For the best experience, open
https://m.punjabitribuneonline.com
on your mobile browser.
Advertisement

ਦਰਿਆ ਜਦ ਗਲੀਆਂ ’ਚ ਵਗਦੈ...

08:33 AM May 06, 2024 IST
ਦਰਿਆ ਜਦ ਗਲੀਆਂ ’ਚ ਵਗਦੈ
Advertisement

ਦਰਸ਼ਨ ਸਿੰਘ

ਰੋਜ਼ ਵਾਂਗ ਅਖ਼ਬਾਰ ਵਿੱਚ ਦੇਸ਼ ਵਿਦੇਸ਼ ਦੀਆਂ ਵੱਡੀਆਂ ਖ਼ਬਰਾਂ ਪੜ੍ਹੀਆਂ। ਦੁਬਈ ਵਿਚ ਭਾਰੀ ਮੀਂਹ, ਚੀਨ ਤੇ ਕੀਨੀਆ ’ਚ ਆਏ ਭਿਆਨਕ ਹੜ੍ਹਾਂ ’ਚ ਟੁੱਟੇ ਕਈ ਬੰਨ੍ਹ ਅਤੇ ਰੁੜ੍ਹੇ ਘਰਾਂ ਦੀਆਂ ਖ਼ਬਰਾਂ ਨੇ ਚਿੰਤਾ ਵਿੱਚ ਡੁਬੋ ਦਿੱਤਾ।
ਜਲ ਹੀ ਜੀਵਨ ਹੈ। ਜਲ ਹੈ ਤਾਂ ਕੱਲ੍ਹ ਹੈ। ਸਾਡੇ ਸਮਿਆਂ ਨੇ ਵੀ ਮੀਂਹ ਦੇਖੇ ਹਨ। ਕਦੇ ਨਿੱਕੀ-ਨਿੱਕੀ ਕਣੀ ਦਾ ਮੀਂਹ, ਕਦੇ ਫੁਹਾਰਾਂ, ਕਦੀ ਝੜੀਆਂ ਤੇ ਕਦੀ ਛਮਾਛਮ ਵਰਖਾ। ‘ਰੱਬਾ ਰੱਬਾ ਮੀਂਹ ਵਸਾ, ਸਾਡੀ ਕੋਠੀ ਦਾਣੇ ਪਾ’। ਰੱਬ ਨੂੰ ਮੀਂਹ ਲਈ ਕੀਤੀਆਂ ਅਰਜ਼ੋਈਆਂ ਤੇ ਪੈਂਦੇ ਮੀਂਹ ’ਚ ਭੱਜਣਾ ਤੇ ਭਿੱਜਣਾ ਹੁਣ ਵੀ ਚੇਤਿਆਂ ਵਿਚ ਹਨ। ਸ਼ਾਇਦ ਇਹ ਬੀਤੇ ਦੀਆਂ ਗੱਲਾਂ ਹੋ ਗਈਆਂ ਹਨ। ਮੀਂਹ ਕਣੀ ਦੀ ਹੁਣ ਕੋਈ ਰੁੱਤ ਹੀ ਨਹੀਂ ਰਹੀ। ਮੌਸਮ ਅੱਗੇ ਪਿੱਛੇ ਤੇ ਬੇਤਰਤੀਬਾ ਹੋ ਗਿਆ ਹੈ। ਪਹਾੜ ਖ਼ੁਰਨ ਅਤੇ ਗਲੇਸ਼ੀਅਰ ਪਿਘਲਣ ਲੱਗੇ ਹਨ। ਮੌਸਮ ਬਾਰੇ ‘ਚਿਤਾਵਨੀ’ ਜਾਰੀ ਹੋਣ ਲੱਗੀ ਹੈ। ਨਦੀਆਂ ਦਰਿਆ ਕਿਧਰੇ ਸੁੱਕਣ ਲੱਗੇ ਹਨ, ਕਿਧਰੇ ਮੁੱਕਣ। ਪਾਣੀ ਨੇ ਆਪਣਾ ਰੁਖ਼ ਹੇਠਾਂ ਪਤਾਲ ਵੱਲ ਕਰ ਲਿਆ ਹੈ। ਡਰ ਤੇ ਵੱਡੇ ਫਿਕਰਾਂ ਦੀ ਗੱਲ ਇਹ ਵੀ ਹੈ।
ਕਿਵੇਂ ਨਾ ਕਿਵੇਂ, ਅਸੀਂ ਤਾਂ ਆਪਣੀ ਜ਼ਿੰਦਗੀ ਲੰਘਾ ਹੰਢਾ ਲਈ; ਕੱਲ੍ਹ ਨੂੰ ਨਵੀਂ ਪੀੜ੍ਹੀ ਦਾ ਕੀ ਬਣੂ? ਨਲਕਿਆਂ ਨੂੰ ਸਾਡੀਆਂ ਅੱਖਾਂ ਨੇ ਮਰਦੇ ਦੇਖਿਆ। ਸਾਡੇ ਹੱਥ ਬਾਜ਼ਾਰ ਤੋਂ ਪੀਣ ਲਈ ਪਾਣੀ ਦੀਆਂ ਬੋਤਲਾਂ ਫੜ ਕੇ ਘਰੋ ਘਰੀ ਲੈ ਆਏ। ਕਦੀ ਖਾਲ਼ਾਂ ’ਚ ਵਗਦੇ ਪਾਣੀ ਬੁੱਕਾਂ ਭਰ-ਭਰ ਪੀਤੇ। ‘ਪੀਣ ਯੋਗ’ ਪਾਣੀ ਨਾ ਹੋਣ ਦਾ ਹੁਣ ਸ਼ੱਕ ਹੋਣ ਲੱਗਾ ਹੈ।
ਗਲੀ ਵਿਚ ਬੱਚੇ ਖੇਡ ਰਹੇ ਹਨ। ਹੱਸਦੇ ਚਿਹਰਿਆਂ ਦੀਆਂ ਰੌਣਕਾਂ ਮਨ ਨੂੰ ਅਨੂਠੇ ਸਕੂਨ ਅਤੇ ਚਿਹਰੇ ਨੂੰ ਹਾਸੇ ਨਾਲ ਭਰ ਰਹੀਆਂ ਹਨ ਪਰ ਮੇਰੇ ਹਾਸੇ ਪਿੱਛੇ ਕੋਈ ਦਰਦ ਲੁਕਿਆ ਹੋਇਆ ਹੈ। ਸੋਚਦਿਆਂ ਡਰ ਨਾਲ ਕੰਬਦਾ ਹਾਂ ਕਿ ਇਹ ਬਚਪਨ ਕਦੀ ਬਾਲਟੀਆਂ ਫੜ ਕੇ ਪਾਣੀ ਲਈ ਕਿਤੇ ਲੰਮੀ ਕਤਾਰ ’ਚ ਨਾ ਖੜ੍ਹਾ ਹੋਵੇ!
ਰੁੱਤ ਕੋਈ ਵੀ ਹੋਵੇ, ਪਾਣੀ ਰੂਹ ’ਚ ਉਤਰਦਾ। ਨਸਾਂ ਨਾੜੀਆਂ ’ਚ ਠੰਢ ਵਰਤਾਉਂਦਾ, ਤ੍ਰੇਹ ਮਿਟਾਉਂਦਾ, ਫਾਲਤੂ ਪਦਾਰਥਾਂ ਦੀ ਨਿਕਾਸੀ ਕਰਦਾ ਤੇ ਸਾਹਾਂ ਦੀ ਧੜਕਣ ਦੀ ਪਹਿਰੇਦਾਰੀ ਕਰਦਾ। ਅੰਦਰ ਪਾਣੀ ਦੀ ਘਾਟ ਹੋਵੇ, ਬੇਚੈਨੀ ਹੁੰਦੀ, ਚੱਕਰ ਆਉਂਦੇ, ਮੂੰਹ ਸੁੱਕਦਾ। ਬੇਹੋਸ਼ ਹੋਏ ਬੰਦੇ ਦੀ ਪਹਿਲੀ ਲੋੜ ਪਾਣੀ ਹੀ ਹੁੰਦੀ। ਰੁੱਖ, ਝਾੜੀਆਂ, ਫ਼ਸਲਾਂ, ਜੰਗਲ ਸਭ ਪਾਣੀ ਦੇ ਰਿਣੀ। ਨਹਾਉਣ-ਧੋਣ ਜਾਂ ਜੂਠੇ ਭਾਂਡੇ ਮਾਂਜਣ ਲਈ ਇਹ ਆਮ ਜਿਹੀ ਚੀਜ਼ ਨਹੀਂ ਹੈ। ਰਸੋਈ ਵਿੱਚ ਇਸ ਬਿਨਾਂ ਕੁਝ ਬਣਾਇਆ ਪਕਾਇਆ ਜਾ ਸਕਦਾ ਹੈ? ਘਰ ਦੀ ਉਸਾਰੀ ਸਮੇਂ ਨੀਹਾਂ, ਕੰਧਾਂ, ਛੱਤਾਂ ਸਭ ਪਾਣੀ ਮੰਗਦੀਆਂ। ਜੀਵਨ ਦਾ ਆਰੰਭ ਪਾਣੀ ਤੋਂ ਹੀ ਮੰਨਿਆ ਜਾਂਦਾ ਹੈ। ਜਗਤ ਦੇਖਣ ਵਾਲੀਆਂ ਅੱਖਾਂ ’ਚ ਵੀ ਪਾਣੀ ਵਹਿੰਦਾ। ਪਾਣੀ ਜਿਹੀ ਹੋਰ ਵਸਤੂ ਦਰਅਸਲ ਹੈ ਹੀ ਨਹੀਂ।
ਗੁਰਬਾਣੀ ਅਨੁਸਾਰ ਪਾਣੀ ‘ਪਿਤਾ’ ਹੈ। ਚਾਹੁੰਦਾ ਹਾਂ, ਹਰ ਕੋਈ ਪਾਣੀ ਦੀ ਗੱਲ ਕਰੇ, ਸਮਝੇ। ਧਰਤੀ ਹੇਠਲੇ ਪਾਣੀ ਦੀਆਂ ਬਹੁਤੀਆਂ ਪਰਤਾਂ ਤਾਂ ਅਸੀਂ ਮੁਕਾ ਦਿੱਤੀਆਂ। ਛੋਟੇ ਹੁੰਦੇ ਸਾਂ, ਸਾਉਣ ਮਹੀਨੇ ਦੇ ਮੀਂਹਾਂ ਨਾਲ ਬਿਨ ਗੇੜਿਉਂ ਹੀ ਨਲਕਿਆਂ ’ਚੋਂ ਪਾਣੀ ਆਪਮੁਹਾਰਾ ਵਗਣ ਲਗਦਾ। ਹੁਣ ਕੀ ਹੋ ਗਿਐ? ਸੋਚਿਆ ਕਦੀ ਨਹੀਂ। ਹਰ ਸਹੂਲਤ ਇਕੱਠੀ ਕਰਨ ਲਈ ਭੱਜੇ-ਨੱਠੇ ਫਿਰਦੇ ਹਾਂ। ਗਲੀਆਂ, ਬਾਜ਼ਾਰਾਂ ’ਚੋਂ ਲੰਘਦੇ ਸਮੇਂ ਦੇਖ ਕੇ ਮਨ ਬੜਾ ਦੁਖੀ ਹੁੰਦਾ ਹੈ। ਰੋੜ੍ਹੀ ਜਾਉ ਪਾਣੀ, ਜਿੰਨਾ ਜੀਅ ਕਰੇ। ਨਾ ਕੋਈ ਰੋਕਣ ਵਾਲਾ, ਨਾ ਟੋਕਣ ਵਾਲਾ।
ਕਿੰਨਾ ਪਵਿੱਤਰ ਹੈ ਪਾਣੀ! ਪਵਿੱਤਰਤਾ ਦੇ ਪ੍ਰਤੀਕ ਖੂਹਾਂ, ਸਰੋਵਰਾਂ, ਬਉਲੀਆਂ ਵੱਲ ਜਾਈਏ ਤਾਂ ਪਤਾ ਲੱਗੇ। ਮਾਵਾਂ ਵੀ ਪਾਣੀ ਵਾਰ ਕੇ ਪੀਂਦੀਆਂ। ਪਾਠ ਵੇਲੇ ਵੀ ਪਾਣੀ ਕੋਲ ਰੱਖਿਆ ਜਾਂਦਾ, ਦੇਵੀ ਦੇਵਤਿਆਂ ਨੂੰ ਚੜ੍ਹਾਇਆ ਵੀ ਜਾਂਦਾ। ਅੰਮ੍ਰਿਤ ਦਾ ਰੁਤਬਾ ਹੈ ਇਸ ਦਾ। ਵਗਦੇ ਦਰਿਆਵਾਂ ਦੇ ਕਿਨਾਰੇ ਕਿਨਾਰੇ ਸਭਿਆਚਾਰ ਤੇ ਪਿਆਰ ਮੁਹੱਬਤਾਂ ਪਲੀਆਂ। ਜਾਪਦਾ, ਹੁਣ ਜਿਵੇਂ ਇਹ ਪਾਣੀ ਸਰਾਪੇ ਗਏ ਹੋਣ। ਕੀਟਨਾਸ਼ਕ ਦਵਾਈਆਂ, ਫੈਕਟਰੀਆਂ ਦੇ ਫੋਕਟ ਪਦਾਰਥ ਤੇ ਹੋਰ ਅੰਧਵਿਸ਼ਵਾਸਾਂ ਦੀ ਨਿੱਕ-ਸੁੱਕ ਨਾਲ ਇਹ ਪਲੀਤ ਤੇ ਜ਼ਹਿਰੀ ਹੋ ਗਿਆ। ਨੀਲੀ ਭਾਅ ਮਾਰਦੀ ਪਾਰਦਰਸ਼ੀ ਹਿੱਕ ਵੀ ਗੰਧਲੀ ਹੋ ਗਈ। ਇਸ ਦੇ ਕੁਦਰਤੀ ਰਾਹਾਂ ’ਚ ਅਸੀਂ ਵਿਕਾਸ ਦੇ ਭਰਮ ’ਚ ਅੜਿੱਕੇ ਡਾਹ ਦਿੱਤੇ। ਭੁੱਲ ਗਏ ਕਿ ਆਪਣੇ ਰਾਹ ’ਚ ਉਸਰੀਆਂ ਵੱਡੀਆਂ-ਵੱਡੀਆਂ ਕੰਧਾਂ ਨੂੰ ਵੀ ਆਪਣੇ ਨਾਲ ਵਹਾ ਕੇ ਲੈ ਜਾਣਾ ਪਾਣੀਆਂ ਦਾ ਸੁਭਾਅ ਹੁੰਦਾ ਹੈ।
ਮੁਫ਼ਤ ’ਚ ਮਿਲੀ ਚੀਜ਼ ਦੀ ਕਦਰ ਕੋਈ ਘੱਟ ਹੀ ਪਾਉਂਦਾ ਹੈ। ਮਨੁੱਖੀ ਸੁਭਾਅ ਹੈ ਇਹ। ਸ਼ਾਇਦ ਇਸੇ ਲਈ ਕੁਦਰਤ ਵੀ ਆਪਣੀ ਬੇਕਦਰੀ ਕਾਰਨ ਗੁੱਸੇ ’ਚ ਹੈ ਤੇ ਬੇਕਾਬੂ ਹੋ ਕੇ ਆਪਣਾ ਹੱਕ ਖੋਹਣ ਤੇ ਸਬਕ ਸਿਖਾਉਣ ਦੇ ਰਾਹ ਤੁਰ ਪਈ ਹੈ। ਬੱਦਲ ਬੇਹਿਸਾਬਾ ਪਾਣੀ ਡੋਲ੍ਹਣ ਲੱਗੇ ਹਨ। ਸਮਝਦਾਰ ਨੂੰ ਕੁਦਰਤ ਦਾ ਇਸ਼ਾਰਾ ਕਾਫੀ ਹੈ। ਨਾ ਸੋਕੇ ਚੰਗੇ, ਨਾ ਡੋਬੇ; ਨਾ ਹੀ ਚੰਗਾ ਧਰਤੀ ਦੀਆਂ ਪਰਤਾਂ ’ਚੋਂ ਗੁਆਚਦਾ ਪਾਣੀ। ਅਸੀਂ ਪਾਣੀ ਬਾਰੇ ਬਹੁਤ ਸੁਣਦੇ ਹਾਂ, ਪੜ੍ਹਦੇ ਹਾਂ ਤੇ ਦੇਖ ਵੀ ਰਹੇ ਹਾਂ ਪਰ ਚੁੱਪ ਇਉਂ ਹਾਂ ਜਿਵੇਂ ਗੁੰਗੇ ਤੇ ਬੋਲ਼ੇ ਹੋਈਏ। ਕਹਿੰਦੇ, ਤੀਜੇ ਸੰਸਾਰ ਯੁੱਧ ਦੀਆਂ ਜੜ੍ਹਾਂ ਪਾਣੀ‘ਚ ਹੀ ਹੋਣਗੀਆਂ।
ਗਲੀ ’ਚ ਖੇਡਦੇ ਬੱਚੇ ਹੁਣ ਆਪੋ-ਆਪਣੇ ਘਰਾਂ ਨੂੰ ਮੁੜਨ ਲੱਗੇ ਹਨ। ਇਕ ਬੱਚੇ ਨੇ ਮੇਰੇ ਕੋਲੋਂ ਪਾਣੀ ਮੰਗਿਆ ਹੈ। ਫਿਲਟਰ ਕੀਤਾ ਬੇਸੁਆਦਾ ਜਿਹਾ ਗਲਾਸ ਭਰ ਪਾਣੀ ਉਸ ਨੇ ਪੀਤਾ ਹੈ। ਜੀਅ ਕਰਦਾ, ਇਸ ਬੱਚੇ ਨੂੰ ਉਹੋ ਅੰਮ੍ਰਿਤ ਵਰਗਾ ਪਾਣੀ ਦਿਆਂ ਜੋ ਮੈਂ ਆਪਣੇ ਬਚਪਨ ’ਚ ਗਟ-ਗਟ ਕਰ ਕੇ ਪੀ ਜਾਂਦਾ ਸੀ ਪਰ ਅਜਿਹਾ ਦੋ ਘੁੱਟ ਪਾਣੀ ਕਿੱਥੋਂ ਲੱਭਾਂ?... ਗਲੀਆਂ ’ਚ ਵਹਿੰਦੇ ਹੜ੍ਹਾਂ ਦੇ ਦਰਿਆ ਤੇ ਸਾਗਰਾਂ ਦੇ ਹੁੰਦੇ-ਸੁੰਦੇ! ਮੇਰੀ ਸੋਚ ਇਸੇ ਸਵਾਲ ’ਚ ਹੀ ਉਲਝ ਜਾਂਦੀ ਹੈ।

Advertisement

ਸੰਪਰਕ: 94667-37933

Advertisement
Author Image

sukhwinder singh

View all posts

Advertisement
Advertisement
×