ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸ਼ਿਆਮ ਬੈਨੇਗਲ ਨੇ ਜਦੋਂ ਕਿਸਾਨਾਂ ਤੋਂ ਦੋ-ਦੋ ਰੁਪਏ ਇਕੱਠੇ ਕਰਕੇ ਫਿਲਮ ਬਣਾਈ

08:43 AM Dec 28, 2024 IST
ਸ਼ਿਆਮ ਬੈਨੇਗਲ

ਮਸ਼ਹੂਰ ਫਿਲਮ ਨਿਰਮਾਤਾ ਅਤੇ ਸਮਾਨਾਂਤਰ ਸਿਨੇਮਾ ਦੇ ਪਿਤਾਮਾ ਮੰਨੇ ਜਾਂਦੇ ਸ਼ਿਆਮ ਬੈਨੇਗਲ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ। ਉਸ ਦੇ ਜੀਵਨ ਵਿੱਚ 50 ਸਾਲ ਪਹਿਲਾਂ ਇੱਕ ਸਮਾਂ ਅਜਿਹਾ ਆਇਆ ਜਦੋਂ ਉਸ ਨੇ 5 ਲੱਖ ਕਿਸਾਨਾਂ ਤੋਂ ਸਿਰਫ਼ ਦੋ-ਦੋ ਰੁਪਏ ਲੈ ਕੇ ਫਿਲਮ ਬਣਾਈ ਸੀ। ਇਹ ਫਿਲਮ ਸੀ ‘ਮੰਥਨ’ (1976)। ਇਹ ਵਰਗੀਜ ਕੁਰੀਅਨ ਦੇ ਦੁੱਧ ਦੇ ਸਹਿਕਾਰੀ ਅੰਦੋਲਨ ਤੋਂ ਪ੍ਰੇਰਿਤ ਸੀ। ਇਸ ਫਿਲਮ ਨੂੰ ਬਣਾਉਣ ਲਈ ਪੰਜ ਲੱਖ ਡੇਅਰੀ ਕਿਸਾਨਾਂ ਨੇ ਦੋ-ਦੋ ਰੁਪਏ ਦਾ ਯੋਗਦਾਨ ਦਿੱਤਾ ਸੀ। ਇਸ ਫਿਲਮ ਨੂੰ ਦੇਖਣ ਲਈ ਪਿੰਡਾਂ ਤੋਂ ਲੋਕ ਟਰੱਕ ਭਰ ਕੇ ਦੇਖਣ ਜਾਂਦੇ ਸਨ।

Advertisement

ਫਿਲਮ ‘ਮੰਥਨ’

ਦਰਅਸਲ, 1976 ਦੀ ਇਹ ਫਿਲਮ ਦੁੱਧ ਕ੍ਰਾਂਤੀ ’ਤੇ ਬਣੀ ਸੀ। ਫਿਲਮ ਦਾ ਸਹਿ ਲੇਖਕ ਡਾਕਟਰ ਵਰਗੀਜ ਕੁਰੀਅਨ ਸੀ। 1970 ਵਿੱਚ ਵਰਗੀਜ ਨੇ ਅਪਰੇਸ਼ਨ ਫਲੱਡ ਦੀ ਸ਼ੁਰੂਆਤ ਕੀਤੀ ਸੀ ਜਿਸ ਨਾਲ ਭਾਰਤ ਵਿੱਚ ਸਫ਼ੈਦ ਕ੍ਰਾਂਤੀ ਆਈ ਅਤੇ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਦੁੱਧ ਉਤਪਾਦਕ ਦੇਸ਼ ਬਣਿਆ। ਇਹ ਦੇਖ ਕੇ ਸ਼ਿਆਮ ਬੈਨੇਗਲ ਨੇ ਇਸ ’ਤੇ ਫਿਲਮ ਬਣਾਉਣ ਦਾ ਫ਼ੈਸਲਾ ਕੀਤਾ। ਮਸਾਲਾ ਫਿਲਮਾਂ ਦੇ ਦੌਰ ਵਿੱਚ ਅਜਿਹੀ ਕਹਾਣੀ ’ਤੇ ਕੋਈ ਨਿਰਮਾਤਾ ਪੈਸੇ ਲਾਉਣ ਨੂੰ ਤਿਆਰ ਨਹੀਂ ਸੀ। ਅਜਿਹੇ ਵਿੱਚ ਵਰਗਿਜ ਨੇ ਪਿੰਡਾਂ ਦੀ ਸਹਿਕਾਰੀ ਸੰਮਤੀ ਦੋਂ ਮਦਦ ਮੰਗੀ ਜਿਸ ਨਾਲ 5 ਲੱਖ ਕਿਸਾਨ ਜੁੜੇ ਹੋਏ ਸਨ। ਹਰ ਕਿਸਾਨ ਨੇ ਫਿਲਮ ਲਈ ਦੋ-ਦੋ ਰੁਪਏ ਦਾ ਚੰਦਾ ਦਿੱਤਾ, ਜਿਸ ਨਾਲ ਲਗਭਗ 10 ਲੱਖ ਰੁਪਏ ਇਕੱਠੇ ਹੋਏ। ਇਸ ਰਕਮ ਨਾਲ ਫਿਲਮ ‘ਮੰਥਨ’ ਬਣਾਈ ਗਈ। ਸਮਿਤਾ ਪਾਟਿਲ, ਨਸੀਰੂਦੀਨ ਸ਼ਾਹ, ਗਿਰੀਸ਼ ਕਰਨਾਡ ਅਤੇ ਕੁਲਭੁਸ਼ਣ ਖਰਬੰਦਾ ਨੇ ਇਸ ਵਿੱਚ ਅਹਿਮ ਕਿਰਦਾਰ ਨਿਭਾਏ ਸਨ। ਇਸ ਫਿਲਮ ਨੂੰ ਬਿਹਤਰੀਨ ਫੀਚਰ ਫਿਲਮ ਅਤੇ ਬਿਹਤਰੀਨ ਸਕਰੀਨਪਲੇ ਦੇ ਦੋ ਨੈਸ਼ਨਲ ਐਵਾਰਡ ਮਿਲੇ। ਫਿਲਮ ਨੂੰ ਉਸ ਸਾਲ ਬਿਹਤਰੀਨ ਫੀਚਰ ਫਿਲਮ ਕੈਟੇਗਰੀ ਵਿੱਚ ਆਸਕਰ ਲਈ ਨਾਮਜ਼ਦ ਕੀਤਾ ਗਿਆ ਸੀ।
ਅੱਠ ਵਾਰ ਨੈਸ਼ਨਲ ਫਿਲਮ ਐਵਾਰਡ ਜਿੱਤ ਚੁੱਕੇ ਸ਼ਿਆਮ ਬੈਨੇਗਲ ਨੇ ‘ਮੰਥਨ’ ਤੋਂ ਇਲਾਵਾ ‘ਅੰਕੁਰ’, ‘ਨਿਸ਼ਾਂਤ’, ‘ਭੂਮਿਕਾ’ ਅਤੇ ‘ਮੰਡੀ’ ਵਰਗੀਆਂ ਫਿਲਮਾਂ ਨਾਲ ਹਿੰਦੀ ਸਿਨੇਮਾ ਨੂੰ ਇੱਕ ਵੱਖਰੀ ਪਛਾਣ ਦਿੱਤੀ। ਇਨ੍ਹਾਂ ਫਿਲਮਾਂ ਰਾਹੀਂ ਉਸ ਨੇ ਸਮਾਜ ਨੂੰ ਸ਼ੀਸ਼ਾ ਦਿਖਾਇਆ ਹੈ। ਬੈਨੇਗਲ ਦੇ ਟੀਵੀ ਲੜੀਵਾਰ ‘ਯਾਤਰਾ’, ‘ਕਥਾ ਸਾਗਰ’ ਅਤੇ ‘ਭਾਰਤ: ਏਕ ਖੋਜ’ ਬਹੁਤ ਮਸ਼ਹੂਰ ਹੋਏ ਸਨ। ਉਸ ਨੇ 12 ਸਾਲ ਦੀ ਉਮਰ ਵਿੱਚ ਆਪਣੇ ਫੋਟੋਗ੍ਰਾਫਰ ਪਿਤਾ ਸ਼੍ਰੀਧਰ ਬੀ ਦੇ ਅਧੀਨ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸ ਨੇ ਪਹਿਲੀ ਫਿਲਮ 12 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਦੇ ਕੈਮਰੇ ਨਾਲ ਹੀ ਸ਼ੂਟ ਕੀਤੀ ਸੀ। ਭਾਰਤੀ ਫਿਲਮਾਂ ਦੇ ਮਹਾਨ ਨਿਰਦੇਸ਼ਕ ਸੱਤਿਆਜੀਤ ਰੇਅ ਉਸ ਦੀ ਪ੍ਰਤਿਭਾ ਦੇ ਪ੍ਰਸ਼ੰਸਕ ਸਨ।

ਫਿਲਮ ‘ਮੰਡੀ’

ਪਦਮਸ਼੍ਰੀ ਅਤੇ ਪਦਮ ਭੂਸ਼ਣ ਤੋਂ ਇਲਾਵਾ ਭਾਰਤੀ ਸਿਨੇਮਾ ਦੇ ਚੋਟੀ ਦੇ ਪੁਰਸਕਾਰ ਦਾਦਾ ਸਾਹਿਬ ਫਾਲਕੇ ਨਾਲ ਸਨਮਾਨਿਤ ਬੇਨੇਗਲ ਨੇ ‘ਜ਼ੁਬੈਦਾ’, ‘ਦਿ ਮੇਕਿੰਗ ਆਫ ਮਹਾਤਮਾ’, ‘ਨੇਤਾਜੀ ਸੁਭਾਸ਼ ਚੰਦਰ ਬੋਸ: ਦਿ ਫੌਰਗੌਟਨ ਹੀਰੋ’, ‘ਅਰੋਹਨ’, ‘ਵੈਲਕਮ ਟੂ ਦਿ ਸੱਜਨਪੁਰ’ ਵਰਗੀਆਂ ਫਿਲਮਾਂ ਬਣਾਈਆਂ। ਉਸ ਦੇ ਫਿਲਮੀ ਕਰੀਅਰ ਦੀ ਸ਼ੁਰੂਆਤ 1974 ਵਿੱਚ ‘ਅੰਕੁਰ’ ਫਿਲਮ ਦੇ ਨਿਰਦੇਸ਼ਨ ਨਾਲ ਹੋਈ। ਇਹ ਫਿਲਮ ਸਮਾਜਿਕ ਮੁੱਦਿਆਂ ’ਤੇ ਆਧਾਰਿਤ ਸੀ। ਇਸ ਫਿਲਮ ਨੇ ਉਸ ਨੂੰ ਅੰਤਰਾਸ਼ਟਰੀ ਪੱਧਰ ’ਤੇ ਪਛਾਣ ਦਿਵਾਈ। ‘ਅੰਕੁਰ’ ਨੇ 40 ਤੋਂ ਜ਼ਿਆਦਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਐਵਾਰਡ ਜਿੱਤੇ ਸਨ। ਇਸ ਫਿਲਮ ਨੇ ਸਾਮੰਤਵਾਦ ਅਤੇ ਜਿਨਸੀ ਸ਼ੋਸ਼ਣ ਵਰਗੇ ਚਰਚਿਤ ਮੁੱਦਿਆਂ ਨੂੰ ਉਜਾਗਰ ਕੀਤਾ ਸੀ। ਸ਼ਿਆਮ ਦੇ ਨਾਲ ਨਾਲ ਇਹ ਸ਼ਬਾਨਾ ਆਜ਼ਮੀ ਦੀ ਵੀ ਪਹਿਲੀ ਫਿਲਮ ਸੀ।

Advertisement

ਫਿਲਮ ‘ਅੰਕੁਰ’ ਦਾ ਦ੍ਰਿਸ਼

ਉਸ ਦੀਆਂ ਫਿਲਮਾਂ ਸਮਾਜਿਕ ਅਤੇ ਰਾਜਨੀਤਕ ਵਿਸ਼ਿਆਂ ’ਤੇ ਆਧਾਰਿਤ ਸਨ। ‘ਜਨੂੰਨ’ (1979) ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਦੌਰਾਨ ਵਾਲੀ ਕਹਾਣੀ ਹੈ। ਇਹ ਫਿਲਮ ਇੱਕ ਬ੍ਰਿਟਿਸ਼ ਔਰਤ (ਨਫੀਸਾ ਅਲੀ) ਅਤੇ ਇੱਕ ਭਾਵੁਕ ਪਠਾਨ (ਸ਼ਸ਼ੀ ਕਪੂਰ) ਵਿਚਕਾਰ ਵਰਜਿਤ ਪ੍ਰੇਮ ਕਹਾਣੀ ਨੂੰ ਦਰਸਾਉਂਦੀ ਹੈ। ਧਰਮਵੀਰ ਭਾਰਤੀ ਦੇ ਨਾਵਲ ’ਤੇ ਆਧਾਰਿਤ ਫਿਲਮ ‘ਸੂਰਜ ਕਾ ਸਾਤਵਾਂ ਘੋੜਾ’ (1992) ਨੇ ਵੀ ਵਿਲੱਖਣ ਕਹਾਣੀ ਪੇਸ਼ ਕੀਤੀ। ‘ਏਕ ਕੁੰਵਾਰਾ’ (ਰਣਜੀਤ ਕਪੂਰ) ਤਿੰਨ ਵੱਖ-ਵੱਖ ਸਮਾਜਿਕ ਵਰਗਾਂ ਦੀਆਂ ਔਰਤਾਂ ਦੀਆਂ ਕਹਾਣੀਆਂ ਸੁਣਾਉਂਦਾ ਹੈ ਜਿਨ੍ਹਾਂ ਨੇ ਉਸ ਦੇ ਜੀਵਨ ਨੂੰ ਪ੍ਰਭਾਵਿਤ ਕੀਤਾ। ਇਸ ਦਾ ਹਰ ਪਾਤਰ ਵੱਖਰਾ ਸੀ ਅਤੇ ਸਮਾਜ ਦੇ ਵਿਭਿੰਨ ਤਾਣੇ-ਬਾਣੇ ਦਾ ਪ੍ਰਤੀਕ ਸੀ। ਫਿਲਮ ‘ਭੂਮਿਕਾ’ ਮਰਾਠੀ ਅਭਿਨੇਤਰੀ ਹੰਸਾ ਵਾਡਕਰ ਦੀਆਂ ਯਾਦਾਂ ਤੋਂ ਪ੍ਰੇਰਿਤ, ਨਿੱਜੀ ਪਛਾਣ, ਨਾਰੀਵਾਦ ਅਤੇ ਰਿਸ਼ਤਿਆਂ ਦੇ ਟਕਰਾਅ ਦੇ ਵਿਸ਼ਿਆਂ ’ਤੇ ਗਹਿਰਾਈ ਨਾਲ ਚਰਚਾ ਕਰਦੀ ਹੈ। ‘ਮੰਡੀ’ (1983) ਵੇਸਵਾਗਮਨੀ ਅਤੇ ਰਾਜਨੀਤੀ ’ਤੇ ਵਿਅੰਗਮਈ ਟਿੱਪਣੀ ਕਰਦੀ ਹੈ। ਇਹ ਸਮਾਜਿਕ ਅਤੇ ਰਾਜਨੀਤਿਕ ਦਬਾਅ ਦੇ ਵਿਰੁੱਧ ਇੱਕ ਵੇਸ਼ਵਾ ਦੇ ਸੰਘਰਸ਼ ਨੂੰ ਦਰਸਾਉਂਦੀ ਹੈ। ‘ਕਲਯੁਗ’ ਮਹਾਭਾਰਤ ਤੋਂ ਪ੍ਰੇਰਿਤ ਫਿਲਮ ਹੈ। ਇਹ ਇੱਕ ਪਰਿਵਾਰ ਵਿਚਕਾਰ ਕਾਰੋਬਾਰ ਨੂੰ ਲੈ ਕੇ ਦੁਸ਼ਮਣੀ ਨੂੰ ਦਰਸਾਉਂਦੀ ਹੈ।
ਸਮਾਨਾਂਤਰ ਸਿਨੇਮਾ ਅੰਦੋਲਨ ਦੇ ਮੋਢੀ ਵਜੋਂ ਜਾਣੇ ਜਾਂਦੇ ਬੇਨੇਗਲ ਨੂੰ 2018 ਵਿੱਚ ਵੀ. ਸ਼ਾਂਤਾਰਾਮ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸ ਦੀ ਨਿਰਦੇਸ਼ਨ ਕਲਾ ਅਤੇ ਫਿਲਮਾਂ ਦੇ ਵਿਸ਼ੇ ਹਿੰਦੀ ਸਿਨੇਮਾ ਜਗਤ ਨੂੰ ਭਵਿੱਖ ਵਿੱਚ ਵੀ ਪ੍ਰੇਰਿਤ ਕਰਦੇ ਰਹਿਣਗੇ।
-ਪੰਜਾਬੀ ਟ੍ਰਿਬਿਊਨ ਫੀਚਰ

Advertisement