ਜਦੋਂ ਨਿਤੀਸ਼ ਰੈੱਡੀ ਦੇ ਪਿਤਾ ਨੇ ਗਾਵਸਕਰ ਦੇ ਪੈਰੀਂ ਹੱਥ ਲਾਇਆ, ਸੋਸ਼ਲ ਮੀਡੀਆ ’ਤੇ ਵੀਡੀਓ ਹੋਈ ਵਾਇਰਲ
ਮੈਲਬਰਨ, 29 ਦਸੰਬਰ
ਮੈਲਬਰਨ ਵਿਚ ਆਸਟਰੇਲੀਆ ਖਿਲਾਫ਼ ਚੌਥੇ ਟੈਸਟ ਕ੍ਰਿਕਟ ਮੈਚ ਵਿਚ ਸੈਂਕੜਾ ਜੜਨ ਵਾਲੇ ਭਾਰਤੀ ਬੱਲੇਬਾਜ਼ ਨਿਤੀਸ਼ ਕੁਮਾਰ ਰੈੱਡੀ ਦੇ ਪਿਤਾ ਮੁਤਯਾਲਾ ਰੈੱਡੀ ਅੱਜ ਜਦੋਂ ਆਪਣੇ ਬਚਪਨ ਦੇ ‘ਹੀਰੋ’ ਸੁਨੀਲ ਗਾਵਸਕਰ ਨੂੰ ਮਿਲੇ ਤਾਂ ਉਨ੍ਹਾਂ ਲਿਟਲ ਮਾਸਟਰ ਦੇ ਪੈਰੀਂ ਹੱਥ ਲਾਇਆ। ਗਾਵਸਕਰ ਅਸਲ ਵਿਚ ਨਿਤੀਸ਼ ਦੇ ਪਿਤਾ ਨੂੰ ਅਧਿਕਾਰਤ ਬਰਾਡਕਾਸਟਰ ਬਾਕਸ (ਕੁਮੈਂਟੇਟਰ ਬਾਕਸ) ਵਿਚ ਲੈ ਕੇ ਜਾ ਰਹੇ ਸਨ। ਗਾਵਸਕਰ ਨੇ ਨਿਤੀਸ਼ ਵੱਲੋਂ ਆਪਣਾ ਪਲੇਠਾ ਸੈਂਕੜਾ ਜੜਨ ਤੋਂ ਇਕ ਦਿਨ ਮਗਰੋਂ ਅੱਜ ਰੈੱਡੀ ਪਰਿਵਾਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨਿਤੀਸ਼ ਦੇ ਪਿਤਾ ਮੁਤਯਾਲਾ ਨੂੰ ਕਿਹਾ ਕਿ ਉਨ੍ਹਾਂ ਵੱਲੋਂ ਕੀਤੀਆਂ ਕੋਸ਼ਿਸ਼ਾਂ ਸਦਕਾ ਭਾਰਤੀ ਕ੍ਰਿਕਟ ਨੂੰ ਅੱਜ ਨਿਤੀਸ਼ ਵਰਗਾ ‘ਹੀਰਾ’ ਮਿਲਿਆ ਹੈ। ਰੈੱਡੀ ਪਰਿਵਾਰ ਨਾਲ ਮੁਲਾਕਾਤ ਦੌਰਾਨ ਭਾਵੁਕ ਹੋਏ ਗਾਵਸਕਰ ਨੇ ਕਿਹਾ, ‘‘ਤੁਸੀਂ ਜਾਣਦੇ ਹੋ ਕਿ ਉਨ੍ਹਾਂ (ਨਿਤੀਸ਼ ਦੇ ਇਸ ਸਫ਼ਰ ਲਈ) ਕਿੰਨੇ ਵੱਡੇ ਤਿਆਗ ਕੀਤੇ ਹਨ ਅਤੇ ਤੁਹਾਡੀ ਵਜ੍ਹਾ ਕਰਕੇ ਮੇਰੀਆਂ ਅੱਖਾਂ ’ਚ ਅੱਥਰੂ ਹਨ।’’ ਉਨ੍ਹਾਂ ਕਿਹਾ, ‘‘ਤੁਹਾਡੇ ਕਰਕੇ ਭਾਰਤੀ ਕ੍ਰਿਕਟ ਨੂੰ ਇਕ ਰਤਨ ਮਿਲਿਆ ਹੈ।’’ ਰੈੱਡੀ ਦੀ ਭਾਵੁਕ ਹੋਈ ਮਾਂ ਨੇ ਵੀ ਗਾਵਸਕਰ ਨੂੰ ਕਿਹਾ ਕਿ ਉਨ੍ਹਾਂ ਨੂੰ ਅਜੇ ਵੀ ਇਹ ਯਕੀਨ ਨਹੀਂ ਹੋ ਰਿਹਾ ਕਿ ਉਨ੍ਹਾਂ ਦਾ ਪੁੱਤ ਇੰਨੇ ਵੱਡੇ ਮੈਦਾਨ ਉੱਤੇ ਖੇਡ ਰਿਹਾ ਹੈ ਤੇ ਉਸ ਨੇ ‘ਵੱਡੀ ਪਾਰੀ’ ਖੇਡੀ ਹੈ। ਮੁਤਯਾਲਾ ਰੈੱਡੀ ਨੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਦਾ ਵੀ ਧੰਨਵਾਦ ਕੀਤਾ, ਜਿਸ ਦੇ ਕਰੀਜ਼ ਦੇ ਦੂਜੇ ਸਿਰੇ ਉੱਤੇ ਟਿਕੇ ਰਹਿਣ ਕਰਕੇ ਨਿਤੀਸ਼ ਆਪਣਾ ਸੈਂਕੜਾ ਪੂਰਾ ਕਰ ਸਕਿਆ। -ਪੀਟੀਆਈ