ਫਾਜ਼ਿਲਕਾ ਦੇ ਖਜ਼ਾਨਾ ਦਫ਼ਤਰ ਨੂੰ ਕਦੋਂ ਮਿਲੇਗਾ ਜ਼ਿਲ੍ਹਾ ਦਫ਼ਤਰ ਦਾ ਰੁਤਬਾ?
ਪਰਮਜੀਤ ਸਿੰਘ
ਫਾਜ਼ਿਲਕਾ, 4 ਨਵੰਬਰ
ਫਾਜ਼ਿਲਕਾ ਜ਼ਿਲ੍ਹਾ ਬਣੇ ਨੂੰ ਪੂਰੇ 13 ਸਾਲ ਬੀਤ ਚੱਲੇ ਹਨ, ਪਰ ਇੱਥੋਂ ਦੇ ਖਜ਼ਾਨਾ ਦਫ਼ਤਰ ਨੂੰ ਅਜੇ ਤੱਕ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਖਜ਼ਾਨਾ ਦਫ਼ਤਰ ਦਾ ਰੁਤਬਾ ਨਹੀਂ ਦਿੱਤਾ ਗਿਆ। ਇਸ ਕਾਰਨ ਫਾਜ਼ਿਲਕਾ ਖ਼ਜ਼ਾਨੇ ਨੂੰ ਜ਼ਿਲ੍ਹੇ ਦਾ ਵਿੱਤੀ ਕੋਡ ਅਲਾਟ ਨਾ ਹੋਣ ਕਾਰਨ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਆਪਣੇ ਕੰਮ-ਕਾਰ ਲਈ ਫਿਰੋਜ਼ਪੁਰ ਜਾਣਾ ਪੈਂਦਾ ਹੈ। ਇਸ ਲਈ ਫਾਜ਼ਿਲਕਾ ਜ਼ਿਲ੍ਹੇ ਦੇ ਲੋਕਾਂ ਨੂੰ 160 ਕਿਲੋਮੀਟਰ ਤੱਕ ਦਾ ਸਫ਼ਰ ਤੈਅ ਕਰ ਕੇ ਜ਼ਿਲ੍ਹਾ ਖਜ਼ਾਨਾ ਦਫ਼ਤਰ ਫ਼ਿਰੋਜ਼ਪੁਰ ਜਾਣਾ ਪੈਦਾ ਹੈ। ਫਾਜ਼ਿਲਕਾ ਵਿੱਚ ਜ਼ਿਲ੍ਹਾ ਖ਼ਜ਼ਾਨਾ ਦਫਤਰ ਬਣਾਉਣ ਦੀ ਮੰਗ ਲਈ ਇੱਥੇ ਪੰਜਾਬ ਮੁਲਾਜ਼ਮ ਪੈਨਸ਼ਨਰਜ਼ ਸਾਂਝਾ ਫਰੰਟ ਜ਼ਿਲ੍ਹਾ ਫਾਜ਼ਿਲਕਾ ਦਾ ਵਫ਼ਦ ਐਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ) ਫਾਜ਼ਿਲਕਾ ਨੂੰ ਮਿਲਿਆ ਅਤੇ ਇੱਕ ਮੰਗ ਪੱਤਰ ਸੂਬੇ ਦੇ ਮੁੱਖ ਮੰਤਰੀ ਦੇ ਨਾਮ ’ਤੇ ਦਿੱਤਾ ਗਿਆ। ਏਡੀਸੀ ਵੱਲੋਂ ਇਸ ਨੂੰ ਸਿਫਾਰਸ਼ ਸਹਿਤ ਮੁੱਖ ਮੰਤਰੀ ਨੂੰ ਭੇਜਣ ਦਾ ਵਿਸ਼ਵਾਸ ਦਿਵਾਇਆ ਗਿਆ। ਵਫ਼ਦ ਵਿੱਚ ਸਾਂਝਾ ਫਰੰਟ ਦੇ ਕਨਵੀਨਰ ਹਰਭਜਨ ਸਿੰਘ ਖੁੰਗਰ, ਮਾਸਟਰ ਬੂਟਾ ਸਿੰਘ ਬਰਾੜ ਕਨਵੀਨਰ, ਗੁਰਮੀਤ ਸਿੰਘ ਜਨਰਲ ਸਕੱਤਰ ਪੁਲੀਸ ਵੈੱਲਫੇਅਰ ਐਸੋਸੀਏਸ਼ਨ, ਕਰਨੈਲ ਸਿੰਘ, ਹੇਤ ਰਾਮ, ਮੰਗਤ ਸਿੰਘ, ਨਾਇਬ ਸਿੰਘ, ਹਰਬੰਸ ਲਾਲ, ਸਤਨਾਮ ਦਾਸ ਤੇ ਸਤਪਾਲ ਸ਼ਾਮਲ ਸਨ।