ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

...ਜਦੋਂ ਰਾਹਦਸੇਰੇ ਹੀ ਭਟਕ ਜਾਣ

09:24 AM Oct 10, 2023 IST

ਜਸਟਿਸ ਰੇਖਾ ਸ਼ਰਮਾ 
Advertisement

ਸ਼ਾਂਤੀਸ਼੍ਰੀ ਪੰਡਿਤ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਦੀ ਉਪ ਕੁਲਪਤੀ (ਵਾਈਸ ਚਾਂਸਲਰ) ਹਨ। ਇਸ ਤਰ੍ਹਾਂ ਦੀ ਵੱਕਾਰੀ ਯੂਨੀਵਰਸਿਟੀ ਦੀ ਅਗਵਾਈ ਕਰਨਾ ਆਪਣੇ ਆਪ ਵਿਚ ਇਕ ਵੱਡਾ ਸਨਮਾਨ ਹੈ। ਕਾਫ਼ੀ ਅਰਸਾ ਪਹਿਲਾਂ ਉਨ੍ਹੀਵੀਂ ਸਦੀ ਦੇ ਅਮਰੀਕੀ ਇਤਿਹਾਸਕਾਰ ਹੈਨਰੀ ਐਡਮਜ਼ ਨੇ ਆਖਿਆ ਸੀ: ‘‘ਅਧਿਆਪਕ ਦਾ ਅਨੰਤ ਅਸਰ ਪੈਂਦਾ ਹੈ; ਉਹ ਇਹ ਕਦੇ ਨਹੀਂ ਦੱਸ ਸਕਦਾ ਕਿ ਉਸ ਦਾ ਅਸਰ ਕਿੱਥੇ ਜਾ ਕੇ ਖ਼ਤਮ ਹੁੰਦਾ ਹੈ।’’ ਅੱਜਕੱਲ੍ਹ ਸਿੱਖਿਆ ਜੀਵਨ ਲਈ ਤਿਆਰ ਨਹੀਂ ਰਹਿ ਗਈ ਸਗੋਂ ਖ਼ੁਦ ਜੀਵਨ ਬਣ ਗਈ ਹੈ। ਇਸੇ ਕਰਕੇ ਜਦੋਂ ਕੋਈ ਅਧਿਆਪਕ ਕੁਝ ਆਖਦਾ ਹੈ ਤਾਂ ਉਹ ਅਗਿਆਨਤਾ ਦੀ ਜੇਲ੍ਹ ਬੰਦ ਕਰਦਾ ਅਤੇ ਗਿਆਨ ਦੇ ਦਰਵਾਜ਼ੇ ਖੋਲ੍ਹਦਾ ਹੈ। ਮੰਦੇਭਾਗੀਂ ਸ਼ਾਂਤੀਸ਼੍ਰੀ ਪੰਡਿਤ ਜਨਿ੍ਹਾਂ ਨੇ ਹਾਲ ਹੀ ਵਿਚ ਅਭੀਜੀਤ ਜੋਗ ਵਲੋਂ ਲਿਖੀ ਇਕ ਕਿਤਾਬ ‘ਜਗਲ ਪੋਖਰਨਾਰੀ ਡਾਵੀ ਵਾਲਵੀ’ ਨੂੰ ਜਾਰੀ ਕਰਨ ਮੌਕੇ ਕੁਝ ਐਸੀਆਂ ਟਿੱਪਣੀਆਂ ਕੀਤੀਆਂ ਜਨਿ੍ਹਾਂ ਨਾਲ ਸਾਡੇ ’ਚੋਂ ਬਹੁਤ ਸਾਰੇ ਲੋਕਾਂ ਨੂੰ ਮਾਯੂਸੀ ਹੋਈ ਹੈ। ਉਨ੍ਹਾਂ ਸ਼ਰ੍ਹੇਆਮ ਆਖਿਆ ਸੀ ਕਿ ਉਹ ਇਕ ਹਿੰਦੂ ਹਨ ਅਤੇ ਇਸ ਦਾ ਉਨ੍ਹਾਂ ਨੂੰ ਮਾਣ ਹੈ। ਉਨ੍ਹਾਂ ਨੂੰ ਮਾਣ ਮਹਿਸੂਸ ਕਰਨ ਦਾ ਪੂਰਾ ਹੱਕ ਹੈ। ਹਿੰਦੂਮਤ ਧਰਮਾਂ ਦੀ ਸਤਰੰਗੀ ਪੀਂਘ ਦਾ ਇਕ ਰੰਗ ਹੈ। ਇਹ ਪਿਆਰ ਤੇ ਭਾਈਚਾਰੇ ਦਾ ਉਪਦੇਸ਼ ਦਿੰਦਾ ਹੈ ਅਤੇ ਅੱਤਿਆਚਾਰ ਖਿਲਾਫ਼ ਆਵਾਜ਼ ਉਠਾਉਂਦਾ ਹੈ। ਇਹ ਇਕ ਅਜਿਹੀ ਜੀਵਨ ਜਾਚ ਹੈ ਜੋ ਜੀਵਨ ਨੂੰ ਜਿਊਣ ਲਾਇਕ ਬਣਾਉਂਦੀ ਹੈ। ਇਹ ਮੁਕਤੀ ਦਾ ਰਾਹ ਪੱਧਰਾ ਕਰਦਾ ਹੈ। ਇਸ ਕਰਕੇ ਕਿਸੇ ਅਧਿਆਪਕ ਦਾ ਹਿੰਦੂ ਹੋਣ ਨਾਲ ਉਸ ਦੀ ਹੈਸੀਅਤ ਵਿਸ਼ੇਸ਼ ਹੋ ਜਾਂਦੀ ਹੈ।
ਉਂਝ, ਜਵਿੇਂ ਕਿ ਅਖ਼ਬਾਰੀ ਰਿਪੋਰਟਾਂ ਤੋਂ ਪਤਾ ਚੱਲ ਸਕਿਆ ਹੈ, ਉਨ੍ਹਾਂ ਦਾ ਭਾਸ਼ਣ ਬਹੁਤ ਹੀ ਮਾਯੂਸ ਕਰਨ ਵਾਲਾ ਸੀ ਜਿਸ ਵਿਚ ਉਨ੍ਹਾਂ ਖੁੱਲ੍ਹੇਆਮ ਆਖਿਆ ਕਿ ਉਹ ਖੱਬੇਪੱਖੀਆਂ ਨੂੰ ਨਫ਼ਰਤ ਕਰਦੀ ਹੈ ਅਤੇ ਉਸ ਦਾ ਮੰਨਣਾ ਹੈ ਕਿ ਖੱਬੇਪੱਖੀ ਵਿਚਾਰਧਾਰਾ ਵਿਦਿਆਰਥੀਆਂ ਲਈ ਚੰਗੀ ਨਹੀਂ ਹੈ। ਉਨ੍ਹਾਂ ਇਹ ਗੱਲ ਵੀ ਉਭਾਰੀ ਕਿ ਖੱਬੇਪੱਖੀਆਂ ਦੇ ਪ੍ਰਭਾਵ ਅਤੇ ਸਭਿਆਚਾਰਕ ਮਾਰਕਸਵਾਦ ਕਰਕੇ ਹੀ ਕੈਂਸਲ ਸਭਿਆਚਾਰ (ਪੁਰਾਤਨ ਮਾਨਤਾਵਾਂ ਨੂੰ ਰੱਦ ਕਰਨ) ਦਾ ਚਲਨ ਵਧਿਆ ਹੈ। ਇਸੇ ਲਈ ਉਨ੍ਹਾਂ ਖੱਬੇਪੱਖੀ ਬ੍ਰਿਤਾਂਤ ਦਾ ਵਿਰੋਧ ਕਰਨ ’ਤੇ ਜ਼ੋਰ ਦਿੱਤਾ ਹੈ। ਪਰ ਉਹ ਸ਼ਾਇਦ ਇਹ ਗੱਲ ਭੁੱਲ ਗਏ ਹਨ ਕਿ ਕੋਈ ਯੂਨੀਵਰਸਿਟੀ ਜੇ ਮਨ ਨੂੰ ਨਹੀਂ ਰੁਸ਼ਨਾਉਂਦੀ ਤਾਂ ਇਹ ਸਿੱਖਿਆ ਦਾ ਮੁਕਾਮ ਨਹੀਂ ਰਹਿੰਦੀ। ਸਿੱਖਿਆ ਦਿਓ, ਗਿਆਨ ਵੰਡੋ, ਮਾਰਗਦਰਸ਼ਨ ਦਿਓ ਪਰ ਮਨ ਬੌਣੇ ਨਾ ਬਣਾਓ। ਵਿਦਿਆਰਥੀ ਨੂੰ ਆਪਣੇ ਮਾਰਗ ਚੁਣਨ ਦਿਓ। ਉਸ ਨੂੰ ਸੁਫ਼ਨਾ ਲੈਣ ਦਿਓ ਅਤੇ ਫਿਰ ਉਸ ਨੂੰ ਸਾਕਾਰ ਕਰਨ ਦਿਓ। ਸਾਨੂੰ ਉਸ ਦੇ ਆਪਣੇ ਵਿਚਾਰਾਂ, ਉਸ ਦੇ ਆਪਣੀਆਂ ਮਾਨਤਾਵਾਂ, ਸੋਚਾਂ ਨੂੰ ਨਿਘਾਰ ਦੀ ਨਿਸ਼ਾਨੀ ਨਹੀਂ ਬਣਾ ਦੇਣਾ ਚਾਹੀਦਾ। ਮੈਡਮ ਵਾਈਸ ਚਾਂਸਲਰ ਨੇ ਹਿੰਦੁਤਵ ਪ੍ਰਤੀ ਆਪਣਾ ਝੁਕਾਅ ਅਤੇ ਆਰਐੱਸਐੱਸ ਨਾਲ ਆਪਣਾ ਲਗਾਓ ਜੱਗ ਜ਼ਾਹਰ ਕੀਤਾ ਹੈ। ਉਨ੍ਹਾਂ ਦਾ ਇਸ ਦਾ ਹਿੱਸਾ ਹੋਣ ਦਾ ਸਵਾਗਤ ਹੈ। ਉਂਝ, ਇਹ ਵੱਖਰਾ ਮਾਮਲਾ ਹੈ ਕਿ ਸੰਵਿਧਾਨ ਤਹਿਤ ਕਿਸੇ ਧਰਮ ਨਿਰਪੱਖ ਅਦਾਰੇ ਦੀ ਅਗਵਾਈ ਕਰਦਿਆਂ ਕੀ ਇਸ ਤਰ੍ਹਾਂ ਆਪਣੀ ਧਾਰਮਿਕ ਪਛਾਣ ਉਭਾਰੀ ਜਾ ਸਕਦੀ ਹੈ। ਉਨ੍ਹਾਂ ਨੂੰ ਆਪਣੇ ਮਨ ਦੀ ਗੱਲ ਕਹਿਣ ਦਾ ਪੂਰਾ ਹੱਕ ਹੈ ਪਰ ਇਉਂ ਹੀ ਉਨ੍ਹਾਂ ਦੇ ਵਿਦਿਆਰਥੀ ਨੂੰ ਵੀ ਇਹ ਹੱਕ ਹੈ। ਉਸ ਨੂੰ ਪੜ੍ਹਾਓ, ਮਾਰਗਦਰਸ਼ਨ ਦਿਓ ਪਰ ਜੇ ਉਹ ਆਪਣੀ ਮਤ ਅਨੁਸਾਰ ਤੁਹਾਡੇ ਨਾਲ ਸਹਿਮਤ ਨਹੀਂ ਹੁੰਦਾ ਜਾਂ ਆਪਣਾ ਰਾਹ ਚੁਣ ਲੈਂਦਾ ਹੈ ਤਾਂ ਇਸ ’ਤੇ ਭੜਕਣ ਦੀ ਲੋੜ ਨਹੀਂ। ਉਸ ਨੂੰ ਬੌਣਾ ਕਿਉਂ ਬਣਾ ਰਹੇ ਹੋ? ਜੇਐਨਯੂ ਨੂੰ ਪੰਘੂੜਾ ਹੀ ਰਹਿਣ ਦਿਓ, ਕਿਸੇ ਸਮਾਧੀ ਵਿਚ ਤਬਦੀਲ ਨਾ ਕਰੋ।
ਰਿਪੋਰਟਾਂ ਮੁਤਾਬਿਕ ਉਪ ਕੁਲਪਤੀ ਨੇ ਇਹ ਵੀ ਆਖਿਆ, ‘‘ਖੱਬੇਪੱਖੀ ਤਾਣਾ ਪੇਟਾ (ਈਕੋਸਿਸਟਮ) ਅਜੇ ਵੀ ਕਾਇਮ ਹੈ। ਤੁਸੀਂ ਜਾਣਦੇ ਹੋ ਕਿ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਸ਼ਨਿਚਰਵਾਰ ਰਾਤ ਨੂੰ ਅਦਾਲਤ ਲਾ ਕੇ ਤੀਸਤਾ ਸੀਤਲਵਾੜ ਨੂੰ ਜ਼ਮਾਨਤ ਦਿੱਤੀ ਸੀ, ਕੀ ਸਾਡੇ ਲਈ ਇਉਂ ਹੋ ਸਕੇਗਾ?’’ ਸਾਡੇ ਤੋਂ ਉਨ੍ਹਾਂ ਦਾ ਮਤਲਬ ਵੀ ਪ੍ਰੇਸ਼ਾਨ ਕਰਨ ਵਾਲਾ ਹੈ। ਚਲੋ, ਉਨ੍ਹਾਂ ਦੀ ਗੱਲ ਇਉਂ ਮੰਨ ਵੀ ਲੈਂਦੇ ਹਾਂ, ਕੀ ਕਿਸੇ ਗ਼ੈਰ-ਕੰਮਕਾਜੀ ਦਿਨ ਅਦਾਲਤ ਲਾਉਣੀ ਕੋਈ ਅਪਰਾਧ ਹੈ? ਸੁਪਰੀਮ ਕੋਰਟ ਨੇ ਅਜਿਹਾ ਬਹੁਤ ਵਾਰ ਕੀਤਾ ਹੈ, ਜਦੋਂ ਇਸ ਨੂੰ ਜਾਪਿਆ ਕਿ ਕਿਸੇ ਕੇਸ ਦੀ ਸਥਿਤੀ ਜਾਂ ਖ਼ਾਸੀਅਤ ਅਜਿਹਾ ਮੰਗ ਕਰਦੀ ਹੈ। ਕੀ ਕਾਨੂੰਨ ਇਨਸਾਫ਼ ਦੀ ਮੰਗ ਕਰਨ ਵਾਲੇ ਵਿਅਕਤੀ ਨਾਲ ਉਸ ਦੀ ਸਿਆਸੀ ਵਿਚਾਰਧਾਰਾ ਦੇ ਆਧਾਰ ’ਤੇ ਵਿਤਕਰਾ ਕਰਦਾ ਹੈ? ਕੀ ਅਜਿਹੇ ਕਿਸੇ ਵਿਅਕਤੀ ਨੂੰ ਆਜ਼ਾਦੀ ਅਤੇ ਨਿੱਜਤਾ ਦੇ ਬੁਨਿਆਦੀ ਹੱਕ ਤੋਂ ਵਿਰਵਾ ਕਰ ਦਿੱਤਾ ਜਾਣਾ ਚਾਹੀਦਾ ਹੈ? ਜਸਟਨਿੀਅਨ ਨੇ ਕਿਹਾ ਸੀ ਕਿ ‘‘ਨਿਆਂ ਹਰੇਕ ਵਿਅਕਤੀ ਨੂੰ ਉਸ ਦਾ ਬਣਦਾ ਹੱਕ ਦੇਣ ਦੀ ਨਿੱਗਰ ਅਤੇ ਨਿਰੰਤਰ ਇੱਛਾ ਹੁੰਦੀ ਹੈ।’’ ਕੀ ਤੀਸਤਾ ਸੀਤਲਵਾੜ ਨੂੰ ਉਸ ਦੇ ਸਿਆਸੀ ਝੁਕਾਅ ਕਰਕੇ ਨਿਆਂ ਦੇਣ ਤੋਂ ਇਨਕਾਰ ਕਰ ਦੇਣਾ ਚਾਹੀਦਾ ਸੀ? ਕੀ ਜੇਐਨਯੂ ਦੀ ਵਾਈਸ ਚਾਂਸਲਰ ਇਹੀ ਚਾਹੁੰਦੀ ਹੈ?
ਪੰਦਰਵੀਂ ਸਦੀ ਦੇ ਸੰਤ ਅਤੇ ਕਵੀ ਕਬੀਰ ਦਾਸ ਜੀ ਨੇ ਅਧਿਆਪਕ ਨੂੰ ਰੱਬ ਨਾਲੋਂ ਵੀ ਉੱਚੇ ਰੁਤਬੇ ’ਤੇ ਰੱਖਿਆ ਹੈ। ਅਧਿਆਪਕ ਦਾ ਪ੍ਰਭਾਵ ਅਨੰਤਕਾਲ ਰਹਿੰਦਾ ਹੈ ਜਵਿੇਂ ਕਿ ਰਾਬਰਟ ਗ੍ਰੀਨ ਇੰਗਰਸੌਲ ਨੇ ਕਿਹਾ ਸੀ ਕਿ ਇਕ ਚੰਗਾ ਅਧਿਆਪਕ ਹਜ਼ਾਰ ਪਾਦਰੀਆਂ ਦੇ ਬਰਾਬਰ ਹੁੰਦਾ ਹੈ। ਕੀ ਸਾਡੇ ਕੁਝ ਵਰਤਮਾਨ ਅਧਿਆਪਕ ਗਿਆਨ ਦੇ ਰਹੇ ਹਨ ਜਾਂ ਇਸ ਨੂੰ ਰੋਕ ਰਹੇ ਹਨ? ਹਾਲ ਹੀ ਵਿਚ ਮੁਜ਼ੱਫਰਨਗਰ ਅਤੇ ਕਠੂਆ ਦੇ ਦੋ ਸਕੂਲਾਂ ਵਿਚ ਦੋ ਖੌਫ਼ਨਾਕ ਘਟਨਾਵਾਂ ਵਾਪਰੀਆਂ ਹਨ ਜਨਿ੍ਹਾਂ ਨੂੰ ਲੈ ਕੇ ਕਾਫ਼ੀ ਜਨਤਕ ਰੋਸ ਪੈਦਾ ਹੋਇਆ ਸੀ। ਮੁਜ਼ੱਫਰਨਗਰ ਦੇ ਇਕ ਸਕੂਲ ਦੀ ਅਧਿਆਪਕਾ ਨੇ ਆਪਣੇ ਇਕ ਮੁਸਲਿਮ ਵਿਦਿਆਰਥੀ ਦੇ ਕਲਾਸ ਦਾ ਕੰਮ ਨਾ ਕਰਨ ’ਤੇ ਹੋਰਨਾਂ ਵਿਦਿਆਰਥੀਆਂ ਤੋਂ ਥੱਪੜ ਮਰਵਾਏ ਗਏ। ਨਾਲ ਹੀ ਉਸ ਅਧਿਆਪਕਾ ਨੇ ਮੁਸਲਿਮ ਮਾਪਿਆਂ ਬਾਰੇ ਕੁਝ ਕੋਝੀਆਂ ਟਿੱਪਣੀਆਂ ਵੀ ਕੀਤੀਆਂ। ਇਹ ਘਟਨਾ ਕਿਸੇ ਨੇ ਕੈਮਰੇ ’ਚ ਰਿਕਾਰਡ ਕਰ ਕੇ ਸੋਸ਼ਲ ਮੀਡੀਆ ’ਤੇ ਪਾ ਦਿੱਤੀ ਜਿਸ ਤੋਂ ਬਾਅਦ ਸਬੰਧਤ ਅਧਿਆਪਕਾ ਖਿਲਾਫ਼ ਕਾਰਵਾਈ ਕਰਨ ਦੀ ਮੰਗ ਜ਼ੋਰ ਫੜ ਗਈ।
ਇਸੇ ਤਰ੍ਹਾਂ ਦੀ ਇਕ ਘਟਨਾ ਜੰਮੂ ਦੇ ਕਠੂਆ ਜ਼ਿਲ੍ਹੇ ਵਿਚ ਵਾਪਰੀ ਜਿੱਥੇ ਇਕ ਸਰਕਾਰੀ ਸਕੂਲ ਦੇ ਦਸਵੀਂ ਜਮਾਤ ਦੇ ਇਕ ਵਿਦਿਆਰਥੀ ਨੂੰ ਇਕ ਅਧਿਆਪਕ ਨੇ ਇਸ ਕਰਕੇ ਸਜ਼ਾ ਦਿੱਤੀ ਕਿਉਂਕਿ ਉਸ ਨੇ ਕਲਾਸਰੂਮ ਦੇ ਬਲੈਕ ਬੋਰਡ ’ਤੇ ‘ਜੈ ਸ਼੍ਰੀ ਰਾਮ’ ਦਾ ਨਾਅਰਾ ਲਿਖਿਆ ਸੀ। ਦੋਸ਼ ਲਾਇਆ ਗਿਆ ਕਿ ਅਧਿਆਪਕ ਨੇ ਵਿਦਿਆਰਥੀ ਨੂੰ ਚਿਤਾਵਨੀ ਦਿੱਤੀ ਕਿ ਜੇ ਉਸ ਨੇ ਅਜਿਹੀ ਹਰਕਤ ਫਿਰ ਕੀਤੀ ਤਾਂ ਉਹ ਉਸ ਨੂੰ ਮਾਰ ਦੇਵੇਗਾ ਅਤੇ ਉਸ ਤੋਂ ਪਾਣੀ ਨਾਲ ਬਲੈਕ ਬੋਰਡ ਸਾਫ਼ ਕਰਵਾਇਆ ਜਿਸ ਕਰਕੇ ਵਿਦਿਆਰਥੀ ਨੂੰ ਪੰਜ ਦਿਨ ਹਸਪਤਾਲ ਰਹਿਣਾ ਪਿਆ ਸੀ।
ਇਹ ਦੋਵੇਂ ਘਟਨਾਵਾਂ ਸਾਨੂੰ ਦੱਸਦੀਆਂ ਹਨ ਕਿ ਸਿੱਖਿਆ ਦੇ ਮੰਦਰਾਂ ਨੂੰ ਪਲੀਤ ਕਰਨ ਲਈ ਇਹ ਉਹ ਭਟਕੇ ਹੋਏ ਵਿਦਿਆਰਥੀ ਜ਼ਿੰਮੇਵਾਰ ਨਹੀਂ ਹਨ ਸਗੋਂ ਕੁਝ ਹੱਦ ਤੱਕ ਭਟਕੇ ਹੋਏ ਅਧਿਆਪਕ/ਅਧਿਆਪਕਾਵਾਂ ਹਨ। ਅਜਿਹੀਆਂ ਘਟਨਾਵਾਂ ਕਰਕੇ ਫ਼ਿਰਕੂ ਹਿੰਸਾ ਵੀ ਭੜਕ ਸਕਦੀ ਸੀ ਪਰ ਚੰਗੇ ਭਾਗੀਂ ਅਜਿਹਾ ਕੁਝ ਨਹੀਂ ਵਾਪਰਿਆ। ਅਸਲ ਵਿਚ ਕੱਟੜਤਾ ਅਤੇ ਪੱਖਪਾਤ ਸਾਡੀਆਂ ਜ਼ਿੰਦਗੀਆਂ ਵਿਚ ਬੁਰੀ ਤਰ੍ਹਾਂ ਦਾਖ਼ਲ ਹੋ ਚੁੱਕੇ ਹਨ। ਆਓ, ਆਪਣੇ ਵਖਰੇਵਿਆਂ ਨੂੰ ਸਾਂਝੀਵਾਲਤਾ ਵਿਚ ਬਦਲੀਏ। ਵੰਨ-ਸੁਵੰਨਤਾ ਕੋਈ ਕਮਜ਼ੋਰੀ ਨਹੀਂ ਸਗੋਂ ਤਾਕਤ ਦੀ ਨਿਸ਼ਾਨੀ ਹੈ। ਆਓ, ਕਿਸੇ ਵੀ ਪੱਧਰ ਦੀ ਸਿੱਖਿਆ ਤਹਿਤ ਆਪਣੇ ਨੌਜਵਾਨਾਂ ਦੇ ਮਨ-ਮਸਤਕਾਂ ਨੂੰ ਪੱਖਪਾਤ, ਨਫ਼ਰਤ ਅਤੇ ਕਿਸੇ ਵੀ ਤਰ੍ਹਾਂ ਦੇ ‘ਵਾਦ’ ਦੀਆਂ ਵਲਗਣਾਂ ਤੋਂ ਪਰ੍ਹੇ ਰੱਖੀਏ। ਇਸ ਦਾ ਜ਼ਿੰਮਾ ਸਕੂਲ ਅਤੇ ਯੂਨੀਵਰਸਿਟੀ ਪੱਧਰ ਦੇ ਅਧਿਆਪਕਾਂ ਸਿਰ ਆਉਂਦਾ ਹੈ। ਇਸ ਵੇਲੇ ਅਮਰੀਕੀ ਕਵੀ ਗਵਨਿਡੋਲਨਿ ਬਰੁਕਸ ਦੇ ਸੁਨਹਿਰੀ ਬੋਲਾਂ ਨੂੰ ਚੇਤੇ ਕਰਨ ਦਾ ਸਮਾਂ ਹੈ:
‘ਅਸੀਂ ਇਕ ਦੂਜੇ ਦੀ ਫ਼ਸਲ ਹਾਂ
ਅਸੀਂ ਇਕ ਦੂਜੇ ਦਾ ਕਸਬ ਹਾਂ
ਅਸੀਂ ਇਕ ਦੂਜੇ ਦਾ ਆਕਾਰ ਹਾਂ
ਤੇ ਇਕ ਦੂਜੇ ਨਾਲ ਬੱਝੇ ਹੋਏ ਹਾਂ।’

* ਇਹ ਲੇਖ ਪਹਿਲਾਂ ‘ਇੰਡੀਅਨ ਐਕਸਪ੍ਰੈੱਸ’ ਵਿੱਚ 4 ਅਕਤੂਬਰ 2023 ਨੂੰ ਪ੍ਰਕਾਸ਼ਿਤ ਹੋਇਆ ਸੀ।
ਸੰਪਰਕ: 98713-00025

Advertisement

Advertisement