ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜਦੋਂ ਅਮਰੀਕੀ ਬੱਚੀ ਨੇ ਸ਼ਰਮਸਾਰ ਕੀਤਾ

08:00 AM Oct 08, 2024 IST

ਚਰਨਜੀਤ ਸਿੰਘ ਗੁਮਟਾਲਾ

ਜਦੋਂ ਤੁਸੀਂ ਅਮਰੀਕਾ ਆਉਂਦੇ ਹੋ ਤਾਂ ਹਵਾਈ ਅੱਡੇ ਤੋਂ ਬਾਹਰ ਆਉਂਦਿਆਂ ਤੁਸੀਂ ਇੱਕ ਅਜੀਬ ਤਰ੍ਹਾਂ ਦੀ ਦੁਨੀਆ ਵੇਖਦੇ ਹੋ। ਸੜਕਾਂ ਉਪਰ ਸਿਵਾਏ ਐਂਬੂਲੈਂਸ ਦੇ ਕੋਈ ਵੀ ਗੱਡੀ ਹਾਰਨ ਮਾਰਦਿਆਂ ਨਹੀਂ ਮਿਲਦੀ। ਜਿਵੇਂ ਸਾਡੇ ਸਿਆਸਤਦਾਨ ਗੰਨਮੈਨ ਤੇ ਲਾਲ ਬੱਤੀਆਂ ਵਾਲੀਆਂ ਗੱਡੀਆਂ ਲਈ ਫਿਰਦੇ ਹਨ ,ਉਹ ਵੀ ਨਹੀਂ ਦਿਖਦੀਆਂ। ਸਾਰੇ ਸਿਆਸਤਦਾਨ ਵਿਧਾਇਕ, ਪਾਰਲੀਮੈਂਟ ਮੈਂਬਰ, ਮੰਤਰੀ, ਏਥੋਂ ਤੀਕ ਕਿ ਗਵਰਨਰ ਆਮ ਲੋਕਾਂ ਵਾਂਗ ਚਲਦੇ ਫਿਰਦੇ ਹਨ। ਉਨ੍ਹਾਂ ਦੀ ਗੱਡੀ ਉਪਰ ਕੋਈ ਵਿਸ਼ੇਸ਼ ਚਿੰਨ੍ਹ ਨਹੀਂ ਲੱਗਾ ਹੁੰਦਾ। ਕੇਵਲ ਰਾਸ਼ਟਰਪਤੀ ਦੀ ਹੀ ਸਕਿਉਰਿਟੀ ਹੈ, ਬਾਕੀਆਂ ਦੀ ਨਹੀਂ। ਏਸੇ ਤਰ੍ਹਾਂ ਕੈਨੇਡਾ ਵਿੱਚ ਕੇਵਲ ਪ੍ਰਧਾਨ ਮੰਤਰੀ ਦੀ ਹੀ ਸਕਿਉਰਿਟੀ ਹੈ। ਬਾਕੀ ਸਾਰੇ ਸਿਆਸਤਦਾਨ ਆਪਣੀ ਗੱਡੀ ਆਪ ਚਲਾਉਂਦੇ ਹਨ। ਕੋਈ ਉਨ੍ਹਾਂ ਨਾਲ ਗੰਨਮੈਨ ਨਹੀਂ ਹੁੰਦਾ। ਹਰੇਕ ਵਿਧਾਇਕ ਤੇ ਹਰੇਕ ਪਾਰਲੀਮੈਂਟ ਦਾ ਦਫ਼ਤਰ ਹੈ, ਜਿੱਥੇ ਉਹ ਬਾਕਾਇਦਾ ਬੈਠਦੇ ਹਨ । ਉਨ੍ਹਾਂ ਦੇ ਦਫ਼ਤਰ ਜਿਵੇਂ ਸਰਕਾਰੀ ਦਫ਼ਤਰ ਕੰਮ ਕਰਦੇ ਹਨ, ਉਸੇ ਤਰ੍ਹਾਂ ਇਨ੍ਹਾਂ ਦੀ ਕਾਰਜਪ੍ਰਣਾਲੀ ਹੈ। ਲੋਕ ਆਪਣੇ ਮਸਲੇ ਲੈ ਕੇ ਵਿਧਾਇਕਾਂ ਤੇੇ ਪਾਰਲੀਮੈਂਟ ਮੈਂਬਰਾਂ ਨੂੰ ਮਿਲਦੇ ਹਨ ਤੇ ਉਹ ਸੰਬੰਧਿਤ ਅਧਿਕਾਰੀਆਂ ਨੂੰ ਉਹਨਾਂ ਦੇ ਹੱਲ ਲਈ ਭੇਜਦੇ ਹਨ। ਸਾਡੇ ਫਿਲਮੀ ਕਲਾਕਾਰ ਬੰਬਈ ਤੋਂ ਪੰਜਾਬ ਆ ਕੇ ਚੋਣ ਲੜਦੇ ਹਨ ਤੇ ਜਿੱਤਣ ਤੋਂ ਬਾਅਦ ਉਹ ਪੰਜ ਸਾਲ ਲੱਭਦੇ ਨਹੀਂ। ਇਨ੍ਹਾਂ ਮੁਲਕਾਂ ਵਿੱਚ ਤੁਸੀਂ ਕੋਈ ਅਵਾਰਾ ਕੁੱਤਾ ਨਹੀਂ ਵੇਖੋਗੇ। ਨਾ ਹੀ ਕਿਤੇ ਲਾਊਡ ਸਪੀਕਰ ਹੈ। ਪੁਲੀਸ ਏਨੀ ਚੰਗੀ ਹੈ ਕਿ 911 ਨੰਬਰ ‘ਤੇ ਫੋਨ ਕਰੋ, ਉਹ ਤੁਹਾਡੀ ਸੇਵਾ ਵਿੱਚ ਹਾਜ਼ਰ ਹੋ ਜਾਂਦੇ ਹਨ।
ਹੁਣ ਅਸੀਂ ਹੱਡਬੀਤੀ ਵੱਲ ਆਉਂਦੇ ਹਾਂ। ਇੱਕ ਦਿਨ ਮੈਂ ਸੈਰ ਕਰ ਰਿਹਾ ਸੀ ਤਾਂ ਮੈਂ ਟਾਫ਼ੀ ਮੂੰਹ ਵਿੱਚ ਪਾ ਕੇ ਉਸ ਦਾ ਉਪਰ ਦਾ ਜਿਹੜਾ ਕਵਰ ਹੁੰਦਾ ਹੈ, ਉਹ ਮੈਂ ਫੁਟਪਾਥ ਦੇ ਨਾਲ ਲੱਗੇ ਘਾਹ ਉਪਰ ਸੁੱਟ ਦਿੱਤਾ। ਇੱਕ ਬਹੁਤ ਛੋਟੀ ਬੱਚੀ ਤਿੰਨ ਪਹੀਆਂ ਵਾਲਾ ਸਾਈਕਲ ਚਲਾ ਰਹੀ ਸੀ। ਉਸ ਨੇ ਮੈਨੂੰ ਉਹ ਕਵਰ ਸੁੱਟਦਿਆਂ ਵੇਖ ਲਿਆ ਤੇ ਆ ਕੇ ਉਹ ਕਵਰ ਚੁੱਕ ਲਿਆ। ਮੈਂ ਵੇਖਦਾ ਰਿਹਾ ਕਿ ਉਹ ਕੀ ਕਰਦੀ ਹੈ। ਉਹ ਆਪਣੇ ਘਰ ਗਈ ਤੇ ਬਾਹਰ ਰੱਖੇ ਕੂੜੇਦਾਨ ਵਿੱਚ ਉਸ ਨੂੰ ਸੁੱਟ ਦਿੱਤਾ।
ਇਸ ਘਟਨਾ ਨੇ ਮੈਨੂੰ ਬੀ.ਐਡ. ਦੇ ਇੱਕ ਪ੍ਰੋਫ਼ੈੱਸਰ ਸ੍ਰੀ ਵੀ ਕੇ ਕੋਹਲੀ ਦੀ ਸੁਣਾਈ ਘਟਨਾ ਯਾਦ ਕਰਾਈ ਕਿ ਉਹ ਰੇਲ ਗੱਡੀ ਵਿੱਚ ਸਫ਼ਰ ਕਰ ਰਹੇ ਸਨ। ਉਨ੍ਹਾਂ ਪਾਸ ਇੱਕ ਅੰਗਰੇਜ਼ ਬੱਚੇ ਸਮੇਤ ਬੈਠਾ ਸੀ। ਕੋਹਲੀ ਸਾਹਿਬ ਨੇ ਆਪਣੇ ਕੋਲ ਸੇਬਾਂ ਵਿੱਚੋਂ ਇੱਕ ਸੇਬ ਉਸ ਅੰਗਰੇਜ਼ ਬੱਚੇ ਨੂੰ ਦੇ ਦਿੱਤਾ। ਬੱਚੇ ਨੇ ਸੇਬ ਖਾਣਾ ਸ਼ੁਰੂ ਕੀਤਾ ਤਾਂ ਅੰਗਰੇਜ਼ ਨੇ ਬੱਚੇ ਨੂੰ ਚਪੇੜ ਮਾਰ ਦਿੱਤੀ। ਉਨ੍ਹਾਂ ਨੇ ਕਾਰਨ ਪੁੱਛਿਆ ਤਾਂ ਅੰਗਰੇਜ਼ ਨੇ ਕਿਹਾ ਕਿ ਇਸ ਨੇ ਤੁਹਾਡਾ ਧੰਨਵਾਦ ਨਹੀਂ ਕੀਤਾ। ਅਮਰੀਕਾ ਵਿੱਚ ਕੋਈ ਵਸਤੂ ਖ੍ਰੀਦੋ ਤਾਂ ਪੈਸੇ ਪ੍ਰਾਪਤ ਕਰਨ ਵਾਲਾ ਧੰਨਵਾਦ ਕਹਿੰਦਾ ਹੈ ਤੇ ‘ਹੈਵ ਏ ਗੁੱਡ ਡੇਅ’ ਕਹਿੰਦਾ ਹੈ। ਗਾਹਕ ਵੈਲਕਮ ਕਹਿੰਦਾ ਹੈ ਤੇ ‘ਸੇਮ ਟੂ ਯੂ’ ਕਹਿੰਦਾ ਹੈ। ਇਹ ਇੱਥੋਂ ਦਾ ਸਭਿਆਚਾਰ ਹੈ।
ਅਮਰੀਕਾ ਵਿੱਚ ਸਫਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਪਾਰਕਾਂ ਵਿੱਚ ਤੇ ਹਰੇਕ ਜਨਤਕ ਥਾਂ ‘ਤੇ ਕੂੜੇਦਾਨ ਰੱਖੇ ਹੁੰਦੇ ਹਨ। ਕੁੱਤਿਆਂ, ਬਿੱਲੀਆਂ ਨਾਲ ਸੈਰ ਕਰਨ ਵਾਲਿਆਂ ਨੇ ਹੱਥ ਵਿੱਚ ਲਫਾਫੇ ਫੜ੍ਹੇ ਹੁੰਦੇ ਹਨ। ਜਦ ਵੀ ਜਾਨਵਰ ਟੱਟੀ ਕਰਦਾ ਹੈ ਤਾਂ ਉਹ ਚੁੱਕ ਕੇ ਲਫਾਫੇ ਵਿੱਚ ਪਾਉਂਦੇ ਹਨ ਤੇ ਨਿਰਧਾਰਿਤ ਥਾਵਾਂ ’ਤੇ ਸੁੱਟਦੇ ਹਨ।
ਅੰਮ੍ਰਿਤਸਰ ਗੁਰੂ ਦੀ ਨਗਰੀ ਹੈ। ਰੋਜ਼ਾਨਾ ਵੱਡੀ ਗਿਣਤੀ ਵਿੱਚ ਦੇਸ਼ ਤੇ ਵਿਦੇਸ਼ਾਂ ਤੋਂ ਹਜ਼ਾਰਾਂ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਲਈ ਆਉਂਦੇ ਹਨ। ਥਾਂ-ਥਾਂ ਦਰਬਾਰ ਸਾਹਿਬ ਦੇ ਰਸਤੇ ਵਿੱਚ ਲੱਗੇ ਕੂੜੇ ਦੀਆਂ ਢੇਰੀਆਂ ਦੀਆਂ ਤਸਵੀਰਾਂ ਅਖ਼ਬਾਰਾਂ ਤੇ ਸ਼ੋਸ਼ਲ ਮੀਡੀਆ ‘ਤੇ ਵੇਖ ਕੇ ਸ਼ਰਮ ਆਉਂਦੀ ਹੈ। ਪੰਜਾਬ ਸਰਕਾਰ ਨੇ ਸਾਰੇ ਪਿੰਡਾਂ ਤੇ ਸ਼ਹਿਰਾਂ ਨੂੰ ਗੰਦਗੀ ਮੁਕਤ ਕਰਨ ਲਈ ਸਿੰਗਾਪੁਰ ਦੀ ਤਰਜ਼ ‘ਤੇ ਪੰਜਾਬ ਮਿਉਂਸਿਪਲ (ਸੈਨੀਟੇਸ਼ਨ ਐਂਡ ਪਬਲਿਕ ਹੈਲਥ) ਬਾਈਲਾਜ਼ 2003 ਬਣਾਏ ਹੋਏ ਹਨ। ਇਸ ਕਾਨੂੰਨ ਅਨੁਸਾਰ ਕੋਈ ਵੀ ਵਿਅਕਤੀ ਨਿਰਧਾਰਿਤ ਸਥਾਨ ਤੋਂ ਇਲਾਵਾ ਕੂੜਾ ਕਰਕਟ ਸੁੱਟਦਾ ਹੈ ਤਾਂ ਉਸ ਨੂੰ ਇਕ ਹਜ਼ਾਰ ਰੁਪਏ ਜੁਰਮਾਨਾ ਕਰਨ ਦੀ ਵਿਵਸਥਾ ਹੈ। ਇਸ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਲੋੜ ਹੈ। ਚੰਡੀਗੜ੍ਹ ਵਿਚ ਨਿਰਧਾਰਿਤ ਸਥਾਨ ਤੋਂ ਇਲਾਵਾ ਕੂੜਾ ਸੁੱਟਣ ਵਾਲੇ ਨੂੰ ਜੁਰਮਾਨਾ ਕੀਤਾ ਜਾਂਦਾ ਹੈ। ਏਸੇ ਕਰਕੇ ਉੱਥੇ ਤੁਸੀਂ ਗੰਦਗੀ ਦੇ ਅਜਿਹੇ ਢੇਰ ਨਹੀਂ ਦੇਖਦੇ। ਆਓ, ਅਸੀਂ ਵੀ ਇਸ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰੀਏ ਤਾਂ ਜੋ ਗੁਰੂ ਪੀਰਾਂ ਦੀ ਧਰਤੀ ਇੱਕ ਖੂਬਸੂਰਤ ਧਰਤੀ ਬਣ ਸਕੇ।

Advertisement

ਸੰਪਰਕ: 001-937-573-9812

Advertisement
Advertisement