਪਹੁੰਚਿਆ ਤੇ ਥੋੜ੍ਹਾ ਨੇੜੇ ਹੁੰਦਿਆਂ ਬੋਲਿਆ ਸੀ, “ਕੀ ਗੱਲ ਹੋ ਗਈ ਭਾ ਜੀ?” ਮੈਥੋਂ ਇੰਨਾ ਹੀ ਕਹਿ ਹੋਇਆ- “ਇਹ ਪ੍ਰੇਸ਼ਾਨ ਐ ਵਿਚਾਰਾ, ਹਸਪਤਾਲ ’ਚ ਬੱਚਾ ਪੂਰਾ ਹੋ ਗਿਆ ਇਹਦਾ।” ਉਹਨੇ ਹੈਰਾਨੀ ਨਾਲ ਉਹਦੇ ਵੱਲ ਦੇਖਿਆ, ਦੋ ਕੁ ਪੈਰ ਉਹਦੇ ਵੱਲ ਪੁੱਟੇ ਤੇ ਮੋਢੇ ’ਤੇ ਹੱਥ ਧਰਦਾ ਬੋਲਿਆ, “ਤੂੰ ਤਾਂ ਦੋ ਕੁ ਮਹੀਨੇ ਪਹਿਲਾਂ ਵੀ ਮੈਨੂੰ ਬੱਸ ਸਟੈਂਡ ਲਾਗੇ ਮਿਲਿਆ ਸੈਂ ਇਸੇ ਬੱਚੇ ਨਾਲ। ਉਦੋਂ ਵੀ ਤੂੰ ਮੈਨੂੰ ਇਸੇ ਤਰ੍ਹਾਂ ‘ਮੇਰਾ ਕਾਕਾ ਪੂਰਾ ਹੋ ਗਿਆ’ ਕਹਿ ਕੇ ਪੰਜ ਸੌ ਰੁਪਇਆ ਲੈ ਗਿਆ ਸੈਂ। ਤੈਨੂੰ ਭੋਰਾ ਸ਼ਰਮ ਨਹੀਂ ਆਉਂਦੀ ਇਸ ਤਰ੍ਹਾਂ ਮੁੜ-ਮੁੜ ਆਪਣੀ ਔਲਾਦ ਨੂੰ ਮਾਰਦਿਆਂ।”
ਗੱਲ ਸੁਣਦਿਆਂ ਸਾਹਮਣੇ ਵਾਲੇ ਦਾ ਰੰਗ ਫੱਕ ਹੋ ਗਿਆ ਤੇ ਉਹ ਪਿਛਾਂਹ ਖਿਸਕਣ ਲੱਗਿਆ। ਮੇਰੀਆਂ ਅੱਖਾਂ ਅੱਡੀਆਂ ਦੀਆਂ ਅੱਡੀਆਂ ਰਹਿ ਗਈਆਂ ਤੇ ਮੈਨੂੰ ਤ੍ਰੇਲੀਓ ਤ੍ਰੇਲੀ ਹੋਏ ਨੂੰ ਕੋਈ ਸ਼ਬਦ ਨਹੀਂ ਸੀ ਅਹੁੜ ਰਿਹਾ। ਭੀੜ ਪਹਿਲਾਂ ਵਾਂਗ ਹੀ ਮੇਰੇ ਲਾਗਿਉਂ ਭੱਜੀ ਜਾ ਰਹੀ ਸੀ ਤੇ ਮੈਂ ਘਰ ਪਹੁੰਚਣ ਲਈ ਹਿੰਮਤ ਜੁਟਾਉਣ ਦੀ ਕੋਸ਼ਿਸ਼ ਕਰ ਰਿਹਾ ਸਾਂ।
ਸੰਪਰਕ: 98721-65707