ਉਹ ਮੁਸਕਰਾਹਟ...
ਡਾ. ਸੁਖਪਾਲ ਕੌਰ ਸਮਰਾਲਾ
ਮਾਵਾਂ ਚੇਤਿਆਂ ਵਿੱਚੋਂ ਕਦ ਵਿਸਰਦੀਆਂ... ਹਰ ਸਾਹ ਨਾਲ ਯਾਦ ਆਉਂਦੀਆਂ। ਜ਼ਿੰਦਗੀ ਵਿੱਚ ਜਦੋਂ ਕੋਈ ਔਖੀ ਘੜੀ ਆਉਂਦੀ ਹੈ ਤਾਂ ਮਾਂ ਦੀ ਦਿੱਤੀ ਕੋਈ ਨਾ ਕੋਈ ਨਸੀਹਤ ਚੇਤੇ ਆ ਜਾਂਦੀ ਹੈ। ਥੋੜ੍ਹੇ ਦਿਨ ਪਹਿਲਾਂ ਮਾਂ ਦੀ ਬਰਸੀ ਸੀ। ਦਿਲ ਬਹੁਤ ਉਦਾਸ ਸੀ। ਕਿਸੇ ਨਾਲ ਗੱਲ ਕਰਨ ਦਾ ਵੀ ਮਨ ਨਹੀਂ ਸੀ। ਕਲਾਸ ’ਚ ਪਹੁੰਚੀ ਤਾਂ ਦੇਖਿਆ, ਕਲਾਸ ਦੀ ਸਾਂਵਲੀ ਜਿਹੀ ਕੁੜੀ ਰੋ ਰਹੀ ਸੀ ਤੇ ਬਾਕੀ ਉਸ ਦੁਆਲੇ ਝੁਰਮਟ ਪਾ ਕੇ ਖੜ੍ਹੀਆਂ ਸਨ।
ਮੈਨੂੰ ਦੇਖ ਕੇ ਸਾਰੀਆਂ ਆਪੋ-ਆਪਣੀ ਥਾਂ ਚਲੇ ਗਈਆਂ ਤੇ ਉਹ ਮੋਟੀਆਂ-ਮੋਟੀਆਂ ਅੱਖਾਂ ਵਿੱਚ ਹੰਝੂ ਭਰੀ ਉਸੇ ਤਰ੍ਹਾਂ ਆਪਣੀ ਸੀਟ ’ਤੇ ਬੈਠੀ ਰੋ ਰਹੀ ਸੀ। ਮੈਂ ਪੁੱਛਿਆ, “ਕੀ ਗੱਲ ਹੈ? ਕਿਉਂ ਰੋ ਰਹੀ ਹੈਂ?” ਉਸ ਨੇ ਰੋਂਦੇ ਹੋਏ ਕਿਹਾ, “ਮੈਡਮ ਮੈਂ ਫੰਕਸ਼ਨ ਲਈ ਸੂਟ ਤਿਆਰ ਕਰਵਾਇਆ ਸੀ ਪਰ ਇਹ ਮੈਨੂੰ ਕਹਿ ਰਹੀਆਂ- ਤੂੰ ਕਾਲੀ ਏਂ, ਤੇਰੇ ਉੱਪਰ ਇਹ ਸੂਟ ਸੋਹਣਾ ਨਹੀਂ ਲੱਗਣਾ। ਮੈਂ ਇੰਨੇ ਪੈਸੇ ਲਾਏ ਮੈਡਮ, ਹੁਣ ਮੰਮੀ ਨੂੰ ਕਿਵੇਂ ਕਹਾਂ ਕਿ ਹੋਰ ਸੂਟ ਲੈ ਦੇਣ।”
ਮੈਂ ਉਹਨੂੰ ਚੁੱਪ ਕਰਨ ਲਈ ਕਿਹਾ ਅਤੇ ਬਾਕੀਆਂ ਨੂੰ ਝਿੜਕਿਆ ਪਰ ਮੇਰਾ ਮਨ ਉਹ ਵੇਲਾ ਚੇਤੇ ਕਰਨ ਲੱਗ ਪਿਆ ਜਦ ਮੈਂ ਦਸਵੀਂ ਜਮਾਤ ਵਿੱਚ ਪੜ੍ਹਦੀ ਸੀ। ਹਾਰਮੋਨਲ ਤਬਦੀਲੀਆਂ ਕਰ ਕੇ ਦਸਵੀਂ ਜਮਾਤ ਵਿੱਚ ਮੇਰੇ ਚਿਹਰੇ ’ਤੇ ਬਹੁਤ ਜਿ਼ਆਦਾ ਫਿਨਸੀਆਂ ਹੋ ਗਈਆਂ ਸਨ ਜਿਨ੍ਹਾਂ ਨੂੰ ਮੈਂ ਅਕਸਰ ਖੁਰਚ ਦਿੰਦੀ ਜਿਸ ਕਰ ਕੇ ਚਿਹਰੇ ’ਤੇ ਕਾਲੇ ਦਾਗ਼ ਪੈ ਗਏ। ਨਾਲ ਦੀਆਂ ਕੁੜੀਆਂ ਨੂੰ ਦੇਖਦੀ ਤਾਂ ਉਨ੍ਹਾਂ ਦੇ ਸਾਫ ਚਿਹਰੇ ਤੇ ਰੰਗ ਮੇਰੇ ਮਨ ਵਿੱਚ ਕਿਤੇ ਨਾ ਕਿਤੇ ਸੋਹਣੀ ਨਾ ਹੋਣ ਅਹਿਸਾਸ ਭਰ ਦਿੰਦੇ। ਘਰ ਆ ਕੇ ਰੋਜ਼ ਉਦਾਸ ਹੁੰਦੀ ਤੇ ਮੰਮੀ ਨੂੰ ਪੁੱਛਦੀ ਕਿ ਮੇਰਾ ਚਿਹਰਾ ਕਦ ਠੀਕ ਹੋਵੇਗਾ? ਮੈਨੂੰ ਪਤਾ ਨਹੀਂ ਰੱਬ ਨੇ ਕਿਉਂ ਸੋਹਣਾ ਨਹੀਂ ਬਣਾਇਆ।
ਮੇਰੀ ਮੰਮੀ ਅਕਸਰ ਮੇਰੀ ਇਹ ਗੱਲ ਸੁਣ ਕੇ ਹੱਸ ਪੈਂਦੇ ਤੇ ਕਹਿੰਦੇ- ਰੱਬ ਨੇ ਦੋ ਹੀ ਰੰਗ ਬਣਾਏ ਨੇ।... ਉਮਰ ਦੇ ਉਸ ਪੜਾਅ ’ਤੇ ਇਹ ਗੱਲ ਸਮਝਣੀ ਥੋੜ੍ਹੀ ਔਖੀ ਲੱਗਦੀ ਸੀ; ਮੈਂ ਤਾਂ ਬਸ ਉਦਾਸ ਰਹਿੰਦੀ ਤੇ ਸੋਚਦੀ ਰਹਿੰਦੀ ਕਿ ਮੇਰਾ ਚਿਹਰਾ ਕਦੋਂ ਸਾਫ ਹੋਵੇਗਾ। ਇਕ ਦਿਨ ਗਿਆਰਵੀਂ ਜਮਾਤ ਵਿੱਚ ਜਦੋਂ ਗਿੱਧੇ ਦੀ ਟੀਮ ਦੀ ਚੋਣ ਹੋਣੀ ਸੀ ਤਾਂ ਅਧਿਆਪਕਾ ਨੇ ਇਹ ਕਹਿ ਕੇ ਮੈਨੂੰ ਗਿੱਧੇ ਦੀ ਕੈਪਟਨ ਨਾ ਬਣਾਇਆ ਕਿ ਤੂੰ ਇੰਨੀ ਸੋਹਣੀ ਨਹੀਂ। ਉਸ ਦਿਨ ਮੈਂ ਘਰ ਆ ਕੇ ਬਹੁਤ ਰੋਈ।
ਉਸ ਦਿਨ ਮੇਰੀਆਂ ਗੱਲਾਂ ਸੁਣਨ ਤੋਂ ਬਾਅਦ ਮੰਮੀ ਨੇ ਇੱਕ ਗੱਲ ਕਹੀ, “ਦੇਖ ਪੁੱਤ, ਤੇਰੇ ਅੰਦਰ ਗੁਣ ਇੰਨੇ ਹੋਣੇ ਚਾਹੀਦੇ ਕਿ ਕਿਸੇ ਨੂੰ ਤੇਰੇ ਰੰਗ ਦੀ ਕੋਈ ਪ੍ਰਵਾਹ ਈ ਨਾ ਹੋਵੇ। ਆਪਣੀ ਸ਼ਖ਼ਸੀਅਤ ਨੂੰ ਨਿਖਾਰ। ਗੋਰੇ ਕਾਲੇ ਵਿੱਚ ਕੁਝ ਨਹੀਂ ਪਿਆ। ਜਿਸ ਦਿਨ ਤੇਰੇ ਅੰਦਰ ਆਤਮ-ਵਿਸ਼ਵਾਸ ਅਤੇ ਆਪਣੇ ਆਪ ਨਾਲ ਪਿਆਰ ਕਰਨ ਦਾ ਗੁਣ ਆ ਗਿਆ, ਉਸ ਦਿਨ ਬਾਕੀ ਸਾਰੇ ਵੀ ਤੇਰੇ ਗੁਣ ਹੀ ਦੇਖਣਗੇ, ਤੇਰਾ ਰੰਗ ਨਹੀਂ।”
ਮਾਂ ਦੀ ਇਸ ਗੱਲ ਨੂੰ ਮੈਂ ਪੱਲੇ ਬੰਨ੍ਹ ਲਿਆ ਅਤੇ ਖੁਦ ਨੂੰ ਸਿੱਖਣ ਸਿਖਾਉਣ ਲਈ ਸਮਰਪਿਤ ਕਰ ਦਿੱਤਾ। ਅੱਜ ਮਾਂ ਦੀ ਉਸ ਗੱਲ ਨੇ ਮੈਨੂੰ ਜਿ਼ੰਦਗੀ ਦੇ ਹਰ ਮੁਕਾਮ ਵਿੱਚ ਸਫਲਤਾ ਦਿਵਾਈ ਹੈ; ਮੈਂ ਆਪਣੀਆਂ ਵਿਦਿਆਰਥਣਾਂ ਨੂੰ ਵੀ ਇਹੀ ਗੱਲ ਸਿਖਾਉਂਦੀ ਹਾਂ ਕਿ ਤੁਸੀਂ ਕਿੰਨੇ ਸੋਹਣੇ ਹੋ, ਇਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਤੁਹਾਡੇ ਅੰਦਰ ਕਿੰਨੇ ਗੁਣ ਹਨ ਤੇ ਤੁਸੀਂ ਦੂਸਰਿਆਂ ਨਾਲ ਕਿਸ ਤਰ੍ਹਾਂ ਵਿਹਾਰ ਕਰਦੇ ਹੋ।
ਇੰਨੇ ਨੂੰ ਪੀਰੀਅਡ ਦੀ ਘੰਟੀ ਵੱਜ ਗਈ ਅਤੇ ਮੈਂ ਰਜਿਸਟਰ ਚੁੱਕਿਆ ਤੇ ਜਾਣ ਲੱਗਿਆਂ ਉਸ ਵਿਦਿਆਰਥਣ ਨੂੰ ਕਿਹਾ, “ਤੂੰ ਜੋ ਵੀ ਸੂਟ ਪਾਏਂਗੀ, ਉਹ ਤੇਰੇ ’ਤੇ ਸੋਹਣਾ ਲੱਗੇਗਾ ਕਿਉਂਕਿ ਤੇਰੀ ਮੁਸਕਰਾਹਟ ਸਭ ਤੋਂ ਸੋਹਣੀ ਹੈ।” ਮੇਰੀ ਇੰਨੀ ਗੱਲ ਸੁਣ ਕੇ ਉਹਦੇ ਚਿਹਰੇ ’ਤੇ ਮੁਸਕਰਾਹਟ ਆ ਗਈ। ਉਹਦੀਆਂ ਅੱਖਾਂ ਵਿੱਚ ਹੰਝੂ ਸਨ ਪਰ ਉਹ ਮੁਸਕਰਾ ਰਹੀ ਸੀ। ਮੈਨੂੰ ਇੱਦਾਂ ਲੱਗਿਆ ਜਿਵੇਂ ਕਈ ਸਾਲ ਪਹਿਲਾਂ ਮੇਰੀ ਮਾਂ ਨੇ ਮੈਨੂੰ ਮੁਸਕਰਾ ਕੇ ਇਹ ਗੱਲ ਸਮਝਾਈ ਸੀ ਤੇ ਮੈਂ ਵੀ ਹੰਝੂਆ ਭਰੀਆਂ ਅੱਖਾਂ ਨਾਲ ਇਸੇ ਤਰ੍ਹਾਂ ਮੁਸਕਰਾ ਰਹੀ ਸੀ।
ਸੰਪਰਕ: 83606-83823