ਮਹਿਲਾ ਇੱਕ ਰੋਜ਼ਾ ਦਰਜਾਬੰਦੀ ’ਚ ਦੀਪਤੀ ਪੰਜਵੇਂ ਸਥਾਨ ’ਤੇ
ਦੁਬਈ, 31 ਦਸੰਬਰ
ਭਾਰਤੀ ਆਫ ਸਪਿੰਨਰ ਦੀਪਤੀ ਸ਼ਰਮਾ ਵੈਸਟਇੰਡੀਜ਼ ਖ਼ਿਲਾਫ਼ ਹਾਲ ਹੀ ’ਚ ਖਤਮ ਹੋਈ ਘਰੇਲੂ ਲੜੀ ’ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਮਹਿਲਾ ਇੱਕ ਰੋਜ਼ਾ ਗੇਂਦਬਾਜ਼ੀ ਦਰਜਾਬੰਦੀ ਵਿੱਚ ਇਕ ਸਥਾਨ ਉਪਰ ਪੰਜਵੇਂ ਸਥਾਨ ’ਤੇ ਪਹੁੰਚ ਗਈ ਹੈ। ਦੀਪਤੀ ਦੇ 665 ਰੇਟਿੰਗ ਅੰਕ ਹਨ ਅਤੇ ਉਹ ਚੌਥੇ ਸਥਾਨ ਵਾਲੀ ਦੱਖਣੀ ਅਫਰੀਕਾ ਦੀ ਮਾਰਿਜ਼ਾਨੇ ਕਾਪ ਤੋਂ ਮਹਿਜ਼ 12 ਅੰਕ ਪਿੱਛੇ ਹੈ। 27 ਸਾਲਾ ਦੀਪਤੀ ਵੈਸਟਇੰਡੀਜ਼ ਖ਼ਿਲਾਫ਼ ਦੋ ਮੈਚਾਂ ਵਿੱਚ ਅੱਠ ਵਿਕਟਾਂ ਲੈ ਕੇ ਸੁਰਖੀਆਂ ਵਿੱਚ ਆਈ ਸੀ। ਬੱਲੇਬਾਜ਼ਾਂ ਦੀ ਸੂਚੀ ’ਚ ਜੇਮਿਮਾ ਰੌਡਰਿਗਜ਼ 537 ਅੰਕਾਂ ਨਾਲ 22ਵੇਂ ਸਥਾਨ ’ਤੇ ਪਹੁੰਚ ਗਈ ਹੈ। ਲੜੀ ਵਿੱਚ 29 ਅਤੇ 52 ਦੌੜਾਂ ਦੀ ਪਾਰੀ ਖੇਡਣ ਮਗਰੋਂ ਉਹ ਚਾਰ ਸਥਾਨ ਉਪਰ ਆਈ ਹੈ। ਇਸੇ ਤਰ੍ਹਾਂ ਬੱਲੇਬਾਜ਼ ਰਿਚਾ ਘੋਸ਼ ਵੀ ਸੱਤ ਸਥਾਨ ਉਪਰ 41ਵੇਂ ਸਥਾਨ ’ਤੇ ਪਹੁੰਚ ਗਈ ਹੈ। ਉਸ ਦੇ 448 ਰੇਟਿੰਗ ਅੰਕ ਹਨ। ਹਾਲਾਂਕਿ ਲੜੀ ’ਚ ਦੋ ਨੀਮ ਸੈਂਕੜੇ ਲਾਉਣ ਦੇ ਬਾਵਜੂਦ ਭਾਰਤ ਦੀ ਸਟਾਰ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ (720 ਅੰਕ) ਇਕ ਸਥਾਨ ਹੇਠਾਂ ਤੀਜੇ ਸਥਾਨ ’ਤੇ ਖਿਸਕ ਗਈ ਹੈ। ਉਸ ਤੋਂ ਅੱਗੇ ਦੱਖਣੀ ਅਫਰੀਕਾ ਦੀ ਲੌਰਾ ਵੋਲਵਾਰਟ (773) ਅਤੇ ਸ੍ਰੀਲੰਕਾ ਦੀ ਚਮਰੀ ਅਟਾਪੱਟੂ (733) ਹੈ। -ਪੀਟੀਆਈ