ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜਦੋਂ ਪੰਡਤ ਨੇ ਪੱਤਰਾ ਨਾ ਖੋਲ੍ਹਿਆ

11:35 AM May 25, 2023 IST

ਰਣਜੀਤ ਲਹਿਰਾ

Advertisement

ਸਾਲ 2005-06 ਵਿਚ ਮੈਂ ਉੱਪਰੋਥਲੀ ਦੋ ਵਾਰ ਸਖ਼ਤ ਬਿਮਾਰ ਹੋਇਆ। ਇਹ ਪਹਿਲੀ ਵਾਰ ਸੀ ਜਦੋਂ ਮੈਂ ਦਿਲ ਦੀ ਬਿਮਾਰੀ ਕਰ ਕੇ ਮਹੀਨਿਆਂਬੱਧੀ ਮੰਜੇ ‘ਤੇ ਪਿਆ ਰਿਹਾ ਸੀ। ਪਹਿਲੀ ਵਾਰ ਹੀ ਡਾਕਟਰਾਂ ਨੇ ਮੈਨੂੰ ਰੋਜ਼ਾਨਾ ਰਾਤ ਸਮੇਂ ਕੁਝ ਘੰਟੇ ਆਕਸੀਜਨ ਸ਼ੁਰੂ ਕਰਨ ਦੀ ਸਲਾਹ ਦਿੱਤੀ ਸੀ। ਮੇਰੀ ਪਤਨੀ ਸਮੇਤ ਸਾਰੇ ਦੋਸਤ-ਮਿੱਤਰ ਘਬਰਾਏ ਹੋਏ ਸਨ। ਅਜਿਹੇ ਨਾਜ਼ਕ ਤੇ ਔਖੇ ਵੇਲੇ ਆਪਣਿਆਂ ਨਾਲ ‘ਕੰਧਾਂ ਦੀ ਸਾਂਝ’ ਦੀ ਥਾਂ ‘ਦਿਲਾਂ ਦੀ ਸਾਂਝ’ ਵਧੇਰੇ ਕੰਮ ਦਿੰਦੀ ਹੈ। ਇਨ੍ਹਾਂ ਦਿਨਾਂ ਵਿਚ ਜਿਨ੍ਹਾਂ ਮਿੱਤਰ-ਪਿਆਰਿਆਂ ਨੇ ਸਾਡਾ ਸਭ ਤੋਂ ਵੱਧ ਸਾਥ ਦਿੱਤਾ, ਉਨ੍ਹਾਂ ਵਿਚੋਂ ਸਭ ਤੋਂ ਪਹਿਲਾ ਨਾਂ ਮਾਸਟਰ ਈਸ਼ਵਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਸ਼ਾਂਤੀ ਦੇਵੀ ਦਾ ਸੀ। ਮਾਸਟਰ ਜੀ ਮੇਰੇ ਦੋਸਤ ਵੀ ਸਨ ਤੇ ਗੁਆਂਢੀ ਵੀ। ਦੋਵੇਂ ਜੀਅ ਹਰ ਵਕਤ ਹਾਜ਼ਰ ਰਹਿੰਦੇ, ਹਰ ਤਰ੍ਹਾਂ ਦੀ ਮਦਦ ਲਈ ਤਨੋ-ਮਨੋ ਤਤਪਰ ਰਹਿੰਦੇ।

ਮਾਸਟਰ ਈਸ਼ਵਰ ਸਿੰਘ ਪ੍ਰਤੀਬੱਧ ਅਧਿਆਪਕ ਅਤੇ ਤਰਕਸ਼ੀਲ ਤੇ ਅਗਾਂਹਵਧੂ ਵਿਚਾਰਾਂ ਦੇ ਧਾਰਨੀ ਸਨ। ਹਿੰਦੀ ਦਾ ਤਾਂ ਉਹ ਤੁਰਿਆ-ਫਿਰਦਾ ਸ਼ਬਦਕੋਸ਼ ਸਨ। ਹੈ ਵੀ ਰੌਣਕੀ ਸੁਭਾਅ ਦੇ ਸਨ ਪਰ ਉਨ੍ਹਾਂ ਦੀ ਪਤਨੀ ਸ਼ਾਂਤੀ ਅਨਪੜ੍ਹ ਤੇ ਬਾਂਗਰ ਦੇ ਬੇਹੱਦ ਪਛੜੇ ਪਿੰਡ ਦੀ ਹੋਣ ਕਰ ਕੇ ਅੰਧ-ਵਿਸ਼ਵਾਸਾਂ ਤੋਂ ਖਹਿੜਾ ਨਹੀਂ ਛੁਡਾ ਸਕੀ ਸੀ। ਉਂਝ ਸੋਹਣੀ-ਸੁਨੱਖੀ, ਸਲੀਕੇਦਾਰ ਹੋਣ ਕਰ ਕੇ ਕੋਈ ਕਹਿ ਨਹੀਂ ਸੀ ਸਕਦਾ ਕਿ ਉਹ ਅਨਪੜ੍ਹ ਹੈ। ਇੱਕ ਵਾਰ ਕਿਸੇ ਪੜ੍ਹੀ-ਲਿਖੀ ਔਰਤ ਨਾਲ ਕੱਪੜੇ ਦੀ ਦੁਕਾਨ ‘ਤੇ ਗਈ ਤਾਂ ਸੂਟ ਦਿਖਾਉਂਦਾ ਦੁਕਾਨਦਾਰ ਪੜ੍ਹੀ-ਲਿਖੀ ਔਰਤ ਨੂੰ ਛੱਡ ਕੇ ਸ਼ਾਂਤੀ ਮੂਹਰੇ ਪ੍ਰਿੰਟ ਰੇਟ ਕਰ ਕੇ ਕਹੀ ਜਾਵੇ- “ਲੈ ਤੁਸੀਂ ਦੇਖੋ ਭੈਣ ਜੀ, ਤੁਸੀਂ ਪੜ੍ਹੇ-ਲਿਖੇ ਹੋ।” ਦੁਖਦੇ-ਸੁਖਦੇ ਹਰ ਕਿਸੇ ਦੇ ਨਾਲ ਖੜ੍ਹਨ ਵਾਲੀ ਕੰਮਾਂ-ਧੰਦਿਆਂ ਵਿਚ ਮੂਹਰੇ ਹੋ ਕੇ ਹੱਥ ਵਟਾਉਣ ਵਾਲੀ ਹੋਣ ਕਰ ਕੇ ਸਾਰੇ ਮੁਹੱਲੇ ਵਿਚ ਸ਼ਾਤੀ ਸ਼ਾਂਤੀ ਹੁੰਦੀ ਰਹਿੰਦੀ।

Advertisement

ਸ਼ਾਂਤੀ ਮੇਰੀ ਪਤਨੀ ਰਾਜਪਾਲ ਨਾਲ ਨਿੱਤ-ਰੋਜ਼ ਕੰਮ-ਧੰਦੇ ਵੀ ਕਰਾਉਂਦੀ, ਦੁੱਖ ਵੀ ਵੰਡਾਉਂਦੀ ਤੇ ਹੌਸਲਾ ਵੀ ਦਿੰਦੀ ਰਹਿੰਦੀ। ਆਪਣੀ ਫਿਕਰਮੰਦੀ ਵਿਚੋਂ ਉਹ ਅਕਸਰ ਰਾਜਪਾਲ ਨੂੰ ਕਿਸੇ ਪੰਡਤ ਜਾਂ ਸਾਧ-ਸੰਤਾਂ ਦੀ ਦੱਸ ਪਾਉਂਦੀ ਅਤੇ ਇਲਾਜ ਦੇ ਨਾਲ ਨਾਲ ਕੋਈ ਪੁੱਛ ਵਗੈਰਾ ਲੈਣ ਦੀਆਂ ਸਲਾਹਾਂ ਦਿੰਦੀ ਰਹਿੰਦੀ ਪਰ ਰਾਜਪਾਲ ਨੂੰ ਇਨ੍ਹਾਂ ਗੱਲਾਂ ਵਿਚ ਕੋਈ ਯਕੀਨ ਨਹੀਂ ਸੀ ਤੇ ਉਹ ਕਿੱਧਰੇ ਵੀ ਜਾਣ ਤੋਂ ਜਵਾਬ ਦੇ ਦਿੰਦੀ। ਸ਼ਾਂਤੀ ਨੂੰ ਸ਼ਾਂਤ ਕਰਨ ਲਈ ਇਹ ਵੀ ਕਹਿੰਦੀ ਕਿ ਜੇ ਕਾਮਰੇਡ ਜਾਂ ਮਾਸਟਰ ਜੀ ਨੂੰ ਪਤਾ ਲੱਗ ਗਿਆ ਤਾਂ ਐਵੇਂ ਘਰੇ ਕਲੇਸ਼ ਖੜ੍ਹਾ ਹੋਊ ਪਰ ਸ਼ਾਂਤੀ ਆਪਣੀਆਂ ਦਲੀਲਾਂ ਦੇਣੋਂ ਨਾ ਹਟਦੀ, ਕਦੇ ਕਹਿੰਦੀ- “ਨਿਉਂ ਕਿਵੇਂ ਪਤਾ ਲੱਗਜੂ” ਤੇ ਕਦੇ ਕਹਿੰਦੀ- “ਤੌਂਹ ਮੇਰੇ ਕਹੇ ਤੋਂ ਇੱਕ ਵਾਰ ਚੱਲ ਤੋ ਸਹੀ।”

ਅਖੀਰ ਰਾਜਪਾਲ ਨੇ ਬੇਹੱਦ ਔਖੇ ਵੇਲੇ ਸ਼ਾਂਤੀ ਦੇ ਦਿੱਤੇ ਜਾ ਰਹੇ ਸਾਥ ਨੂੰ ਦੇਖਦਿਆਂ ਸ਼ਾਂਤੀ ਅੱਗੇ ਹਥਿਆਰ ਸੁੱਟ ਦਿੱਤੇ; ਮਤੇ ਸ਼ਾਂਤੀ ਦੇ ਮਨ ਵਿਚ ਇਹ ਨਾ ਜਾਵੇ ਕਿ ਮੈਂ ਦਿਨ-ਰਾਤ ਇਹਦੇ ਨਾਲ ਖੜ੍ਹਦੀ ਹਾਂ ਤੇ ਇਹ ਮੇਰੀ ਇੱਕ ਗੱਲ ਵੀ ਨਹੀਂ ਮੰਨਦੀ। ਇੰਝ ਦੱਬ-ਘੁੱਟ ਕੇ ਸ਼ਾਂਤੀ ਰਾਜਪਾਲ ਨੂੰ ਸਾਡੇ ਘਰਾਂ ਦੇ ਨੇੜੇ ਹੀ ਇੱਕ ਮੰਦਰ ਦੇ ਪੰਡਤ ਕੋਲ ਪੱਤਰਾ ਦਿਖਾਉਣ ਲਈ ਲੈ ਕੇ ਜਾਣ ਵਿਚ ਕਾਮਯਾਬ ਰਹੀ।

ਸ਼ਾਂਤੀ ਨੇ ਮੁੱਠੀ ਵਿਚ ਫੜੇ ਪੈਸੇ ਪੰਡਤ ਵੱਲ ਕਰਦਿਆਂ ਉਹਨੂੰ ਪੱਤਰਾ ਦੇਖਣ ਲਈ ਕਿਹਾ। ਪੰਡਤ ਨੇ ਪਹਿਲਾਂ ਸ਼ਾਂਤੀ ਨੂੰ ਦੇਖਿਆ ਤੇ ਫਿਰ ਰਾਜਪਾਲ ਦਾ ਚਿਹਰਾ ਪੜ੍ਹਨ ਲੱਗਿਆ। ਉਨ੍ਹੀਂ ਦਿਨੀਂ ਪ੍ਰਾਈਵੇਟ ਸਕੂਲ ਵਿਚ ਪੜ੍ਹਾਉਂਦੀ ਹੋਣ ਕਰ ਕੇ ਰਾਜਪਾਲ ਰੋਜ਼ਾਨਾ ਉਸ ਮੰਦਰ ਦੇ ਮੂਹਰਦੀ ਲੰਘਦੀ ਸੀ। ਚਿਹਰੇ ਤੋਂ ਤਾਂ ਪੰਡਤ ਉਹਨੂੰ ਪਛਾਣਦਾ ਸੀ ਪਰ ਇਹ ਹੈ ਕੌਣ ਤੇ ਕਿਹੜੇ ਲਾਣੇ ‘ਚੋਂ ਹੈ, ਇਹ ਉਹਨੂੰ ਪਤਾ ਨਹੀਂ ਸੀ ਲੱਗ ਰਿਹਾ। ਉਹ ਇਹ ਵੀ ਜਾਣਦਾ ਸੀ ਕਿ ਇਹ ਔਰਤ ਲੰਘਦੀ ਤਾਂ ਮੰਦਰ ਮੂਹਰਦੀ ਭਾਵੇਂ ਰੋਜ਼ ਹੈ ਪਰ ਮੱਥਾ ਕਦੇ ਨਹੀਂ ਟੇਕਦੀ, ਤੇ ਨਾ ਹੀ ਕਦੇ ਮੱਥਾ ਟੇਕਣ ਕਦੇ ਮੰਦਰ ਆਈ ਹੈ। ਸੋ ਪੱਤਰਾ ਖੋਲ੍ਹਣ ਦੀ ਥਾਂ ਪੰਡਤ ਨੇ ਪਹਿਲਾਂ ਗੱਲੀਂ-ਬਾਤੀਂ ਇਹ ਜਾਣ ਲੈਣ ਦਾ ਨਿਸ਼ਚਾ ਕੀਤਾ ਕਿ ਇਹ ਔਰਤ ਹੈ ਕੌਣ?

ਇਸੇ ਲਈ ਉਹਨੇ ਸ਼ਾਂਤੀ ਤੋਂ ਪੈਸੇ ਫੜ ਕੇ ਪੱਤਰਾ ਖੋਲ੍ਹਣ ਦੀ ਥਾਂ ਉਰਲੀਆਂ-ਪਰਲੀਆਂ ਗੱਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਉਹਦਾ ਇਹ ਵਿਹਾਰ ਸ਼ਾਂਤੀ ਨੂੰ ਸਮਝ ਨਹੀਂ ਸੀ ਆ ਰਿਹਾ। ਉਹ ਮੁੜ ਮੁੜ ਆਪਣੀ ਮੁੱਠੀ ਵਿਚ ਘੁੱਟੇ ਪੈਸੇ ਪੰਡਤ ਮੂਹਰੇ ਕਰ ਕੇ ਆਪਣੀ ਬਾਂਗਰੂ ਬੋਲੀ ਵਿਚ ਕਹਿ ਦਿਆ ਕਰੇ- “ਬਾਬਾ ਜੀ, ਤੌਂਹ ਪੱਤਰਾ ਦੇਖ।” ਪਰ ਪੰਡਤ ਪਰਾਂ ‘ਤੇ ਪਾਣੀ ਨਾ ਪੈਣ ਦੇਵੇ। ਵਿਚਾਰੀ ਸ਼ਾਂਤੀ ਨੂੰ ਕੁਝ ਸਮਝ ਨਾ ਆਵੇ ਕਿ ਪੰਡਤ ਕਰੀ ਕੀ ਜਾਂਦੈ? ਅਖੀਰ ਨੂੰ ਗੱਲਾਂਬਾਤਾਂ ਵਿਚੋਂ ਪੰਡਤ ਨੇ ਪਤਾ ਲਾ ਲਿਆ ਕਿ ਇਹ ਬੀਬੀ ਕਿਹੜੇ ਲਾਣੇ ਵਿਚੋਂ ਹੈ। ਫਿਰ ਉਹਨੂੰ ਇਹ ਸਮਝਣ ਵਿਚ ਵੀ ਦੇਰ ਨਹੀਂ ਲੱਗੀ ਕਿ ਇਹ ਕੀਹਦੀ ਪਤਨੀ ਹੈ। ਹੁਣ ਪੰਡਤ ਨੇ ਪੱਤਰਾ ਕਾਹਨੂੰ ਖੋਲ੍ਹਣਾ ਸੀ! ਉਹ ਸਮਝ ਗਿਆ ਕਿ ਇੱਥੇ ਪੱਤਰਾ ਖੋਲ੍ਹਿਆ ਨਵਾਂ ਪੰਗਾ ਪਵਾ ਸਕਦੈ। ਪੱਤਰਾ ਪਾਸੇ ਰੱਖ ਕੇ ਪੰਡਤ ਲੰਮੀਆਂ ਹਲ਼ਾਈਆਂ ਪਾਉਣ ਲੱਗ ਪਿਆ, “ਲੈ ਭਾਈ ਮੈਂ ਤੇ ਥੋਡਾ ਮਾਮਾ ਲਾਭਾ ਬੱਛੋਆਣੇ ਵਾਲਾ ਤਾਂ ‘ਕੱਠੇ ਪੜ੍ਹਦੇ ਰਹੇ ਆਂ। ਥੋਡੇ ਬਾਪੂ ਜੀ ਤਾਂ ਬਿਜਲੀ ਬੋਰਡ ‘ਚੋਂ ਰਿਟਾਇਰ ਹੋਏ ਨੇ, ਗੁਰਸਿੱਖ ਨੇ। ਪੱਤਰਿਆਂ ‘ਚ ਕੀ ਪਿਐ ਭਾਈ? ਇਹ ਤਾਂ ਮਨ ਦਾ ਵਹਿਮ ਹੁੰਦਾ। ਘਰੇ ਸੇਵਾ ਕਰੋ, ਇਲਾਜ ਕਰਾਓ ਭਾਈ, ਕਾਹਨੂੰ ਚੱਕਰਾਂ ‘ਚ ਪੈਨੇ ਓਂ।”

ਪੱਤਰਾ ਦੇਖਣਾ, ਚੇਲੇ ਲਾਉਣਾ ਭਾਵੇਂ ਪੰਡਤ ਦਾ ਕਾਰੋਬਾਰ ਸੀ ਪਰ ਉਂਝ ਬੰਦਾ ਉਹ ਚੰਗਾ ਤੇ ਮਿਲਣਸਾਰ ਸੀ। ਜਦੋਂ ਸ਼ਾਂਤੀ ਨੇ ਦੇਖਿਆ ਕਿ ਅੱਜ ਨਹੀਂ ਪੰਡਤ ਰਾਹ ਦਿੰਦਾ ਤਾਂ ਅੰਦਰੋ-ਅੰਦਰੀ ਔਖੀ ਹੋਈ ਨੇ ਰਾਜਪਾਲ ਦੀ ਬਾਂਹ ਫੜੀ ਤੇ ਕਹਿੰਦੀ- “ਚੱਲ ਕੁੜੇ ਘਰ ਚੱਲੀਏ, ਪਤਾ ਨੀ ਕੇ ਹੋਇਆ ਬਾਬੇ ਨੂੰ, ਅੱਜ ਨੀ ਪੱਤਰਾ ਦੇਖਦਾ।” ਸ਼ਾਂਤੀ ਨੂੰ ਲੱਗਿਆ, ਇਹ ਤਾਂ ਉਹਦੀ ਹਾਰ ਹੈ ਪਰ ਅਸਲ ‘ਚ ਇਹ ਸ਼ਾਂਤੀ ਦੀ ਨਹੀਂ ਪਾਖੰਡ ਦੇ ਫ਼ਲਸਫੇ ਦੀ ਹਾਰ ਸੀ।

12 ਮਾਰਚ ਨੂੰ ਮੇਰੀ ਕਿਤਾਬ ‘ਕਲਮ ਦਾ ਇਸ਼ਕ’ ਰਿਲੀਜ਼ ਕਰਨ ਮੌਕੇ ਰਾਜਪਾਲ ਨੇ ਇਹ ਘਟਨਾ ਆਪਣੇ ਅੰਦਾਜ਼ ਵਿਚ ਸਾਂਝੀ ਕਰ ਕੇ ਰੰਗ ਵੀ ਬੰਨ੍ਹਿਆ ਤੇ ਉਸ ਖੂਬਸੂਰਤ ਜੋੜੀ ਦੀ ਯਾਦ ਵੀ ਤਾਜ਼ਾ ਕੀਤੀ ਜਿਹੜੀ 2009 ਤੇ 2013 ਵਿਚ, ਅੱਗੜ-ਪਿੱਛੜ ਵਿਚੜ ਗਈ ਸੀ।
ਸੰਪਰਕ: 94175-88616

Advertisement
Advertisement