ਸ਼ਿਵਾ ਰਾਜਕੁਮਾਰ ਲਈ ਸਿਹਤਯਾਬੀ ਲੈ ਕੇ ਆਇਆ ਨਵਾਂ ਸਾਲ
ਮਿਆਮੀ (ਫਲੋਰੀਡਾ):
ਕੰਨੜ ਫ਼ਿਲਮ ਸਨਅਤ ਦੇ ਅਦਾਕਾਰ ਅਤੇ ਨਿਰਮਾਤਾ ਸ਼ਿਵਾ ਰਾਜਕੁਮਾਰ ਨੇ ਫਲੋਰੀਡਾ ਦੇ ਸ਼ਹਿਰ ਮਿਆਮੀ ’ਚ ਕੈਂਸਰ ਦੇ ਸਫ਼ਲ ਇਲਾਜ ਤੋਂ ਬਾਅਦ ਆਪਣੇ ਚਾਹੁਣ ਵਾਲਿਆਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਦਾ ਅਪਰੇਸ਼ਨ ਸਫ਼ਲ ਰਿਹਾ ਤੇ ਪੈਥੋਲੋਜੀ ਰਿਪੋਰਟ ’ਚ ਪੁਸ਼ਟੀ ਕੀਤੀ ਗਈ ਹੈ ਕਿ ਸ਼ਿਵ ਰਾਜਕੁਮਾਰ ਹੁਣ ਕੈਂਸਰ ਮੁਕਤ ਹੈ। ਇਸੇ ਦੌਰਾਨ ਅਦਾਕਾਰ ਨੇ ਸੋਸ਼ਲ ਮੀਡੀਆ ’ਤੇ ਆਪਣੇ ਪ੍ਰਸ਼ੰਸਕਾਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਤੇ ਸਿਹਤਯਾਬੀ ਲਈ ਦੁਆਵਾਂ ਕਰਨ ਵਾਲਿਆਂ ਦਾ ਧੰਨਵਾਦ ਕੀਤਾ। ਇਸ ਵੀਡੀਓ ਰਾਹੀਂ ਸ਼ਿਵਾ ਨੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਪ੍ਰਸ਼ੰਸਕਾਂ ਨਾਲ ਫਲੋਰੀਡਾ ਦੇ ਸ਼ਹਿਰ ਮਿਆਮੀ ਵਿੱਚ ਉਸ ਦੀ ਤਾਜ਼ਾ ਸਰਜਰੀ ਤੋਂ ਬਾਅਦ ਖੁਦ ਦੀ ਝਲਕ ਪੇਸ਼ ਕੀਤੀ। ਵੀਡੀਓ ਵਿੱਚ ਸ਼ਿਵ ਰਾਜਕੁਮਾਰ ਨੇ ਆਪਣੇ ਤਜਰਬੇ ਸਾਂਝੇ ਕੀਤੇ ਤੇ ਆਪਣੀ ਸਿਹਤਯਾਬੀ ਬਾਰੇ ਜਾਣਕਾਰੀ ਦਿੱਤੀ। ਅਦਾਕਾਰ ਨੇ ਭਾਵੁਕ ਹੁੰਦਿਆਂ ਇਹ ਵੀ ਦੱਸਿਆ ਕਿ ਕੈਂਸਰ ਸਬੰਧੀ ਜਾਣਕਾਰੀ ਮਿਲਣ ’ਤੇ ਉਹ ਇਕ ਵਾਰ ਤਾਂ ਉਹ ਡਰ ਗਿਆ ਸੀ ਪਰ ਉਸ ਦੇ ਪ੍ਰਸ਼ੰਸਕਾਂ, ਪਰਿਵਾਰ ਵਾਲਿਆਂ ਅਤੇ ਡਾਕਟਰੀ ਟੀਮ ਦੇ ਹੌਸਲੇ ਨੇ ਉਸ ਨੂੰ ਬਿਮਾਰੀ ਨਾਲ ਲੜਨ ਦੀ ਤਾਕਤ ਬਖਸ਼ੀ। ਅਦਾਕਾਰ ਨੇ ਸਭ ਦੇ ਨਾਲ-ਨਾਲ ਆਪਣੀ ਪਤਨੀ ਗੀਤਾ ਦਾ ਵੀ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਉਨ੍ਹਾਂ ਮਿਆਮੀ ਕੈਂਸਰ ਸੈਂਟਰ ਦੇ ਡਾਕਟਰਾਂ ਅਤੇ ਪੂਰੇ ਸਟਾਫ ਦਾ ਧੰਨਵਾਦ ਵੀ ਕੀਤਾ। -ਆਈਏਐੱਨਐੱਸ