For the best experience, open
https://m.punjabitribuneonline.com
on your mobile browser.
Advertisement

ਅਤੀਤ ਦੀ ਜੁਦਾਈ

06:28 AM Jul 27, 2024 IST
ਅਤੀਤ ਦੀ ਜੁਦਾਈ
Advertisement

ਅਸ਼ਪੁਨੀਤ ਕੌਰ ਸਿੱਧੂ

Advertisement

ਕਈ ਸਾਲ ਪਹਿਲਾਂ ਜਦ ਮੈਂ ਅੰਮ੍ਰਿਤਸਰ ਪੜ੍ਹਦੀ ਸੀ, ਆਪਣੀ ਜਮਾਤਣ ਅਤੇ ਉਸ ਦੇ ਪਰਿਵਾਰ ਨਾਲ ਅੰਮ੍ਰਿਤਸਰ ਜਿ਼ਲ੍ਹੇ ਦੇ ਅਟਾਰੀ ਸਰਹੱਦ ਨੇੜੇ ਉਨ੍ਹਾਂ ਦੇ ਜੱਦੀ ਪਿੰਡ ਨੌਸ਼ਹਿਰਾ ਢਾਲਾ ਗਈ। ਜਦੋਂ ਜਮਾਤਣ ਦੇ ਪਰਿਵਾਰ ਨੂੰ ਪਤਾ ਲੱਗਾ ਕਿ ਮੇਰਾ ਜੱਦੀ ਪਰਿਵਾਰ ਲਾਹੌਰ ਜਿ਼ਲੇ ਦੇ ਪਿੰਡ ਦਾ ਸੀ, ਉਨ੍ਹਾਂ ਮੈਨੂੰ ਨਾਲ ਲੱਗਦੇ ਪਿੰਡ ਦਾ ਮੇਲਾ ਦੇਖਣ ਲਈ ਜ਼ੋਰ ਪਾਇਆ। ਉਨ੍ਹਾਂ ਦਾ ਦੱਸਣਾ ਸੀ ਕਿ ਉਹ ਪਿੰਡ ਸਰਹੱਦ ਵਾਲੀ ਵਾੜ ਤੋਂ ਸਿਰਫ਼ ਇੱਕ ਕਿਲੋਮੀਟਰ ਦੂਰ ਹੈ। ਇਹ ਜਾਣਕਾਰੀ ਮੇਰੀ ਉਤਸੁਕਤਾ ਵਧਾਉਣ ਲਈ ਕਾਫੀ ਸੀ ਅਤੇ ਮੇਰੇ ਅੰਦਰ ਕਾਹਲ ਪੈਣ ਲੱਗੀ। ਹੁਣ ਮੈਂ ਉਨ੍ਹਾਂ ਦੇ ਸਰਹੱਦੀ ਪਿੰਡ ਪਹੁੰਚਣ ਲਈ ਇੰਤਜ਼ਾਰ ਨਹੀਂ ਕਰ ਸਕਦੀ ਸੀ ਤੇ ਅਸੀਂ ਛੇਤੀ ਹੀ ਉਨ੍ਹਾਂ ਦੇ ਪਿੰਡ ਨੌਸ਼ਿਹਰਾ ਢਾਲਾ ਲਈ ਰਵਾਨਾ ਹੋ ਗਏ।
ਉਥੇ ਪਹੁੰਚਣ ’ਤੇ ਮੇਰੀ ਦੋਸਤ ਦੇ ਪਿਤਾ ਨੇ ਮੇਰੀ ਗੱਲਬਾਤ ਇੱਕ ਬਜ਼ੁਰਗ ਨਾਲ ਕਰਵਾਈ ਜਿਨ੍ਹਾਂ ਨੇ ਦਾਅਵਾ ਕੀਤਾ ਕਿ ਉਹ 93 ਸਾਲਾਂ ਦੇ ਸਨ। ਜਦੋਂ ਮੈਂ ਉਸ ਬਜ਼ੁਰਗ ਨੂੰ ਆਪਣੇ ਪੜਦਾਦਾ ਜੀ ਦਾ ਨਾਮ ਦੱਸਿਆ ਤਾਂ ਉਹ ਹੱਸ ਪਿਆ, “ਉਹੋ ਤਾਂ ਕੁੱਤੇ ਮਾਰ ਸਰਦਾਰ ਸੀ ਪਢਾਣਾ ਦੇ।” ਬਜ਼ੁਰਗ ਸੱਜਣ ਦੇ ਇਹ ਦੱਸਣ ਤੋਂ ਪਹਿਲਾਂ ਕਿ ਮੇਰੇ ਪੜਦਾਦਾ ਜੀ ਦਾ ਇਹ ਨਾਮ ਕਿਵੇਂ ਪਿਆ, ਅਜੀਬ ਜਿਹੀ ਚੁੱਪ ਛਾ ਗਈ।
ਗੱਲਾਂ ਕਰਦਿਆਂ ਉਹ ਬਜ਼ੁਰਗ ਦੱਸ ਰਹੇ ਸਨ ਕਿ ਮੇਰੇ ਪੜਦਾਦਾ ਜੀ ਦਾ ਅਸਲੀ ਨਾਮ ਮੇਵਾ ਸਿੰਘ ਸੀ ਜੋ ਇਮਾਨਦਾਰ ਤੇ ਸਖ਼ਤ ਪੁਲੀਸ ਅਫਸਰ ਸਨ। ਇਕ ਵਾਰ ਮੇਵਾ ਸਿੰਘ ਦੀ ਟੀਮ ਨੇ ਕੋਈ ਅਪਰਾਧੀ ਫੜ ਲਿਆ ਅਤੇ ਉਸ ਨੂੰ ਕੁੱਤੇ ਵਾਂਗ ਕੁੱਟਿਆ ਜਦੋਂ ਤੱਕ ਉਸ ਨੇ ਇਹ ਸਵੀਕਾਰ ਨਹੀਂ ਕੀਤਾ ਕਿ ਉਸ ਨੇ ਅਪਰਾਧ ਕੀਤਾ ਹੈ। ਉਦੋਂ ਤੋਂ ਹੀ ਮੇਵਾ ਸਿੰਘ ਨੂੰ ਕੁੱਤੇ ਮਾਰ ਸਰਦਾਰ ਕਿਹਾ ਜਾਣ ਲੱਗਾ।
ਉਥੇ ਬੈਠੇ ਇੱਕ ਹੋਰ ਬਜ਼ੁਰਗ ਨੇ ਦੱਸਿਆ ਕਿ ਉਹਦੇ ਸਾਡੇ ਪਰਿਵਾਰ ਨਾਲ ਚੰਗੇ ਸਬੰਧ ਸਨ ਅਤੇ ਖਾਸਾ ਸਮਾਂ ਉਹਨੇ ਇਸ ਰਿਸ਼ਤੇ ਦਾ ਆਨੰਦ ਮਾਣਿਆ। ਉਨ੍ਹਾਂ ਅਨੁਸਾਰ, ਪੰਜਾਬ ਦੀ ਵੰਡ ਤੋਂ ਪਹਿਲਾਂ ਉਹ ਅਕਸਰ ਸਾਡੇ ਜੱਦੀ ਘਰ ਜਾਂਦੇ ਰਹਿੰਦੇ ਸਨ। ਉਨ੍ਹਾਂ ਯਾਦ ਕੀਤਾ ਕਿ ਪਢਾਣਾ ਘਰ ਖੁੱਲ੍ਹਾ-ਡੁੱਲ੍ਹਾ ਹੋਣ ਕਾਰਨ ਗਰਮੀਆਂ ਦਾ ਸਮਾਂ ਸਭ ਤੋਂ ਵਧੀਆ ਬੀਤਦਾ ਸੀ। ਉਹ ਘਰ ਤਿੰਨ ਮੰਜਿ਼ਲਾ ਸੀ ਪਰ 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਉਪਰਲੀ ਮੰਜਿ਼ਲ ਤਬਾਹ ਕਰ ਦਿੱਤੀ ਗਈ। ਪੁਰਾਣੇ ਜ਼ਮਾਨੇ ਵਿੱਚ ਉਸ ਘਰ ਦੀ ਜ਼ਮੀਨੀ ਮੰਜਿ਼ਲ ਦੀ ਵਰਤੋਂ ਸਿਰਫ਼ ਖਾਣ ਪੀਣ ਅਤੇ ਆਏ ਗਏ ਲਈ ਕੀਤੀ ਜਾਂਦੀ ਸੀ ਤੇ ਖਾਣਾ ਪਕਾਉਣ ਤੋਂ ਬਾਅਦ ਰਸੋਈਆ ਟਲ ਵਜਾਉਂਦਾ ਸੀ। ਤਿਆਰ ਬਰ ਤਿਆਰ ਰਹਿਣ ਵਾਲੇ ਮੇਵਾ ਸਿੰਘ ਦਾ ਖਾਸ ਖਿਆਲ ਰਹਿੰਦਾ ਸੀ ਕਿ ਖਾਣਾ ਨਿਸ਼ਚਿਤ ਸਮੇਂ ’ਤੇ ਪਰੋਸਿਆ ਜਾਵੇ, ਨਹੀਂ ਤਾਂ ਰਸੋਈਏ ਨੂੰ ਉਨ੍ਹਾਂ ਦੇ ਸਖ਼ਤ ਸੁਭਾਅ ਦਾ ਸਾਹਮਣਾ ਕਰਨਾ ਪੈਂਦਾ ਸੀ। ਉਸ ਘਰ ਦੀਆਂ ਪੌੜੀਆਂ ਸੁਰੱਖਿਆ ਕਾਰਨਾਂ ਕਰ ਕੇ ਗੁੰਝਲਦਾਰ ਢੰਗ ਨਾਲ ਬਣਾਈਆਂ ਗਈਆਂ ਸਨ।
ਭਾਵੁਕ ਹੁੰਦਿਆ ਬਜ਼ੁਰਗ ਨੇ ਮੈਨੂੰ ਪੁੱਛਿਆ, “ਆਪਣਾ ਘਰ ਦੇਖਣਾ?” ਫਿਰ ਉਨ੍ਹਾਂ ਨਾਲ ਲੱਗਦੀ ਇਮਾਰਤ ਵੱਲ ਇਸ਼ਾਰਾ ਕਰ ਕੇ ਕਿਹਾ, “ਉੱਪਰ ਜਾਉ ਤੇ ਦੇਖੋ, ਬਿਲਕੁਲ ਉਹੀ ਜਿੱਥੇ ਕਾਫੀ ਦਰਖਤ ਲੱਗੇ ਨੇ, ਓਹ ਹੈ ਤੁਹਾਡਾ ਘਰ।” ਜਦ ਹੀ ਬਜ਼ੁਰਗ ਨੇ ਇਹ ਕਿਹਾ, ਮੈਂ ਜਲਦੀ ਨਾਲ ਛੱਤ ਵੱਲ ਦੌੜਦੀ ਹਾਂ। ਛੱਤ ’ਤੇ ਪਹੁੰਚ ਕੇ ਥੋੜ੍ਹੀ ਦੂਰੀ ’ਤੇ ਧੁੰਦਲੀ ਜਿਹੀ ਦੋ ਮੰਜਿ਼ਲਾ ਇਮਾਰਤ ਦਿਸੀ ਜਿਸ ਦੇ ਆਲੇ ਦੁਆਲੇ ਬਹੁਤ ਸਾਰੇ ਅਸ਼ੋਕ ਰੁੱਖ ਲੱਗੇ ਹੋਏ ਸਨ। ਮੇਰੀਆਂ ਅੱਖਾਂ ਭਰ ਆਈਆਂ। ਜੋ ਕੁਝ ਸਾਹਮਣੇ ਦੇਖ ਰਹੀ ਸੀ, ਉਸ ਸਭ ਸਾਂਝਾ ਕਰਨ ਲਈ ਪਿਤਾ ਜੀ ਨੂੰ ਫੋਨ ਕੀਤਾ। ਜਦੋਂ ਉਨ੍ਹਾਂ ਕੋਲੋਂ ਕੁੱਤੇ ਮਾਰ ਸਰਦਾਰ ਬਾਰੇ ਪੁੱਛਿਆ ਤਾਂ ਮੈਨੂੰ ਲੱਗਿਆ, ਇਕ ਵਾਰ ਤਾਂ ਉਨ੍ਹਾਂ ਦੀ ਆਵਾਜ਼ ਵੀ ਲੜਖੜਾ ਗਈ ਹੈ।
ਉਦੋਂ ਮੈਨੂੰ ਅਹਿਸਾਸ ਹੋਇਆ ਕਿ ਕਿਵੇਂ ਇੱਕ ਕਿਲੋਮੀਟਰ ਅਤੇ ਕੰਡਿਆਲੀ ਤਾਰ ਦੀ ਵਾੜ ਨੇ ਵਰਤਮਾਨ ਨੂੰ ਅਤੀਤ ਤੋਂ ਦੂਰ ਕੀਤਾ ਹੋਇਆ ਹੈ। ਹੁਣ ਤਾਂ ਬੱਸ ਮੇਰੀ ਇੱਕੋ ਇੱਛਾ ਹੈ ਕਿ ਇਸ ਜੀਵਨ ਵਿੱਚ ਲਹਿੰਦੇ ਪੰਜਾਬ ਦੇ ਉਸ ਘਰ ਜਾਵਾਂ...।
ਸੰਪਰਕ: 99885-85879

Advertisement

Advertisement
Author Image

joginder kumar

View all posts

Advertisement