For the best experience, open
https://m.punjabitribuneonline.com
on your mobile browser.
Advertisement

ਅਮਰੀਕਾ ’ਚ ਸਿੱਖਾਂ ਦੀ ਪਛਾਣ ਦਾ ਮਸਲਾ

08:10 AM Jun 23, 2024 IST
ਅਮਰੀਕਾ ’ਚ ਸਿੱਖਾਂ ਦੀ ਪਛਾਣ ਦਾ ਮਸਲਾ
ਆਲਮੀ ਜੰਗ ਵਿਚ ਸਿੱਖਾਂ ਦੇ ਯੋਗਦਾਨ ਨੂੰ ਦਰਸਾਉਂਦੀ ‘ਮੈਮੋਰੀਅਲ ਡੇਅ’ ਮੌਕੇ ਕੱਢੀ ਝਾਕੀ।
Advertisement

ਅਮਰੀਕਾ ਵਿਚ ਸਕੂਲੀ ਬੱਚੇ ਸਹਿਣਸ਼ੀਲਤਾ ਦਾ ਸਬਕ ਜ਼ਰੂਰ ਪੜ੍ਹਦੇ ਹਨ; ਉਨ੍ਹਾਂ ਅੰਦਰ ਹਰ ਕਿਸਮ ਦੇ ਲੋਕਾਂ ਲਈ ਬਰਾਬਰ ਦਾ ਸਤਿਕਾਰ ਹੈ; ਫਿਰ ਵੀ ਬੱਚਿਆਂ ਨੂੰ ਲਾਦੇਨ ਅਤੇ ਸਿੱਖਾਂ ਦੀ ਪੱਗ ਵਿਚਲਾ ਫ਼ਰਕ ਪਤਾ ਨਹੀਂ ਲਗਦਾ। ਇਸੇ ਲਈ ਅੱਜ ਵੀ ਸਮਾਜਿਕ ਹਾਲਤਾਂ ਬਹੁਤੀਆਂ ਸੁਖਾਵੀਆਂ ਨਹੀਂ ਹਨ। ਪੱਗ ਬੰਨ੍ਹ ਕੇ ਘੁੰਮਣਾ ਅਜੇ ਵੀ ਦੂਜਿਆਂ ਨਾਲੋਂ ਵੱਧ ਖ਼ਤਰਨਾਕ ਹੈ ਕਿਉਂਕਿ ਕਈ ਅਮਰੀਕੀਆਂ ਲਈ ਹਰੇਕ ਪਗੜੀਧਾਰੀ ਓਸਾਮਾ ਬਿਨ ਲਾਦੇਨ ਦੀ ਵਿਚਾਰਧਾਰਾ ਦਾ ਪੈਰੋਕਾਰ ਹੈ।

Advertisement

ਆਤਮਜੀਤ

ਅਮਰੀਕਾ ਵਿਚ ਸਿੱਖਾਂ ਵਿਰੁੱਧ ਨਫ਼ਰਤੀ ਹਮਲਿਆਂ ਦਾ ਇਤਿਹਾਸ ਬਹੁਤ ਪੁਰਾਣਾ ਹੈ। 100 ਤੋਂ ਵੱਧ ਸਾਲ ਪਹਿਲਾਂ ਵਾਸ਼ਿੰਗਟਨ ਦੇ ਨੇੜਲੇ ਸ਼ਹਿਰ ਵਿਚ ਹੋਏ ਹਮਲਿਆਂ ਨੂੰ ‘ਬੈਲਿੰਘਮ ਦੰਗੇ’ ਕਿਹਾ ਜਾਂਦਾ ਹੈ। ਉਦੋਂ ਅਮਰੀਕੀ ਆਰਥਿਕਤਾ ਬਹੁਤ ਨਿੱਘਰੀ ਹੋਈ ਸੀ ਅਤੇ ਪਰਵਾਸੀਆਂ ਨੂੰ ਨੌਕਰੀਆਂ ਅਤੇ ਕੰਮਾਂ ਦੇ ਲੁਟੇਰੇ ਸਮਝਿਆ ਜਾਂਦਾ ਸੀ। ਸੌਖੀ ਪਛਾਣਨਯੋਗ ਘੱਟ-ਗਿਣਤੀ ਹੋਣ ਕਾਰਨ ਸਿੱਖ ਹਮੇਸ਼ਾ ਮਾਰ ਖਾਂਦੇ ਰਹੇ ਹਨ। ਬੈਲਿੰਘਮ ਵਿਚ 500 ਗੋਰਿਆਂ ਦੇ ਇਕ ਜਥੇ ਨੇ ਉਨ੍ਹਾਂ ਨੂੰ ਮਾਰ-ਮਾਰ ਕੇ ਗਲੀ-ਮੁਹੱਲਿਆਂ ਵਿਚੋਂ ਭਜਾ ਦਿੱਤਾ ਸੀ; ਉਹ ਆਪਣੇ ਘਰ-ਘਾਟ ਤੇ ਕੀਮਤੀ ਸਮਾਨ ਛੱਡ ਕੇ ਬੇੜੀਆਂ ਰਾਹੀਂ ਵੈਨਕੂਵਰ ਵਰਗੇ ਕੈਨੇਡੀਅਨ ਸ਼ਹਿਰਾਂ ਵੱਲ ਨਿਕਲ ਗਏ ਸਨ। ਫੜੇ ਗਏ ਦੰਗਾਕਾਰੀਆਂ ਵਿਚੋਂ ਕਿਸੇ ਨੂੰ ਵੀ ਸਜ਼ਾ ਨਹੀਂ ਸੀ ਮਿਲੀ। ਬੈਲਿੰਘਮ ਦੇ ਲੋਕਾਂ ਨੇ 1885 ਵਿਚ ਚੀਨਿਆਂ ਨਾਲ ਅਤੇ 1942 ਵਿਚ ਜਪਾਨੀਆਂ ਨਾਲ ਵੀ ਇਹੋ ਵਿਹਾਰ ਕੀਤਾ ਸੀ। ਪਰ ਧਰਵਾਸ ਦੀ ਗੱਲ ਹੈ ਕਿ ਦੰਗਿਆਂ ਦੀ ਸੌਵੀਂ ਵਰ੍ਹੇਗੰਢ ਮੌਕੇ ਕਾਊਂਟੀ ਦੇ ਮੁੱਖ ਅਧਿਕਾਰੀ ਅਤੇ ਸ਼ਹਿਰ ਦੇ ਮੇਅਰ ਨੇ ਮਿਲ ਕੇ ਇਨ੍ਹਾਂ ਸਾਰੇ ਪੀੜਤਾਂ ਵਾਸਤੇ ਇਕ ਢੁਕਵੀਂ ਯਾਦਗਾਰ ਬਣਾਈ; ਇਤਿਹਾਸਕ ਸੱਚ ਸਵੀਕਾਰ ਕਰਕੇ ਉਸਦੀ ਮਾਫ਼ੀ ਮੰਗੀ ਗਈ।

ਨੇਪਰਵਿੱਲ ਸ਼ਹਿਰ ਦੀ ‘ਮੈਮੋਰੀਅਲ ਡੇਅ’ ਪਰੇਡ ਵਿਚ ਬੈਨਰ ਫੜ ਕੇ ਤੁਰਦੇ ਪੰਜਾਬੀ।

ਹੁਣ ਅਮਰੀਕੀ ਸਮਾਜ ਨੇ ਬਹੁਤ ਤਰੱਕੀ ਕਰ ਲਈ ਹੈ ਅਤੇ ਸਹਿਣਸ਼ੀਲਤਾ ਪਹਿਲਾਂ ਨਾਲੋਂ ਵਧੇਰੇ ਮਜ਼ਬੂਤ ਜਾਪਦੀ ਹੈ ਪਰ 2001 ਵਿਚ ਜਦੋਂ ਨਿਊਯਾਰਕ ਸ਼ਹਿਰ ਦੇ ਟਾਵਰ ਜਹਾਜ਼ਾਂ ਨਾਲ ਤਬਾਹ ਹੋਏ ਅਤੇ ਹਜ਼ਾਰਾਂ ਜਾਨਾਂ ਗਈਆਂ ਤਾਂ ਓਸਾਮਾ ਬਿਨ ਲਾਦੇਨ ਦਾ ਨਾਂ ਉੱਭਰ ਕੇ ਸਾਹਮਣੇ ਆਇਆ। ਇਹ ਮੰਨਿਆ ਗਿਆ ਕਿ ਦੁਨੀਆ ਦੇ ਸਭ ਤੋਂ ਵੱਡੇ ਅਤੇ ਸੋਚੇ-ਸਮਝੇ ਦਹਿਸ਼ਤੀ ਹਮਲੇ ਪਿੱਛੇ ਓਸਾਮਾ ਅਤੇ ਉਸ ਦੀ ਤਨਜ਼ੀਮ ਅਲ-ਕਾਇਦਾ ਦਾ ਹੱਥ ਹੈ। ਅਮਰੀਕਾ ਵਿਚ ਓਸਾਮਾ ਦੀ ਦਿੱਖ ਦਾ ਸਭ ਤੋਂ ਵੱਧ ਯਾਦ ਰਹਿਣ ਵਾਲਾ ਲੱਛਣ ਉਸਦੀ ਪਗੜੀ ਹੈ। ਸਾਧਾਰਨ ਅਮਰੀਕੀ ਦੇ ਜ਼ਿਹਨ ਵਿਚ ਪੱਗ ਦਹਿਸ਼ਤਗਰਦੀ ਦਾ ਪ੍ਰਤੀਕ ਬਣਕੇ ਟਿਕ ਗਈ। ਇਹੋ ਕਾਰਨ ਹੈ ਕਿ 2001 ਤੋਂ ਬਾਅਦ ਸਿੱਖਾਂ ਉੱਤੇ ਨਸਲੀ ਹਮਲਿਆਂ ਦੀ ਤਾਦਾਦ ਵਧੀ ਅਤੇ ਅਨੇਕਾਂ ਜਾਨਾਂ ਗਈਆਂ। ਜੇ ਦੋ ਸਿੱਖਾਂ ਨੇ ਇੰਦਰਾ ਗਾਂਧੀ ਦੀ ਜਾਨ ਲਈ ਤਾਂ ਕਿਸੇ ਵੀ ਤਰ੍ਹਾਂ ਸਿੱਖਾਂ ਦਾ ਕਤਲੇਆਮ ਕਰਨਾ ਜਾਇਜ਼ ਨਹੀਂ ਸੀ। ਇਸੇ ਤਰ੍ਹਾਂ ਜੇ ਮੁਸਲਿਮ ਓਸਾਮਾ ਨੇ ਆਪਣੀ ਨਫ਼ਰਤ ਨੂੰ ਜ਼ਾਹਰ ਕਰਨ ਲਈ ਇਤਿਹਾਸਕ ਕਾਰਾ ਕੀਤਾ ਤਾਂ ਆਮ ਮੁਸਲਮਾਨ ਉਸ ਗੁੱਸੇ ਦਾ ਸ਼ਿਕਾਰ ਕਿਉਂ ਹੋਣ? ਪਰ ਜਦੋਂ ਸੱਜੇ ਪੱਖੀ ਸਰਕਾਰਾਂ ਵੀ ਸੌੜੇ ਰਾਸ਼ਟਰਵਾਦ ਦੇ ਨਾਂ ’ਤੇ ਨਫ਼ਰਤ ਦੀ ਅਜਿਹੀ ਅੱਗ ਨੂੰ ਹਵਾ ਦੇਣ ਲੱਗ ਜਾਣ ਤਾਂ ਸਮਾਜ ਵਿਚਲਾ ਗੁੰਡਾ ਅਨਸਰ ਵਧੇਰੇ ਸਰਗਰਮ ਹੋ ਜਾਂਦਾ ਹੈ। ਅਸੀਂ ਪਿਛਲੇ ਦਸ ਸਾਲਾਂ ਤੋਂ ਭਾਰਤ ਵਿਚ ਇਸਦਾ ਨਜ਼ਾਰਾ ਦੇਖ ਰਹੇ ਹਾਂ। ਅਮਰੀਕਾ ਨੂੰ ਵੀ ਡੋਨਲਡ ਟਰੰਪ ਨੇ ਇਸੇ ਰਾਹ ’ਤੇ ਤੋਰਿਆ ਅਤੇ ਇਮੀਗਰੈਂਟਾਂ ਪ੍ਰਤੀ ਨਫ਼ਰਤ ਨੂੰ ਭਰਵੀਂ ਤੂਲ ਦਿੱਤੀ। ਨਫ਼ਰਤੀ ਹਮਲਿਆਂ ਦੇ ਸ਼ਿਕਾਰਾਂ ਦੀ ਕਾਨੂੰਨੀ ਮਦਦ ਕਰ ਰਹੀ ਸ਼ਿਕਾਗੋ ਦੀ ਐਡਵੋਕੇਟ ਹਰਸਿਮਰਨ ਕੌਰ ਦੱਸਦੀ ਹੈ ਕਿ ਅਗਸਤ ਤੋਂ ਨਵੰਬਰ 2016 ਤਕ ਅਮਰੀਕੀ ਚੋਣਾਂ ਵੇਲੇ (ਜਦੋਂ ਟਰੰਪ ਜਿੱਤਿਆ ਸੀ) ਸਿੱਖਾਂ ਵਿਰੁੱਧ ਨਫ਼ਰਤੀ ਹਮਲਿਆਂ ਵਿਚ ਵਾਧਾ ਹੋਇਆ। ਅਜਿਹੀ ਸਥਿਤੀ ਵਿਚ ਪਗੜੀਧਾਰੀਆਂ ਵਾਸਤੇ ਕਿਸੇ ਵੀ ਵੇਲੇ ਅਮਰੀਕਾ ਵਿਚ ਬੇਫ਼ਿਕਰ ਹੋ ਕੇ ਜਿਊਣਾ ਬਿਲਕੁਲ ਸੰਭਵ ਨਹੀਂ ਹੈ।

ਦੂਜੀ ਆਲਮੀ ਜੰਗ ਲੜੇ ਸਿੱਖ ਫ਼ੌਜੀਆਂ ਦੀ ਯਾਦਗਾਰੀ ਤਸਵੀਰ। ਫੋਟੋਆਂ: ਲੇਖਕ

ਵੱਡਾ ਸਵਾਲ ਹੈ, ਕੀ ਸਿੱਖਾਂ ਨੇ ਅਮਰੀਕੀਆਂ ਨੂੰ ਆਪਣੀ ਸਹੀ ਪਛਾਣ ਤੋਂ ਜਾਣੂੰ ਕਰਵਾਉਣ ਦੇ ਕੋਈ ਮਹੱਤਵਪੂਰਨ ਯਤਨ ਕੀਤੇ ਹਨ? ਜਦੋਂ ਤੁਸੀਂ ਆਪਣੇ ਧਰਮ-ਸਥਾਨਾਂ ਉੱਤੇ ਐਤਵਾਰ ਇਕੱਠੇ ਹੋ ਕੇ ਅਧਿਆਤਮਿਕ, ਧਾਰਮਿਕ ਅਤੇ ਸਮਾਜਿਕ ਗੱਲਾਂ ਨਾਲ ਸਾਂਝ ਪਾਉਂਦੇ ਹੋ ਅਤੇ ਬਾਕੀ ਸਾਰਾ ਹਫ਼ਤਾ ਆਪਣੀ ਰੋਜ਼ੀ-ਰੋਟੀ ਕਮਾਉਣ ਵਾਸਤੇ ਰੁੱਝੇ ਰਹਿੰਦੇ ਹੋ ਤਾਂ ਭਰੇ ਹੋਏ ਸ਼ਹਿਰ ਵਿਚ ਰਹਿਣ ਦੇ ਬਾਵਜੂਦ ਤੁਸੀਂ ਇਕ ਸਭਿਆਚਾਰਕ ਟਾਪੂ ਦੇ ਕੈਦੀ ਹੋ। ਆਮ ਸਮਾਜ ਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਲਗਦਾ ਕਿ ਤੁਹਾਡੇ ਸਿਰ ਦੀ ਪੱਗ ਓਸਾਮਾ ਬਿਨ ਲਾਦੇਨ ਦੀ ਪੱਗ ਨਾਲੋਂ ਕਿਵੇਂ ਵੱਖ ਹੈ। ਸਕੂਲੀ ਬੱਚੇ ਸਹਿਣਸ਼ੀਲਤਾ ਦਾ ਸਬਕ ਜ਼ਰੂਰ ਪੜ੍ਹਦੇ ਹਨ; ਉਨ੍ਹਾਂ ਅੰਦਰ ਹਰ ਕਿਸਮ ਦੇ ਲੋਕਾਂ ਲਈ ਬਰਾਬਰ ਦਾ ਸਤਿਕਾਰ ਹੈ; ਫਿਰ ਵੀ ਬੱਚਿਆਂ ਨੂੰ ਲਾਦੇਨ ਅਤੇ ਸਿੱਖਾਂ ਦੀ ਪੱਗ ਵਿਚਲਾ ਫ਼ਰਕ ਪਤਾ ਨਹੀਂ ਲਗਦਾ। ਇਸੇ ਲਈ ਅੱਜ ਵੀ ਸਮਾਜਿਕ ਹਾਲਤਾਂ ਬਹੁਤੀਆਂ ਸੁਖਾਵੀਆਂ ਨਹੀਂ ਹਨ। ਪੱਗ ਬੰਨ੍ਹ ਕੇ ਘੁੰਮਣਾ ਅਜੇ ਵੀ ਦੂਜਿਆਂ ਨਾਲੋਂ ਵੱਧ ਖ਼ਤਰਨਾਕ ਹੈ ਕਿਉਂਕਿ ਕਈ ਅਮਰੀਕੀਆਂ ਲਈ ਹਰੇਕ ਪਗੜੀਧਾਰੀ ਓਸਾਮਾ ਬਿਨ ਲਾਦੇਨ ਦੀ ਵਿਚਾਰਧਾਰਾ ਦਾ ਪੈਰੋਕਾਰ ਹੈ। ਨਤੀਜੇ ਵਜੋਂ ਇੰਦਰਜੀਤ ਸਿੰਘ ਮੱਕੜ ਨਾਂ ਦਾ ਕੈਬ ਡਰਾਈਵਰ ਹੁਣ ਬਿਲਕੁਲ ਚੁੱਪ ਹੈ। ਰੋਜ਼ ਬਾਰਾਂ ਘੰਟੇ ਟੈਕਸੀ ਚਲਾਉਣ ਕਾਰਨ ਉਸਦੇ ਮੋਢੇ ਦੁਖਦੇ ਹਨ, ਪਿੱਠ ਵਿਚ ਦਰਦ ਹੈ, ਸ਼ਿਕਾਗੋ ਦੇ ਟ੍ਰੈਫ਼ਿਕ ਵਿਚ ਫਸੇ ਰਹਿਣ ਕਾਰਨ ਚੱਜ ਦੀ ਰੋਟੀ ਵੀ ਖਾਣ ਨੂੰ ਨਹੀਂ ਮਿਲਦੀ। ਪਹਿਲਾਂ ਉਹ ਸਵਾਰੀਆਂ ਨਾਲ ਗੱਲਾਂ ਕਰਕੇ ਆਪਣੇ-ਆਪ ਨੂੰ ਜਿਊਂਦਾ ਮੰਨਦਾ ਸੀ। ਹੁਣ ਉਹ ਕਿਸੇ ਨਾਲ ਕੋਈ ਗੱਲ ਨਹੀਂ ਕਰਦਾ ਕਿਉਂਕਿ ਉਸਨੂੰ ਜਵਾਬ ਵਿਚ ਬਹੁਤ ਸਾਰੀਆਂ ‘ਗੱਲਾਂ’ ਸੁਣਨੀਆਂ ਪੈ ਸਕਦੀਆਂ ਹਨ ਜਿਨ੍ਹਾਂ ਵਿਚ ਮਾਂ-ਭੈਣ ਦੀਆਂ ਗਾਲ੍ਹਾਂ ਵੀ ਹੁੰਦੀਆਂ ਹਨ। ਗੁੰਡਿਆਂ ਦੀ ਮਾਰ-ਕੁਟਾਈ ਨਾਲ ਉਹ ਏਨਾ ਫੱਟੜ ਹੋਇਆ ਕਿ ਉਸ ਨੂੰ ਹਸਪਤਾਲ ਵਿਚ ਅੱਖਾਂ ਦਾ ਇਲਾਜ ਕਰਵਾਉਣਾ ਪਿਆ। ਹੁਣ ਉਸ ਨੂੰ ਲੱਗਦਾ ਹੈ, ਉਹ ਇਕ ਮੁਰਦਾ ਹੈ ਜੋ ਗੱਡੀ ਚਲਾ ਰਿਹਾ ਹੈ। ਉਸਦੇ ਜੀਵਨ ਵਿਚੋਂ ‘ਜੀਵਨ’ ਗ਼ਾਇਬ ਹੋ ਗਿਆ ਹੈ। 2012 ਵਿਚ ਵਿਸਕਾਨਸਿਨ ਦੇ ਗੁਰਦੁਆਰੇ ਵਿਚ ਇਕ ਸਿਰ-ਫ਼ਿਰੇ ਫਿਰੰਗੀ ਨੇ 6 ਸਿੱਖਾਂ ਨੂੰ ਮਾਰ ਦਿੱਤਾ ਸੀ। ਉਹਦੇ ਇਕ ਹੱਥ ਦੇ ਪਿੱਛੇ ‘W’ ਅਤੇ ਦੂਜੇ ਦੇ ਪਿੱਛੇ ‘P’ ਟੈਟੂ ਖੁਣਿਆ ਹੋਇਆ ਸੀ ਜਿਸਦਾ ਮਤਲਬ ਸੀ ‘ਵਾਈਟ ਪਾਵਰ’। ਇਵੇਂ ਹੀ ਉਸਦੀ ਬਾਂਹ ਉੱਤੇ ‘HH’ ਲਿਖਿਆ ਹੋਇਆ ਸੀ ਜਿਸਦਾ ਮਤਲਬ ਹੈ: ਹਿਟਲਰ ਜ਼ਿੰਦਾਬਾਦ। ਨਫ਼ਰਤ ਨਾਲ ਭਰੇ ਐਸੇ ਬੰਦੇ ਲਈ ਪੱਗ ਬਹੁਤ ਸਪਸ਼ਟ ਅਤੇ ਸੌਖਾ ਸ਼ਿਕਾਰ ਸੀ। ਅਜਿਹੇ ਬਹੁਤ ਸਾਰੇ ਕਿੱਸੇ ਅਮਰੀਕੀ ਅਖ਼ਬਾਰਾਂ ਵਿਚੋਂ ਪੜ੍ਹੇ ਜਾ ਸਕਦੇ ਹਨ।
ਸਾਡਾ ਵਿਚਾਰ ਹੈ ਕਿ ਸਿੱਖ ਪਛਾਣ ਦੇ ਇਸ ਅਜਬ ਸੰਕਟ ਸਮੇਂ ਗੁਰਦੁਆਰੇ ਦੀ ਸੰਸਥਾ ਨੂੰ ਸਾਰਥਕ ਤੌਰ ’ਤੇ ਮੁੱਖ-ਧਾਰਾ ਦੇ ਸਾਹਮਣੇ ਆਉਣਾ ਚਾਹੀਦਾ ਹੈ। ਉਸਦੇ ਕਈ ਤਰੀਕੇ ਹੋ ਸਕਦੇ ਹਨ ਪਰ ਸਾਡੇ ਕੋਲ ਇਕ ਜਨਤਕ ਅਤੇ ਸਮੂਹਿਕ ਢੰਗ ਵੀ ਹੈ ਜਿਸਦਾ ਚਰਚਾ ਇਸ ਲੇਖ ਵਿਚ ਹੋ ਰਹੀ ਹੈ। ਅਮਰੀਕਾ ਦੇ ਸਾਰੇ ਸ਼ਹਿਰਾਂ ਵਿਚ 4 ਜੁਲਾਈ ਨੂੰ ‘ਸੁਤੰਤਰਤਾ ਦਿਵਸ’ ਮਨਾਇਆ ਜਾਂਦਾ ਹੈ। ਮਈ ਦੇ ਆਖਰੀ ਸੋਮਵਾਰ ਨੂੰ ‘ਮੈਮੋਰੀਅਲ ਡੇਅ’ ਪਰੇਡ ਅਤੇ 11 ਨਵੰਬਰ ਨੂੰ ‘ਵੈਟਰਨਜ਼ ਡੇਅ’ ਪਰੇਡ ਕੱਢੀ ਜਾਂਦੀ ਹੈ। ਇਵੇਂ ਹੀ ‘ਥੈਂਕਸ ਗਿਵਿੰਗ’ ਦੀ ਪਰੇਡ ਵੀ ਨਵੰਬਰ ਵਿਚ ਹੀ ਹੁੰਦੀ ਹੈ। ਜਨਤਕ ਛੁੱਟੀ ਹੋਣ ਕਾਰਨ ਲੋਕ ਹੁੰਮ-ਹੁਮਾ ਕੇ ਪਰੇਡਾਂ ਵਿਚ ਸ਼ਿਰਕਤ ਕਰਦੇ ਹਨ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਦੇਖਣ ਵੀ ਜਾਂਦੇ ਹਨ। ਇਹ ਠੀਕ ਹੈ ਕਿ ਬਹੁਤ ਸਾਰੇ ਸ਼ਹਿਰਾਂ ਦੀ ‘ਇੰਡੀਪੈਂਡੈਂਸ ਡੇਅ’ ਪਰੇਡ ਵਿਚ ਅਮਰੀਕਨ ਸਿੱਖ ਹਿੱਸਾ ਲੈਂਦੇ ਹਨ। ਉੱਥੇ ਉਨ੍ਹਾਂ ਦੀਆਂ ਪੱਗਾਂ ਅਤੇ ਵੱਖਰਾ ਖਾਲਸਈ ਰੂਪ ਲੋਕਾਂ ਦਾ ਧਿਆਨ ਵੀ ਆਕਰਸ਼ਿਤ ਕਰਦਾ ਹੈ। ਉਹ ਅਦਭੁੱਤ ਲਗਦੇ ਹਨ ਪਰ ਇਹ ਪਤਾ ਨਹੀਂ ਲਗਦਾ ਕਿ ਉਨ੍ਹਾਂ ਦਾ ਵਿਸ਼ਵ-ਇਤਿਹਾਸ ਵਾਸਤੇ ਕਿੰਨਾ ਵੱਡਾ ਯੋਗਦਾਨ ਹੈ। ‘ਵੈਟਰਨ ਡੇਅ’ ਦੀ ਪਰੇਡ ਫ਼ੌਜੀ ਸੇਵਾ ਕਰ ਚੁੱਕੇ ਲੋਕਾਂ ਦੇ ਧੰਨਵਾਦ ਵਾਸਤੇ ਹੁੰਦੀ ਹੈ ਪਰ ‘ਮੈਮੋਰੀਅਲ ਡੇਅ’ ਪਰੇਡ ਉਨ੍ਹਾਂ ਫ਼ੌਜੀਆਂ ਨੂੰ ਯਾਦ ਕਰਨ ਲਈ ਕੱਢੀ ਜਾਂਦੀ ਹੈ ਜਿਨ੍ਹਾਂ ਨੇ ਦੇਸ ਦੀ ਆਜ਼ਾਦੀ ਲਈ ਜਾਨਾਂ ਵਾਰੀਆਂ। ਸੰਸਾਰ-ਯੁੱਧਾਂ ਦੇ ਥੀਮ ਨੂੰ ਲੈ ਕੇ ਸ਼ਿਕਾਗੋਲੈਂਡ ਖੇਤਰ ਦੇ ਸਿੱਖਾਂ ਦਾ ਇਸ ਪਰੇਡ ਵਿਚ ਸ਼ਾਮਿਲ ਹੋਣਾ ਬਹੁਤ ਸਾਰਥਕ ਪਹਿਲ ਪ੍ਰਤੀਤ ਹੁੰਦੀ ਹੈ। ਮੈਨੂੰ ਇਸ ਵਰ੍ਹੇ ਨੇਪਰਵਿੱਲ ਸ਼ਹਿਰ ਦੀ ‘ਮੈਮੋਰੀਅਲ ਡੇਅ’ ਪਰੇਡ ਵਿਚ ਹਿੱਸਾ ਲੈਣ ਦਾ ਮੌਕਾ ਮਿਲਿਆ। ਆਸ-ਪਾਸ ਦੇ ਕੁਝ ਸ਼ਹਿਰਾਂ ਦੇ ਲੋਕਾਂ ਨੇ ਇਸ ਪਰੇਡ ਲਈ ਆਪਣੀ ਝਾਕੀ ਤਿਆਰ ਕੀਤੀ ਸੀ ਜਿਸ ਉੱਤੇ ਸੰਸਾਰ-ਯੁੱਧਾਂ ਵਿਚ ਲੜਨ-ਮਰਨ ਵਾਲੇ ਸਿੱਖਾਂ ਦੀਆਂ ਤਸਵੀਰਾਂ ਸਨ; ਉਨ੍ਹਾਂ ਬਾਰੇ ਸੰਖੇਪ ਜਾਣਕਾਰੀ ਵੀ ਸੀ। ਪਹਿਲੀ ਵਿਸ਼ਵ ਜੰਗ ਉੱਤੇ ਮੈਂ ਨਾਟਕ ‘ਮੁੜ ਆ ਲਾਮਾਂ ਤੋਂ’ ਲਿਖਿਆ ਸੀ; ਇਸ ਲਈ ਇਨ੍ਹਾਂ ਫ਼ੌਜੀਆਂ ਨਾਲ ਮੇਰੀ ਜਜ਼ਬਾਤੀ ਸਾਂਝ ਹੈ। ਇਨ੍ਹਾਂ ਬੈਨਰਾਂ ਅਨੁਸਾਰ ਵਿਸ਼ਵ ਯੁੱਧਾਂ ਵਿਚ 83,005 ਸਿੱਖਾਂ ਨੇ ਜਾਨਾਂ ਵਾਰੀਆਂ ਅਤੇ 1,09,045 ਜ਼ਖ਼ਮੀ ਹੋਏ। ਸਿੱਖ ਫ਼ੌਜੀਆਂ ਦੇ ਸਨਮਾਨ ਵਿਚ ਦਿੱਤੇ ਵੱਡੇ ਜਰਨੈਲਾਂ ਅਤੇ ਚਰਚਿਲ ਜੇਹੇ ਰਾਜਨੇਤਾਵਾਂ ਦੇ ਬਿਆਨ ਵੀ ਬੈਨਰਾਂ ਵਿਚ ਸ਼ਾਮਿਲ ਸਨ। ਯਾਦ ਰਹੇ ਕਿ ਇਨ੍ਹਾਂ ਦੋ ਜੰਗਾਂ ਵਿਚ 40 ਲੱਖ ਭਾਰਤੀ ਫ਼ੌਜੀਆਂ ਨੇ ਹਿੱਸਾ ਲਿਆ ਸੀ ਜਿਨ੍ਹਾਂ ਵਿਚ ਸਭ ਤੋਂ ਵੱਡੀ ਗਿਣਤੀ ਪੰਜਾਬੀ ਮੁਸਲਮਾਨਾਂ ਦੀ ਅਤੇ ਦੂਜੇ ਨੰਬਰ ’ਤੇ ਸਿੱਖਾਂ ਦੀ ਸੀ। ਬਹੁਤੇ ਸੈਨਿਕ ਗ਼ਰੀਬੀ ਦੀ ਮਜਬੂਰੀ ਕਾਰਨ ਭਰਤੀ ਹੋਏ ਸਨ। ਗੋਰੀ ਸਰਕਾਰ ਨੇ ਆਪਣੇ ਪ੍ਰਚਾਰ-ਤੰਤਰ ਰਾਹੀਂ ਕਈ ਗੀਤ ਪ੍ਰਚਲਿਤ ਕੀਤੇ ਸਨ। ਕੁਝ ਗੀਤ ਲੋਕਾਂ ਆਪ ਵੀ ਬਣਾਏ; ਦੋਹਾਂ ਵਿਚੋਂ ਮਜਬੂਰ ਫ਼ੌਜੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਹਕੀਕਤ ਪੜ੍ਹੀ ਜਾ ਸਕਦੀ ਹੈ: ‘‘ਭਰਤੀ ਹੋ ਜਾ ਵੇ, ਬਾਹਰ ਖੜ੍ਹੇ ਰੰਗਰੂਟ/ ਏਥੇ ਖਾਵੇਂ ਸੁੱਕੀ ਰੋਟੀ, ਓਥੇ ਖਾਵੇਂ ਫਰੂਟ/ ਏਥੇ ਪਾਵੇਂ ਪਾਟੇ ਹੋਏ ਲੀੜੇ, ਓਥੇ ਪਾਵੇਂ ਸੂਟ/ ਏਥੇ ਪਾਵੇਂ ਟੁੱਟੀ ਜੁੱਤੀ, ਓਥੇ ਪਾਵੇਂ ਬੂਟ/ ਭਰਤੀ ਹੋ ਜਾ ਵੇ, ਬਾਹਰ ਖੜ੍ਹੇ ਰੰਗਰੂਟ।’’ ਦੂਜੇ ਪਾਸੇ ਪੰਜਾਬੀ ਮਾਵਾਂ ਦੇ ਸੀਨੇ ਵਿੱਚੋਂ ਨਿਕਲਦੀ ਹੂਕ ਹੈ: ‘‘ਖੰਭ ਖੁੱਸ ਗਏ ਕਾਵਾਂ ਦੇ, ਬੱਸ ਕਰ ਜਰਮਨਾਂ ਵੇ, ਬੱਚੇ ਮੁੱਕ ਗਏ ਮਾਵਾਂ ਦੇ।’’ ਇਨ੍ਹਾਂ ਸਮੁੱਚੀਆਂ ਕੁਰਬਾਨੀਆਂ ਉੱਤੇ ਜੇ ਅਸੀਂ ਕੋਈ ਮਿਆਰੀ ਅੰਗਰੇਜ਼ੀ ਫਿਲਮ ਬਣਾਈ ਹੁੰਦੀ ਤਾਂ ਵੀ ਦੁਨੀਆ ਨੂੰ ਸਾਡੇ ਇਤਿਹਾਸ ਦਾ ਪਤਾ ਲੱਗ ਸਕਦਾ ਸੀ? ਇਸੇ ਲਈ ਮੈਮੋਰੀਅਲ ਡੇਅ ਸਭ ਤੋਂ ਵਧੀਆ ਤਰੀਕਾ ਹੈ ਸਿੱਖਾਂ ਦੀ ਸਹੀ ਪਛਾਣ ਕਰਵਾਉਣ ਦਾ।
ਸਰੀਰਕ ਸਮੱਸਿਆ ਕਾਰਨ ਜਦੋਂ ਮੈਂ ਨੇਪਰਵਿੱਲ
ਪਰੇਡ ਵਿਚ ਆਪਣੀ ਝਾਕੀ ਉੱਤੇ ਚੜ੍ਹ ਕੇ, ਹੱਥ ਹਿਲਾਉਂਦਿਆਂ ਸੜਕ ਦੇ ਦੋਹੀਂ ਪਾਸੀਂ ਖੜ੍ਹੇ ਲੋਕਾਂ ਦਾ ਸੁਆਗਤ ਕਰਨਾ ਸ਼ੁਰੂ ਕੀਤਾ ਤਾਂ ਉਹਨਾਂ ਸਾਡੇ ਵਾਸਤੇ ਭਰਪੂਰ ਤਾੜੀਆਂ ਵਜਾਈਆਂ। ਲੋਕਾਂ ਵਿਚ ਯੂਰਪੀ ਮੂਲ ਦੇ ਗੋਰੇ ਸਭ ਤੋਂ ਜ਼ਿਆਦਾ ਸਨ; ਭਾਰਤੀ, ਸਿਆਹਫ਼ਾਮ, ਮੈਕਸੀਕਨ ਅਤੇ ਚੀਨੇ ਵੀ ਸਨ। ਸਭ ਨੂੰ ਪਤਾ ਲੱਗ ਰਿਹਾ ਸੀ ਕਿ ਸਿੱਖਾਂ ਨੇ ਸਾਥੀ ਦੇਸ਼ਾਂ ਦੀਆਂ ਫ਼ੌਜਾਂ ਨਾਲ ਮਿਲਕੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਹਨ। ਲੋਕ ਇਸ ਨੂੰ ਅਮਰੀਕਾ ਵਾਸਤੇ ਦਿੱਤੀ ਸ਼ਹਾਦਤ ਮੰਨ ਰਹੇ ਸਨ ਕਿਉਂਕਿ ਅਮਰੀਕਾ ਵੀ ਇਹਨਾਂ ਜੰਗਾਂ ਵਿਚ ਸ਼ਾਮਿਲ ਸੀ। ਪੇਸ਼ੇ ਤੋਂ ਇੰਜੀਨੀਅਰ ਸਰਵਨ ਸਿੰਘ ਬੋਲੀਨਾ ਨੇ ਆਪਣੀ ਨਿਵੇਕਲੀ ਸੋਚ ਦਾ ਪ੍ਰਗਟਾਵਾ ਕਰਦਿਆਂ ਪਹਿਲਾਂ ਮਈ 2009 ਵਿਚ ਪ੍ਰਮੁੱਖ ਅਖ਼ਬਾਰ ‘ਸ਼ਿਕਾਗੋ ਟ੍ਰਿਬਿਊਨ’ ਵਿਚ ਇਸ਼ਤਿਹਾਰ ਛਪਵਾਇਆ, ਫਿਰ 2012 ਵਿਚ ਵਿਸ਼ਵ-ਯੁੱਧਾਂ ਦੀਆਂ ਤਸਵੀਰਾਂ ਦੇ ਕੁਝ ਪੋਸਟਰ ਤਿਆਰ ਕੀਤੇ ਅਤੇ ਸ਼ਿਕਾਗੋ ਸ਼ਹਿਰ ਦੀਆਂ 80 ਬੱਸਾਂ ਉੱਤੇ ਮਹੀਨੇ ਭਰ ਲਈ ਕੁਝ ਬੈਨਰ ਲਟਕਾਏ। ਇਹ ਬੈਨਰ ਇਕ ਗੁਰਦੁਆਰੇ ਵਿਚ ਵੀ ਲਾਏ ਗਏ। ਅਪਰੈਲ 2014 ਤਕ ਸਰਵਨ ਸਿੰਘ ਉਸ ਗੁਰਦੁਆਰੇ ਦੀ ਮੈਨੇਜਮੈਂਟ ਦਾ ਹਿੱਸਾ ਸੀ। ਪਰ ਉਸ ਦੇ ਜਾਣ ਬਾਅਦ ਪੋਸਟਰ ਹਟਾ ਦਿੱਤੇ ਗਏ। ਸਰਵਨ ਸਿੰਘ ਚਾਹੁੰਦਾ ਹੈ ਕਿ ਇਸ ਤਰ੍ਹਾਂ ਦੀਆਂ ਝਾਕੀਆਂ ਵਾਸ਼ਿੰਗਟਨ ਡੀ ਸੀ ਦੀ ਰਾਸ਼ਟਰੀ ‘ਮੈਮੋਰੀਅਲ ਡੇਅ’ ਪਰੇਡ ਤੋਂ ਇਲਾਵਾ ਹੋਰ ਵੱਡੇ ਸ਼ਹਿਰਾਂ ਵਿਚ ਵੀ ਸ਼ਾਮਿਲ ਹੋਣ ਤਾਂ ਕਿ ਸਾਰੇ ਅਮਰੀਕੀਆਂ ਤਕ ਇਹ ਸੰਦੇਸ ਪਹੁੰਚੇ। ਸ਼ੁਭ ਗੱਲ ਇਹ ਹੈ ਕਿ ਇੱਥੋਂ ਦਾ ਸਿਸਟਮ ਅਜਿਹੀ ਸ਼ਮੂਲੀਅਤ ਦੀ ਆਗਿਆ ਦਿੰਦਾ ਹੈ। ਆਪਣੇ ਮਿਸ਼ਨ ਵਿਚ ਉਹ ਬੇਹੱਦ ਉਤਸਾਹੀ ਹੈ; ਪਰ ਇਹ ਕੰਮ ਸਰਵਨ ਸਿੰਘ ਬੋਲੀਨਾ ਇਕੱਲਿਆਂ ਨਹੀਂ ਕਰ ਸਕਦਾ; ਕਮਿਊਨਿਟੀ ਨੂੰ ਮਿਲਕੇ ਹੰਭਲਾ ਮਾਰਨਾ ਪਵੇਗਾ। ਭਾਵੇਂ ਸਰਵਨ ਸਿੰਘ ਕੁਝ ਸਾਲਾਂ ਤੋਂ ਲਗਾਤਾਰ ਸਥਾਨਕ ਪਰੇਡਾਂ ਵਿਚ ਸ਼ਾਮਿਲ ਹੋਣ ਲਈ ਪੂਰੀ ਨੱਠ-ਭੱਜ ਕਰ ਰਿਹਾ ਹੈ ਪਰ ਇਸ ਗੱਲ ਦਾ ਉਸ ਨੂੰ ਪਤਾ ਹੋਵੇਗਾ ਕਿ ਜਦੋਂ ਤਕ ਗੁਰਦੁਆਰੇ ਦੀ ਸਮੁੱਚੀ ਸੰਸਥਾ ਇਸ ਪ੍ਰਾਜੈਕਟ ਨਾਲ ਨਹੀਂ ਜੁੜਦੀ, ਇਸਨੂੰ ਵੱਡੇ ਪੱਧਰ ਤਕ ਨਹੀਂ ਪਹੁੰਚਾਇਆ ਜਾ ਸਕਦਾ। ਇਸ ਵਾਰ ਵੀ ਨੇਪਰਵਿੱਲ ਪਰੇਡ ਦੇ ਪ੍ਰਬੰਧਾਂ ਨੂੰ ਸਿਰੇ ਚੜ੍ਹਾਉਣ ਵਿਚ ਇਕ ਵੱਖਰੇ ਗੁਰਦੁਆਰੇ ਨੇ ਆਪਣਾ ਯੋਗਦਾਨ ਪਾਇਆ ਸੀ। ਇਸੇ ਕਰਕੇ ਪਰੇਡ ਵਿਚ 40-50 ਸਿੱਖਾਂ ਦੀ ਸ਼ਮੂਲੀਅਤ ਹੋ ਸਕੀ ਜਦੋਂਕਿ ਸ਼ਿਕਾਗੋ ਸ਼ਹਿਰ ਦੀ ਮੁੱਖ ਪਰੇਡ ਵਿਚ ਉਸ ਨਾਲ ਸਿਰਫ਼ ਦੋ ਹੀ ਸਿੱਖ ਪਹੁੰਚੇ ਸਨ; ਸ਼ਾਇਦ ਇਸ ਲਈ ਕਿ ਉੱਥੇ ਲੰਗਰ ਦਾ ਪ੍ਰਬੰਧ ਨਹੀਂ ਸੀ; ਗੱਡੀਆਂ ਦੀ ਪਾਰਕਿੰਗ ਦੇ ਰੇਟ ਵੀ ਦੁੱਗਣੇ-ਚੌਗੁਣੇ ਸਨ। ਆਪਣਾ ਬੈਨਰ ਫੜਾਉਣ ਲਈ ਵੀ ਉਹਨਾਂ ਨੂੰ ਇਕ ਗੋਰੀ ਦੀ ਸਹਾਇਤਾ ਲੈਣੀ ਪਈ। ਹੈਰਤ ਹੈ ਕਿ ਸਾਡੀ ਫ਼ਰਾਖ਼ਦਿਲ ਕਮਿਊਨਿਟੀ ਨੂੰ ਸਮੂਹਿਕ ਪੱਧਰ ’ਤੇ ਹੋਣ ਵਾਲੇ ਇਸ ਦੂਰ-ਦ੍ਰਿਸ਼ਟ ਕਾਰਜ ਵਿਚ ਬਹੁਤੀ ਦਿਲਚਸਪੀ ਨਹੀਂ ਹੈ। ਉਮੀਦ ਹੈ ਸੂਝਵਾਨ ਅਤੇ ਸਰਦੇ-ਪੁੱਜਦੇ ਅਮਰੀਕਨ ਸਿੱਖ ਇਸ ਬਾਰੇ ਗੰਭੀਰਤਾ ਨਾਲ ਸੋਚਣਗੇ। ਸਰਵਨ ਸਿੰਘ ਨੇ ਪਰੇਡ ਵਿਚ ਸ਼ਾਮਿਲ ਹੋਣ ਦਾ ਬਹੁਤ ਕਾਰਗਰ ਅਤੇ ਸਟੀਕ ਤਰੀਕਾ ਸੁਝਾਇਆ ਹੈ ਜਿਸ ਰਾਹੀਂ ਅਮਰੀਕੀਆਂ ਨੂੰ ਦੱਸਿਆ ਜਾ ਸਕਦਾ ਹੈ ਕਿ ਇਕੱਲੇ ਓਸਾਮਾ ਬਿਨ ਲਾਦੇਨ ਨੇ ਹਜ਼ਾਰਾਂ ਅਮਰੀਕੀਆਂ ਦੀ ਜਾਨ ਲਈ ਸੀ ਜਦੋਂਕਿ ਬ੍ਰਿਟਿਸ਼, ਫਰੈਂਚ ਅਤੇ ਅਮਰੀਕੀ ਫ਼ੌਜਾਂ ਨਾਲ ਮਿਲਕੇ ਲੜਦਿਆਂ 83 ਹਜ਼ਾਰ ਪਗੜੀਧਾਰੀਆਂ ਨੇ ਆਪਣੀਆਂ ਜਾਨਾਂ ਮਨੁੱਖਤਾ ਲਈ ਵਾਰੀਆਂ ਸਨ। ਅਮਰੀਕਾ ਵਿਚ ਪੱਗ ਨਫ਼ਰਤ ਦੀ ਨਹੀਂ, ਸਤਿਕਾਰ ਦੀ ਹੱਕਦਾਰ ਹੋਣੀ ਚਾਹੀਦੀ ਹੈ।

Advertisement
Author Image

Advertisement
Advertisement
×