ਜਦ ਜਾਂਦੀਆਂ ਕਣਕਾਂ ਪੱਕ...
ਅਮਰਪ੍ਰੀਤ ਸਿੰਘ ਝੀਤਾ
ਦੇਖ ਵਿਸਾਖ ਮਹੀਨੇ ਵਿੱਚ, ਜਦ ਜਾਂਦੀਆਂ ਕਣਕਾਂ ਪੱਕ।
ਰੂਹ ਖਿੜੇ, ਮਨ ਖ਼ੁਸ਼ ਹੋ ਜਾਵੇ, ਜਦ ਲੈਂਦੇ ਹਾਂ ਫ਼ਸਲਾਂ ਤੱਕ।
ਸੋਨੇ ਰੰਗੀਆਂ ਫ਼ਸਲਾਂ ਤੱਕ ਕੇ, ਚੜ੍ਹਦਾ ਹੈ ਚਾਅ ਬੜਾ,
ਫਲ ਮਿਹਨਤ ਦਾ ਸਭ ਨੂੰ ਮਿਲਦਾ, ਰੱਬ ਨਾ ਰੱਖਦਾ ਹੱਕ।
ਗਰਮੀ ਸਰਦੀ ਨੂੰ ਹੰਢਾ ਕੇ, ਕਣਕ ਬਣੇ ਸੋਨੇ ਰੰਗੀ,
ਨਾਲ ਮਿਹਨਤਾਂ ਬਰਕਤ ਪੈਂਦੀ, ਕਿਰਤ ਕਰਨ ਤੋਂ ਨਾ ਤੂੰ ਅੱਕ।
ਦਾਣੇ ਦਾਣੇ ’ਤੇ ਲਿਖਿਆ ਹੈ, ਖਾਣੇ ਵਾਲੇ ਦਾ ਜੀ ਨਾਂ,
ਮੰਜ਼ਿਲ ਨੂੰ ਸਰ ਕਰਨਾ ਪੈਣਾ, ਰਸਤੇ ਵਿੱਚ ਨਾ ਜਾਈਂ ਥੱਕ।
‘ਅਮਰ’ ਕਰੇ ਅਰਦਾਸ ਸਦਾ ਇਹ, ਹਰ ਘਰ ਦਾਣੇ ਆ ਜਾਵਣ,
ਫ਼ਸਲ ਖੜ੍ਹੀ ਤਾਂ ਦੇਸ ਖੜ੍ਹਾ, ਤਾਂ ਹੀ ਪੈਂਦੀ ਸੰਸਾਰ ’ਚ ਧੱਕ।
ਸੰਪਰਕ: 97791-91447
* * *
ਨਸ਼ਿਆਂ ਬਦਲੇ ਵੋਟ ਨਹੀਂ
ਪ੍ਰੋ. ਨਵ ਸੰਗੀਤ ਸਿੰਘ
ਨਸ਼ਿਆਂ ਬਦਲੇ ਵੋਟ ਕਦੇ ਨਹੀਂ ਪਾਵਾਂਗੇ
ਮਿਲ ਕੇ ਸਭ ਨੂੰ ਇਹ ਗੱਲ ਸਮਝਾਵਾਂਗੇ।
ਨਸ਼ੇ ਵੰਡਣ ਦਾ ਕੰਮ ਜੋ ਨੇਤਾ ਕਰਦੇ ਨੇ
ਸੱਚਾਈ ਦੇ ਸਾਹਵੇਂ ਹੋਣੋਂ ਡਰਦੇ ਨੇ।
ਵੰਡੇ ’ਫੀਮ, ਸਮੈਕਾਂ, ਪੋਸਤ, ਕੋਈ ਦਾਰੂ
ਐਸਾ ਨੇਤਾ ਕਿਸ ਬਿਧ ਜਨਤਾ ਨੂੰ ਤਾਰੂ।
ਤਨ-ਮਨ ਨਸ਼ੇ ਦੇ ਹੇਠ ਜਦੋਂ ਹੈ ਆ ਜਾਂਦਾ
ਸੋਚਣ ਦਾ ਫਿਰ ਮਾਦਾ ਇਕਦਮ ਮਿਟ ਜਾਂਦਾ।
ਚੰਗਾ ਕਿਹੜਾ ਨੇਤਾ, ਕਿਹੜਾ ਮਾੜਾ ਹੈ
ਨਸ਼ਾ ਮਿਟਾ ਕੇ ਰੱਖ ਦਿੰਦਾ ਇਹ ਪਾੜਾ ਹੈ।
ਦੇਸ਼ੋਂ ਕੱਢਣੀ ਨਸ਼ਿਆਂ ਵਾਲੀ ਕੁਰੀਤੀ
ਹੋਵੇ ਸੱਚੀ-ਸੁੱਚੀ ਸਾਡੀ ਰਾਜਨੀਤੀ।
ਨਸ਼ਿਆਂ ਨੇ ਕਈ ਪਹਿਲਾਂ ਹੀ ਘਰ ਪੱਟੇ ਨੇ
ਨੇਤਾਵਾਂ ਨੇ ਹੋਰ ਵੀ ਫੱਟੇ ਚੱਕੇ ਨੇ।
ਨਸ਼ਾ ਡੋਬਦਾ ਜਿਸਮ, ਜਵਾਨੀ ਤੇ ਪੈਸਾ
ਰਾਜਨੀਤੀ ਨੇ ਕੀਤਾ ਕੋਝਾ ਕੰਮ ਕੈਸਾ।
ਵਿੱਚ ਦੁਨੀਆ ਦੇ ਆ ਕੇ ਕਰੀਏ ਮਾਣ ਅਸੀਂ
ਨਸ਼ੇ ਵੰਡਣ ਵਾਲੇ ਨੂੰ ਲਓ ਪਛਾਣ ਤੁਸੀਂ।
ਵੋਟ ਕੀਮਤੀ ਸਾਡੀ, ਕਦੇ ਨਾ ਵੇਚਾਂਗੇ
ਨਸ਼ਿਆਂ ਸਾਹਵੇਂ ਗੋਡੇ ਮੂਲ ਨਾ ਟੇਕਾਂਗੇ।
ਆਓ ਸਾਰੇ ਰਲ ਕੇ ਅੱਜ ਇਹ ਪ੍ਰਣ ਕਰੀਏ
ਨਸ਼ਿਆਂ ਵਾਲੇ ਲੋਕਾਂ ਦਾ ਨਾ ਦਮ ਭਰੀਏ।
ਸੰਪਰਕ: 94176-92015
* * *
ਗ਼ਜ਼ਲ
ਪ੍ਰੋ .ਪਰਮਜੀਤ ਸਿੰਘ ਨਿੱਕੇ ਘੁੰਮਣ
ਮਨ ਦੀਆਂ ਬਾਤਾਂ ਕਿਹੜਾ ਏਥੇ ਪੜ੍ਹਦਾ ਏ?
ਜਿਹੜਾ ਕੁਝ ਨਹੀਂ ਕਹਿੰਦਾ, ਅੰਦਰੇ ਸੜਦਾ ਏ।
ਕਾਮਯਾਬ ਹੈ ਉਹੀ, ਸਹੇ ਮੁਸੀਬਤ ਜੋ
ਹੁੰਦਾ ਦੁੱਧ ਹੈ ਚੰਗਾ, ਜਿਹੜਾ ਕੜ੍ਹਦਾ ਏ।
ਲੋੜ ਵੇਲੇ ਨਾ ਬਹੁੜੇ, ਕਾਹਦਾ ਦਿਲਬਰ ਹੈ?
ਹੈ ਬੰਦਾ ਉਹੀ, ਔਖ ਵੇਲੇ ਜੋ ਖੜ੍ਹਦਾ ਏ।
ਕਿਸਮਤ ’ਤੇ ਨਾ ਰੱਖੀਂ ਟੇਕ ਤੂੰ ਭਲਿਆ ਵੇ
ਕਿਸਮਤ ਵਾਲਾ ਚੰਨ ਤੇ, ਲਹਿੰਦਾ ਚੜ੍ਹਦਾ ਏ।
ਚੰਗਾ ਬੰਦਾ ਗ਼ਲਤੀ ਆਪਣੀ ਮੰਨ ਜਾਂਦੈ
ਹੁੰਦਾ ਏ ਜੋ ਮਾੜਾ, ਰਹਿੰਦਾ ਲੜਦਾ ਏ।
ਸੰਪਰਕ: 97816-46008
* * *
ਗ਼ਜ਼ਲ
ਮਹਿੰਦਰ ਸਿੰਘ ਮਾਨ
ਜੇ ਲੋਕਾਂ ’ਤੇ ਭਾਰੂ ਹੈ ਜੋਕਾਂ ਦੀ ਢਾਣੀ,
ਮੁੱਕਣੀ ਨਾ ਫਿਰ ਜੱਗ ਵਿੱਚੋਂ ਵੰਡ ਕਾਣੀ।
ਇਸ ਲਈ ਉਹ ਕਿਸ ਨੂੰ ਜ਼ਿੰਮੇਵਾਰ ਸਮਝਣ,
ਪੀਣ ਵਾਲਾ ਮਿਲਦਾ ਨਾ ਜਿਨ੍ਹਾਂ ਨੂੰ ਪਾਣੀ।
ਆਸ ਦਾ ਲੜ ਫੜਿਆ ਹੋਇਆ ਹੈ ਜਿਨ੍ਹਾਂ ਨੇ,
ਜਾਣਗੇ ਤਰ ਉਹ ਗ਼ਮਾਂ ਦੇ ਗਹਿਰੇ ਪਾਣੀ।
ਜਾਂਦੇ ਨੇ ਰਣ ਭੂਮੀ ਵਿੱਚ ਜੋ ਖ਼ਾਲੀ ਹੱਥੀਂ,
ਉੱਥੇ ਪੈਂਦੀ ਹੈ ਉਨ੍ਹਾਂ ਨੂੰ ਮੂੰਹ ਦੀ ਖਾਣੀ।
ਦੁਨੀਆ ਭਰ ਦੇ ਨੁਕਸ ਨੇ ਜਿਸ ਆਦਮੀ ਵਿੱਚ,
ਉਸ ਨੂੰ ਮੈਂ ਕਿੱਦਾਂ ਬਣਾਵਾਂ ਆਪਣਾ ਹਾਣੀ।
ਉਸ ਲਈ ਅਰਦਾਸ ਕਰਨੇ ਦਾ ਕੀ ਫ਼ਾਇਦਾ,
ਜੋ ਰੋਗੀ ਖਾਵੇ ਨਾ ਕੁਝ, ਨਾ ਪੀਵੇ ਪਾਣੀ।
ਉਸ ਨੂੰ ਸੁਣਨੇ ਦਾ ਸਮਾਂ ਨਾ ਕੋਲ ਮੇਰੇ,
ਤੂੰ ਸੁਣਾਉਣੀ ਚਾਹੇਂ ਮੈਨੂੰ ਜੋ ਕਹਾਣੀ।
ਸੰਪਰਕ: 99158-03554
* * *
ਲੋਕ ਰਾਜ ਦੇ ਚਮਤਕਾਰ
ਜਰਨੈਲ ਸਿੰਘ
ਲੋਕ ਸਭਾ ਦੀਆਂ ਚੋਣਾਂ ਆਈਆਂ, ਰਾਜਨੀਤੀ ਗਰਮਾਈ,
ਪਰਿਵਾਰਾਂ ’ਚ ਵੰਡੀਆਂ ਪਈਆਂ, ਨਾ ਕੋਈ ਸਕਾ ਨਾ ਭਾਈ।
ਬਾਪ ਬੇਟੇ ਦੀ ਸੋਚ ਬਦਲ ਗਈ, ਵੱਖ ਵੱਖ ਹੋਂਦ ਬਣਾਈ,
ਰਾਜ ਭਾਗ ਦੇ ਸੁਪਨੇ ਲੈ ਕੇ, ਵਿਰੋਧੀ ਸੁਰ ਅਪਣਾਈ।
ਦਲ ਬਦਲੂਆਂ ਨੇ ਗਿਰਗਿਟਾਂ ਵਾਂਗੂੰ, ਬਦਲੇ ਰੰਗ ਦਿਖਾਏ,
ਜਿੱਧਰ ਵੱਡੀ ਬੁਰਕੀ ਮਿਲ ਗਈ, ਉਹੀਓ ਬਸਤਰ ਪਾਏ।
ਮਿਆਰੀ ਅਸੂਲਾਂ ਦੀ ਗਿਰਾਵਟ ਦੇਖ, ਦੁਖੀ ਹੋਈ ਟਕਸਾਲ,
ਮਾਪਦੰਡ ਸਿਰਫ਼ ਇਕੋ ਰਹਿ ਗਿਆ, ਸੱਤਾ ਮਾਇਆ ਜਾਲ।
ਲੋਕ ਰਾਜ ਦਾ ਮਖੌਲ ਬਣਾ ’ਤਾ, ਰਵਾਇਤਾਂ ਹੋਈਆਂ ਲੋਪ,
ਰਾਹ ਦਸੇਰਾ ਕੋਈ ਲੱਭਦਾ ਨਹੀਂ, ਕਿਹਨੂੰ ਪਾਈਏ ਵੋਟ।
ਕਾਨੂੰਨਘਾੜੇ ਨੇ ਬਣ ਕੇ ਆਉਣੇ, ਪਾ ਕੇ ਚੋਣਾਂ ਵਿੱਚ ਮਾਤ,
ਯੋਗਤਾ, ਈਮਾਨ ਦਾ ਨਾ ਕੋਈ ਪੈਮਾਨਾ, ਜੋ ਕੋਈ ਸਕੇ ਮਾਪ।
ਵੋਟਰਾਂ ਦੀ ਹੁਣ ਸੂਝ ਬੂਝ ਦਾ ਹੋਵੇਗਾ ਇਮਤਿਹਾਨ,
ਸੋਚ ਸਮਝ ਕੇ ਕਰਿਓ ਆਪਣੀ, ਵੋਟ ਦਾ ਭੁਗਤਾਨ।
ਪੰਜ ਸਾਲ ਇਨ੍ਹਾਂ ਨੀਤੀਘਾੜਿਆਂ ਨੇ ਕਰਨਾ ਦੇਸ਼ ’ਤੇ ਰਾਜ,
ਸੂਝਵਾਨ ਇਮਾਨਦਾਰ ਨੇਤਾਵਾਂ ਸਿਰ, ਰੱਖਿਓ ਸੱਤਾ ਦਾ ਤਾਜ।
ਸੰਪਰਕ: 98551-80688
* * *
ਲੁੱਟਾਂ ਖੋਹਾਂ ਚੋਰ ਬਜ਼ਾਰੀ
ਸੁੱਚਾ ਸਿੰਘ ਪਸਨਾਵਾਲ
ਲੁੱਟਾਂ ਖੋਹਾਂ ਚੋਰ ਬਜ਼ਾਰੀ ਜ਼ੋਰਾਂ ’ਤੇ।
ਗੁੰਡਾਗਰਦੀ ਅਤੇ ਗਦਾਰੀ ਜ਼ੋਰਾਂ ’ਤੇ।
ਹਾਕਮ ਇੱਥੇ ਲੁੱਟ ਕੇ ਖਾ ਰਹੇ ਪਰਜਾ ਹੈ।
ਦੇਸ ਸਿਰ ਨਿੱਤ ਚਾੜ੍ਹੀ ਜਾ ਰਹੇ ਕਰਜ਼ਾ ਹੈ।
ਜਦੋਂ ਆਪਣੇ ਖਾ ਰਹੇ ਚੂੰਡ ਚੂੰਡ,
ਕਿਉਂ ਕਰੀਏ ਗੁੱਸਾ ਹੋਰਾਂ ’ਤੇ।
ਲੁੱਟਾਂ ਖੋਹਾਂ ਚੋਰ ਬਜ਼ਾਰੀ ਜ਼ੋਰਾਂ ’ਤੇ।
ਅੱਜ ਵੀ ਭਾਗੋ ਚੂਸਣ ਖ਼ੂਨ ਗ਼ਰੀਬਾਂ ਦਾ।
ਲਾਲੋਆਂ ਤਾਈਂ ਆਖਣ ਲੇਖ ਨਸੀਬਾਂ ਦਾ।
ਕੁਰਸੀ ਖਾਤਰ ਚੜ੍ਹਾਉਂਦੇ ਗੁੱਡੀਆਂ,
ਨਿੱਤ ਨਸ਼ਿਆਂ ਦੀਆਂ ਡੋਰਾਂ ’ਤੇ।
ਲੁੱਟਾਂ ਖੋਹਾਂ ਚੋਰ ਬਜ਼ਾਰੀ ਜ਼ੋਰਾਂ ’ਤੇ।
ਚਿੜੀਆਂ ’ਤੇ ਬਾਜ਼ਾਂ ਦੇ ਪਹਿਰੇ ਲਾਉਂਦੇ ਨੇ।
ਬਾਬਰ ਅੱਜ ਵੀ ਇੱਥੇ ਜ਼ੁਲਮ ਕਮਾਉਂਦੇ ਨੇ।
ਸੱਚ ਬੋਲਣ ’ਤੇ ਲਾਉਣ ਪਾਬੰਦੀਆਂ,
ਪਰ ਨਿਗਾਹ ਨਾ ਰੱਖਣ ਚੋਰਾਂ ’ਤੇ।
ਲੁੱਟਾਂ ਖੋਹਾਂ ਚੋਰ ਬਜ਼ਾਰੀ ਜ਼ੋਰਾਂ ’ਤੇ।
ਚੋਰਾਂ ਸੰਗ ਰਲ ਲੁੱਟੀ ਜਾਂਦੇ।
ਹੱਕ ਮੰਗਣ ’ਤੇ ਕੁੱਟੀ ਜਾਂਦੇ।
ਧਰਮਾਂ ਦੇ ਨਾਂ ’ਤੇ ਲਾ ਕੇ ਅੱਗਾਂ,
‘ਪਸਨਾਵਾਲੀਆ’ ਰਹਿੰਦੇ ਮਸਤੀ ਲੋਰਾਂ ’ਤੇ।
ਲੁੱਟਾਂ ਖੋਹਾਂ ਚੋਰ ਬਜ਼ਾਰੀ ਜ਼ੋਰਾਂ ’ਤੇ।
ਸੰਪਰਕ: 99150-33740
* * *
ਢਾਰੇ
ਰੂਪ ਲਾਲ ਰੂਪ
ਢਾਰੇ ਗਰਜ਼ਾਂ ਮਾਰੇ
ਹੱਥ ਅੱਡਦੇ
ਤੈਂ ਦੇਖੇ ਸਰਕਾਰੇ ਦਰਬਾਰੇ
ਪਰ-
ਸਮਝ ਨਾ ਸਾਰੇ ਮਾੜੇ ਢਾਰੇ
ਕਿਰਤੀ ਕਾਮੇ ਸਿਰ ਜੋੜਦੇ
ਸੜਕੀਂ ਕਿੱਲਾਂ ਘੁੰਢ ਮੋੜਦੇ
ਪਤੰਗ ਦੀਆਂ ਡੋਰਾਂ ਡਰੋਨ ਮਰੋੜਦੇ
ਚੜ੍ਹਨਾ ਕੱਲ੍ਹ ਭਲਾ ਲੋੜਦੇ
ਲੰਮਾ ਸਮਾਂ ਨਾ ਸਹਿਣ ਕਸਾਰੇ
ਛੰਨਾਂ ਢਾਰੇ-
ਉੱਘੜ ਦੁੱਘੜਾ ਇਤਿਹਾਸ ਖਿਲਾਰਾ
ਮੁੜ ਮੁੜ ਵਾਚਣ ਸਾਰੇ ਦਾ ਸਾਰਾ
ਇੱਟ ਨਾ’ ਇੱਟ ਵੱਜੇ ਮੁਲਤਾਨ
ਧਮਕਾਂ ਪੈਣ ਬਲਖ ਬੁਖਾਰੇ
ਸੁਣਦੇ ਲਲਕਾਰੇ ਅੱਧੀ ਰਾਤੀਂ
ਉੱਠੇ ਢਾਰੇ-
ਚੋਣ ਮਨੋਰਥ ਲਾਰਾ ਲੱਪਾ
ਕੁਰਸੀ ਵਾਲਾ ਰੌਲਾ ਰੱਪਾ
ਸਵਾਲਾਂ ਕੀਤਾ ਫੀਤਾ ਫੀਤਾ
ਹੁਣ ਨਾ ਚੱਲਣਾ ਵਾਅਦਾ ਅਣਸੀਤਾ
ਢਾਰਿਆਂ ਕੀਤੇ ਹੱਥ ਕਰਾਰੇ
ਜਾਗੇ ਢਾਰੇ... ਜਾਗੇ ਢਾਰੇ...
ਸੰਪਰਕ: 94652-25722
* * *
ਵੋਟ
ਨਿਰਮਲ ਸਿੰਘ ਰੱਤਾ
ਕੀ ਕੀ ਪਈ ਕਰਾਉਂਦੀ ਵੋਟ
ਢੱਗੇ ਨੂੰ ਵੀ ਢਾਹੁੰਦੀ ਵੋਟ
ਜਿਹੜੇ ਹੱਥ ਚਪੇੜਾਂ ਮਾਰਨ
ਉਹੋ ਹੱਥ ਜੁੜਾਉਂਦੀ ਵੋਟ
ਖ਼ੂਬ ਨਚਾਈ ਦੁਨੀਆ ਜੀਹਨੇ
ਉਹਨੂੰ ਪਈ ਨਚਾਉਂਦੀ ਵੋਟ
ਮਹਿਲ ਮੁਨਾਰੇ ਚੈਨ ਨਾ ਦੇਵਣ
ਝੁੱਗੀਆਂ ਵਿੱਚ ਖੁਆਉਂਦੀ ਵੋਟ
ਸਰੀਏ ਵਰਗੀ ਧੌਣ ਸੀ ਜਿਹੜੀ
ਉਹੀ ਧੌਣ ਝੁਕਾਉਂਦੀ ਵੋਟ
ਸਾਨੂੰ ਕਿਸੇ ਦੀ ਲੋੜ ਨਹੀਂ ਹੈ
ਸਾਰਾ ਭਰਮ ਮਿਟਾਉਂਦੀ ਵੋਟ
ਮੰਦਰ ਗੁਰਦੁਆਰੇ ਜਾਵੇ
ਪੀਰ ਫ਼ਕੀਰ ਮਨਾਉਂਦੀ ਵੋਟ
ਘਰ ਘਰ ਜਾ ਕੇ ਦਰ ਦਰ ਜਾ ਕੇ
ਕੁੰਡੇ ਪਈ ਖੜਕਾਉਂਦੀ ਵੋਟ
ਇੱਕ ਕੁਰਸੀ ਨੂੰ ਜਿੱਤਣ ਖ਼ਾਤਰ
ਰਿਸ਼ਤੇ ਕਈ ਹਰਾਉਂਦੀ ਵੋਟ
ਅੰਦਰੋਂ ਕਾਲੇ ਬਾਹਰੋਂ ਚਿੱਟੇ
ਬਗਲੇ ਭਗਤ ਦਿਖਾਉਂਦੀ ਵੋਟ
ਤਰਲੇ ਪਾਵੇ ਮਿੰਨਤਾਂ ਪਾਵੇ
ਗੋਡੇ ਹੱਥ ਲਵਾਉਂਦੀ ਵੋਟ
ਖੇਡਣ ਖੇਡ ਖਿਡਾਰੀ ਵੱਡੇ
ਛੱਕੇ ਪਈ ਛੁਡਾਉਂਦੀ ਵੋਟ
ਮਿੱਤਰਾਂ ’ਤੇ ਇਤਬਾਰ ਨਾ ਕਰਦੀ
ਦੁਸ਼ਮਣ ਨਾਲ ਮਿਲਾਉਂਦੀ ਵੋਟ
ਸੰਤ ਸਾਧੂਆਂ ਦੇ ਦਰ ਜਾ ਕੇ
ਥਾਂ ਥਾਂ ਰੱਬ ਧਿਆਉਂਦੀ ਵੋਟ
ਜਿਨ੍ਹਾਂ ਦੋ ਦਿਨ ਢਿੱਡ ਭਰ ਖਾਧਾ
ਉਨ੍ਹਾਂ ਲਈ ਮਨਭਾਉਂਦੀ ਵੋਟ
ਉੱਠੇ ਬੈਠੇ ਦੌੜੇ ਭੱਜੇ
ਸੱਚੀਂ ਬੜਾ ਸਤਾਉਂਦੀ ਵੋਟ
ਜੀਹਨੂੰ ਆਖੇ ਮੁਸ਼ਕ ਮਾਰਦਾ
ਉਹਨੂੰ ਵੀ ਗਲ਼ ਲਾਉਂਦੀ ਵੋਟ
ਸੰਪਰਕ: 84270-07623
* * *
ਮਜ਼ਦੂਰ ਦੀ ਗਾਥਾ
ਅਮਰਜੀਤ ਸਿੰਘ ਫ਼ੌਜੀ
ਕੋਈ ਰਾਤ ਨਹੀਂ ਸਾਡੀ
ਨਾ ਦਿਨ ਮਜ਼ਦੂਰਾਂ ਦਾ
ਗੁਰਬਤ ਵਿੱਚ ਲੰਘਦਾ ਏ
ਹਰ ਛਿਣ ਮਜ਼ਦੂਰਾਂ ਦਾ
ਧੁੱਪਾਂ ਪਿੰਡੇ ਜਰਦੇ ਆਂ
ਖਾਲ਼ੇ ਵੱਟਾਂ ਘੜ੍ਹਦੇ ਆਂ
ਹੁਕਮ ਜਿੱਥੋਂ ਦਾ ਹੋਵੇ
ਓਥੇ ਹੀ ਖੜ੍ਹਦੇ ਆਂ
ਡਰ ਹਰ ਪਲ਼ ਰਹਿੰਦਾ ਏ
ਮਾਲਕ ਦੀਆਂ ਘੂਰਾਂ ਦਾ
ਦਾਤੀ ਪੱਲੀ ਕਹੀਆਂ ਨੂੰ
ਅਸੀਂ ਹਿੱਕ ਨਾਲ ਲਾ ਛੱਡੀਏ
ਰੁੱਖੀ ਮਿੱਸੀ ਮਿਲਦੀ ਜੋ
ਖਾ ਵਕਤ ਟਪਾ ਛੱਡੀਏ
ਸੋਚਾਂ ਵਿੱਚ ਮੂੰਹ ਤੱਕੀਏ
ਘਰ ਬੈਠੀਆਂ ਹੂਰਾਂ ਦਾ
ਇੱਟਾਂ ਨੂੰ ਪੱਥ ਕੇ ਤੇ
ਅਸੀਂ ਆਵੇ ਪਾ ਦੇਈਏ
ਮਿੱਟੀ ਨਾਲ ਮਿੱਟੀ ਹੋ
ਉੱਚੇ ਮਹਿਲ ਬਣਾ ਦੇਈਏ
ਕੋਈ ਵੀ ਹਾਮੀ ਨਹੀਂ
ਸਾਡੇ ਜੀ ਹਜ਼ੂਰਾਂ ਦਾ
ਸਭ ਸਾਧਨ ਸੁੱਖਾਂ ਦੇ
ਅਸੀਂ ਆਪ ਬਣਾਏ ਨੇ
ਪਰ ਗੱਲ ਉਹ ਵੱਖਰੀ ਐ
ਸਾਡੇ ਹੱਥ ਨਾ ਆਏ ਨੇ
ਸਾਡੇ ਅੱਟਣ ਹੱਥਾਂ ਦੇ
ਰੋਂਦੇ ਦੁੱਖ ਮਜਬੂਰਾਂ ਦਾ
ਜੇ ਲੁੱਟ ਤੋਂ ਬਚਣਾ ਏ
ਆਓ ਏਕਾ ਕਰ ਲਈਏ
ਗਿਆਨ ਦੇ ਦੀਪਕ ਨੂੰ
ਮੱਥੇ ਵਿੱਚ ਧਰ ਲਈਏ
ਦਰ ਆਪੇ ਖੁੱਲ੍ਹ ਜਾਊਗਾ
ਆਸਾਂ ਦੇ ਬੂਰਾਂ ਦਾ
ਸਦੀਆਂ ਤੋਂ ਤਰਸ ਰਹੇ
ਜਿਨ੍ਹਾਂ ਖ਼ੁਸ਼ੀਆਂ ਖੇੜਿਆਂ ਨੂੰ
ਰੰਗ ਭਾਗ ਉਹ ਲਾਵਣਗੇ
ਫਿਰ ਆਪਣੇ ਵਿਹੜਿਆਂ ਨੂੰ
ਦੀਨੇ ਪਿੰਡ ਦਾ ਫ਼ੌਜੀ ਵੀ
ਮਾਣੂੰ ਸੁਖ ਸਰੂਰਾਂ ਦਾ।
ਸੰਪਰਕ: 95011-27033
* * *
ਮਜ਼ਦੂਰ
ਮੁਹੰਮਦ ਅੱਬਾਸ ਧਾਲੀਵਾਲ
ਮੈਂ ਮਜ਼ਦੂਰ ਹਾਂ ...
ਜਿਸ ਨੇ ਮੁੱਢ ਕਦੀਮੀਂ ਆਪਣੇ ਅਰਮਾਨਾਂ ਦਾ ਗਲਾ ਘੁੱਟ,
ਜਜ਼ਬਾਤਾਂ ਦਾ ਕਤਲ ਕਰ, ਜੀਵਨ ਦੀਆਂ ਲੋੜਾਂ ਨੂੰ,
ਬਾ-ਮੁਸ਼ਕਿਲ ਪੂਰਾ ਕੀਤਾ।
ਗ਼ਰੀਬੀ ਦੇ ਦਰਦ ਹੰਢਾਉਂਦਿਆਂ,
ਆਪਣੀ ਆਤਮਾ ਤੱਕ ਨੂੰ ਛਲਨੀ ਕੀਤਾ!
ਜਿਹਦੀ ਮਿਹਨਤ ਸਦਕਾ, ਚਿਮਨੀਆਂ ’ਚੋਂ ਨਿਕਲਦੇ ਧੂਏਂ ਨੇ,
ਸਨਅਤੀ ਘਰਾਣਿਆਂ ਨੂੰ ਖੁਸ਼ਹਾਲ ਕੀਤਾ।
ਪਰ ਅਕਸਰ ਧੰਨਵਾਨਾਂ ਨੇ
ਮੇਰੀ ਮਿਹਨਤ ਦਾ ਮੁੱਲ ਪਾਉਣ ਦੀ ਥਾਂ
ਹਰ ਵੇਲੇ ਸੋਸ਼ਣ ਕੀਤਾ।
ਮੈਂ ਮਜ਼ਦੂਰ ਹਾਂ...
ਜਿਹਨੇ ਚੀਨ ਦੀ ਦੀਵਾਰ ਤੋਂ ਲੈ ਕੇ ਲਾਲ ਕਿਲ੍ਹੇ ਸਣੇ
ਬੁਰਜ ਖਲੀਫ਼ਾ ਤੱਕ ਨੇ ਉਸਾਰੇ!
ਜਿਹਨੇ ਖ਼ੁਦ ਦੀ ਮੁਹੱਬਤ ਦਾ ਗਲਾ ਘੁੱਟ,
ਸ਼ਾਹਜਹਾਂ ਮੁਮਤਾਜ਼ ਦੇ ਪਿਆਰ ਨੂੰ ਲਾਸਾਨੀ ਕੀਤਾ।
ਮੈਂ ਮਜ਼ਦੂਰ ਹਾਂ...
ਮੇਰੇ ਕਿੰਨੇ ਹੀ ਰੰਗ ਤੇ ਰੂਪ ਨੇ,
ਪਰ ਜਿਹਨੂੰ ਆਖਦੇ ਤਕਦੀਰ ਨੇ,
ਉਹ ਸਭਨਾਂ ਦੀ ਇੱਕੋ ਜਿਹੀ ਭਾਸੇ।
ਮੈਂ ਖੇਤਾਂ, ਫੈਕਟਰੀਆਂ, ਉਸਾਰੀ ਅਧੀਨ ਇਮਾਰਤਾਂ ’ਚ ਮੌਜੂਦ ਹਾਂ।
ਮੈਂ ਮਜ਼ਦੂਰ ਹਾਂ!
ਮੈਂ ਅਕਸਰ ਸਰਕਾਰੀ ਤੇ ਪ੍ਰਾਈਵੇਟ ਦਫਤਰਾਂ ਵਿੱਚ
ਹਾਕਮਾਂ, ਅਫਸਰਾਂ ਦੀਆਂ ਝਿੜਕਾਂ ਖਾਣ ਲਈ ਮਜਬੂਰ ਹਾਂ
ਕੁਦਰਤੀ ਆਫ਼ਤ ਹੋਵੇ ਜਾਂ ਫ਼ਿਰਕੂ ਦੰਗਾ ਕੋਈ,
ਪਲੇਗ ਹੋਵੇ ਜਾਂ ਮਹਾਂਮਾਰੀ ਕੋਈ,
ਮੈਂ ਹਰ ਥਾਂ ਮੁੱਢਲੀਆਂ ਸਫ਼ਾਂ ’ਚ,
ਆਪਣੀ ਕੁਰਬਾਨੀ ਦੇਣ ਲਈ ਮੌਜੂਦ ਹਾਂ!
ਮੈਂ ਮਜ਼ਦੂਰ ਹਾਂ...!
ਕਹਿੰਦੇ ਨੇ ਮਨੁੱਖ ਬਹੁਤ ਤਰੱਕੀ ਕਰ ਗਿਆ ਏ,
ਚੰਨ੍ਹ ’ਤੇ ਫ਼ਤਹਿ ਪਾ, ਮੰਗਲ ਵੱਲ ਨੂੰ ਵਧ ਗਿਆ ਏ।
ਪਰ ਮੇਰੇ ਲਈ ਹਾਲੇ ਵੀ ਰੋਜ਼ੀ ਰੋਟੀ ਦੇ ਮਸਲੇ ਬੜੇ ਨੇ!
ਕਹਿੰਦੇ ਨੇ ਸੰਵਿਧਾਨ ’ਚ ਮਜ਼ਦੂਰਾਂ ਲਈ ਅਧਿਕਾਰ ਬੜੇ ਨੇ।
ਪਰ ਉਹ ਸਭ ਮੇਰੀ ਪਹੁੰਚ ਤੋਂ ਦੂਰ ਖੜ੍ਹੇ ਨੇ
ਜਿਨ੍ਹਾਂ ਨੂੰ ਹਾਸਲ ਕਰਨ ਦੇ ਰਸਤੇ ’ਚ
ਮੇਰੇ ਲਈ ਔਕੜਾਂ ਤੇ ਹਨੇਰੇ ਬੜੇ ਨੇ...!
ਹਨੇਰੇ ਬੜੇ ਨੇ...!!
ਹਨੇਰੇ ਬੜੇ ਨੇ... !!!
ਸੰਪਰਕ: 98552-59650
* * *
ਮਜ਼ਦੂਰ ਦਿਵਸ
ਰਵਿੰਦਰ ਸਿੰਘ ਸੋਢੀ
ਮਜ਼ਦੂਰ ਦਿਵਸ ਮੌਕੇ
ਮਜ਼ਦੂਰਾਂ ਦੀ ਬਿਹਤਰੀ ਲਈ
ਮਜ਼ਦੂਰਾਂ ਦੀ ਗ਼ੈਰਹਾਜਰੀ ਵਿੱਚ
ਵੱਡੇ ਹੋਟਲ ’ਚ ਕੀਤਾ ਸ਼ਾਨਦਾਰ ਸਮਾਗਮ
ਯਾਦਗਾਰੀ ਹੋ ਨਿਬੜਿਆ।
ਸ਼ਿਕਾਗੋ ਦੇ ਮਜ਼ਦੂਰਾਂ ਨੂੰ
ਯਾਦ ਕਰ
ਅੱਜ ਦੇ ਮਜ਼ਦੂਰਾਂ ਲਈ
ਸ਼ੁਭ ਇੱਛਾਵਾਂ ਦੇ
ਅਤੇ
ਹੱਥੀਂ ਕੰਮ ਕਰਨ ਵਾਲਿਆਂ ਦੀਆਂ
ਸਮੱਸਿਆਵਾਂ ਹੱਲ ਕਰਨ ਦੀ ਲੋੜ ਦਾ
ਫੋਕਾ ਜਿਹਾ ਨਾਹਰਾ ਲਾ
ਨੇਤਾ ਜੀ ਨੇ ਕਿਹਾ
‘‘ਇਹ ਅਣਥੱਕ ਕਾਮੇ
ਸਾਡੇ ਸਤਿਕਾਰ ਦੇ ਹੱਕਦਾਰ
ਸਾਡੇ ਦਿਲਾਂ ਵਿੱਚ
ਇਨ੍ਹਾਂ ਲਈ
ਪਿਆਰ ਠਾਠਾਂ ਮਾਰਦਾ
ਇਹ ਆਪਣਾ ਵਰਤਮਾਨ
ਮਿੱਟੀ ਵਿੱਚ ਮਿਲਾ
ਆਪਣੇ ਬੱਚਿਆਂ ਦੇ ਭਵਿੱਖ ਨੂੰ
ਦਾਅ ’ਤੇ ਲਾ
ਹੋਰਾਂ ਦਾ ਆਉਣ ਵਾਲਾ ਸਮਾਂ
ਰੌਸ਼ਨ ਕਰਨ ਲਈ
ਭੁੱਖ, ਪਿਆਸ ਤੋਂ ਬੇਨਿਆਜ਼
ਨੰਗੇ ਬਦਨ
ਭੁੱਖੇ ਢਿੱਡ
ਮਜ਼ਦੂਰੀ ਕਰਦੇ
ਲਹੂ-ਪਸੀਨੇ ਦੀ ਕਮਾਈ ਨਾਲ ਹੀ
ਸੰਤੁਸ਼ਟ ਰਹਿੰਦੇ।
ਆਓ ਇਨ੍ਹਾਂ ਦੀ ਮਿਹਨਤ ਲਈ
‘ਜੈ ਮਜ਼ਦੂਰ’ ਦਾ
ਨਾਅਰਾ ਲਾ
ਇਨ੍ਹਾਂ ਦੇ ਸਿਰੜ ਨੂੰ
ਸੀਸ ਝੁਕਾਈਏ।’’
ਸੰਪਰਕ: 001-604-369-2371
* * *
ਸਦੀਆਂ ਤੋਂ...
ਹਰਦੀਪ ਬਿਰਦੀ
ਸਦੀਆਂ ਤੋਂ ਮਜਬੂਰ ਰਿਹਾ ਹਾਂ।
ਕਿਸਮਤ ਦਾ ਮਜ਼ਦੂਰ ਰਿਹਾ ਹਾਂ।
ਮੇਰੇ ਮੁੜ੍ਹਕੇ ਵਿੱਚ ਨਸ਼ਾ ਹੈ
ਇਸ ਦੇ ਵਿੱਚ ਹੀ ਚੂਰ ਰਿਹਾ ਹਾਂ।
ਮਿਹਨਤ ਮੇਰੀ ਮਹਿਬੂਬਾ ਹੈ
ਇਸਨੂੰ ਮੰਨਦਾ ਹੂਰ ਰਿਹਾ ਹਾਂ।
ਚਾਹੇ ਹੱਥਾਂ ਵਿੱਚ ਹੁਨਰ ਹੈ
ਫਿਰ ਵੀ ਕਦ ਮਗ਼ਰੂਰ ਰਿਹਾ ਹਾਂ।
ਦੁੱਖਾਂ ਦੇ ਨਾਲ ਯਾਰੀ ਪੱਕੀ
ਖ਼ੁਸ਼ੀਆਂ ਤੋਂ ਮੈਂ ਦੂਰ ਰਿਹਾ ਹਾਂ।
ਜਦ ਵੀ ਮਿਹਨਤ ਦਾ ਮੁੱਲ ਮੰਗਿਆ
ਲੱਗਦਾ ਤਦ ਨਾਸੂਰ ਰਿਹਾ ਹਾਂ।
ਜਿਉਂਦਾ ਦਿਲ ਤੋਂ ਰਾਜਾ ਬਣਕੇ
ਭਾਵੇਂ ਮੈਂ ਮਜ਼ਦੂਰ ਰਿਹਾ ਹਾਂ।
ਸ਼ੋਸ਼ਣਕਰਤਾ ਕਦ ਡਰਦਾ ਹੈ
ਵੱਟਦਾ ਭਾਵੇਂ ਘੂਰ ਰਿਹਾ ਹਾਂ।
ਸੰਪਰਕ: 90416-00900