For the best experience, open
https://m.punjabitribuneonline.com
on your mobile browser.
Advertisement

ਅੰਬੇਡਕਰ ਦੇ ਗਰਾਈਂ ਦੀ ਝੁੱਗੀ ’ਚ ਕਦੋਂ ਚੜ੍ਹੇਗਾ ਸੂਰਜ!

07:54 AM May 08, 2024 IST
ਅੰਬੇਡਕਰ ਦੇ ਗਰਾਈਂ ਦੀ ਝੁੱਗੀ ’ਚ ਕਦੋਂ ਚੜ੍ਹੇਗਾ ਸੂਰਜ
ਬਰਨਾਲਾ ਦੀ ਦਾਣਾ ਮੰਡੀ ਵਿਚਲੀ ਝੌਂਪੜੀ ਵਿਚ ਰਾਮ ਕੁਮਾਰ ਦਾ ਪਰਿਵਾਰ।
Advertisement

ਚਰਨਜੀਤ ਭੁੱਲਰ
ਬਰਨਾਲਾ, 7 ਮਈ
ਉਂਜ ਤਾਂ ਬਰਨਾਲਾ ਦੀ ਦਾਣਾ ਮੰਡੀ ’ਚ ਸੈਂਕੜੇ ਝੁੱਗੀਆਂ ਹਨ। ਇਨ੍ਹਾਂ ਵਿਚੋਂ ਇੱਕ ਝੁੱਗੀ-ਝੌਂਪੜੀ ਖ਼ਾਸ ਹੈ, ਜਿਸ ਦੀ ਆਪਣੀ ਪਛਾਣ ਹੈ। ਇਸ ਝੁੱਗੀ ਦਾ ਮਾਲਕ ਰਾਮ ਕੁਮਾਰ ਦਲਿਤਾਂ ਦੇ ਰਹਿਬਰ ਡਾ. ਭੀਮ ਰਾਓ ਅੰਬੇਦਕਰ ਦਾ ਗਰਾਈਂ ਹੈ। ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਇੰਦੌਰ ’ਚ ਪੈਂਦਾ ਹੈ ਪਿੰਡ ਮਹੂ, ਜੋ ਡਾ. ਅੰਬੇਦਕਰ ਦੀ ਜਨਮ ਭੂਮੀ ਹੈ। ਇੱਥੋਂ ਰਾਮ ਕੁਮਾਰ ਦੇ ਬਾਪ ਦਾਦੇ ਰੋਜ਼ੀ-ਰੋਟੀ ਦੀ ਤਲਾਸ਼ ਲਈ ਉੱਠੇ ਸਨ। ਰਾਮ ਕੁਮਾਰ ਨੂੰ ਘਰ ਦੀ ਗ਼ੁਰਬਤ ਬਰਨਾਲਾ ਖਿੱਚ ਲਿਆਈ। ਵਿਰਾਸਤ ’ਚ ਉਸ ਨੂੰ ਇਹ ਝੁੱਗੀ ਮਿਲੀ। ਉਹ ਹੁਣ ਆਪਣੀ ਵਿਰਾਸਤ ਅੱਗੇ ਨਹੀਂ ਵਧਾਉਣਾ ਚਾਹੁੰਦਾ। ਉਹ ਚਾਹੁੰਦਾ ਹੈ ਕਿ ਉਸ ਦੇ ਤਿੰਨੋਂ ਲੜਕੇ ਪੜ੍ਹ ਲਿਖ ਕੇ ਡਾ. ਅੰਬੇਦਕਰ ਦੇ ਸੁਪਨਿਆਂ ਦੇ ਮੇਚ ਦੇ ਬਣਨ। ਲੋਕ ਸਭਾ ਚੋਣਾਂ ’ਚ ‘ਸੰਵਿਧਾਨ ਬਚਾਓ’ ਦੀ ਗੂੰਜ ਪੈ ਰਹੀ ਹੈ। ਇਹ ਗੂੰਜਾਂ ਰਾਮ ਕੁਮਾਰ ਦੇ ਕੰਨਾਂ ’ਚ ਵੀ ਪੈਂਦੀਆਂ ਹਨ। ਰਾਮ ਕੁਮਾਰ ਨੂੰ ਪੌਣੀ ਸਦੀ ਮਗਰੋਂ ਵੀ ਛੱਤ ਨਸੀਬ ਨਹੀਂ ਹੋਈ। ਰਾਮ ਕੁਮਾਰ ਆਖਦਾ ਹੈ ਕਿ ਉਹ ਮੱਧ ਪ੍ਰਦੇਸ਼ ਤੋਂ ਡਾ. ਅੰਬੇਦਕਰ ਦੀਆਂ ਸੋਚਾਂ ਦੀ ਪੰਡ ਚੁੱਕ ਕੇ ਇੱਥੇ ਪੁੱਜਾ ਸੀ। ਇਸ ਗ਼ਰੀਬ ਦੀ ਝੌਂਪੜੀ ’ਚ ਅੱਜ ਵੀ ਉਸੇ ਤਰ੍ਹਾਂ ਡਾ. ਅੰਬੇਦਕਰ ਦੀ ਤਸਵੀਰ ਲੱਗੀ ਹੋਈ ਹੈ ਜਿਵੇਂ ਸਰਕਾਰੀ ਦਫ਼ਤਰਾਂ ਵਿਚ। ਉਹ ਆਖਦਾ ਹੈ ਕਿ ਡਾ. ਅੰਬੇਦਕਰ ਦੇ ਸੁਫ਼ਨਿਆਂ ਦਾ ਭਾਰਤ ਹੁੰਦਾ ਤਾਂ ਅੱਜ ਉਹ ਰਾਮ ਕੁਮਾਰ ਨਹੀਂ ਬਲਕਿ ਰਾਜ ਕੁਮਾਰ ਹੁੰਦਾ।
ਸ੍ਰੀ ਗੁਰੂ ਨਾਨਕ ਸਲੱਮ ਸੇਵਾ ਮਿਸ਼ਨ ਵੱਲੋਂ ਝੁੱਗੀਆਂ ਝੌਂਪੜੀਆਂ ਵਾਲੇ ਬੱਚਿਆਂ ਲਈ ਇੱਥੇ ਸਕੂਲ ਚਲਾਇਆ ਜਾ ਰਿਹਾ ਹੈ ਜਿਸ ’ਚ ਕਰੀਬ 150 ਬੱਚਿਆਂ ਨੂੰ ਮੁਫ਼ਤ ਸਿੱਖਿਆ ਦਿੱਤੀ ਜਾ ਰਹੀ ਹੈ। ਅਧਿਆਪਕਾਂ ਦੇ ਉਦੋਂ ਨੋਟਿਸ ’ਚ ਆਇਆ ਜਦੋਂ ਰਾਮ ਕੁਮਾਰ ਦੇ ਅੱਠਵੀਂ ਕਲਾਸ ’ਚ ਪੜ੍ਹਦੇ ਤਿੰਨ ਬੱਚਿਆਂ ਨੇ ਸਕੂਲ ’ਚ ‘ਜੈ ਭੀਮ ਜੈ ਭਾਰਤ’ ਆਖ ਦੁਆ ਸਲਾਮ ਕਰਨੀ ਸ਼ੁਰੂ ਕੀਤੀ। ਇਹ ਬੱਚੇ ਆਖਦੇ ਹਨ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਹ ਡਾ. ਅੰਬੇਦਕਰ ਦੀ ਜਨਮ ਭੂਮੀ ਤੋਂ ਹਨ। ਇਨ੍ਹਾਂ ਬੱਚਿਆਂ ਨੇ ਝੌਂਪੜੀ ’ਚ ਤਿੰਨ ਤਸਵੀਰਾਂ ਲਾਈਆਂ ਹੋਈਆਂ ਹਨ, ਸ੍ਰੀ ਗੁਰੂ ਨਾਨਕ ਦੇਵ, ਛੋਟੇ ਸਾਹਿਬਜ਼ਾਦਿਆਂ ਅਤੇ ਡਾ. ਅੰਬੇਡਕਰ ਦੀ। ਤਸਵੀਰਾਂ ਨੂੰ ਪ੍ਰਣਾਮ ਕਰਨ ਨਾਲ ਹੀ ਇਨ੍ਹਾਂ ਦਾ ਦਿਨ ਚੜ੍ਹਦਾ ਹੈ ਅਤੇ ਇਵੇਂ ਹੀ ਛਿਪਦਾ ਹੈ। ਅੱਠਵੀਂ ’ਚ ਪੜ੍ਹਦਾ ਸੁਮਨ ਸ਼ੁੱਧ ਪੰਜਾਬੀ ’ਚ ਕਵਿਤਾ ਦੇ ਬੋਲ ਸੁਣਾਉਂਦਾ ਹੈ, ‘ਪੰਜਾਬੀ ਮੇਰੀ ਜਾਨ ਵਰਗੀ, ਪੰਜਾਬੀ ਮੇਰੀ ਪਛਾਣ ਵਰਗੀ’। ਝੁੱਗੀ ਝੌਂਪੜੀ ਨੂੰ ਕੋਈ ਬੂਹਾ ਨਹੀਂ, ਫਿਰ ਵੀ ਦੀਵਾਲੀ ਮੌਕੇ ਕਦੇ ਲਛਮੀ ਨਹੀਂ ਆਈ। ਬੱਚਿਆਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਝੌਂਪੜੀ ’ਚ ਜਦੋਂ ਆਏ, ਉਦੋਂ ਸੱਪ ਤੇ ਕੀੜੇ ਮਕੌੜੇ ਹੀ ਆਏ। ਜਦੋਂ ਬਾਰਸ਼ ਆਉਂਦੀ ਹੈ, ਤੂਫ਼ਾਨ ਆਉਂਦੇ ਹਨ ਤਾਂ ਝੌਂਪੜੀ ਉੱਖੜ ਜਾਂਦੀ ਹੈ। ਬੱਚਿਆਂ ਦੀ ਮਾਂ ਲਕਸ਼ਮੀ ਦੱਸਦੀ ਹੈ ਕਿ ਮੀਂਹ ਮੁਸੀਬਤਾਂ ਲੈ ਕੇ ਆਉਂਦਾ ਹੈ।
ਰਾਮ ਕੁਮਾਰ ਆਖਦਾ ਹੈ ਕਿ ਡਾ. ਅੰਬੇਦਕਰ ਦੇ ਜਨਮ ਦਿਹਾੜੇ ’ਤੇ ਵੀ ਝੌਂਪੜੀ ਤੱਕ ਕੋਈ ਨਹੀਂ ਬਹੁੜਿਆ। ਉਨ੍ਹਾਂ ਦੀ ਇੱਕੋ ਸੱਧਰ ਹੈ ਕਿ ਇੱਕ ਛੱਤ ਮਿਲ ਜਾਵੇ, ਦੂਜਾ ਬੱਚਿਆਂ ਦੇ ਸੁਪਨਿਆਂ ਨੂੰ ਖੰਭ ਮਿਲ ਜਾਣ। ਜਦੋਂ ਸਿਆਸੀ ਆਗੂਆਂ ਅਤੇ ਪੁਲੀਸ ਅਫ਼ਸਰਾਂ ਦੀ ਗੱਲ ਕੀਤੀ ਤਾਂ ਮਾਂ ਲਕਸ਼ਮੀ ਨੇ ਕਿਹਾ ਕਿ ਜਦੋਂ ਵੀ ਇਹ ਆਏ, ਉਨ੍ਹਾਂ ਨੂੰ ਵਸਾਉਣ ਲਈ ਨਹੀਂ, ਬਲਕਿ ਭਜਾਉਣ ਲਈ ਹੀ ਆਏ। ਇਸ ਪਰਿਵਾਰ ਨੂੰ ਮਲਾਲ ਹੈ ਕਿ ਡਾ.ਅੰਬੇਡਕਰ ਦੇ ਸੰਵਿਧਾਨ ’ਚ ਦਰਜ ਸਹੂਲਤਾਂ ਉਨ੍ਹਾਂ ਦੀ ਝੁੱਗੀ ਝੌਂਪੜੀ ਤੱਕ ਨਹੀਂ ਪਹੁੰਚ ਸਕੀਆਂ ਹਨ।

Advertisement

ਹਕੀਕਤਾਂ ਤੋਂ ਦੂਰ ਹਨ ਸਰਕਾਰਾਂ: ਜੱਸੀ

ਸ੍ਰੀ ਗੁਰੂ ਨਾਨਕ ਸਲੱਮ ਸੇਵਾ ਮਿਸ਼ਨ ਦੇ ਮੁੱਖ ਸੇਵਾਦਾਰ ਭਾਨ ਸਿੰਘ ਜੱਸੀ ਆਖਦੇ ਹਨ ਕਿ ਅੰਬੇਦਕਰ ਦੇ ਗਰਾਈਂ ਦੀ ਮੌਜੂਦਾ ਹਕੀਕਤ ਦਿਖਾਉਣ ਲਈ ਕਾਫ਼ੀ ਹੈ। ਡਾ.ਅੰਬੇਡਕਰ ਨੂੰ ਸਿਰਫ਼ ਵੋਟਾਂ ਖ਼ਾਤਰ ਨਹੀਂ ਚੇਤੇ ਕੀਤਾ ਜਾਣਾ ਚਾਹੀਦਾ ਬਲਕਿ ਉਨ੍ਹਾਂ ਦੇ ਵਿਚਾਰਾਂ ਨੂੰ ਵੀ ਅਮਲ ਵਿਚ ਲਿਆਉਣਾ ਚਾਹੀਦਾ ਹੈ। ਜਿਨ੍ਹਾਂ ਰਾਖਵੇਂਕਰਨ ਦਾ ਲਾਹਾ ਵੀ ਲਿਆ, ਉਹ ਵੀ ਲੁਕਾਈ ਤੋਂ ਦੂਰ ਹੋ ਗਏ। ਕੋਈ ਕੇਂਦਰੀ ਜਾਂ ਸੂਬਾਈ ਸਕੀਮ ਇਨ੍ਹਾਂ ਝੁੱਗੀਆਂ ਵਾਲਿਆਂ ਲਈ ਨਵਾਂ ਸੁਨੇਹਾ ਨਹੀਂ ਬਣ ਸਕੀ।

Advertisement
Author Image

joginder kumar

View all posts

Advertisement
Advertisement
×