For the best experience, open
https://m.punjabitribuneonline.com
on your mobile browser.
Advertisement

ਪਾਤਰ ਦੀਆਂ ਪਰਤਾਂ

08:14 AM May 20, 2024 IST
ਪਾਤਰ ਦੀਆਂ ਪਰਤਾਂ
Advertisement

ਨਵਦੀਪ ਸਿੰਘ ਗਿੱਲ

ਸੁਰਜੀਤ ਪਾਤਰ ਸਾਡੇ ਸਮਿਆਂ ਵਿੱਚ ਸਾਹਿਤ ਜਗਤ ਦਾ ਸਭ ਤੋਂ ਵੱਡਾ, ਸਤਿਕਾਰਤ ਤੇ ਮਕਬੂਲ ਨਾਮ ਸੀ। ਉਹ ਸਹੀ ਮਾਇਨਿਆਂ ਵਿੱਚ ਲੋਕ ਕਵੀ ਸੀ ਜਿਸ ਦੀਆਂ ਲਿਖੀਆਂ ਸਤਰਾਂ ਹਰ ਸਟੇਜ, ਸੈਮੀਨਾਰ, ਜਲਸੇ ਜਾਂ ਮੀਟਿੰਗ ਵਿੱਚ ਦੁਹਰਾਈਆਂ ਜਾਂਦੀਆਂ। ਉਨ੍ਹਾਂ ਦੀ ਅੰਤਿਮ ਵਿਦਾਇਗੀ ਉਤੇ ਹਰ ਅੱਖ ਨਮ ਸੀ। ਉਨ੍ਹਾਂ ਦੇ ਆਸ਼ਾਪੁਰੀ ਸਥਿਤ ਘਰ ਤੋਂ ਜਦੋਂ ਅੰਤਿਮ ਯਾਤਰਾ ਨਿਕਲੀ ਤਾਂ ਮਹਿਸੂਸ ਹੋਇਆ ਕਿ ਉਹ ਹਰ ਇਕ ਦੇ ਚਹੇਤੇ ਕਵੀ ਸਨ। ਰਾਹ ਜਾਂਦਿਆਂ ਰਾਸਤੇ ਵਿੱਚ ਡਿਊਟੀ ਉਤੇ ਖੜ੍ਹੇ ਪੁਲੀਸ ਕਰਮੀ, ਰਾਹਗੀਰ, ਰੇਹੜੀ ਵਾਲੇ, ਇਥੋਂ ਤੱਕ ਕਿ ਸਕੂਟਰ-ਕਾਰ ’ਤੇ ਜਾ ਰਿਹਾ ਸ਼ਖ਼ਸ ਵੀ ਐਂਬੂਲੈਂਸ ਉਪਰ ਲੱਗੀ ਓ ਅ ੲ ਵਾਲੀ ਲੋਈ ਦੀ ਬੁੱਕਲ ਮਾਰੀ ਬੈਠੇ ਸੁਰਜੀਤ ਪਾਤਰ ਦੀ ਤਸਵੀਰ ਦੇਖ ਕੇ ਸਿਜਦਾ ਕਰ ਰਿਹਾ ਸੀ। ਅਸੀਂ ਸੋਚ ਰਹੇ ਸੀ ਕਿ ‘ਚਾਰ ਕੁ ਬੰਦੇ ਛੱਡ ਲੈ ਮੋਢਾ ਦੇਣ ਲਈ’ ਲਿਖਣ ਵਾਲੇ ਸ਼ਾਇਰ ਦੀ ਅਰਥੀ ਨੂੰ ਸੂਬੇ ਦੇ ਮੁੱਖ ਮੰਤਰੀ ਤੋਂ ਲੈ ਕੇ ਸਾਹਿਤ, ਸੰਗੀਤ, ਸੱਭਿਆਚਾਰ, ਪੱਤਰਕਾਰੀ, ਪ੍ਰਸ਼ਾਸਨ, ਰਾਜਸੀ, ਧਾਰਮਿਕ, ਸਮਾਜ ਸੇਵਾ ਆਦਿ ਨਾਲ ਜੁੜਿਆ ਹਰ ਸ਼ਖ਼ਸ ਮੋਢਾ ਦੇਣ ਲਈ ਅੱਗੇ ਆ ਰਿਹਾ ਸੀ। ਵਾਹਗੇ ਪਾਰ ਤੋਂ ਬਾਬਾ ਨਜ਼ਮੀ, ਐੱਮ ਆਸਿਫ਼ ਆਪਣੀ ਸ਼ਰਧਾਂਜਲੀ ਭੇਂਟ ਕਰ ਰਿਹਾ ਸੀ। ਪੰਜਾਬ, ਦਿੱਲੀ ਸਮੇਤ ਕੈਨੇਡਾ, ਅਮਰੀਕਾ, ਇੰਗਲੈਂਡ ਆਦਿ ਵਿੱਚ ਸ਼ਰਧਾਂਜਲੀ ਸਮਾਗਮ ਰੱਖੇ ਗਏ। ਉਨ੍ਹਾਂ ਦੀ ਮਕਬੂਲੀਅਤ ਹੱਦਾਂ-ਸਰਹੱਦਾਂ ਤੋਂ ਪਾਰ ਸੀ।
ਸੁਰਜੀਤ ਪਾਤਰ ਦੇ ਸੁਭਾਅ ਦੀਆਂ ਅਨੇਕ ਪਰਤਾਂ ਸਨ ਜਿਸ ਦੇ ਦਾਇਰੇ ਵਿੱਚ ਹਰ ਕੋਈ ਆਉਂਦਾ ਸੀ। ਪਦਮ ਸ੍ਰੀ ਜੇਤੂ ਪਹਿਲਵਾਨ ਕਰਤਾਰ ਸਿੰਘ ਨੇ ਉਨ੍ਹਾਂ ਨਾਲ ਜੁੜੀ ਗੱਲ ਸੁਣਾਈ ਕਿ ਇਕ ਵਾਰ ਉਨ੍ਹਾਂ ਆਪਣੇ ਗਰਾਈਂ ਵਰਿਆਮ ਸਿੰਘ ਸੰਧੂ ਰਾਹੀਂ ਸੁਰਜੀਤ ਪਾਤਰ ਨੂੰ ਸੁਣਨ ਦੀ ਸਿਫਾਰਸ਼ ਕੀਤੀ। ਕਰਤਾਰ ਸਿੰਘ ਦਾ ਜਨਮ ਦਿਨ ਸੁਰਜੀਤ ਪਾਤਰ ਦੇ ਜਨਮ ਦਿਨ ਤੋਂ ਅਗਲੇ ਦਿਨ 15 ਜਨਵਰੀ ਨੂੰ ਆਉਂਦਾ ਹੈ ਅਤੇ ਸੁਰਜੀਤ ਪਾਤਰ ਨੇ ਕਰਤਾਰ ਸਿੰਘ ਦੇ ਜਨਮ ਦਿਨ ਵਾਲੀ ਰਾਤ ਜਲੰਧਰ ਸਥਿਤ ਉਨ੍ਹਾਂ ਦੇ ਚੀਮਾ ਨਗਰ ਵਾਲੇ ਘਰ ਮਹਿਫ਼ਲ ਲਗਾਈ। ਉਹ ਸਾਰੀ ਰਾਤ ਪਾਤਰ ਨੂੰ ਸੁਣਦੇ ਰਹੇ ਅਤੇ ਦਾਦ ਦਿੰਦੇ ਰਹੇ।
ਸੁਰਜੀਤ ਪਾਤਰ ਨੂੰ ਗੱਲ ਬਹੁਤ ਅਹੁੜਦੀ ਸੀ, ਉਨ੍ਹਾਂ ਦੀ ਗੱਲ ਦਾ ਲਹਿਜਾ ਵੀ ਬਾਕਮਾਲ ਸੀ। ਹੌਲੀ-ਹੌਲੀ ਬੋਲਦੇ ਉਹ ਅਜਿਹੀ ਗੱਲ ਕਰ ਦਿੰਦੇ ਕਿ ਸੁਣਨ ਵਾਲਿਆਂ ਨੂੰ ਸਰਸ਼ਾਰ ਕਰ ਦਿੰਦੇ। ਗੁਰਭਜਨ ਸਿੰਘ ਗਿੱਲ ਦੱਸਦੇ ਹੁੰਦੇ ਕਿ ਇਕ ਵਾਰ ਉਨ੍ਹਾਂ ਨੂੰ ਪੁੱਛਿਆ- ‘ਤੁਹਾਡਾ ਸੁਭਾਅ ਸਹਿਜ ਤੇ ਨਿਮਰ ਕਿਉਂ ਹੈ ਅਤੇ ਵਰਿਆਮ ਸਿੰਘ ਸੰਧੂ ਦਾ ਖਰਵਾਂ?’ ਪਾਤਰ ਦਾ ਜਵਾਬ ਸੀ- ‘ਮੈਂ ਛੋਟਾ ਹੁੰਦਾ ਗੁੁਰਬਾਣੀ ਸਰਵਣ ਕਰਦਾ ਰਿਹਾ ਅਤੇ ਵਰਿਆਮ ਢਾਡੀ ਸੁਣਦਾ ਰਿਹਾ।’ ਇੰਝ ਉਹ ਇਕ ਸਤਰ ਵਿੱਚ ਪੂਰਾ ਤੁਲਤਾਨਤਮਕ ਅਧਿਐਨ ਕਰ ਦਿੰਦੇ।
ਸੰਨ 2006 ਦੀ ਗੱਲ ਹੈ ਜਦੋਂ ਸੁਰਜੀਤ ਪਾਤਰ ਅਤੇ ਸ਼ਮਸ਼ੇਰ ਸੰਧੂ ਆਪਣੇ ਹੋਰ ਦੋਸਤਾਂ ਨਾਲ ਕਿਸੇ ਸਮਾਗਮ ਤੋਂ ਬਾਅਦ ਜਲੰਧਰ ਤੋਂ ਵਾਪਸ ਪਰਤ ਰਹੇ ਸਨ। ਰਾਹ ਵਿੱਚ ਹਵੇਲੀ ਵਿੱਚ ਚਾਹ-ਪਾਣੀ ਪੀਂਦਿਆਂ ਜਦੋਂ ਨੌਜਵਾਨ ਮੁੰਡੇ-ਕੁੜੀਆਂ ਸ਼ਮਸ਼ੇਰ ਸੰਧੂ ਨਾਲ ਤਸਵੀਰਾਂ ਖਿੱਚਵਾਉਣ ਲੱਗੇ ਤਾਂ ਕੋਲ ਖੜ੍ਹੇ ਸੁਰਜੀਤ ਪਾਤਰ ਵੱਲ ਇਸ਼ਾਰਾ ਕਰਦਿਆਂ ਸ਼ਮਸ਼ੇਰ ਸੰਧੂ ਨੇ ਉਨ੍ਹਾਂ ਬਾਰੇ ਦੱਸਦਿਆਂ ਤਸਵੀਰ ਖਿਚਵਾਉਣ ਲਈ ਕਿਹਾ। ਨਵੀਂ ਉਮਰ ਦੇ ਕਈ ਨੌਜਵਾਨ ਸੁਰਜੀਤ ਪਾਤਰ ਤੋਂ ਨਾਵਾਕਿਫ਼ ਸਨ ਜਿਸ ਕਰ ਕੇ ਉਨ੍ਹਾਂ ਅਣਗੌਲਿਆ ਜਿਹਾ ਕਰਦਿਆਂ ਉਪਰਲੇ ਮਨੋਂ ਤਸਵੀਰ ਖਿਚਵਾਈ। ਬਾਅਦ ਵਿੱਚ ਪਾਤਰ ਨੇ ਹਾਸੇ ਵਿੱਚ ਸ਼ਮਸ਼ੇਰ ਸੰਧੂ ਨੂੰ ਛੇੜਿਆ- ‘ਸ਼ਮਸ਼ੇਰ ਤੇਰੇ ਨਾਲ ਅੱਗੇ ਤੋਂ ਜਾਣਾ ਨਹੀਂ ਚਾਹੀਦਾ।’
ਸੁਰਜੀਤ ਪਾਤਰ ਨਾਲ ਕਲਾ ਭਵਨ ਵਿੱਚ ਅਨੇਕ ਵਾਰ ਮੁਲਾਕਾਤ ਹੋਈ। ਉਦੋਂ ਹਰ ਦਿਨ ਕੋਈ ਨਾ ਕੋਈ ਨਵੀਂ ਉਮਰ ਦਾ ਲੇਖਕ ਉਨ੍ਹਾਂ ਕੋਲ ਕਿਤਾਬ ਦਾ ਮੁੱਖਬੰਦ ਲਿਖਣ ਦੀ ਬੇਨਤੀ ਕਰਨ ਆਇਆ ਹੁੰਦਾ। ਉਨ੍ਹਾਂ ਕਿਸੇ ਨੂੰ ਵੀ ਨਾਰਾਜ਼ ਨਾ ਕਰਨਾ। ਇਸ ਦਾ ਮੈਂ ਖ਼ੁਦ ਗਵਾਹ ਹਾਂ; ਉਨ੍ਹਾਂ 2019 ਵਿੱਚ ਛਪੀ ਮੇਰੀ ਕਿਤਾਬ ‘ਨੌਲੱਖਾ ਬਾਗ਼’ ਦੇ ਸਰਵਰਕ ਲਈ ਇਕ ਪੰਨਾ ਲਿਖ ਕੇ ਦਿੱਤਾ। ਉਨ੍ਹਾਂ ਵਿਦਿਆਰਥੀਆਂ ਲਈ ਕਲਾ ਭਵਨ ਦਾ ਰਾਹ ਮੋਕਲਾ ਕੀਤਾ। ਉਹ ਅਕਸਰ ਕਹਿੰਦੇ ਸਨ ਕਿ ਸਾਹਿਤਕਾਰਾਂ ਲਈ ਸਾਹਿਤ ਸਮਾਗਮ ਕਰਵਾਉਣਾ ਤਾਂ ਇਵੇਂ ਹੈ ਜਿਵੇਂ ਸਮੁੰਦਰ ਉਪਰ ਹੀ ਮੀਂਹ ਪੈ ਰਿਹਾ ਹੋਵੇ। ਉਨ੍ਹਾਂ ਰੰਧਾਵਾ ਉਤਸਵ ਦੌਰਾਨ ਨਵੀਂ ਪੀੜ੍ਹੀ ਲਈ ਸਾਹਿਤਕ ਕੁਇਜ਼ ਮੁਕਾਬਲੇ ਅਤੇ ਨਵੀਂ ਉਮਰ ਦੇ ਉਭਰਦੇ ਗਾਇਕਾਂ ਦੇ ਹੀਰ ਗਾਇਨ ਮੁਕਾਬਲੇ ਕਰਵਾਏ। ਸੰਗੀਤ ਨਾਲ ਉਨ੍ਹਾਂ ਦੀ ਸਾਂਝ ਕਲਾ ਭਵਨ ਦੇ ਵਿਹੜੇ ਵਿੱਚ ਸਥਾਪਤ ਕੀਤੀ ਰਬਾਬ ਦੱਸਦੀ ਹੈ। ਉਹ ਅਕਸਰ ਘਰ ਵਿੱਚ ਆਪਣੇ ਪੁੱਤਰ ਮਨਰਾਜ ਨਾਲ ਗਿਟਾਰ ਉਤੇ ਰਿਆਜ਼ ਕਰਦੇ। 2019 ਵਿੱਚ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਉਨ੍ਹਾਂ ਗੁਰਮਿਤ ਸਮਾਗਮਾਂ ਦੀ ਵਿਉਂਤਬੰਦੀ ਕੀਤੀ।
ਸੁਰਜੀਤ ਪਾਤਰ ਆਪਣੇ ਤੋਂ ਛੋਟੀ ਉਮਰ ਦਿਆਂ ਨੂੰ ਦਾਦ ਦੇਣ ਤੋਂ ਪਿੱਛੇ ਨਹੀਂ ਹਟਦੇ ਸਨ। 2004 ਵਿੱਚ ਸੁਰਜੀਤ ਪਾਤਰ ਅਤੇ ਸੁਤਿੰਦਰ ਸਿੰਘ ਨੂਰ ਵਿਚਾਲੇ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਦੀ ਹੋਈ ਚੋਣ ਦੀਆਂ ਯਾਦਾਂ ਬਾਰੇ ਮੈਂ ਮਿਡਲ ਲਿਖਿਆ ਜਿਸ ਦਾ ਸਿਰਲੇਖ ‘ਪਹਿਲਾਂ ਮੈਂ ਜਿੱਤਿਆ ਤੇ ਫੇਰ ਪਾਤਰ’ ਸੀ। ਉਸ ਲੇਖ ਵਿੱਚ ਮੈਂ ਆਪਣੇ ਗੁਰੂ ਪ੍ਰਿੰਸੀਪਲ ਸਰਵਣ ਸਿੰਘ ਨਾਲ ਮੁਲਾਕਾਤ ਦੀ ਖੁਸ਼ੀ ਸਾਂਝੀ ਕਰ ਰਿਹਾ ਸੀ। ਮੇਰੇ ਲਈ ਹੈਰਾਨੀ ਤੇ ਖੁਸ਼ੀ ਵਾਲੀ ਗੱਲ ਸੀ ਕਿ ਸਵੇਰੇ ਉਹ ਲੇਖ ਪੜ੍ਹ ਫੋਨ ਕਰਨ ਵਾਲਿਆਂ ਵਿੱਚ ਪਹਿਲਾ ਨਾਮ ਸੁਰਜੀਤ ਪਾਤਰ ਸੀ।
ਇਹ ਵੀ ਅਜੀਬ ਇਤਫ਼ਾਕ ਹੈ ਕਿ ਮੈਂ ਪਹਿਲੀ ਵਾਰ ਉਨ੍ਹਾਂ ਨੂੰ ਸਾਲ 2000 ਵਿੱਚ ਐੱਸਡੀ ਕਾਲਜ ਬਰਨਾਲਾ ਵਿੱਚ ਅਦਬੀ ਅਦਾਰੇ ਵੱਲੋਂ ਕਰਵਾਏ ਕਵੀ ਦਰਬਾਰ ਵਿੱਚ ਮਿਲਿਆ ਸੀ, ਉਦੋਂ ਪਹਿਲੀ ਵਾਰ ਹੀ ਉਨ੍ਹਾਂ ਨਾਲ ਤਸਵੀਰ ਖਿਚਵਾਈ ਸੀ। ਸੁਰਜੀਤ ਪਾਤਰ ਨੇ ਆਪਣੇ ਆਖਿ਼ਰੀ ਸਮਾਗਮ ਵਿੱਚ ਬਰਨਾਲਾ ਵਿੱਚ ਹੀ ਸ਼ਿਰਕਤ ਕੀਤੀ ਅਤੇ ਸਮਾਗਮ ਤੋਂ ਬਾਅਦ ਐੱਸਡੀ ਕਾਲਜ ਦੇ ਸਟੂਡਿਓ ਵਿੱਚ ਇੰਟਰਵਿਊ ਦੇਣ ਤੋਂ ਬਾਅਦ ਬੈਡਮਿੰਟਨ ਕੋਰਟ ਵਿੱਚ ਖਿਡਾਰੀਆਂ ਨੂੰ ਮਿਲੇ। ਇਹ ਉਹੀ ਥਾਂ ਹੈ ਜਿੱਥੇ ਸਾਲ 2000 ਵਿੱਚ ਵੱਡਾ ਹਾਲ ਸੀ ਅਤੇ ਸੁਰਜੀਤ ਪਾਤਰ ਕਵੀ ਦਰਬਾਰ ਵਿੱਚ ਸ਼ਾਮਲ ਹੋਏ ਸਨ।

Advertisement

ਸੰਪਰਕ: 97800-36216

Advertisement
Author Image

sukhwinder singh

View all posts

Advertisement
Advertisement
×