ਪੰਜਾਬ ਜਦੋਂ ਗੈਸ ਚੈਂਬਰ ਬਣਦਾ ਹੈ...
ਗੁਰਚਰਨ ਸਿੰਘ ਨੂਰਪੁਰ
ਦਸੰਬਰ ਅਤੇ ਜਨਵਰੀ ਮਹੀਨਿਆਂ ਵਿੱਚ ਲੋਕਾਂ ਨੂੰ ਮਰਗਾਂ ਦੇ ਭੋਗ ਦੇ ਸੱਦੇ ਇੱਕ ਦਮ ਵੱਧ ਆਉਣ ਲੱਗਦੇ ਹਨ। ਪੰਜਾਬ ਵਿੱਚ ਇਨ੍ਹਾਂ ਮਹੀਨਿਆਂ ਦੌਰਾਨ ਹਾਰਟ ਅਟੈਕ, ਬਰੇਨ ਸਟਰੋਕ ਅਤੇ ਛਾਤੀ ਦੇ ਰੋਗਾਂ ਨਾਲ ਦੂਜੇ ਮਹੀਨਿਆਂ ਦੇ ਮੁਕਾਬਲੇ ਵੱਧ ਮੌਤਾਂ ਹੁੰਦੀਆਂ ਹਨ। ਇਹਦਾ ਕਾਰਨ ਜਾਣ ਕੇ ਤੁਸੀਂ ਹੈਰਾਨ ਹੋ ਜਾEਗੇ। ਚੰਗੀ ਮਾੜੀ ਹਵਾ ਦਾ ਸਬੰਧ ਸਾਡੇ ਸਾਹ ਲੈਣ ਨਾਲ ਹੈ ਅਤੇ ਹੁਣ ਤੱਕ ਬਹੁਤ ਸਾਰੇ ਲੋਕ ਇਹੀ ਸਮਝਦੇ ਆਏ ਹਨ ਕਿ ਪ੍ਰਦੂਸ਼ਤ ਧੂੰਏਂ ਵਾਲੀ ਹਵਾ ਨਾਲ ਐਲਰਜੀ, ਜ਼ੁਕਾਮ ਤੇ ਛਾਤੀ ਦੇ ਰੋਗ ਹੋ ਸਕਦੇ, ਇਸ ਤੋਂ ਵੱਧ ਕੁਝ ਨਹੀਂ ਅਤੇ ਇਹਨਾਂ ਸਭ ਦਾ ਐਂਟੀਐਲਰਜਿਕ ਦਵਾਈਆਂ ਨਾਲ ਇਲਾਜ ਕੀਤਾ ਜਾ ਸਕਦਾ ਹੈ। ਬੰਦਾ ਠੀਕ ਹੋ ਜਾਂਦਾ ਹੈ ਅਤੇ ਗੱਲ ਖ਼ਤਮ ਪਰ ਨਵੀਂ ਖੋਜ ਵਿੱਚ ਇਹ ਗੱਲ ਸਾਹਮਣੇ ਆਈ ਕਿ ਹਵਾ ਦੇ ਪ੍ਰਦੂਸ਼ਣ ਨਾਲ ਹਾਰਟ ਅਟੈਕ ਹੋਣ ਦਾ ਖ਼ਤਰਾ ਕਿਤੇ ਵੱਧ ਹੁੰਦਾ ਹੈ। ਇਹ ਖ਼ਤਰਾ ਉਹਨਾਂ ਲੋਕਾਂ ਲਈ ਹੋਰ ਜਿ਼ਆਦਾ ਹੁੰਦਾ ਹੈ ਜਿਹਨਾਂ ਨੂੰ ਪਹਿਲਾਂ ਦਿਲ ਦੀਆਂ ਬਿਮਾਰੀਆਂ ਦੇ ਲੱਛਣ ਹੁੰਦੇ ਹਨ; ਜਿਵੇਂ ਥੋੜ੍ਹਾ ਤੁਰਨ ਨਾਲ ਹੀ ਸਾਹ ਚੜ੍ਹਨਾ, ਛਾਤੀ ਵਿੱਚ ਦਰਦ ਮਹਿਸੂਸ ਹੋਣਾ, ਤੁਰਨ ਵੇਲੇ ਦਿਲ ਦੀ ਧੜਕਣ ਵਧ ਜਾਣੀ ਜਾਂ ਉੱਠਦਿਆਂ ਬੈਠਦਿਆਂ ਸਾਹ ਚੜ੍ਹਨਾ ਆਦਿ।
ਜਰਨਲ ਆਫ ਅਮਰੀਕਨ ਕਾਲਜ ਆਫ ਕਾਰਡੀਓਲਾਜੀ (ਜੀਏਸੀਸੀ) ਦੇ ਅਧਿਐਨ ਵਿੱਚ ਇਹ ਗੱਲ ਸਾਹਮਣੇ ਆਈ ਕਿ ਪਾਰਟੀਕੁਲੇਟ ਮੈਟਰ (ਪੀਐੱਮ) 2.5 ਮਾਈਕ੍ਰੋਮੀਟਰ ਤੇ ਪੀਐੱਮ 10 ਮਾਈਕ੍ਰੋਮੀਟਰ ਕਣਾਂ ਵਿੱਚ ਸਾਹ ਲੈਣ ਨਾਲ ਨਾਨਆਬਸਟ੍ਰਕਟਿਵ ਕੋਰੋਨਰੀ ਆਰਟਰੀ ਡਿਜ਼ੀਜ਼ (ਐੱਨਓਸੀਏਡੀ) ਹੁੰਦੀ ਹੈ। ਪ੍ਰਦੂਸ਼ਤ ਹਵਾ ਦੇ ਕਣ ਜਦੋਂ ਸਾਹ ਰਾਹੀਂ ਫੇਫੜਿਆਂ ਅਤੇ ਖੂਨ ਵਿੱਚ ਮਿਲਦੇ ਹਨ ਤਾਂ ਦਿਲ ਦੇ ਰੋਗਾਂ ਖਾਸ ਕਰ ਕੇ ਹਾਰਟ ਅਟੈਕ ਦਾ ਖ਼ਤਰਾ ਵਧ ਜਾਂਦਾ ਹੈ। ਇਟਲੀ ਦੀ ਕੈਥੋਲਿਕ ਯੂਨੀਵਰਸਿਟੀ ਆਫ ਦਿ ਸੇਕਰਡ ਹਾਰਟ ਨਾਲ ਜੁੜੇ ਖੋਜੀਆਂ ਅਤੇ ਵਿਦਿਆਰਥੀਆਂ ਨੇ ਅਧਿਐਨ ਵਿੱਚ ਮਾਯੋਕਾਰਡੀਅਲ ਇਸਕੀਮੀਆ ਅਤੇ ਐੱਨਓਸੀਏਡੀ ਦੇ ਮਰੀਜ਼ਾਂ ਦੀ ਕੋਰੋਨਰੀ ਐਂਜਿਓਗ੍ਰਾਫੀ ਅਤੇ ਇੰਟ੍ਰਾਕੋਰੋਨਰੀ ਪ੍ਰੋਵੋਕੇਸ਼ਨ ਟੈਸਟ ਦੇ ਅਧਿਐਨ ਵਿੱਚ 287 ਮਰੀਜ਼ ਸ਼ਾਮਿਲ ਕੀਤੇ। ਖੋਜ ਕਰਤਾਵਾਂ ਨੂੰ ਲੱਭਿਆ ਕਿ ਪੀਐੱਮ 2.5 ਮਾਈਕ੍ਰੋਮੀਟਰ ਅਤੇ ਪੀਐੱਮ 10 ਮਾਈਕ੍ਰੋਮੀਟਰ ਮਾਯੋਕਾਰਡੀਅਲ ਇਸਕੀਮੀਆ ਅਤੇ ਐੱਨੲਸੀਏਡੀ ਮਰੀਜ਼ਾਂ ਦੇ ਕੋਰੋਨਰੀ ਵੈਸੋਮੋਟਰ ਵਿੱਚ ਗੜਬੜੀ ਲਈ ਜਿ਼ੰਮੇਵਾਰ ਹੈ।
ਸੌਖੇ ਅਰਥਾਂ ਵਿੱਚ ਪੀਐੱਮ 2.5 ਤੇ ਪੀਐੱਮ 10, ਪ੍ਰਦੂਸ਼ਣ ਦੇ ਉਹ ਬਰੀਕ ਕਣ ਹੁੰਦੇ ਹਨ ਜੋ ਹਵਾ ਵਿੱਚ ਲੰਮੇ ਸਮੇਂ ਤੱਕ ਲਟਕਦੇ ਰਹਿ ਸਕਦੇ ਹਨ। ਇਹ ਸਾਡੇ ਸਿਰ ਦੇ ਵਾਲਾਂ ਤੋਂ 100 ਗੁਣਾ ਜਿ਼ਆਦਾ ਬਰੀਕ ਹੁੰਦੇ ਹਨ। ਇਹ ਆਸਾਨੀ ਨਾਲ ਸਾਹ ਨਲੀ ਅਤੇ ਫੇਫੜਿਆਂ ਵਿਚੋਂ ਹੁੰਦੇ ਹੋਏ ਖੂਨ ਤੇ ਦਿਲ ਤੱਕ ਪਹੁੰਚ ਜਾਂਦੇ ਹਨ ਅਤੇ ਦਿਲ ਦੇ ਕੰਮ ਕਰਨ ਦੀ ਪ੍ਰਕਿਰਿਆ ਤੇ ਖੂਨ ਦੀ ਗੁਣਵਤਾ ਨੂੰ ਪ੍ਰਭਾਵਿਤ ਕਰ ਕੇ ਸਾਡੇ ਸਰੀਰ ਵਿੱਚ ਭਿਆਨਕ ਬਿਮਾਰੀਆਂ ਪੈਦਾ ਕਰ ਸਕਦੇ ਹਨ।
ਹਰ ਸਾਲ ਨਵੰਬਰ ਮਹੀਨੇ ਜਦੋਂ ਗਰਮੀ ਦੀ ਤਪਸ਼ ਤੋਂ ਰਾਹਤ ਮਹਿਸੂਸ ਹੋਣ ਲੱਗਦੀ ਹੈ ਤਾਂ ਹਵਾ ਵਿੱਚ ਸਿੱਲ੍ਹ ਵਧ ਜਾਂਦੀ ਹੈ। ਮੌਸਮ ਠੰਢਾ ਹੋਣ ਕਰ ਕੇ ਧੂੜ, ਮਿੱਟੀ ਤੇ ਪ੍ਰਦੂਸ਼ਣ ਦੇ ਕਣ ਉੱਚੇ ਨਹੀਂ ਉੱਡਦੇ, ਇਹ ਧਰਤੀ ਦੇ ਨੇੜੇ ਰਹਿਣ ਲੱਗਦੇ ਹਨ। ਇਹਨਾਂ ਦਿਨਾਂ ਦੌਰਾਨ ਫੈਕਟਰੀਆਂ, ਮੋਟਰ ਕਾਰਾਂ ਦਾ ਧੂੰਆਂ ਧਰਤੀ ਨੇੜੇ ਰਹਿਣ ਕਰ ਕੇ ਧਰਤੀ ਨੂੰ ਧੂੰਏਂ ਦੀ ਪਰਤ ਜਿਹੀ ਚੜ੍ਹੀ ਨਜ਼ਰ ਪੈਣ ਲੱਗਦੀ ਹੈ। ਇਹਨਾਂ ਹੀ ਦਿਨਾਂ ਦੌਰਾਨ ਪੰਜਾਬ ਵਿੱਚ ਪਰਾਲੀ ਨੂੰ ਅੱਗ ਲਾਈ ਜਾਂਦੀ ਹੈ ਜਿਸ ਨਾਲ ਇਹ ਪਰਤ ਹੋਰ ਸੰਘਣੀ ਹੋਣ ਲੱਗਦੀ ਹੈ। ਇਹਨੀਂ ਦਿਨੀਂ ਦੀਵਾਲੀ ਦਾ ਤਿਉਹਾਰ ਤੇ ਕੁਝ ਹੋਰ ਸਮਾਗਮ ਹੁੰਦੇ ਹਨ। ਇਸ ਸਭ ਕੁਝ ਨਾਲ ਸਾਡੇ ਆਲੇ ਦੁਆਲੇ ਪੀਐੱਮ 2.5 ਅਤੇ ਪੀਐੱਮ 10 ਕਣਾਂ ਵਾਲੇ ਧੂੰਏਂ ਦੀ ਇੰਨੀ ਸੰਘਣੀ ਪਰਤ ਬਣ ਜਾਂਦੀ ਹੈ ਕਿ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ। ਬੱਚਿਆਂ ਤੋਂ ਬਜ਼ੁਰਗਾਂ ਤੱਕ ਇਹ ਜ਼ਹਿਰੀਲੇ ਧੂੰਆਂ ਆਪਣੇ ਅੰਦਰ ਖਿਚਦੇ ਹਾਂ। ਜਿਹੜੇ ਲੋਕਾਂ ਨੂੰ ਪਹਿਲਾਂ ਸਾਹ, ਦਿਲ ਜਾਂ ਛਾਤੀ ਦੀ ਥੋੜ੍ਹੀ ਬਹੁਤ ਤਕਲੀਫ ਹੁੰਦੀ ਹੈ, ਉਹਨਾਂ ਲੋਕਾਂ ਲਈ ਇਹ ਦਿਨ ਬੜੇ ਮੁਸ਼ਕਿਲ ਹੁੰਦੇ ਹਨ। ਪ੍ਰਦੂਸ਼ਣ ਦਾ ਇਹ ਸਿਖਰ ਦਸਬੰਰ ਅਤੇ ਜਨਵਰੀ ਦੌਰਾਨ ਮਨੁੱਖੀ ਸਰੀਰ ’ਤੇ ਅਸਰ ਦਿਖਾਉਂਦਾ ਹੈ। ਜਿਹਨਾਂ ਲੋਕਾਂ ਦੀ ਰੋਗ ਨਾਲ ਲੜਨ ਵਾਲੀ ਪ੍ਰਣਾਲੀ ਕਮਜ਼ੋਰ ਹੁੰਦੀ ਹੈ ਅਤੇ ਦਿਲ ਦੀਆਂ ਮਾੜੀਆਂ ਮੋਟੀਆਂ ਬਿਮਾਰੀਆਂ ਪਹਿਲਾਂ ਹੀ ਹੁੰਦੀਆਂ ਹਨ, ਉਹ ਵੱਡੀ ਤਾਦਾਦ ਵਿੱਚ ਦਿਲ ਦੇ ਰੋਗਾਂ ਦੇ ਸ਼ਿਕਾਰ ਹੋ ਜਾਂਦੇ ਹਨ। ਫਲਸਰੂਪ ਪੰਜਾਬ ਦੇ ਹਰ ਪਿੰਡ ਵਿੱਚ ਮੌਤਾਂ ਦਾ ਸਿਲਸਿਲਾ ਵਧ ਜਾਂਦਾ ਹੈ। ਇਉਂ ਅਸੀਂ ਆਪਣੇ ਆਲੇ ਦੁਆਲੇ ਬਣੇ ਪ੍ਰਦੂਸ਼ਤ ਗੈਸ ਚੈਂਬਰ ਵਿਚ ਸਾਹ ਲੈਂਦੇ ਹਾਂ ਅਤੇ ਰੋਗਾਂ ਦੀ ਮਾਰ ਦਾ ਖਤਰਾ ਵਧ ਜਾਂਦਾ ਹੈ।
ਪੂਰੀ ਦੁਨੀਆ ਵਿੱਚ ਹੀ ਮਨੁੱਖ ਦਾ ਰਹਿਣ ਸਹਿਣ ਅਤੇ ਖਾਣ ਪੀਣ ਅਜਿਹਾ ਹੋ ਗਿਆ ਹੈ ਕਿ ਹਾਰਟ ਅਟੈਕ ਅਤੇ ਬਰੇਨ ਸਟਰੋਕ ਵਰਗੀਆਂ ਬਿਮਾਰੀਆਂ ਨਾਲ ਵੱਡੀ ਗਿਣਤੀ ਲੋਕ ਪ੍ਰਭਾਵਿਤ ਹੋਣ ਲੱਗੇ ਹਨ। ਤਕਨੀਕੀ ਵਿਕਾਸ ਦੇ ਵੇਗ ਨੇ ਮਨੁੱਖ ਦੀ ਰਫ਼ਤਾਰ ਤੇਜ਼ ਕਰ ਦਿੱਤੀ ਹੈ ਅਤੇ ਇਹ ਹਰ ਦਿਨ ਹੋਰ ਤੇਜ਼ ਹੋ ਰਹੀ ਹੈ। ਜਿ਼ੰਦਗੀ ਦੀ ਬਹੁਤੀ ਨੱਠ-ਭੱਜ ਨੇ ਮਨੁੱਖ ਨੂੰ ਸਹਿਜ ਨਹੀਂ ਰਹਿਣ ਦਿੱਤਾ। ਇਹ ਸਭ ਕੁਝ ਮਨੁੱਖ ਦੇ ਵਿਹਾਰ ਵਿੱਚ ਵੀ ਆ ਗਿਆ ਹੈ। ਸਬਰ, ਸੰਤੋਖ, ਸਹਿਜ ਤੇ ਟਿਕਾਅ ਜਿਵੇਂ ਬੀਤੇ ਦੀ ਬਾਤ ਬਣ ਗਏ ਹਨ। ਆਪਣੀ ਸਿਹਤ ਨਾਲ ਵੀ ਮਨੁੱਖ ਦਾ ਵਿਹਾਰ ਸੁਖਾਵਾਂ ਨਹੀਂ। ਬਹੁਤਿਆਂ ਦੀ ਤਰਜੀਹ ਚੰਗੀ ਖੁਰਾਕ ਨਹੀਂ ਬਲਕਿ ਸੁਆਦ ਬਣ ਗਿਆ ਹੈ। ਬਹੁਗਿਣਤੀ ਲੋਕ ਇਸ ਬਾਰੇ ਖ਼ਬਰਦਾਰ ਨਹੀਂ ਹਨ। ਇਸੇ ਲਈ ਹਰ ਦਿਨਾਂ ਬਿਮਾਰੀਆਂ ਵਧ ਰਹੀਆਂ ਹਨ। ਸਰੀਰਕ ਤੇ ਮਾਨਸਿਕ ਵਿਗਾੜ ਵਧ ਰਹੇ ਹਨ। ਸਾਡੇ ਵਿਹਾਰ ਨੇ ਜਿੱਥੇ ਸਾਡੇ ਮਨ ਤੇ ਸਰੀਰ ਨੂੰ ਪ੍ਰਭਾਵਿਤ ਕੀਤਾ ਹੈ ਉੱਥੇ ਇਸ ਨਾਲ ਅਸੀਂ ਆਪਣੇ ਆਲੇ ਦੁਆਲੇ ਕੁਦਰਤ ਦੇ ਪਸਾਰੇ ਵਿੱਚ ਵੀ ਆਪਣੇ ਅਤੇ ਹੋਰ ਜੀਅ-ਜੰਤ ਲਈ ਮੁਸ਼ਕਿਲਾਂ ਖੜ੍ਹੀਆਂ ਕਰ ਲਈਆਂ ਹਨ। ਮਨੁੱਖ ਦੇ ਹਾਬੜੇਪਨ ਨੇ ਆਪਣੇ ਆਲੇ ਦੁਆਲੇ ਬਿਮਾਰੀਆਂ ਤੇ ਦੁਸ਼ਵਾਰੀਆਂ ਦਾ ਬਿਰਤਾਂਤ ਸਿਰਜ ਲਿਆ ਹੈ।
ਸਾਡੀ ਖੁਰਾਕ ਤੰਦਰੁਸਤ ਨਹੀਂ ਰਹੀ, ਸਾਡੇ ਵਾਤਾਵਰਨ ਦੀ ਤੰਦਰੁਸਤੀ ਨੂੰ ਵੀ ਗ੍ਰਹਿਣ ਲੱਗ ਗਿਆ ਹੈ। ਇਸ ਸੰਕਟ ਦੇ ਮਾੜੇ ਪ੍ਰਭਾਵ ਮਨੁੱਖ ਸਮੇਤ ਸਭ ਜੀਵ ਜਾਤੀਆਂ ’ਤੇ ਦਿਸਣ ਲੱਗ ਪਏ ਹਨ। ਪੰਛੀਆਂ ਦੀਆਂ ਬਹੁਤ ਸਾਰੀਆਂ ਪ੍ਰਜਾਤੀਆਂ ਲੋਪ ਹੋ ਗਈਆਂ ਹਨ। ਗਿਰਝਾਂ, ਚਿੜੀਆਂ, ਪਹਾੜੀ ਕਾਂ, ਕਿੱਲੀਠੋਕੇ ਆਦਿ ਬਹੁਤ ਸਾਰੀਆਂ ਨਸਲਾਂ ਜਾਂ ਤਾਂ ਲੋਪ ਹੋ ਗਈਆਂ ਜਾਂ ਲੋਪ ਹੋਣ ਕੰਢੇ ਹਨ। ਵਿਚਾਰਨ ਵਾਲੀ ਗੱਲ ਇਹ ਹੈ ਕਿ ਜੇਕਰ ਇਸ ਵਾਤਾਵਰਨ ਵਿੱਚ ਪੰਛੀਆਂ ਦੀਆਂ ਕੁਝ ਨਸਲਾਂ ਲੋਪ ਹੁੰਦੀਆਂ ਹਨ ਤਾਂ ਇਸ ਦਾ ਸਿੱਧਾ ਭਾਵ ਇਹ ਹੈ ਕਿ ਇੱਥੇ ਜੀਵਾਂ ਦੇ ਵਿਗਸਣ ਮੌਲਣ ਲਈ ਢੁੱਕਵਾਂ ਵਾਤਾਵਰਨ ਅਤੇ ਸਾਜ਼ਗਾਰ ਮਾਹੌਲ ਨਹੀਂ ਹੈ। ਇਸ ਮਾਹੌਲ ਦਾ ਸਿੱਧਾ ਪ੍ਰਭਾਵ ਮਨੁੱਖ ਦੀ ਜਿ਼ੰਦਗੀ ’ਤੇ ਵੀ ਪੈਂਦਾ ਹੈ। ਇਸ ਲਈ ਜੇ ਕੋਈ ਇੱਕ ਜੀਵ ਜੰਤੂ ਵੀ ਲੋਪ ਹੁੰਦਾ ਹੈ ਤਾਂ ਇਸ ਨੂੰ ਸਮੁੱਚੇ ਜੀਵਨ ਲਈ ਖ਼ਤਰੇ ਦੀ ਘੰਟੀ ਸਮਝਣਾ ਚਾਹੀਦਾ ਹੈ। ਇਸ ਸਭ ਕੁਝ ਲਈ ਉਹ ਮਾਹੌਲ ਤੇ ਸੰਕਟ ਜਿ਼ੰਮੇਵਾਰ ਹੈ ਜੋ ਅਸੀਂ ਪਿਛਲੇ ਕੁਝ ਦਹਾਕਿਆਂ ਤੋਂ ਪੰਜਾਬ ਦੀ ਧਰਤੀ ’ਤੇ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ।
ਅਸੀਂ ਸਰਬੱਤ ਦਾ ਭਲਾ ਚਾਹੁਣ ਅਤੇ ਮੰਗਣ ਵਾਲੇ ਲੋਕ ਹਾਂ ਪਰ ਅੱਜ ਅਸੀਂ ਦਿਖਾਵੇ ਲਈ ਧਰਮ ਕਰਮ ਦੇ ਨਾਮ ’ਤੇ ਅਡੰਬਰ ਰਚਦੇ ਹਾਂ ਅਤੇ ਜੀਵਨ ਨਾਲ ਜੁੜੇ ਸਰੋਕਾਰਾਂ ਤੋਂ ਦੂਰ ਹੋ ਜਾਂਦੇ ਹਾਂ। ਲੋਕਾਂ ਨੂੰ ਇਸ ਬਾਰੇ ਸੁਚੇਤ ਹੋਣਾ ਚਾਹੀਦਾ ਹੈ। ਆਪਣੇ ਆਲੇ ਦੁਆਲੇ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਕਰ ਕੇ ਅਸੀਂ ਪੰਜਾਬ ਦੇ ਪਾਣੀ ਅਤੇ ਮਿੱਟੀ ਨੂੰ ਸ਼ੁੱਧ ਕਰ ਸਕਦੇ ਹਾਂ। ਇਸ ਲਈ ਕਿਤੋਂ ਨਾ ਕਿਤੋਂ ਸ਼ੁਰੂਆਤ ਕਰਨੀ ਪਵੇਗੀ। ਅੱਜ ਜੇ ਪੰਜਾਬ ਵਿੱਚ ਬਿਮਾਰੀਆਂ ਤੇ ਦੁਸ਼ਵਾਰੀਆਂ ਦੀ ਭਰਮਾਰ ਹੈ ਤਾਂ ਸੋਚਣ ਦੀ ਲੋੜ ਹੈ ਕਿ ਜਿਹੜੀਆਂ ਤਰਜੀਹਾਂ ’ਤੇ ਅਸੀਂ ਚੱਲ ਰਹੇ ਹਾਂ, ਇਹਨਾਂ ਨੂੰ ਬਦਲਣਾ ਪਵੇਗਾ। ਪੰਜਾਬ ਦੀ ਧਰਤੀ ਉੱਤੇ ਸਾਲ ਵਿੱਚ ਛੇ ਰੁੱਤਾਂ- ਗਰਮੀ, ਸਰਦੀ, ਪਤਝੜ, ਬਸੰਤ, ਵਰਖਾ, ਬਹਾਰ ਆਉਂਦੀਆਂ ਹਨ। ਹਰ ਦੋ ਮਹੀਨੇ ਬਾਅਦ ਰੁੱਤ ਬਦਲਦੀ ਹੈ। ਦੁਨੀਆ ਵਿੱਚ ਕੋਈ ਟਾਵਾਂ ਖਿੱਤਾ ਹੋਵੇਗਾ ਜਿੱਥੇ ਅਜਿਹਾ ਮੌਸਮ ਹੈ। ਧਰਤੀ ਪੁਕਾਰ ਰਹੀ ਹੈ ਕਿ ਕੁਦਰਤੀ ਦਾਤਾਂ ਨੂੰ ਸੰਭਾਲੋ, ਵੱਧ ਤੋਂ ਵੱਧ ਰੁੱਖ ਲਾਓ, ਅੱਗ ਦੇ ਲਾਂਬੂ ਲਾ ਕੇ ਧਰਤੀ ਨਾ ਲੂਹੋ ਅਤੇ ਪਾਣੀਆਂ ਦਾ ਸਤਿਕਾਰ ਕਰੋ। ਇਹ ਦਾਤਾਂ ਅਨਮੋਲ ਹਨ, ਇਹਨਾਂ ਦੀ ਕਦਰ ਕਰੋ।
ਸੰਪਰਕ: 98550-51099