ਜਦੋਂ ਮਨਮੋਹਨ ਸਿੰਘ ਨੇ ਪੁੱਛਿਆ ਸੀ, ‘ਟ੍ਰਿਬਿਊਨ ਕਿਵੇਂ ਚੱਲ ਰਿਹੈ?’
ਰੁਪਿੰਦਰ ਸਿੰਘ
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਦੇਹਾਂਤ ਨਾਲ ‘ਦਿ ਟ੍ਰਿਬਿਊਨ’ ਦਾ ਇਕ ਸਲਾਹਕਾਰ ਤੇ ਖ਼ਾਸ ਪਾਠਕ ਖੁੱਸ ਗਿਆ ਹੈ। ਡਾ. ਮਨਮੋਹਨ ਸਿੰਘ ਜਦੋਂ ਵੀ ਮਿਲਦੇ ਸਨ ਤਾਂ ਇਹ ਲਾਜ਼ਮੀ ਤੌਰ ’ਤੇ ਪੁੱਛਦੇ ਸਨ, ‘‘ਫਿਰ, ਟ੍ਰਿਬਿਊਨ ਵਿੱਚ ਸਭ ਕਿਵੇਂ ਚੱਲ ਰਿਹੈ?’’ ਅਸੀਂ ਸਾਰੇ ਜਾਣਦੇ ਹਾਂ ਕਿ ‘ਦਿ ਟ੍ਰਿਬਿਊਨ’ ਪੜ੍ਹਨਾ ਉਨ੍ਹਾਂ ਦੀ ਰੋਜ਼ਾਨਾ ਦੀ ਆਦਤ ਸੀ। ਇਸ ਪ੍ਰਸਿੱਧ ਪਾਠਕ ਵੱਲੋਂ ਅਕਸਰ ਅਖ਼ਬਾਰ ਵਿੱਚ ਛਪਿਆ ਸਭ ਕੁਝ ਪੜ੍ਹਿਆ ਜਾਂਦਾ ਸੀ। ਉਹ ਇਕ ਤੋਂ ਜ਼ਿਆਦਾ ਵਾਰ ‘ਦਿ ਟ੍ਰਿਬਿਊਨ’ ਦੇ ਦਫ਼ਤਰ ਆਏ ਅਤੇ ਖੁਸ਼ਕਿਸਮਤੀ ਨਾਲ ਮੈਂ ਉੱਥੇ ਮੌਜੂਦ ਸੀ। ਉਹ ਮੇਰੀ ਅਖ਼ਬਾਰ ਵਿੱਚ ਨਿਯੁਕਤੀ ਹੋਣ ਤੋਂ ਕੁਝ ਸਾਲਾਂ ਬਾਅਦ ਹੀ ਦਫ਼ਤਰ ਆਏ ਸਨ। ਮੈਨੂੰ ਇਹ ਤਾਂ ਚੇਤੇ ਨਹੀਂ ਕਿ ਉਸ ਵੇਲੇ ਡਾ. ਮਨਮੋਹਨ ਸਿੰਘ ਕਿਸ ਅਹੁਦੇ ’ਤੇ ਸਨ ਪਰ ਅਹਿਮੀਅਤ ਸ਼ਖ਼ਸੀਅਤ ਦੀ ਹੁੰਦੀ ਹੈ, ਅਹੁਦੇ ਦੀ ਨਹੀਂ। ਉਨ੍ਹਾਂ ਬੋਰਡ ਰੂਮ ਵਿੱਚ ਟ੍ਰਿਬਿਊਨ ਪ੍ਰਕਾਸ਼ਨ ਸਮੂਹ ਦੇ ਸੰਪਾਦਕੀ ਅਮਲੇ ਨੂੰ ਸੰਬੋਧਨ ਕੀਤਾ। ਉਨ੍ਹਾਂ ਮੁੱਖ ਸੰਪਾਦਕ ਦੇ ਦਫ਼ਤਰ ਵਿੱਚ ਜਾਣ ਤੋਂ ਪਹਿਲਾਂ ਕਾਫੀ ਸੰਜਮ ਨਾਲ ਸਾਡੇ ਨਾਲ ਗੱਲਬਾਤ ਕੀਤੀ। ਜਦੋਂ ‘ਦਿ ਟ੍ਰਿਬਿਊਨ’ ਨੇ 2005 ਵਿੱਚ ਆਪਣੀ 125ਵੀਂ ਵਰ੍ਹੇਗੰਢ ਮਨਾਈ ਤਾਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਪੀਜੀਆਈ ਦੇ ਭਾਰਗਵ ਆਡੀਟੋਰੀਅਮ ਵਿੱਚ ਸਮਾਰੋਹ ਦੀ ਪ੍ਰਧਾਨਗੀ ਕੀਤੀ। ਉਸ ਵੇਲੇ ਉਨ੍ਹਾਂ ਨੇ ਕਿਹਾ ਸੀ, ‘‘ਮੈਂ ਸਾਰੀ ਉਮਰ ‘ਦਿ ਟ੍ਰਿਬਿਊਨ’ ਦਾ ਵਫ਼ਾਦਾਰ ਪਾਠਕ ਰਿਹਾ ਹਾਂ। ਹੁਣ ਇਹ ਮੇਰੀ ਆਦਤ ਬਣ ਗਿਆ ਹੈ ਅਤੇ ਇਸ ਨੂੰ ਪੜ੍ਹਨਾ ਛੱਡਣ ਦਾ ਮੇਰੇ ਕੋਲ ਕੋਈ ਕਾਰਨ ਨਹੀਂ ਹੈ। ਮੇਰੀ ਸਵੇਰ ਦੀ ਚਾਹ ਅਤੇ ਸੈਰ ਵਾਂਗ ਇਹ ਮੇਰੀ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਹੈ। ਮੇਰੇ ਲਈ ਆਪਣਾ ਮਨਪਸੰਦ ਅਖ਼ਬਾਰ ਪੜ੍ਹਨ ਤੋਂ ਇਲਾਵਾ ਦਿਨ ਦੀ ਸ਼ੁਰੂਆਤ ਕਰਨ ਦਾ ਹੋਰ ਕੋਈ ਤਰੀਕਾ ਹੀ ਨਹੀਂ ਹੈ।’’ ਉਨ੍ਹਾਂ ਕਿਹਾ ਸੀ, ‘‘ਮੈਂ ‘ਦਿ ਟ੍ਰਿਬਿਊਨ’ ਤੋਂ ਬਿਨਾ ਆਪਣੀ ਸਵੇਰ ਦੀ ਕਲਪਨਾ ਵੀ ਨਹੀਂ ਕਰ ਸਕਦਾ ਹਾਂ।’’
ਉਨ੍ਹਾਂ ਕਿਹਾ, ‘‘ਹਰੇਕ ਸਵੇਰ ਤੁਹਾਡੇ ਦਰਵਾਜ਼ੇ ’ਤੇ ਤੁਹਾਡਾ ਮਨਪਸੰਦ ਅਖ਼ਬਾਰ ਦੇਖਣ ਤੋਂ ਇਲਾਵਾ ਆਪਣੇ ਆਪ ਨੂੰ ਇਹ ਤਸੱਲੀ ਦੇਣ ਦਾ ਹੋਰ ਕੋਈ ਵਧੀਆ ਤਰੀਕਾ ਨਹੀਂ ਹੋ ਸਕਦਾ ਕਿ ਦੁਨੀਆ ਵਿੱਚ ਸਭ ਕੁਝ ਠੀਕ-ਠਾਕ ਹੈ। ਅਖ਼ਬਾਰ ਪੜ੍ਹਨਾ ਇਕ ਆਦਤ ਹੈ, ਜੋ ਸਾਡੇ ਸਭ ਦੀ ਹੈ। ਅੱਜ ਇਸ ਅਖ਼ਬਾਰ ਨੂੰ ਹੋਰ ਮੀਡੀਆ ਅਦਾਰਿਆਂ ਤੋਂ ਚੁਣੌਤੀ ਮਿਲ ਰਹੀ ਹੈ ਪਰ ਮੈਂ ਇਸ ਅਖ਼ਬਾਰ ਨੂੰ ਕਦੇ ਵੀ ਪੜ੍ਹਨਾ ਨਹੀਂ ਛੱਡ ਸਕਦਾ। ਜਦੋਂ ਮੈਂ ਵਿਦੇਸ਼ ਵਿੱਚ ਹੁੰਦਾ ਹਾਂ ਤਾਂ ਵੀ ਮੈਂ ਇਹ ਯਕੀਨੀ ਬਣਾਉਂਦਾ ਹਾਂ ਕਿ ‘ਦਿ ਟ੍ਰਿਬਿਊਨ’ ਮੈਨੂੰ ਪੜ੍ਹਨ ਲਈ ਮਿਲ ਜਾਵੇ।’’ ਉਨ੍ਹਾਂ ਬਾਅਦ ਵਿੱਚ ਪ੍ਰਾਣ ਨੇਵਿਲ ਦੀ ਕਿਤਾਬ ‘ਦਿ ਟ੍ਰਿਬਿਊਨ 125 ਯੀਅਰਜ਼: ਐਨ ਐਂਥੋਲੋਜੀ 1881-2005’ ਵੀ ਉਨ੍ਹਾਂ ਦੀ ਰਿਹਾਇਸ਼ ਵਿਖੇ ਰਿਲੀਜ਼ ਕੀਤੀ ਸੀ। ਉਨ੍ਹਾਂ ਸੰਸਦ ਵਿੱਚ ਅਖ਼ਬਾਰ ਦੀ 125ਵੀਂ ਵਰ੍ਹੇਗੰਢ ਮੌਕੇ ਯਾਦਗਾਰੀ ਡਾਕ ਟਿਕਟ ਵੀ ਜਾਰੀ ਕੀਤੀ ਸੀ। ਉਨ੍ਹਾਂ 2012 ਵਿੱਚ ਦਿੱਲੀ ਸਥਿਤ ਵਿਗਿਆਨ ਭਵਨ ਵਿੱਚ ਵੀਐੱਨ ਦੱਤਾ ਦੀ ਕਿਤਾਬ ‘ਦਿ ਟ੍ਰਿਬਿਊਨ 130 ਯੀਅਰਜ਼: ਏ ਵਿਟਨੈੱਸ ਟੂ ਹਿਸਟਰੀ’ ਵੀ ਰਿਲੀਜ਼ ਕੀਤੀ ਸੀ। ਜ਼ਾਹਿਰ ਹੈ ਉਨ੍ਹਾਂ ਦਾ ਇਸ ਅਖ਼ਬਾਰ ਨਾਲ ਡੂੰਘਾ ਲਗਾਅ ਹਮੇਸ਼ਾ ਕਾਇਮ ਰਿਹਾ।