For the best experience, open
https://m.punjabitribuneonline.com
on your mobile browser.
Advertisement

ਡੀਏਪੀ ਦੀ ਕਿੱਲਤ: ਪੁਲੀਸ ਪਹਿਰੇ ਹੇਠ ਮਿਲ ਰਹੇ ਨੇ ਦੋ-ਦੋ ਗੱਟੇ

10:36 AM Nov 05, 2024 IST
ਡੀਏਪੀ ਦੀ ਕਿੱਲਤ  ਪੁਲੀਸ ਪਹਿਰੇ ਹੇਠ ਮਿਲ ਰਹੇ ਨੇ ਦੋ ਦੋ ਗੱਟੇ
ਸਿਰਸਾ ਵਿੱਚ ਡੀਏਪੀ ਖਾਦ ਲੈਣ ਲਈ ਲਾਈਨ ਵਿੱਚ ਲੱਗੇ ਹੋਏ ਕਿਸਾਨ।
Advertisement

Advertisement

ਪ੍ਰਭੂ ਦਿਆਲ
ਸਿਰਸਾ, 4 ਨਵੰਬਰ
ਡੀਏਪੀ ਖਾਦ ਨਾ ਮਿਲਣ ਤੋਂ ਕਿਸਾਨ ਡਾਢੇ ਪ੍ਰੇਸ਼ਾਨ ਤੇ ਗੁੱਸੇ ’ਚ ਹਨ। ਸਾਰਾ ਦਿਨ ਲਾਈਨ ’ਚ ਲੱਗਣ ਮਗਰੋਂ ਕਿਸਾਨਾਂ ਨੂੰ ਪੁਲੀਸ ਦੇ ਪਹਿਰੇ ਹੇਠ ਦੋ-ਦੋ ਗੱਟੇ ਖਾਦ ਹੀ ਮਿਲ ਰਹੀ ਹੈ। ਜਿਹੜੇ ਕਿਸਾਨਾਂ ਨੂੰ ਦੋ ਗੱਟੇ ਖਾਦ ਮਿਲ ਰਹੀ ਹੈ, ਉਨ੍ਹਾਂ ਦੇ ਹੱਥਾਂ ’ਤੇ ਸਿਆਹੀ ਦੇ ਨਿਸ਼ਾਨ ਲਾਏ ਜਾ ਰਹੇ ਹਨ ਤਾਂ ਕਿ ਉਹ ਦੋਬਾਰਾ ਖਾਦ ਨਾ ਲੈ ਸਕਣ। ਖਾਦ ਨਾ ਮਿਲਣ ਅਤੇ ਹੱਥਾਂ ’ਤੇ ਨਿਸ਼ਾਨ ਲਾਏ ਜਾਣ ਤੋਂ ਕਿਸਾਨਾਂ ’ਚ ਭਾਰੀ ਰੋਸ ਹੈ।
ਇੱਥੇ ਸਿਰਸਾ ’ਚ ਖਾਦ ਲੈਣ ਲਈ ਲਾਈਨਾਂ ’ਚ ਲੱਗੇ ਕਿਸਾਨਾਂ ਨੇ ਦੱਸਿਆ ਕਿ ਉਹ ਸਵੇਰੇ ਤਿੰਨ-ਚਾਰ ਵਜੇ ਲਾਈਨ ’ਚ ਲੱਗ ਗਏ ਸਨ ਤੇ ਜਦੋਂ ਉਨ੍ਹਾਂ ਦਾ ਨੰਬਰ ਆਇਆ ਤਾਂ ਸਿਰਫ਼ ਦੋ-ਦੋ ਗੱਟੇ ਖਾਦ ਮਿਲੀ ਹੈ। ਕਿਸਾਨਾਂ ਨੇ ਦੱਸਿਆ ਕਿ ਖਾਦ ਲਈ ਆਧਾਰ ਕਾਰਡ ਦੇਣ ਦੇ ਬਾਵਜੂਦ ਉਨ੍ਹਾਂ ਦੇ ਹੱਥਾਂ ’ਤੇ ਸਿਆਹੀ ਦੇ ਨਿਸ਼ਾਨ ਲਾਏ ਗਏ ਹਨ ਤਾਂ ਜੋ ਉਹ ਦੁਬਾਰਾ ਖਾਦ ਨਾ ਲੈ ਸਕਣ। ਕਿਸਾਨਾਂ ਨੇ ਦੱਸਿਆ ਕਿ ਜਿਹੜੇ ਕਿਸਾਨ ਨੂੰ ਦਸ ਗੱਟੇ ਡੀਏਪੀ ਚਾਹੀਦੀ ਹੈ, ਉਸ ਨੂੰ ਸਿਰਫ਼ ਦੋ ਗੱਟੇ ਹੀ ਖਾਦ ਦਿੱਤੀ ਜਾ ਰਹੀ ਹੈ।

Advertisement

ਖਾਦ ਲੈਣ ਵਾਲੇ ਕਿਸਾਨਾਂ ਦੇ ਹੱਥਾਂ ’ਤੇ ਨਿਸ਼ਾਨ ਲਾਉਂਦੇ ਹੋਏ ਕਰਮਚਾਰੀ।

ਕਿਸਾਨ ਆਗੂ ਸੁਵਰਨ ਸਿੰਘ ਵਿਰਕ ਅਤੇ ਡਾ. ਸੁਖਦੇਵ ਜੰਮੂ ਨੇ ਕਿਹਾ ਕਿ ਸੂਬਾ ਸਰਕਾਰ ਤੇ ਪ੍ਰਸ਼ਾਸਨ ਦੀ ਨਾਕਾਮੀ ਕਾਰਨ ਹੀ ਕਿਸਾਨਾਂ ਨੂੰ ਖਾਦ ਲਈ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਪਤਾ ਹੈ ਕਿ ਕਣਕ ਤੇ ਸਰ੍ਹੋਂ ਦੀ ਬਿਜਾਈ ਲਈ ਜ਼ਿਲ੍ਹੇ ਵਿੱਚ ਐਨੀ ਖਾਦ ਦੀ ਲੋੜ ਹੈ ਤਾਂ ਸਮਾਂ ਰਹਿੰਦੇ ਉਸ ਨੂੰ ਪੂਰਾ ਕਿਉਂ ਨਹੀਂ ਕੀਤਾ ਗਿਆ? ਉਨ੍ਹਾਂ ਮੰਗ ਕੀਤੀ ਕਿ ਸਰਕਾਰ ਕਿਸਾਨਾਂ ਨੂੰ ਲੋੜੀਂਦੀ ਡੀਏਪੀ ਮੁਹੱਈਆ ਕਰਵਾਏ ਅਤੇ ਪਰਾਲੀ ਦੇ ਪ੍ਰਬੰਧਨ ਲਈ ਕਿਸਾਨਾਂ ਨੂੰ ਮਸ਼ੀਨਰੀ ਦਿੱਤੀ ਜਾਵੇ ਤਾਂ ਜੋ ਕਿਸਾਨ ਪਰਾਲੀ ਦਾ ਪ੍ਰਬੰਧਨ ਕਰ ਕੇ ਸਮੇਂ ਸਿਰ ਕਣਕ ਦੀ ਬਿਜਾਈ ਕਰ ਸਕਣ।

ਜ਼ਿਲ੍ਹੇ ਵਿੱਚ ਡੀਏਪੀ ਖਾਦ ਦੀ ਕੋਈ ਕਮੀ ਨਹੀਂ: ਅਧਿਕਾਰੀ

ਇਸ ਦੌਰਾਨ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਜ਼ਿਲ੍ਹੇ ’ਚ ਡੀਏਪੀ ਖਾਦ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਜਿੰਨੀ ਖਾਦ ਆ ਰਹੀ ਹੈ, ਉਹ ਕਿਸਾਨਾਂ ’ਚ ਬਰਾਬਰ ਵੰਡੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਾਲੇ ਕਣਕ ਦੀ ਬਿਜਾਈ ’ਚ ਕਾਫ਼ੀ ਸਮਾਂ ਪਿਆ ਹੈ ਤੇ ਸਾਰੇ ਕਿਸਾਨਾਂ ਨੂੰ ਲੋੜੀਂਦੀ ਖਾਦ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਲੋੜ ਮੁਤਾਬਕ ਹੀ ਖਾਦ ਲੈਣ। ਖਾਦ ਲੈ ਕੇ ਜਮ੍ਹਾਂ ਨਾ ਕਰਨ।

Advertisement
Author Image

Advertisement