For the best experience, open
https://m.punjabitribuneonline.com
on your mobile browser.
Advertisement

ਜਦੋਂ ਪਿੰਡ ਕੌਲਗੜ੍ਹ ਨੂੰ ਪੁਲੀਸ ਨੇ ਘੇਰਿਆ

06:46 AM Jul 02, 2023 IST
ਜਦੋਂ ਪਿੰਡ ਕੌਲਗੜ੍ਹ ਨੂੰ ਪੁਲੀਸ ਨੇ ਘੇਰਿਆ
Advertisement

ਹਰਜਿੰਦਰ ਸਿੰਘ ਗੁਲਪੁਰ
ਯਾਦਾਂ ਦਾ ਝਰੋਖਾ

ਦੇਸ਼ ’ਚ ਐਮਰਜੈਂਸੀ ਲੱਗੀ ਹੋਈ ਸੀ। ਨਾਗਰਿਕ ਆਜ਼ਾਦੀਆਂ ਨੂੰ ਕੁਚਲ ਦਿੱਤਾ ਗਿਆ ਸੀ। ਅਖ਼ਬਾਰਾਂ ’ਤੇ ਸੈਂਸਰ ਸੀ। ਲਿਖਣ ਅਤੇ ਬੋਲਣ ਦੇ ਹੱਕ ਖੋਹ ਲਏ ਗਏ ਸਨ। ਚਾਰ ਚੁਫ਼ੇਰੇ ਸਹਿਮ ਦਾ ਆਲਮ ਸੀ। ਤਤਕਾਲੀ ਪ੍ਰਧਾਨ ਮੰਤਰੀ (ਮਰਹੂਮ) ਸ੍ਰੀਮਤੀ ਇੰਦਰਾ ਗਾਂਧੀ ਦੇ ਪੁੱਤਰ (ਮਰਹੂਮ) ਸੰਜੇ ਗਾਂਧੀ ਦੀ ਅਗਵਾਈ ਹੇਠ ਪਰਿਵਾਰ ਨਿਯੋਜਨ ਯੋਜਨਾ ਤਹਿਤ ਕਈ ਤਰ੍ਹਾਂ ਦੇ ਲਾਲਚ ਆਦਿ ਦੇ ਕੇ ਜਾਂ ਲੋਕਾਂ ਦੀ ਮਰਜ਼ੀ ਬਿਨਾ ਉਨ੍ਹਾਂ ਦੇ ਨਸਬੰਦੀ ਅਪਰੇਸ਼ਨ ਕੀਤੇ ਜਾ ਰਹੇ ਸਨ। ਸਰਕਾਰੀ ਅਧਿਕਾਰੀਆਂ ਨੂੰ ਕੋਟੇ ਅਲਾਟ ਕਰ ਦਿੱਤੇ ਗਏ ਸਨ। ਇਸ ਫਰਮਾਨ ਦਾ ਸ਼ਿਕਾਰ ਕਈ ਅਣਵਿਆਹੇ ਲੋਕ ਵੀ ਬਣ ਰਹੇ ਸਨ। ਹਰ ਤਰ੍ਹਾਂ ਦੇ ਰੋਸ ਮੁਜ਼ਾਹਰਿਆਂ ’ਤੇ ਪਾਬੰਦੀ ਲਾ ਦਿੱਤੀ ਗਈ ਸੀ। ਅਫ਼ਵਾਹਾਂ ਦਾ ਬਜ਼ਾਰ ਗਰਮ ਸੀ। ਜਿੰਨੇ ਮੂੰਹ ਓਨੀਆਂ ਗੱਲਾਂ ਵਾਲੀ ਸਥਿਤੀ ਸੀ। ਮੀਡੀਆ ਦੀ ਗ਼ੈਰਹਾਜ਼ਰੀ ਕਾਰਨ ਸਰਕਾਰ ਦਾ ਦੇਸ਼ ਦੀ ਜਨਤਾ ਨਾਲੋਂ ਰਾਬਤਾ ਟੁੱਟ ਗਿਆ ਸੀ।
ਉਸ ਸਮੇਂ ਪ੍ਰੈੱਸ ਦਾ ਗਲਾ ਘੁੱਟਣ ਦੇ ਵਿਰੋਧ ਵਜੋਂ ਅਸੀਂ ਆਪਣੇ ਇਲਾਕੇ ਵਿੱਚ ਚੱਲ ਰਹੀਆਂ ਸਾਹਿਤਕ ਸਰਗਰਮੀਆਂ ਤੇਜ਼ ਕਰ ਦਿੱਤੀਆਂ ਸਨ। ਇਸ ਦੇ ਮੱਦੇਨਜ਼ਰ ਪੰਜਾਬੀ ਸਾਹਿਤ ਸਭਾ ਬਲਾਚੌਰ ਨੇ ਮਹੀਨਾਵਾਰ ਬੈਠਕਾਂ ਨੂੰ ਹਫ਼ਤਾਵਾਰੀ ਬੈਠਕਾਂ ਵਿੱਚ ਤਬਦੀਲ ਕਰ ਦਿੱਤਾ। ਸਾਹਿਤ ਸਭਾ ਦੇ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਦੀਦਾਰ ਸ਼ੇਤਰਾ ਸਰਕਾਰੀ ਅਧਿਆਪਕ ਹੋਣ ਦੇ ਬਾਵਜੂਦ ਬਾਖ਼ੂਬੀ ਨਿਭਾਅ ਰਹੇ ਸਨ। ਇਹ ਸਾਹਿਤਕ ਗੋਸ਼ਟੀਆਂ ਗੁਪਤ ਰੱਖੀਆਂ ਜਾਂਦੀਆਂ ਸਨ ਕਿਉਂਕਿ ਸਾਰੇ ਦੇਸ਼ ਵਿੱਚ ਦਫ਼ਾ 144 ਲਾਗੂ ਸੀ। ਸਾਹਿਤ ਸਭਾ ਜਗਤਪੁਰ ਦੀ ਅਗਵਾਈ ਹੇਠ ਪਿੰਡਾਂ ਵਿੱਚ ਲਾਇਬ੍ਰੇਰੀਆਂ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ ਜਿਸ ਦੀ ਸ਼ੁਰੂਆਤ ਇਤਿਹਾਸਕ ਪਿੰਡ ਕੌਲਗੜ੍ਹ ਤੋਂ ਕੀਤੀ ਗਈ। ਆਪਣਾ ਜੱਦੀ ਪਿੰਡ ਹੋਣ ਕਰਕੇ ਦੀਦਾਰ ਸ਼ੇਤਰਾ ਅਤੇ ਮਨੀ ਸਿੰਘ ਘਣਗਸ ਨੇ ਇਸ ਨੂੰ ਸਿਰੇ ਚਾੜ੍ਹਨ ਵਿੱਚ ਵੱਡਾ ਯੋਗਦਾਨ ਪਾਇਆ। ਸਭਾ ਨਾਲ ਜੁੜੇ ਬਹੁਤੇ ਨੌਜਵਾਨ ਬੇਰੁਜ਼ਗਾਰ ਹੋਣ ਕਾਰਨ ਸਭਾ ਕੋਲ ਵਸੀਲਿਆਂ ਦੀ ਬਹੁਤ ਕਮੀ ਸੀ। ਇਸ ਕਾਰਜ ਲਈ ਉਨ੍ਹਾਂ ਪਿੰਡਾਂ ਦੀ ਸ਼ਨਾਖਤ ਕੀਤੀ ਗਈ ਜਿਨ੍ਹਾਂ ਵਿੱਚ ਦੋ-ਚਾਰ ਨੌਜਵਾਨ ਸਾਹਿਤਕ ਮੱਸ ਰੱਖਣ ਵਾਲੇ ਸਨ। ਸਾਹਿਤਕ ਸਰਗਰਮੀਆਂ ਅਤੇ ਲਾਇਬ੍ਰੇਰੀਆਂ ਦਾ ਵਿਸਥਾਰ ਕਰਨ ਲਈ ਪਿੰਡ ਕੌਲਗਡ਼੍ਹ ਦੀ ਲਾਇਬਰੇਰੀ ਵਿੱਚੋਂ ਕਿਤਾਬਾਂ ਅਜਿਹੇ ਨੌਜਵਾਨਾਂ ਨੂੰ ਪੜ੍ਹਨ ਵਾਸਤੇ ਦਿੱਤੀਆਂ ਗਈਆਂ। ਕਾਫ਼ੀ ਨੌਜਵਾਨ ਸਾਹਿਤ ਸਭਾ ਨਾਲ ਜੁੜਨ ਲੱਗੇ।
ਜ਼ਿਕਰਯੋਗ ਹੈ ਕਿ ਉਸ ਸਮੇਂ ਸਾਰੀਆਂ ਪਾਰਟੀਆਂ ਦੀਆਂ ਸਿਆਸੀ ਸਰਗਰਮੀਆਂ ਲੁਕ-ਛੁਪ ਕੇ ਚਲਦੀਆਂ ਸਨ। ਸਰਕਾਰ ਖਿਲਾਫ਼ ਥੋੜ੍ਹਾ ਬਹੁਤ ਕੰਮ ਸਾਹਿਤ ਜਾਂ ਫਿਰ ਧਰਮ ਦੇ ਓਹਲੇ ਵਿੱਚ ਹੁੰਦਾ ਸੀ। ਉਸ ਦੌਰ ਵਿੱਚ ਭਾਅਜੀ ਗੁਰਸ਼ਰਨ ਸਿੰਘ ਹੋਰਾਂ ਦੀ ਟੀਮ ਨੇ ਜਿੰਨੇ ਵੀ ਨਾਟਕ ਖੇਡੇ ਉਹ ਧਰਮ ਦੇ ਰੰਗ ਹੇਠ ਲੁਕਾ ਕੇ ਖੇਡੇ। ਇਸੇ ਤਰ੍ਹਾਂ ਦੁਆਬਾ ਲੋਕ ਰੰਗਮੰਚ ਕਲਾ ਕੇਂਦਰ ਮੰਗੂਵਾਲ ਨੇ ਜਸਵੰਤ ਖਟਕੜ ਦੀ ਨਿਰਦੇਸ਼ਨਾ ਹੇਠ ਦਰਜਨਾਂ ਨਾਟਕ ਖੇਡ ਕੇ ਲੋਕਾਂ ਦੇ ਮਨ ਦੀ ਗੱਲ ਲੋਕਾਂ ਦੇ ਸਨਮੁੱਖ ਰੱਖੀ। ਹੋਰ ਨਾਟਕ ਟੀਮਾਂ ਨੇ ਵੀ ਇਸ ਵਿਧਾ ਰਾਹੀਂ ਅਸਿੱਧੇ ਤੌਰ ’ਤੇ ਸਮੇਂ ਦੇ ਹਾਕਮਾਂ ਨੂੰ ਲਲਕਾਰਿਆ। ਇਨ੍ਹਾਂ ਸਰਗਰਮੀਆਂ ਵਿੱਚ ਭਾਗ ਲੈਣ ਵਾਲੇ ਬਹੁਤੇ ਦੋਸਤ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ। ਤਤਕਾਲੀ ਅਕਾਲੀ ਆਗੂ ਅਤੇ ਧਰਮ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ. ਬਲਬੀਰ ਸਿੰਘ ਚੰਗਿਆੜਾ ਨੇ ਗੜਸ਼ੰਕਰ ਨੇੜੇ ਪੈਂਦੇ ਪਿੰਡ ਅਕਾਲਗੜ੍ਹ ਦੇ ਗੁਰਦੁਆਰੇ ਵਿੱਚ ਗੁਰਸ਼ਰਨ ਭਾਅਜੀ ਦੇ ਦਰਜਨਾਂ ਨਾਟਕ ਕਰਵਾਏ।
ਰਾਤ ਸਮੇਂ ਲੋਕ ਦੂਰੋਂ ਦੂਰੋਂ ਇਨ੍ਹਾਂ ਨਾਟਕਾਂ ਨੂੰ ਦੇਖਣ ਲਈ ਆਉਂਦੇ ਸਨ। ਇਹ ਨਾਟਕ ਵੀ ਸਾਡੇ ਲਈ ਪ੍ਰੇਰਨਾ ਸਰੋਤ ਸਨ। ਉਸ ਸਮੇਂ ਸਾਹਿਤ ਸਭਾ ਬਲਾਚੌਰ ਨੇ ਸਾਹਿਤ ਸਭਾ ਜਗਤਪੁਰ ਦੇ ਸਹਿਯੋਗ ਨਾਲ ਇੱਕ ਮਹੱਤਵਪੂਰਨ ਫ਼ੈਸਲਾ ਕੀਤਾ ਕਿ ਲੋਕ ਮਨਾਂ ’ਤੇ ਜੰਮੇ ਸਹਿਮ ਦੇ ਜਮੂਦ ਨੂੰ ਤੋੜਨ ਲਈ ਫੈਸਲਾਕੁੰਨ ਰੋਲ ਨਿਭਾਇਆ ਜਾਵੇ। ਫ਼ੈਸਲਾ ਇਹ ਹੋਇਆ ਕਿ ਇੱਕ ਸੈਮੀਨਾਰ ਕਰਵਾਇਆ ਜਾਵੇ ਜਿਸ ਵਿੱਚ 1970 ਤੋਂ ਬਾਅਦ ਦੀ ਪੰਜਾਬੀ ਕਵਿਤਾ ’ਤੇ ਇੱਕ ਪਰਚਾ ਪੜ੍ਹਿਆ ਜਾਵੇ। ਇਸ ਤੋਂ ਇਲਾਵਾ ਉਸ ਦਿਨ ਗੁਰਸ਼ਰਨ ਸਿੰਘ ਦੇ ਨਾਟਕ ਕਰਵਾਏ ਜਾਣ। ਪਿੰਡ ਕੌਲਗੜ੍ਹ ਵਿਖੇ ਪ੍ਰੋਗਰਾਮ ਕਰਵਾਉਣ ਦਾ ਫ਼ੈਸਲਾ ਹੋ ਗਿਆ। ਦੀਦਾਰ ਸ਼ੇਤਰਾ ਅਤੇ (ਮਰਹੂਮ) ਮਨੀ ਸਿੰਘ ਘਣਗਸ ਦੀ ਪਹਿਲਕਦਮੀ ’ਤੇ ਪਿੰਡ ਵਾਸੀਆਂ ਨੇ ਲੰਗਰ ਸਮੇਤ ਸਾਰੇ ਪ੍ਰਬੰਧਾਂ ਦੀ ਜ਼ਿੰਮੇਵਾਰੀ ਚੁੱਕ ਲਈ। ਜ਼ਿਕਰਯੋਗ ਹੈ ਕਿ ਇਹ ਪਿੰਡ 1922 ਦੇ ਨੇੜੇ ਤੇੜੇ ਅੰਗਰੇਜ਼ ਸਰਕਾਰ ਖਿਲਾਫ਼ ਉੱਠੀ ਹਥਿਆਰਬੰਦ ਬੱਬਰ ਅਕਾਲੀ ਲਹਿਰ ਦਾ ਕੇਂਦਰ ਬਿੰਦੂ ਰਿਹਾ ਸੀ। ਹੁਣ ਮਹਿਸੂਸ ਹੁੰਦਾ ਹੈ ਕਿ ਅਸੀਂ ਲੋਕ ਸ਼ਕਤੀ ਤੋਂ ਬਗੈਰ ਕੁਝ ਨਹੀਂ ਕਰ ਸਕਦੇ ਸੀ। ਅਸੀਂ ਸਕੂਲਾਂ ਕਾਲਜਾਂ ਦੇ ਨਿਆਣ-ਮੱਤੀਆਂ ਨੇ ਇੱਕ ਤਰ੍ਹਾਂ ਨਾਲ ਸੱਪ ਦੀ ਖੁੱਡ ਵਿੱਚ ਹੱਥ ਪਾ ਲਿਆ ਸੀ। ਆਪਣੀ ਸਮਝ ਅਨੁਸਾਰ ਡੂੰਘੀ ਸੋਚ ਵਿਚਾਰ ਕਰਕੇ 20 ਜੂਨ 1976 ਦਾ ਦਿਨ ਇਸ ਸਮਾਗਮ ਲਈ ਨਿਯਤ ਕਰ ਦਿੱਤਾ। ਹਲਕੇ ਫੁਲਕੇ ਇਸ਼ਤਿਹਾਰ ਛਪਵਾ ਕੇ ਆਪਣੇ ਸੀਮਿਤ ਸਾਧਨਾਂ ਰਾਹੀਂ ਪੰਜਾਬ ਦੇ ਦੂਰ ਦੁਰਾਡੇ ਇਲਾਕਿਆਂ ਵਿੱਚ ਪਹੁੰਚਾਏ। ਜਿਨ੍ਹਾਂ ਸਾਹਿਤਕਾਰਾਂ ਨੂੰ ਅਸੀਂ ਨਿੱਜੀ ਰੂਪ ਵਿੱਚ ਜਾਣਦੇ ਸੀ ਜਾਂ ਜਿਨ੍ਹਾਂ ਦੇ ਨਾਂ ਤੇ ਪਤੇ ਸਭਾ ਕੋਲ ਮੌਜੂਦ ਸਨ ਉਨ੍ਹਾਂ ਨੂੰ ਡਾਕ ਰਾਹੀਂ ਸੂਚਿਤ ਕੀਤਾ ਗਿਆ। ਇਸ ਸਮਾਗਮ ਦੀ ਮਸ਼ਹੂਰੀ ਵੱਡੇ ਪੱਧਰ ’ਤੇ ਹੋਣ ਦਾ ਕਾਰਨ ਇਹ ਸੀ ਕਿ ਜਲੰਧਰ ਰੇਡੀਓ ਸਟੇਸ਼ਨ ਦੇ ਤਤਕਾਲੀ ਡਾਇਰੈਕਟਰ ਸੋਹਣ ਸਿੰਘ ਮੀਸ਼ਾ ਦੀ ਬਦੌਲਤ ਇਸ ਪ੍ਰੋਗਰਾਮ ਦੀ ਸੂਚਨਾ ਰੇਡੀਓ ’ਤੇ ਪ੍ਰਸਾਰਤ ਹੋ ਗਈ ਸੀ। ਪ੍ਰਚਾਰ ਕਾਰਨ ਸਰਕਾਰ ਚੌਕਸ ਹੋ ਗਈ। ਸਾਹਿਤ ਸਭਾ ਬਲਾਚੌਰ ਦੇ ਜਨਰਲ ਸਕੱਤਰ ਨੂੰ ਥਾਣੇ ਬੁਲਾ ਕੇ ਪ੍ਰੋਗਰਾਮ ਰੱਦ ਕਰਨ ਜਾਂ ਨਤੀਜੇ ਭੁਗਤਣ ਦੀ ਧਮਕੀਨੁਮਾ ਸਲਾਹ ਦਿੱਤੀ ਗਈ। ਨਵੀਂ ਸਮੱਸਿਆ ਨਾਲ ਸਾਡਾ ਵਾਹ ਪੈਣ ਵਾਲਾ ਸੀ। ਇੱਥੋਂ ਤੱਕ ਨੌਬਤ ਪਹੁੰਚਣ ਦਾ ਕਾਰਨ ਸਾਡੀ ਉਲਾਰ ਮਾਨਸਿਕਤਾ ਸੀ।
ਸਾਡੇ ਛਪਵਾਏ ਇਸ਼ਤਿਹਾਰ ਵਿੱਚ ਉਨ੍ਹਾਂ ਕਵੀਆਂ ਅਤੇ ਸਾਹਿਤਕਾਰਾਂ ਦੇ ਨਾਮ ਦਿੱਤੇ ਸਨ ਜਿਨ੍ਹਾਂ ਵਿੱਚੋਂ ਬਹੁਤੇ ਜਾਂ ਤਾਂ ਰੂਪੋਸ਼ ਸਨ ਜਾਂ ਸਰਕਾਰ ਦੀਆਂ ਅੱਖਾਂ ਵਿੱਚ ਰੜਕਦੇ ਸਨ। ਇਨ੍ਹਾਂ ਵਿੱਚ ਮੁੱਖ ਤੌਰ ’ਤੇ ਸੁਰਿੰਦਰ ਸਿੰਘ ਦੋਸਾਂਝ, ਸੰਤ ਰਾਮ ਉਦਾਸੀ, ਅਵਤਾਰ ਪਾਸ਼, ਗੁਰਦਾਸ ਰਾਮ ਆਲਮ, ਦਰਸ਼ਨ ਖਟਕੜ, ਜਸਵੰਤ ਖਟਕੜ, ਜਸਵੰਤ ਕੰਵਲ, ਸੰਤੋਖ ਸਿੰਘ ਧੀਰ ਆਦਿ ਸ਼ਾਮਿਲ ਸਨ। ਉਸ ਦਿਨ ਕਰਵਾਏ ਜਾਣ ਵਾਲੇ ਪ੍ਰੋਗਰਾਮ ਦੀ ਰੂਪ ਰੇਖਾ ਇਸ ਪ੍ਰਕਾਰ ਸੀ:
20 ਜੂਨ ਸਵੇਰੇ 10 ਵਜੇ 1970 ਤੋਂ ਬਾਅਦ ਦੀ ਜੁਝਾਰੂ ਪੰਜਾਬੀ ਕਵਿਤਾ ਉੱਤੇ ਪ੍ਰੋ. ਐੱਸ.ਐੱਨ. ਸੇਵਕ ਹੋਰਾਂ ਨੇ ਪਰਚਾ ਪੜ੍ਹਨਾ ਸੀ ਜਿਸ ਉੱਤੇ ਭਰਵਾਂ ਵਿਚਾਰ ਵਟਾਂਦਰਾ ਕੀਤਾ ਜਾਣਾ ਸੀ। ਬਾਅਦ ਦੁਪਹਿਰ ਤਕਰੀਬਨ 4 ਵਜੇ ਕਵੀ ਦਰਬਾਰ ਹੋਣਾ ਸੀ।
ਰਾਤ ਨੂੰ ਗੁਰਸ਼ਰਨ ਸਿੰਘ ਦੇ ਨਾਟਕਾਂ ਦਾ ਆਯੋਜਨ ਹੋਣਾ ਸੀ। ਇਸ ਦੌਰਾਨ ਪੁਲੀਸ ਦਾ ਦਬਾਅ ਵਧਦਾ ਜਾ ਰਿਹਾ ਸੀ। ਉਹ ਲਗਾਤਾਰ ਪ੍ਰੋਗਰਾਮ ਰੱਦ ਕਰਨ ਲਈ ਕਹਿ ਰਹੇ ਸਨ। ਅਸੀਂ ਸ਼ਸ਼ੋਪੰਜ ਵਿੱਚ ਸਾਂ ਕਿ ਕੀਤਾ ਕੀ ਜਾਏ। ਫ਼ੈਸਲਾ ਹੋਇਆ ਕਿ ਮਹਿੰਦਰ ਸਿੰਘ ਦੋਸਾਂਝ ਦੀ ਸਲਾਹ ਲਈ ਜਾਵੇ। ਮੈਂ ਅਤੇ ਦੀਦਾਰ ਸ਼ੇਤਰਾ ਇੱਕ ਦਿਨ ਪਹਿਲਾਂ ਜਾਣੀ ਦਿਨ ਢਲਦਿਆਂ ਪ੍ਰੋਗਰਾਮ ਦੀ ਸਾਰੀ ਜ਼ਿੰਮੇਵਾਰੀ ਮਨੀ ਸਿੰਘ ਕੌਲਗੜ੍ਹ ਅਤੇ ਟਰੇਡ ਯੂਨੀਅਨ ਆਗੂ ਪਰਮਜੀਤ ਸਿੰਘ ਦੇਹਲ ਸਿਰ ਸੁੱਟ ਕੇ ਜਗਤਪੁਰ ਲਈ ਰਵਾਨਾ ਹੋ ਗਏ। ਇਸ ਸਫ਼ਰ ਲਈ ਸ਼ੇਤਰਾ ਦਾ ਮੋਟਰਸਾਈਕਲ ਕੰਮ ਆਇਆ। ਨਹੀਂ ਤਾਂ ਇਹ ਸਫ਼ਰ ਸਾਈਕਲਾਂ ਰਾਹੀਂ ਕਰਨਾ ਪੈਣਾ ਸੀ। ਚੰਗੇ ਭਾਗੀਂ ਦੋਸਾਂਝ ਹੋਰੀਂ ਸਾਨੂੰ ਘਰ ਹੀ ਮਿਲ ਪਏ। ਗਰਮੀ ਬਹੁਤ ਸੀ। ਇਸ ਸਬੰਧੀ ਲੰਬਾ ਵਿਚਾਰ ਵਟਾਂਦਰਾ ਕਰਨ ਉਪਰੰਤ ਦੋਸਾਂਝ ਅਤੇ ਉਨ੍ਹਾਂ ਦੀ ਪਤਨੀ ਨੇ ਇਹ ਸਲਾਹ ਦਿੱਤੀ ਕਿ ਜੀਵਨ ਵਿੱਚ ਪਰਖ ਦੀਆਂ ਘੜੀਆਂ ਕਦੇ ਕਦੇ ਆਉਂਦੀਆਂ ਹਨ। ਸਾਰਿਆਂ ਲਈ ਇਹ ਪਰਖ ਦੀ ਘੜੀ ਹੈ। ਜੇ ਪਿੱਛੇ ਹਟ ਗਏ ਤਾਂ ਸਾਰੇ ਸਾਹਿਤਕ ਜਗਤ ਵਿੱਚ ਬਲਾਚੌਰ ਸਾਹਿਤ ਸਭਾ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਵੱਲੋਂ ਮਿਲੇ ਹੁੰਗਾਰੇ ਨੇ ਸਾਡੇ ਹੌਸਲੇ ਨੂੰ ਜ਼ਰਬਾਂ ਦੇ ਦਿੱਤੀਆਂ ਅਤੇ ਅਸੀਂ ਰਾਤ ਦਾ ਖਾਣਾ ਖਾ ਕੇ ਪਰਤ ਆਏ। ਅਸੀਂ ਸਿੱਧੇ ਰਸਤੇ ਨਹੀਂ ਆਏ ਸੀ। ਇਸ ਲਈ ਪਿੰਡ ਪਹੁੰਚ ਕੇ ਪਤਾ ਲੱਗਾ ਕਿ ਪਿੰਡ ਕੌਲਗੜ੍ਹ ਦੀ ਹੱਦ ਬਸਤ ਨੂੰ ਪੁਲੀਸ ਨੇ ਚਾਰੇ ਪਾਸੇ ਤੋਂ ਘੇਰ ਲਿਆ ਹੈ। ਰਾਤੋ ਰਾਤ ਅਸੀਂ ਕੁਝ ਛੋਟੇ ਵੱਡੇ ਸੂਝਵਾਨ ਨੌਜਵਾਨਾਂ ਦਾ ਸਾਈਕਲ ਦਸਤਾ ਤਿਆਰ ਕੀਤਾ ਅਤੇ ਉਨ੍ਹਾਂ ਨੂੰ ਉਸ ਬੱਸ ਅੱਡੇ ’ਤੇ ਸਵੇਰੇ ਸਾਝਰੇ ਪਹੁੰਚਣ ਲਈ ਕਹਿ ਦਿੱਤਾ ਜਿੱਥੇ ਬਾਹਰੋਂ ਆਏ ਦਾਨਿਸ਼ਵਰ ਮਿੱਤਰ ਪਹੁੰਚ ਸਕਦੇ ਸਨ। ਸਾਡਾ ਮਕਸਦ ਉਨ੍ਹਾਂ ਨੂੰ ਭਾਵੀ ਸਮੱਸਿਆਵਾਂ ਤੋਂ ਬਚਾਉਣਾ ਸੀ। ਉਨ੍ਹਾਂ ਨੂੰ ਦੱਸ ਦਿੱਤਾ ਗਿਆ ਸੀ ਕਿ ਇਨ੍ਹਾਂ ਸਾਰੇ ਚਿੰਤਕ ਦੋਸਤਾਂ ਨੂੰ ਕੌਲਗੜ੍ਹ ਦੀ ਥਾਂ ਇਸ ਲੇਖਕ ਦੇ ਘਰ ਪਿੰਡ ਗੁਲਪੁਰ ਲੈ ਕੇ ਜਾਣਾ ਹੈ। ਪ੍ਰੋਗਰਾਮ ਅੰਦਰ ਖਾਤੇ ਕੌਲਗੜ੍ਹ ਤੋਂ ਪਿੰਡ ਗੁਲਪੁਰ ਵੱਲ ਤਬਦੀਲ ਕਰ ਦਿੱਤਾ ਗਿਆ ਸੀ। ਇਸ ਦੇ ਬਾਵਜੂਦ ਸੰਤੋਖ ਸਿੰਘ ਧੀਰ ਅਤੇ ਕੁਝ ਹੋਰ ਲੇਖਕ ਪਿੰਡ ਕੌਲਗੜ੍ਹ ਪਹੁੰਚਣ ਵਿੱਚ ਸਫ਼ਲ ਹੋ ਗਏ। ਧੀਰ, ਸ਼ੇਤਰਾ ਅਤੇ ਕੁਝ ਹੋਰ ਬਾਹਰੋਂ ਆਏ ਸਾਹਿਤਕਾਰਾਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਇਸ ਚੱਕਰ ਦੌਰਾਨ ਪਰਮਜੀਤ ਦੇਹਲ ਦੀ ਅਗਵਾਈ ਵਿੱਚ ਮਹਿਮਾਨ ਚਿੰਤਕਾਂ ਨੂੰ ਸਾਈਕਲਾਂ ਪਿੱਛੇ ਬਿਠਾ ਕੇ ਪਿੰਡ ਗੁਲਪੁਰ ਮੇਰੇ ਘਰ ਲਿਜਾਇਆ ਜਾ ਰਿਹਾ ਸੀ। ਮੈ ਮੇਜ਼ਬਾਨ ਦੀ ਭੂਮਿਕਾ ਵਿੱਚ ਆ ਗਿਆ। ਸਾਡੀ ਉਸ ਸਮੇਂ ਦੀ ਮਿਹਨਤ ਸਦਕਾ ਸਾਰਾ ਪ੍ਰੋਗਰਾਮ ਚੁੱਪ-ਚੁਪੀਤੇ ਪਿੰਡ ਕੌਲਗੜ੍ਹ ਤੋਂ ਪਿੰਡ ਗੁਲਪੁਰ ਤਬਦੀਲ ਕਰ ਦਿੱਤਾ ਗਿਆ। ਸੰਤ ਰਾਮ ਉਦਾਸੀ, ਪ੍ਰੋ. ਐੱਸ.ਐੱਨ. ਸੇਵਕ, ਜਸਵੰਤ ਖਟਕੜ, ਮਿਹਰ ਚੰਦ ਭਾਰਦਵਾਜ ਆਦਿ ਬਹੁਤ ਸਾਰੇ ਲੇਖਕ ਸਾਡੇ ਘਰ ਪਹੁੰਚਣ ਵਿੱਚ ਸਫ਼ਲ ਹੋ ਗਏ। ਬਾਕਾਇਦਾ ਪਰਚਾ ਪਡ਼੍ਹਿਆ ਗਿਆ ਅਤੇ ਹਾਜ਼ਰ ਲੇਖਕਾਂ ਨੇ ਆਪਣੇ ਵਿਚਾਰ ਰੱਖੇ। ਇਨ੍ਹਾਂ ਦੇ ਜਵਾਬ ਪਰਚਾ ਲੇਖਕ ਨੇ ਦਿੱਤੇ।
ਉਸ ਸਮੇਂ ਸਾਡੇ ਸਾਂਝੇ ਘਰ ਵਿੱਚ ਚਾਲੀ, ਪੰਜਾਹ ਬੰਦੇ ਹੀ ਇਕੱਠੇ ਹੋ ਸਕੇ, ਪਰ ਅਸੀਂ ਸੰਕੇਤਕ ਰੂਪ ਵਿੱਚ ਹੀ ਸਹੀ, ਆਪਣੀ ਗੱਲ ਪੁਗਾ ਲਈ ਸੀ। ਇਸੇ ਦੌਰਾਨ ਆਂਢ-ਗੁਆਂਢ ਦੀਆਂ ਔਰਤਾਂ ਨੇ ਰਲ ਕੇ ਰੋਟੀ ਟੁੱਕ ਤਿਆਰ ਕਰ ਲਿਆ ਸੀ। ਹੁਣ ਸਾਡੀ ਤਰਜੀਹ ਆਏ ਹੋਏ ਵਿਦਵਾਨਾਂ ਨੂੰ ਘਰੋਂ ਘਰੀ ਪਹੁੰਚਾਉਣ ਦੀ ਸੀ ਜਿਸ ਨੂੰ ਅਸੀਂ ਬਾਖ਼ੂਬੀ ਨਿਭਾਇਆ। ਹੁਣ ਇੱਕ ਕੰਮ ਰਹਿ ਗਿਆ ਸੀ ਉਹ ਸੀ ਗੁਰਸ਼ਰਨ ਸਿੰਘ ਦੇ ਨਾਟਕਾਂ ਵਾਲੀ ਸ਼ਾਮ ਦਾ। ਇਹ ਕੰਮ ਵੀ ਇੱਕ ਹਫ਼ਤੇ ਬਾਅਦ ਅਸੀਂ ਰਲ ਕੇ ਪਿੰਡ ਕੌਲਗੜ੍ਹ ਵਿਖੇ ਪੂਰਾ ਕਰ ਦਿੱਤਾ। ਉਸ ਦਿਨ ਵਰਗਾ ਪ੍ਰੋਗਰਾਮ ਮੁੜ ਕੇ ਕਦੇ ਦੇਖਣ ਵਿੱਚ ਨਹੀਂ ਆਇਆ। ਭਰਵੇਂ ਇੱਕਠ ਵਿੱਚ ਜਸਵੰਤ ਖਟਕੜ ਵੱਲੋਂ ਬੋਲੀ ਕਵਿਤਾ ‘ਬੜਾ ਕੁਝ ਹੋਣ ਵਾਲਾ ਹੈ’ ਨੇ ਉਸ ਨੂੰ ਸਾਡੇ ਹਲਕੇ ਵਿੱਚ ਮਕਬੂਲ ਕਰ ਦਿੱਤਾ ਸੀ।
ਬੱਬਰ ਅਕਾਲੀ ਲਹਿਰ ਦੇ ਮੋਢੀਆਂ ਵਿੱਚੋਂ ਬੱਬਰ ਅਕਾਲੀ ਕਰਮ ਸਿੰਘ ਦੌਲਤਪੁਰ ਦਾ ਨਾਨਕਾ ਪਿੰਡ ਸੀ ਕੌਲਗੜ੍ਹ। ਕਰਮ ਸਿੰਘ ਹੋਰਾਂ ਨੇ ਇਸ ਪਿੰਡ ਦੇ ਦੋ ਲੰਬੜਦਾਰ ਭਰਾਵਾਂ ਰਲਾ ਅਤੇ ਦਿੱਤੂ ਦਾ 1922 ’ਚ ਕਤਲ ਕਰ ਦਿੱਤਾ ਸੀ। ਉਨ੍ਹਾਂ ’ਤੇ ਸ਼ੱਕ ਸੀ ਕਿ ਉਹ ਬੱਬਰ ਲਹਿਰ ਦੇ ਹਮਦਰਦਾਂ ਬਾਵਾ ਸਿੰਘ ਵਗੈਰਾ ਦੀ ਮੁਖ਼ਬਰੀ ਕਰਦੇ ਸਨ।
ਸਮਾਗਮ ਵਾਲੇ ਦਿਨ ਥਾਣੇਦਾਰ ਰੇਸ਼ਮ ਸਿੰਘ ਨੂੰ ਸੰਤੋਖ ਸਿੰਘ ਧੀਰ ਨੇ ਪੁੱਛਿਆ ਕਿ ਸਮਾਗਮ ਕਿਉਂ ਨਹੀਂ ਹੋਣ ਦੇ ਰਹੇ ਹੋ? ਉਸ ਦਾ ਕਹਿਣਾ ਸੀ ਕਿ ਸਰਕਾਰੀ ਹਦਾਇਤਾਂ ਹਨ। ਧੀਰ ਨੇ ਉਸ ਨੂੰ ਪੁੱਛਿਆ, ‘‘ਕਾਕਾ ਕਿੰਨਾ ਪਡ਼੍ਹਿਐਂ?’’ ‘‘ਜੀ, ਬੀ.ਏ. ਕੀਤੀ ਹੈ।’’ ‘‘ਸੰਤੋਖ ਸਿੰਘ ਧੀਰ ਦੀਆਂ ਕਹਾਣੀਆਂ ਪੜ੍ਹੀਆਂ ਹਨ?’’ ‘‘ਜੀ, ਪੜ੍ਹੀਆਂ ਹਨ।’’ ‘‘ਕਿਹੜੀਆਂ ਕਿਹੜੀਆਂ?’’ ‘‘ਸਾਂਝੀ ਕੰਧ, ਕੋਈ ਇਕ ਸਵਾਰ ਸਮੇਤ ਕਈ ਹੋਰ ਵੀ ਪੜ੍ਹੀਆਂ ਹਨ।’’ ‘‘ਕਾਕਾ ਜੀ, ਮੈਂ ਹੀ ਹਾਂ ਫਿਰ ਸੰਤੋਖ ਸਿੰਘ ਧੀਰ।’’ ਥਾਣੇਦਾਰ ਦਾ ਵਰਤਾਅ ਬਦਲ ਗਿਆ। ਉਸ ਨੇ ਕਿਹਾ ਕਿ ਸਾਨੂੰ ਉਪਰੋਂ ਹਦਾਇਤਾਂ ਹਨ ਕਿ ਸਮਾਗਮ ਨਹੀਂ ਹੋਣ ਦੇਣਾ। ਇਹ ਲੇਖਕ ਲੋਕ ਸਰਕਾਰ ਦੇ ਖਿਲਾਫ਼ ਬੋਲਣਗੇ। ਧੀਰ ਨੇ ਕਿਹਾ, ‘‘ਤਾਂ ਕਿਹੜੀ ਗੱਲ ਹੈ ਬੋਲ ਲੈਣ ਜੋ ਬੋਲਦੇ ਹਨ। ਮੈਂ ਸਰਕਾਰ ਦਾ ਪੱਖ ਰੱਖਾਂਗਾ।’’ ਸ਼ਾਇਦ ਧੀਰ ਸਾਹਿਬ ਸੀ.ਪੀ.ਆਈ. ਦੇ ਸਮਰਥਕ ਸਨ ਜੋ ਉਸ ਸਮੇਂ ਐਮਰਜੈਂਸੀ ਦੇ ਹੱਕ ਵਿੱਚ ਸੀ।
ਮਾਮਲਾ ਰਫਾ-ਦਫ਼ਾ ਕਰਕੇ ਸਾਰੇ ਘਰੀ ਘਰੀ ਤੁਰ ਗਏ। ਉਸ ਦਿਨ ਸੰਤ ਰਾਮ ਉਦਾਸੀ ਨੂੰ ਸਾਈਕਲਾਂ ਉੱਤੇ ਨਵਾਂਸ਼ਹਿਰ ਤੋਂ ਬਰਨਾਲੇ ਦੀ ਬੱਸ ਚਡ਼੍ਹਾਉਣ ਲਈ ਮੋਹਨ ਸਿੰਘ ਛੋਕਰ ਅਤੇ ਮਲਕੀਤ ਸਰਹਾਲ ਕਾਜ਼ੀਆਂ ਛੱਡਣ ਗਏ ਸਨ। ਰਸਤੇ ਵਿੱਚ ਕਿਸੇ ਥਾਂ ਬੈਠ ਕੇ ਉਨ੍ਹਾਂ ਨੇ ਉਦਾਸੀ ਦੀ ਆਵਾਜ਼ ਵਿੱਚ ਤਿੰਨ ਗੀਤ ਭਰੇ ਸਨ। ਉਦੋਂ ਟੇਪਰ ਰਿਕਾਰਡਰ ਅਜੇ ਨਵੀਂ ਨਵੀਂ ਆਈ ਸੀ। ਉਦਾਸੀ ਦੀ ਉਹ ਕੈਸੇਟ ਲੋਕਾਂ ਨੇ ਸੁਣ ਸੁਣ ਕੇ ਘਸਾ ਦਿੱਤੀ ਸੀ। ਮੁੱਖ ਗੀਤ ਸੀ: ਉੱਠ ਕਿਰਤੀਆਂ ਉੱਠ ਵੇ ਉੱਠਣ ਦਾ ਵੇਲਾ...।
ਸੰਪਰਕ: 00614-1041-2597

Advertisement

Advertisement
Advertisement
Tags :
Author Image

Advertisement