ਜਦੋਂ ਪ੍ਰਿੰਸੀਪਲ ਨੇ ਮੁਆਫ਼ੀ ਮੰਗੀ
ਸੁਖਦਰਸ਼ਨ ਨੱਤ
ਯੂਪੀ ਦੇ ਮੁਜ਼ਫਰਨਗਰ ਜਿ਼ਲ੍ਹੇ ਦੇ ਇਕ ਸਕੂਲ ਵਿਚ ਵਾਪਰੀ ਘਟਨਾ ਇਨ੍ਹੀਂ ਦਿਨੀਂ ਦੇਸ਼ ਵਿਦੇਸ਼ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਘਟਨਾ ਇਹ ਸੀ ਕਿ ਇਕ ਪ੍ਰਾਈਵੇਟ ਸਕੂਲ ਦੀ ਅਧਿਆਪਕ ਨੇ ਪਹਾੜੇ ਯਾਦ ਨਾ ਕਰ ਸਕਣ ਵਾਲੇ ਅੱਠ ਸਾਲ ਦੇ ਬੱਚੇ ਦੇ ਧਰਮ ਬਾਰੇ ਮੰਦੀ ਟਿੱਪਣੀ ਕਰਦਿਆਂ, ਕਲਾਸ ਦੇ ਸਾਰੇ ਬੱਚਿਆਂ ਤੋਂ ਉਸ ਦੇ ਚਪੇੜਾਂ ਮਰਵਾਈਆਂ। ਇਸ ਬਾਰੇ ਮੀਡੀਆ ਅਤੇ ਸੋਸ਼ਲ ਮੀਡੀਆ ਵਿਚ ਚੱਲੀ ਚਰਚਾ ਦਰਮਿਆਨ ਇਕ ਅਹਿਮ ਨੁਕਤਾ ਇਹ ਵੀ ਉਭਰਿਆ ਕਿ ਅਜਿਹਾ ਕਰ ਕੇ ਅਧਿਆਪਕ ਆਪਣੇ ਮਾਸੂਮ ਵਿਦਿਆਰਥੀਆਂ ਦੇ ਮਨਾਂ ਵਿਚ ਫਿ਼ਰਕੂਪੁਣੇ ਦੇ ਬੀਜ ਬੋ ਰਹੀ ਹੈ ਜਾਂ ਅਧਿਆਪਕ ਦੇ ਕਹਿਣ ਦੇ ਬਾਵਜੂਦ ਬੱਚਿਆਂ ਨੇ ਆਪਣੇ ਉਸ ਹਮਜਮਾਤੀ ਦੇ ਥੱਪੜ ਮਾਰਨ ਤੋਂ ਇਨਕਾਰ ਕਿਉਂ ਨਹੀਂ ਕੀਤਾ?
ਸੱਤਾਧਾਰੀਆਂ ਵਲੋਂ ਦੇਸ਼ ਵਿਚ ਫੈਲਾਏ ਫਿ਼ਰਕੂ ਨਫ਼ਰਤ ਦੇ ਮਾਹੌਲ ਦੇ ਅਸਰ ਹੇਠ ਸਕੂਲ ਵਿਚ ਹੋਈ ਇਸ ਘਟਨਾ ਨੇ ਮੈਨੂੰ ਕਰੀਬ 25 ਸਾਲ ਪਹਿਲਾਂ ਇਕ ਸਕੂਲ ਵਿਚ ਵਾਪਰੀ ਇਕ ਹੋਰ ਅਜਿਹੀ ਘਟਨਾ ਚੇਤੇ ਕਰਵਾ ਦਿੱਤੀ। ਗੱਲ 1998 ਦੇ ਅੰਤ ਜਾਂ 1999 ਦੇ ਸ਼ੁਰੂ ਦੀ ਹੈ। ਸਾਡੀ ਧੀ ਸਾਡੇ ਸ਼ਹਿਰ ਦੇ ਇਕ ਪ੍ਰਾਈਵੇਟ ਸਕੂਲ ਵਿਚ ਉਦੋਂ ਤੀਜੀ ਜਾਂ ਚੌਥੀ ਜਮਾਤ ਦੀ ਵਿਦਿਆਰਥਣ ਸੀ। ਉਸ ਵਕਤ ਵੀ ਕੇਂਦਰ ਵਿਚ ਭਾਜਪਾ ਹੀ ਸੱਤਾ ਵਿਚ ਸੀ ਅਤੇ ਅਟਲ ਬਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਸਨ।
ਇਕ ਦਿਨ ਧੀ ਦੇ ਸਕੂਲ ਵਿਚ ਐਕਟਿਵਿਟੀ ਡੇ ਦੀ ਅਸੈਂਬਲੀ ਸੀ। ਬੱਚੇ ਵਾਰੋ-ਵਾਰੀ ਮੰਚ ਤੋਂ ਕੋਈ ਗੀਤ, ਕਵਿਤਾ ਜਾਂ ਚੁਟਕਲਾ ਸੁਣਾ ਰਹੇ ਸਨ। ਇਕ ਬੱਚੇ ਨੇ ਭੋਲੇ-ਭਾਅ ਚੁਟਕਲਾ ਸੁਣਾਇਆ ਜੋ ਦਰਅਸਲ ਇਕ ਦੌਰ ਦੇ ਬੜੇ ਹਰਮਨ ਪਿਆਰੇ ਬਾਲ ਗੀਤ ‘ਆਉ ਬੱਚੋ ਤੁਮ੍ਹੇਂ ਸੁਨਾਏ ਕਹਾਨੀ ਹਿੰਦੋਸਤਾਨ ਕੀ’ ਦੀ ਫਿ਼ਰਕੂ ਮਾਨਸਿਕਤਾ ਨਾਲ ਬਣਾਈ ਗਈ ਮਾੜੀ ਪੈਰੋਡੀ ਸੀ। ਇਹ ਪੈਰੋਡੀ ਸੁਣ ਕੇ ਉਥੇ ਹਾਜ਼ਰ ਸੈਂਕੜੇ ਬੱਚਿਆਂ ਅਤੇ ਦਰਜਨਾਂ ਅਧਿਆਪਕਾਂ ਵਿਚੋਂ ਬਹੁਤੇ ਹੱਸੇ ਜਾਂ ਮੁਸਕਰਾਏ ਪਰ ਸਕੂਲ ਦੇ ਪ੍ਰਿੰਸੀਪਲ ਸਮੇਤ ਕਿਸੇ ਨੇ ਵੀ ਇਕ ਮਜ਼ਹਬ ਨਾਲ ਸਬੰਧਿਤ ਨਾਗਰਿਕਾਂ ਦਾ ਖੁੱਲ੍ਹੇਆਮ ਅਪਮਾਨ ਕਰਨ ਵਾਲੇ ਇਸ ‘ਚੁਟਕਲੇ’ ਦਾ ਕੋਈ ਨੋਟਿਸ ਨਾ ਲਿਆ।
ਪਰਿਵਾਰ ਵਿਚਲੇ ਧਰਮ ਜਾਤ ਦੇ ਪਾੜੇ ਤੋਂ ਮੁਕਤ, ਖੁੱਲ੍ਹੇ ਮਾਹੌਲ ਵਿਚ ਜੰਮੀ ਪਲੀ ਸਾਡੀ ਮਾਸੂਮ ਧੀ ਨੂੰ ਬੇਸ਼ੱਕ ਇਹ ‘ਚੁਟਕਲਾ’ ਬੁਰੀ ਤਰ੍ਹਾਂ ਚੁੱਭਿਆ ਪਰ ਉਹ ਪੂਰੇ ਸਕੂਲ ਦੀ ਅਸੈਂਬਲੀ ਵਿਚ ਕੁਝ ਬੋਲਣ ਤੋਂ ਹਿਚਕ ਗਈ। ਛੁੱਟੀ ਹੋਣ ’ਤੇ ਘਰ ਪਹੁੰਚਣ ਸਾਰ ਉਹ ਇਹ ਸਭ ਦੱਸਦਿਆਂ ਅਤੇ ਆਪਣੇ ਅੰਦਰਲਾ ਗੁੱਸਾ ਮੇਰੇ ਕੋਲ ਕੱਢਦਿਆਂ ਬੋਲੀ, “ਭਲਾ ਪਾਪਾ, ਜੇ ਸਾਡੇ ਸਕੂਲ ਵਿਚ ਕੋਈ ਉਸ ਮਜ਼ਹਬ ਨਾਲ ਸਬੰਧਿਤ ਬੱਚਾ ਹੋਇਆ ਤਾਂ ਉਸ ਨੂੰ ਇਹ ਗੱਲ ਕਿੰਨੀ ਬੁਰੀ ਲੱਗੀ ਹੋਵੇਗੀ ਤੇ ਹੋਰ ਬੱਚੇ ਉਸ ਨੂੰ ਇਹ ਸੁਣਾ ਸੁਣਾ ਕੇ ਕਿੰਨਾ ਛੇੜਨਗੇ? ਉਸ ਦੀ ਗੱਲ ਸੁਣਨ ਤੋਂ ਬਾਅਦ ਮੈਂ ਕਿਹਾ ਕਿ ਇਹ ਗੱਲ ਉਸ ਨੂੰ ਘਰ ਆ ਕੇ ਦੱਸਣ ਦੀ ਬਜਾਇ, ਉਥੇ ਅਸੈਂਬਲੀ ਵਿਚ ਹੀ ਜਾਂ ਸਕੂਲ ਦੇ ਪ੍ਰਿੰਸੀਪਲ ਨੂੰ ਕਹਿਣੀ ਚਾਹੀਦੀ ਸੀ। ਉਸ ਨੇ ਉਤਸ਼ਾਹਤ ਹੋ ਕੇ ਮੈਨੂੰ ਪੁੱਛਿਆ ਕਿ ਉਹ ਹੁਣ ਵੀ ਉਨ੍ਹਾਂ ਨੂੰ ਇਹ ਕਹਿ ਸਕਦੀ ਹੈ? ਮੈਂ ਕਿਹਾ ਕਿ ਬਿਲਕੁਲ ਕਹਿ ਸਕਦੀ ਹੈ ਸਗੋਂ ਲਾਜ਼ਮੀ ਬੋਲਣਾ ਚਾਹੀਦਾ ਹੈ। ਉਸ ਨੇ ਤਸੱਲੀ ਨਾਲ ਹਾਂ ਵਿਚ ਆਪਣਾ ਸਿਰ ਹਿਲਾਇਆ।
ਅਗਲੇ ਦਿਨ ਸਕੂਲ ਪਹੁੰਚਣ ਸਾਰ ਉਹ ਸਿੱਧੀ ਪ੍ਰਿੰਸੀਪਲ ਦੇ ਦਫ਼ਤਰ ਗਈ ਅਤੇ ਹਿੰਮਤ ਕਰ ਕੇ ਅਸੈਂਬਲੀ ਵਾਲੀ ਉਸ ਘਟਨਾ ਬਾਰੇ ਆਪਣਾ ਇਤਰਾਜ਼ ਉਨ੍ਹਾਂ ਸਾਹਮਣੇ ਰੱਖ ਦਿੱਤਾ। ਸਿਆਣੀ ਉਮਰ ਦਾ ਪ੍ਰਿੰਸੀਪਲ ਸੁਣਨ ਸਾਰ ਮਾਮਲੇ ਦੀ ਗੰਭੀਰਤਾ ਨੂੰ ਸਮਝ ਗਿਆ। ਉਸ ਨੇ ਧੀ ਨੂੰ ਹੱਲਾਸ਼ੇਰੀ ਦਿੱਤੀ ਅਤੇ ਕਿਹਾ, “ਪੁੱਤਰ, ਤੇਰੀ ਗੱਲ ਸਹੀ ਹੈ, ਸਾਨੂੰ ਉਸੇ ਵੇਲੇ ਉਸ ਬੱਚੇ ਨੂੰ ਰੋਕਣਾ ਤੇ ਸਮਝਾਉਣਾ ਚਾਹੀਦਾ ਸੀ। ਵੈਰੀ ਸੌਰੀ, ਚਲੋ ਇਹ ਕੰਮ ਅੱਜ ਤੇ ਹੁਣੇ ਕਰਦੇ ਹਾਂ।”
ਉਸ ਦਿਨ ਸਕੂਲ ਦੀ ਸਵੇਰ ਦੀ ਸਭਾ ਦੌਰਾਨ ਪ੍ਰਿੰਸੀਪਲ ਨੇ ਕੱਲ੍ਹ ਵਾਲੀ ਘਟਨਾ ਬਾਰੇ ਜਿ਼ਕਰ ਕਰਦਿਆਂ ਅਫ਼ਸੋਸ ਪ੍ਰਗਟ ਕੀਤਾ। ਉਸ ਨੇ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਚਿਤਾਵਨੀ ਦਿੱਤੀ ਕਿ ਅੱਗੇ ਤੋਂ ਕਿਸੇ ਧਰਮ ਜਾਤ ਜਾਂ ਫਿ਼ਰਕੇ ਦਾ ਅਪਮਾਨ ਵਾਲੀ ਕੋਈ ਇਤਰਾਜ਼ਯੋਗ ਗੱਲ ਕੋਈ ਵੀ ਆਪਣੀ ਜ਼ਬਾਨ ਉਤੇ ਨਹੀਂ ਲਿਆਵੇਗਾ। ਇਹ ਮਾਮਲਾ ਧਿਆਨ ਵਿਚ ਲਿਆਉਣ ਲਈ ਉਨ੍ਹਾਂ ਸਾਡੀ ਧੀ ਦਾ ਜਿ਼ਕਰ ਕਰਦਿਆਂ, ਉਸ ਨੂੰ ਮੰਚ ’ਤੇ ਸ਼ਾਬਾਸ਼ ਵੀ ਦਿੱਤੀ ਅਤੇ ਪ੍ਰਿੰਸੀਪਲ ਕਿਹਾ ਕਿ ‘ਯੈਸ ਸਰ/ਯੈਸ ਮੈਡਮ’ ਕਹਿਣ ਦੇ ਨਾਲ ਨਾਲ, ਸਾਨੂੰ ਆਪਣੇ ਵਿਦਿਆਰਥੀਆਂ ਵਿਚ ਕਿਸੇ ਗ਼ਲਤ ਗੱਲ ’ਤੇ ਸੁਆਲ ਕਰਨ ਅਤੇ ‘ਨੋ ਸਰ’ ਕਹਿਣ ਦੀ ਜੁਰਅਤ ਵੀ ਪੈਦਾ ਕਰਨੀ ਚਾਹੀਦੀ ਹੈ।
ਸੰਪਰਕ: 94172-33404