For the best experience, open
https://m.punjabitribuneonline.com
on your mobile browser.
Advertisement

ਨੇਤਾ ਜੀ ਕਦੋਂ ਆਉਣਗੇ?

12:11 PM May 26, 2024 IST
ਨੇਤਾ ਜੀ ਕਦੋਂ ਆਉਣਗੇ
Advertisement

ਡਾ. ਗੁਰਤੇਜ ਸਿੰਘ

ਸਵੇਰੇ ਉੱਠਣ ਸਾਰ ਗੁਰੂਘਰ ਦੇ ਸਪੀਕਰ ਰਾਹੀਂ ਕੋਈ ਵਿਅਕਤੀ ਪਿੰਡ ਵਿੱਚ ਦੁਪਹਿਰ ਨੂੰ ਕਿਸੇ ਸਿਆਸੀ ਆਗੂ ਦੇ ਆਗਮਨ ਦੀ ਦੁਹਾਈ ਪਾ ਰਿਹਾ ਸੀ। ਉਸ ਆਗੂ ਪ੍ਰਤੀ ਇੰਨੀ ਹਮਦਰਦੀ ਤੇ ਤਾਰੀਫ਼ ਦੀ ਬੁਛਾੜ ਕਾਰਨ ਜਾਪਦਾ ਸੀ, ਜਿਵੇਂ ਉਸ ਨੇਤਾ ਨੇ ਉਸ ਦਾ ਲੋਕ ਪ੍ਰਲੋਕ ਸੰਵਾਰ ਦਿੱਤਾ ਹੋਵੇ। ਪਿੰਡ ਵਾਸੀਆਂ ਨੂੰ ਦੁਪਹਿਰੇ ਗੁਰੂਘਰ ਪਹੁੰਚ ਕੇ ਨੇਤਾ ਜੀ ਦੇ ਅਨਮੋਲ ਵਿਚਾਰ ਸੁਣਨ ਲਈ ਪੁਰਜ਼ੋਰ ਅਪੀਲ ਕਰ ਰਿਹਾ ਸੀ। ਨੇਤਾ ਜੀ ਦੇ ਸੁਆਗਤ ਲਈ ਪਿੰਡ ਦੇ ਕਾਫ਼ੀ ਲੋਕ ਕਈ ਦਿਨਾਂ ਤੋਂ ਤਿਆਰੀ ਵਿੱਚ ਰੁੱਝੇ ਹੋਏ ਸਨ। ਪਿੰਡ ਨੂੰ ਨਵ-ਵਿਆਹੀ ਦੁਲਹਨ ਵਾਂਗ ਸਜਾਇਆ ਗਿਆ। ਲੋਕਾਂ ਦਾ ਭਰਵਾਂ ਇੱਕਠ ਵਿਖਾਉਣ ਲਈ ਪਿੰਡ ਦੇ ਮੋਹਤਬਰ ਅਤੇ ਨੇਤਾ ਜੀ ਦੇ ਕੁਝ ਕਰੀਬੀ ਰਿਸ਼ਤੇਦਾਰ ਪਿੰਡ ਵਾਸੀਆਂ ਨੂੰ ਦੁਪਹਿਰੇ ਗੁਰੂਘਰ ਪਹੁੰਚਣ ਲਈ ਹੱਥ ਜੋੜ ਕੇ ਤਰਲੇ ਪਾ ਰਹੇ ਸਨ। ਉਨ੍ਹਾਂ ਦੀ ਇਹ ਹਾਲਤ ਦੇਖ ਕੇ ਹਮਾਤੜ ਖ਼ੁਸ਼ ਹੋ ਰਹੇ ਸਨ ਕਿ ਅੱਜ ਆਏ ਨੇ ਜਾੜ੍ਹ ਥੱਲੇ, ਅੱਗੇ ਪਿੱਛੇ ਤਾਂ ਸਾਨੂੰ ਟਿੱਚ ਹੀ ਸਮਝਦੇ ਨੇ। ਸਾਨੂੰ ਤਾਂ ਕੀ ਬੁਲਾਉਣਾ ਅੱਗਿਓਂ ਸਾਡੀ ਸਲਾਮ ਦਾ ਜਵਾਬ ਵੀ ਨਹੀਂ ਦਿੰਦੇ ਸਨ।
ਖ਼ੈਰ! ਦੁਪਹਿਰ ਤੱਕ ਪਿੰਡ ਵਾਸੀ ਗੁਰੂਘਰ ਪੁੱਜ ਗਏ ਅਤੇ ਕਾਫ਼ੀ ਸਮਾਂ ਘੁਸਰ-ਮੁਸਰ ਤੇ ਏਧਰ-ਓਧਰ ਦੀਆਂ ਗੱਲਾਂ ਦੀ ਭੇਂਟ ਚੜ੍ਹ ਗਿਆ ਪਰ ਨੇਤਾ ਜੀ ਦਾ ਅਜੇ ਤੱਕ ਕੋਈ ਥਹੁ ਪਤਾ ਨਹੀਂ ਸੀ ਕਿ ਕਿੱਥੇ ਨੇ ਅਤੇ ਕਦੋਂ ਪਹੁੰਚਣਗੇ?
ਪਿੰਡ ਦੇ ਮੋਹਤਬਰ ਲੋਕਾਂ ਨੂੰ ਇੰਤਜ਼ਾਰ ਕਰਨ ਲਈ ਤਰਲੇ ਪਾਉਂਦਿਆਂ ਵਾਰ-ਵਾਰ ਕਹਿ ਰਹੇ ਸਨ ਕਿ ਉਹ ਛੇਤੀ ਹੀ ਸਾਡੇ ਦਰਮਿਆਨ ਹੋਣਗੇ। ਕਾਫ਼ੀ ਸਮਾਂ ਬੀਤ ਗਿਆ ਸੀ ਜਿਸ ਕਾਰਨ ਲੋਕ ਔਖੇ ਹੋਏ ਬੈਠੇ ਸਨ। ਚਾਹ ਪਾਣੀ ਦਾ ਪ੍ਰਬੰਧ ਸਿਰਫ਼ ਖ਼ਾਸ ਲੋਕਾਂ ਵਾਸਤੇ ਹੀ ਸੀ। ਆਮ ਲੋਕਾਂ ਲਈ ਤਾਂ ਪਾਣੀ ਦਾ ਪ੍ਰਬੰਧ ਸੀ। ਲੋਕ ਸ਼ਰਮੋ-ਸ਼ਰਮੀ ਬੈਠਣ ਲਈ ਮਜਬੂਰ ਸਨ। ਜੋ ਨੇਤਾ ‘ਅਗਨੀ ਪ੍ਰੀਖਿਆ’ ਸਮੇਂ ਘਰ-ਘਰ ਜਾ ਕੇ ਲੋਕਾਂ ਦੇ ਦਰਸ਼ਨ ਕਰਦਾ ਸੀ, ਅੱਜ ਸਾਢੇ ਚਾਰ ਸਾਲਾਂ ਤੋਂ ਜ਼ਿਆਦਾ ਸਮੇਂ ਬਾਅਦ ਵੀ ਲੋਕਾਂ ਨੂੰ ਉਸ ਦੇ ਦਰਸ਼ਨ ਮਹਿੰਗੇ ਹੋ ਗਏ ਸਨ। ਲੋਕਾਂ ਤੋਂ ਜ਼ਿਆਦਾ ਮਾੜੀ ਹਾਲਤ ਪੁਲੀਸ ਕਮਾਂਡੋ ਅਤੇ ਟ੍ਰੈਫਿਕ ਪੁਲੀਸ ਦੇ ਜਵਾਨਾਂ ਦੀ ਸੀ ਜੋ ਸਵੇਰ ਤੋਂ ਨੇਤਾ ਜੀ ਦੀ ਸੁਰੱਖਿਆ ਲਈ ਤਾਇਨਾਤ ਸਨ। ਭੁੱਖਣ-ਭਾਣੇ ਖੜ੍ਹੇ ਵਿਚਾਰੇ ਆਪਣੀ ਕਿਸਮਤ ਨੂੰ ਜ਼ਰੂਰ ਕੋਸਦੇ, ਅਫ਼ਸੋਸ ਕਰਦੇ ਹੋਣਗੇ ਕਿ ਅਸੀਂ ਤਨਖ਼ਾਹ ਤਾਂ ਲੋਕਾਂ ਦੇ ਖ਼ੂਨ ਪਸੀਨੇ ਦੀ ਕਮਾਈ ਵਿੱਚੋਂ ਲੈਂਦੇ ਹਾਂ, ਪਰ ਜਨਤਾ ਦੀ ਸੇਵਾ ਦੀ ਥਾਂ ਨੇਤਾਵਾਂ ਦੀ ਖਿਦਮਤ ਜ਼ਿਆਦਾ ਕਰਦੇ ਹਾਂ। ਪਿੰਡ ਤੋਂ ਪੰਜ ਕਿਲੋਮੀਟਰ ਤੱਕ ਇਹ ਜਵਾਨ ਤਾਇਨਾਤ ਸਨ ਤੇ ਹਰ ਕਿਸੇ ਦੀ ਤਲਾਸ਼ੀ ਲੈ ਕੇ ਹੀ ਅੱਗੇ ਜਾਣ ਦੇ ਰਹੇ ਸਨ। ਸਾਰੇ ਅੰਦਰੋਂ ਦੁਖੀ ਅਤੇ ਟੁੱਟੇ ਹੋਏ ਜਾਪਦੇ ਸਨ ਜਿਵੇਂ ਇਹ ਕੰਮ ਉਨ੍ਹਾਂ ਤੋਂ ਜ਼ਬਰਦਸਤੀ ਕਰਵਾਇਆ ਜਾ ਰਿਹਾ ਹੋਵੇ। ਜਣੇ-ਖਣੇ ਨੇਤਾ ਨੂੰ ਸੁਰੱਖਿਆ ਦੇਣ ਦੇ ਨਾਂ ’ਤੇ ਇਨ੍ਹਾਂ ਮੁਲਾਜ਼ਮਾਂ ਦੇ ਮਾਨਸਿਕ ਸੋਸ਼ਣ ਦੀ ਦਾਸਤਾਨ ਉਨ੍ਹਾਂ ਦੇ ਚਿਹਰੇ ਬਾਖ਼ੂਬੀ ਬਿਆਨ ਕਰ ਰਹੇ ਸਨ। ਉੱਧਰ ਲੋਕ ਵਾਰ-ਵਾਰ ਪੁੱਛ ਰਹੇ ਸਨ ਕਿ ਨੇਤਾ ਜੀ ਕਦੋਂ ਆਉਣਗੇ? ਲੋਕਾਂ ਦੇ ਸਬਰ ਦਾ ਪਿਆਲਾ ਛਲਕ ਰਿਹਾ ਸੀ, ਪਰ ਉਹ ਤਾਂ ਪਹੁੰਚਣ ਦਾ ਨਾਮ ਹੀ ਨਹੀਂ ਲੈ ਰਹੇ ਸਨ। ਲੋਕ ਉਬਾਸੀਆਂ ਝਪਕੀਆਂ ਲੈ ਰਹੇ ਸਨ ਤੇ ਕੁਝ ਲੋਕ ਉੱਠ ਕੇ ਘਰਾਂ ਨੂੰ ਵਾਪਸ ਜਾ ਰਹੇ ਸਨ ਜਿਸ ਕਾਰਨ ਪਿੰਡ ਦੇ ਨੇਤਾਵਾਂ ਦੇ ਪਸੀਨੇ ਛੁੱਟ ਰਹੇ ਸਨ ਕਿਉਂਕਿ ਉਨ੍ਹਾਂ ਨੂੰ ਸਖ਼ਤ ਹਦਾਇਤ ਸੀ ਕਿ ਲੋਕਾਂ ਦਾ ਭਰਵਾਂ ਇਕੱਠ ਹੋਣਾ ਚਾਹੀਦਾ ਹੈ। ਸਾਰੇ ਉਨ੍ਹਾਂ ’ਤੇ ਥੂ-ਥੂ ਕਰ ਰਹੇ ਸਨ। ਹਰ ਕੋਈ ਉਨ੍ਹਾਂ ਨੂੰ ਵੱਢੂ ਖਾਊਂ ਪੈਂਦਾ ਸੀ।
ਨੇਤਾ ਜੀ ਕਾਰਨ ਉਨ੍ਹਾਂ ਨੂੰ ਲੋਕਾਂ ਤੋਂ ਫਿਟਕਾਰਾਂ ਸੁਣਨੀਆਂ ਪੈ ਰਹੀਆਂ ਸਨ, ਪਰ ਉਹ ਵੀ ਕੀ ਕਰ ਸਕਦੇ ਸਨ। ਨੇਤਾ ਜੀ ਤਾਂ ਨੇਤਾ ਜੀ ਹੀ ਹਨ। ਦੇਰ ਆਏ ਦਰੁਸਤ ਆਏ। ਆਖ਼ਰ ਨੇਤਾ ਜੀ ਆਪਣੇ ਲਾਮ-ਲਸ਼ਕਰ ਨਾਲ ਲੋਕਾਂ ਵਿਚਕਾਰ ਪਹੁੰਚ ਗਏ ਅਤੇ ਤੂਫ਼ਾਨੀ ਦੌਰੇ ਕਾਰਨ ਦੇਰੀ ਲਈ ਮੁਆਫ਼ੀ ਮੰਗੀ। ਨੇਤਾ ਜੀ ਦੇ ਭਾਸ਼ਣ ਵਿੱਚ ਵਿਰੋਧੀਆਂ ਦੀ ਰੱਜ ਕੇ ਬੁਰਾਈ ਕੀਤੀ ਤੇ ਕਈ ਤਰ੍ਹਾਂ ਦੇ ਸੰਗੀਨ ਇਲਜ਼ਾਮ ਲਗਾਏ ਜੋ ਨੈਤਿਕਤਾ ਦੇ ਨੇੜੇ-ਤੇੜੇ ਵੀ ਨਹੀਂ ਸਨ। ਗੁਰੂਘਰ ਦੀ ਮਰਿਆਦਾ ਦਾ ਵੀ ਖ਼ਿਆਲ ਨਹੀਂ ਕੀਤਾ। ਭਾਸ਼ਣ ਖ਼ਤਮ ਹੋਣ ’ਤੇ ਚੰਦ ਮਿੰਟਾਂ ਬਾਅਦ ਉਨ੍ਹਾਂ ਦੇ ਜਾਣ ਦੀ ਤਿਆਰੀ ਸੀ। ਜੋ ਨੇਤਾ ਸਾਢੇ ਚਾਰ ਸਾਲ ਪਹਿਲਾਂ ਵੋਟਾਂ ਸਮੇਂ ਲੋਕਾਂ ਨੂੰ ਮਿਲਦਾ ਸੀ, ਅੱਜ ਲੋਕਾਂ ਦੀ ਗੱਲ ਸੁਣਨ ਲਈ ਉਸ ਕੋਲ ਸਮਾਂ ਨਹੀਂ ਸੀ। ਚੰਦ ਮਿੰਟਾਂ ਅਤੇ ਦਲਿਤ ਭਾਈਚਾਰੇ ਨਾਲ ਸਬੰਧਿਤ ਧਰਮਸ਼ਾਲਾ ਦੇ ਦੋ ਕਮਰਿਆਂ ਦੇ ਨੇਤਾ ਜੀ ਕੋਲੋਂ ਉਦਘਾਟਨ ਖਾਤਰ ਇੰਨਾ ਲਾਮ ਲਸ਼ਕਰ ਲਿਆਂਦਾ ਤੇ ਸ਼ੋਸ਼ੇਬਾਜ਼ੀ ਕੀਤੀ ਗਈ ਸੀ।
ਲੋਕ ਆਪਣੇ ਨੇਤਾ ਦੀ ਇਸ ਬੇਰੁਖ਼ੀ ਤੋਂ ਦੁਖੀ ਸਨ ਅਤੇ ਭਰੇ ਮਨ ਨਾਲ ਹਾਰੇ ਹੋਏ ਜੁਆਰੀਏ ਵਾਂਗ ਘਰਾਂ ਨੂੰ ਤੁਰ ਪਏ। ਲੋਕ ਇੱਕ ਦੂਜੇ ਨੂੰ ਕਹਿ ਰਹੇ ਸਨ, ‘‘ਬਈ! ਆਹ ਦਰਸ਼ਨ ਦੇਣ ਆਇਆ ਸੀ ਜਾਂ ਦਰਸ਼ਨ ਕਰਨ?’’ ਨੇਤਾ ਜੀ ਦੇ ਵੀਹ ਮਿੰਟਾਂ ਲਈ ਕਿੰਨੇ ਮੁਲਾਜ਼ਮ ਸਵੇਰੇ ਦੇ ਸੁੱਕਣੇ ਪਏ ਸਨ। ਲੋਕ ਤਾਂ ਫ਼ਾਰਗ ਹੋ ਗਏ ਸਨ, ਪਰ ਇਨ੍ਹਾਂ ਮੁਲਾਜ਼ਮਾਂ ਦੇ ਫ਼ਾਰਗ ਹੋਣ ਦਾ ਕੋਈ ਸਮਾਂ ਨਹੀਂ, ਜਦ ਤੱਕ ਨੇਤਾ ਜੀ ਆਪਣੇ ਸਰਕਾਰੀ ਆਵਾਸ ਨਹੀਂ ਪਹੁੰਚਦੇ, ਇਨ੍ਹਾਂ ਨੇ ਸੜਕਾਂ ’ਤੇ ਖੜ੍ਹੇ ਰਹਿਣਾ ਸੀ। ਨੇਤਾ ਜੀ ਦਾ ਹੈਲੀਕਾਪਟਰ ਤਾਂ ਉੱਪਰੋਂ ਗੁਜ਼ਰ ਗਿਆ। ਇਹ ਪਤਾ ਨਹੀਂ ਕਿਸ ਚੀਜ਼ ਦੀ ਸੁਰੱਖਿਆ ਲਈ ਸੁੱਕਣੇ ਪਾਏ ਹੋਏ ਸਨ।
ਕਈ ਵਾਰ ਤਾਂ ਇਹ ਸਭ ਦੇਖ ਕੇ ਜਾਪਦਾ ਹੈ ਕਿ ਸੁੰਨੇ ਪਏ ਥਾਣਿਆਂ ਵਿੱਚ ਹੀ ਚੋਰ ਚੋਰੀ ਕਰ ਲੈਣ ਤਾਂ ਪੁਲੀਸ ਕਿਸ ਦੀ ਮਾਂ ਨੂੰ ਮਾਸੀ ਆਖੇਗੀ ਕਿਉਂਕਿ ਸਾਰੀ ਪੁਲੀਸ ਤਾਂ ਨੇਤਾ ਜੀ ਦੀ ਖਿਦਮਤ ਵਿੱਚ ਹਾਜ਼ਰ ਹੁੰਦੀ ਹੈ। ਮੁਲਾਜ਼ਮ ਲੋਕਾਂ ਨੂੰ ਮਾਯੂਸ ਵਾਪਸ ਘਰਾਂ ਨੂੰ ਜਾਂਦੇ ਦੇਖ ਰਹੇ ਸਨ। ਉਨ੍ਹਾਂ ਦੀਆਂ ਉਦਾਸ ਅੱਖਾਂ ਮੰਨੋ ਲੋਕਾਂ ਨੂੰ ਕਹਿ ਰਹੀਆਂ ਹੋਣ ਕਿ ਦੇਰੀ ਨਾਲ ਆਉਣਾ ਇਨ੍ਹਾਂ ਦਾ ਜਨਮ ਸਿੱਧ ਅਧਿਕਾਰ ਬਣ ਗਿਆ ਹੈ। ਤੁਹਾਡੇ ਕੋਲ ਵੀਹ ਮਿੰਟ ਤਾਂ ਆ ਗਏ...। ਕਈ ਜਗ੍ਹਾ ਤਾਂ ਇਹ ਪੰਜ ਸਾਲ ਵਿੱਚ ਇੱਕ ਵਾਰ ਵੀ ਗੇੜਾ ਨਹੀਂ ਮਾਰਦੇ। ਤੁਹਾਡੇ ਵਾਂਗ ਅਸੀਂ ਤੇ ਉਹ ਲੋਕ ਇੱਕ-ਦੂਜੇ ਨੂੰ ਪੁੱਛਦੇ ਹਨ ਕਿ ਨੇਤਾ ਜੀ ਕਦੋਂ ਆਉਣਗੇ?
ਸੰਪਰਕ: 95173-96001
ਈ-ਮੇਲ: gurtejsingh72783@gmail.com

Advertisement

Advertisement
Author Image

sukhwinder singh

View all posts

Advertisement
Advertisement
×