ਫਿਲਮ ‘ਸਿਕੰਦਰ’ ਲਈ ਮੁੜ ਇਕੱਠੇ ਹੋਏ ਨਾਡਿਆਡਵਾਲਾ ਅਤੇ ਸਲਮਾਨ
ਮੁੰਬਈ: ਬੌਲੀਵੁੱਡ ਸਟਾਰ ਸਲਮਾਨ ਖਾਨ ਅਤੇ ਨਿਰਮਾਤਾ ਸਾਜਿਦ ਨਾਡਿਆਡਵਾਲਾ ਚੰਗੇ ਦੋਸਤ ਹਨ ਅਤੇ ਦੋਵਾਂ ਨੇ ਕਈ ਹਿੱਟ ਫਿਲਮਾਂ ਬਣਾਈਆਂ ਹਨ। ਹੁਣ ਦੋਵੇਂ ਫਿਲਮ ‘ਸਿਕੰਦਰ’ ਲਈ ਮੁੜ ਇਕੱਠੇ ਹੋਏ ਹਨ ਜਿਨ੍ਹਾਂ ਦੀ ਡੂੰਘੀ ਦੋਸਤੀ ਦੀਆਂ ਕਈ ਫੋਟੋਆਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਇਸ ਸਬੰਧੀ ਐਤਵਾਰ ਨੂੰ ਸਾਜਿਦ ਦੇ ਪ੍ਰੋਡਕਸ਼ਨ ਹਾਊਸ ਨਾਡਿਆਡਵਾਲਾ ਗਰੈਂਡਸਨ ਐਂਟਰਟੇਨਮੈਂਟ ਨੇ ਇਨ੍ਹਾਂ ਦੋਵਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਵਿੱਚੋਂ ਪਹਿਲੀ ਤਸਵੀਰ 1990 ਦੇ ਦਹਾਕੇ ਦੀ ਹੈ ਜਦੋਂਕਿ ਦੂਜੀ ਵਰਤਮਾਨ ਸਮੇਂ ਦੀ ਹੈ। ਇਨ੍ਹਾਂ ਵਿੱਚ ਦੋਵੇਂ ਜਣੇ ਹੱਸਦੇ ਦਿਖਾਈ ਦਿੰਦੇ ਹਨ। ਇਨ੍ਹਾਂ ਤਸਵੀਰਾਂ ਨਾਲ ਕੈਪਸ਼ਨ ਲਿਖੀ ਹੋਈ ਹੈ ‘ਉਦੋਂ ਤੇ ਹੁਣ। ਕੁਝ ਚੀਜ਼ਾਂ ਕਦੇ ਨਹੀਂ ਬਦਲਦੀਆਂ।’ ਇਸ ਦੇ ਨਾਲ ਹੀ ਫਿਲਮ ‘ਸਿਕੰਦਰ’ ਸ਼ੁਰੂ ਕਰਨ ਬਾਰੇ ਵੀ ਦੱਸਿਆ ਗਿਆ ਹੈ। ਫਿਲਮੀ ਸਫ਼ਰ ਵਿੱਚ ਇਕੱਠਿਆਂ ਕੰਮ ਕਰਨ ਤੋਂ ਇਲਾਵਾ ਦੋਵੇਂ ਜਣੇ ਜ਼ਿੰਦਗੀ ਵਿੱਚ ਵੱਖ-ਵੱਖ ਮੌਕਿਆਂ ’ਤੇ ਇੱਕ-ਦੂਜੇ ਨਾਲ ਖੜ੍ਹੇ ਹਨ। ਇਨ੍ਹਾਂ ਦੋਵਾਂ ਜਣਿਆਂ ਨੇ ਕਈ ਹਿੱਟ ਫਿਲਮਾਂ ਬਣਾਈਆਂ ਹਨ ਜਿਵੇਂ ‘ਹਰ ਦਿਲ ਜੋ ਪਿਆਰ ਕਰੇਗਾ’ ਤੇ ‘ਮੁਝ ਸੇ ਸ਼ਾਦੀ ਕਰੋਗੀ’ ਆਦਿ। ਇਸ ਤੋਂ ਇਲਾਵਾ ਸਲਮਾਨ ਨੇ ਸਾਜਿਦ ਨਾਡਿਆਡਵਾਲਾ ਦੇ ਨਿਰਦੇਸ਼ਨ ਵਾਲੀ ਪਹਿਲੀ ਫਿਲਮ ‘ਕਿੱਕ’ ਵਿੱਚ ਵੀ ਕੰਮ ਕੀਤਾ ਸੀ। ਇਸ ਫਿਲਮ ਨਾਲ ਸਲਮਾਨ ਖਾਨ ਕਰੀਬ ਇੱਕ ਸਾਲ ਬਾਅਦ ਵੱਡੀ ਸਕਰੀਨ ’ਤੇ ਨਜ਼ਰ ਆਵੇਗਾ। ਇਸ ਤੋਂ ਪਹਿਲਾਂ ਉਹ ਫਿਲਮ ‘ਟਾਈਗਰ 3’ ਵਿੱਚ ਦਿਖਾਈ ਦਿੱਤਾ ਸੀ। -ਆਈਏਐੱਨਐੱਸ