ਬੇਚੈਨ ਕਰਦੀ ਦਾਸਤਾਨ
ਡਾ. ਗੁਰਤੇਜ ਸਿੰਘ
ਕੁਝ ਸਮਾਂ ਪਹਿਲਾਂ ਦੋਸਤ ਦੀ ਸ਼ਾਦੀ ਵਿੱਚ ਸ਼ਿਰਕਤ ਕਰਨ ਦਾ ਮੌਕਾ ਮਿਲਿਆ। ਦਿਲ ਬਾਗ਼ੋ-ਬਾਗ਼ ਸੀ ਕਿ ਇਸ ਮਿੱਤਰ ਨੇ ਸ਼ੋਹਰਤ ਦੀਆਂ ਬੁਲੰਦੀਆਂ ਛੂਹ ਕੇ ਵੀ ਮੇਰੇ ਜਿਹੇ ਆਮ ਇਨਸਾਨ ਨੂੰ ਇੰਨਾ ਮਾਣ ਸਤਿਕਾਰ ਦਿੱਤਾ; ਅਜਿਹੀ ਸੂਰਤ ਵਿੱਚ ਤਾਂ ਲੋਕ ਅਕਸਰ ਧਰਤੀ ਤੋਂ ਪੈਰ ਛੱਡ ਦਿੰਦੇ ਹਨ। ਖ਼ੈਰ! ਸ਼ਾਦੀ ਬਹੁਤ ਧੂਮ ਧਾਮ ਨਾਲ ਹੋਈ, ਸ਼ਰਾਬ-ਕਬਾਬ ਦੇ ਨਾਲ-ਨਾਲ ਆਰਕੈਸਟਰਾ ਨੇ ਵੀ ਧੂਮ ਮਚਾਈ ਹੋਈ ਸੀ। ਸਟੇਜ ’ਤੇ ਆਰਕੈਸਟਰਾ ਕੁੜੀਆਂ ਨਾਲ ਬਰਾਤੀਾਂ ਦੀ ਭੀੜ ਉਮੜੀ ਹੋਈ ਸੀ। ਆਰਕੈਸਟਰਾ ਕੁੜੀਆਂ ਦਾ ਹੱਥ ਫੜ ਕੇ ਨੱਚਣਾ ਤੇ ਪੈਸਿਆਂ ਦੀ ਬਰਸਾਤ ਬੇਰੋਕ ਹੋ ਰਹੀ ਸੀ। ਮੈਨੂੰ ਵੀਆਈਪੀ ਕੁਰਸੀ ਦਿੱਤੀ ਗਈ ਅਤੇ ਕੁਝ ਸਮਂੇ ਬਾਅਦ ਦੋਸਤ ਦੀ ਰਿਸ਼ਤੇਦਾਰੀ ’ਚੋਂ ਕੁਝ ਮੁੰਡੇ ਮੈਨੂੰ ਸਟੇਜ ’ਤੇ ਚੜ੍ਹਾਉਣ ਲਈ ਖਿੱਚਣ ਲੱਗੇ। ਕਾਫੀ ਦੇਰ ਦੀ ਮੁਸ਼ੱਕਤ ਤੋਂ ਬਾਅਦ ਉਨ੍ਹਾਂ ਤੋਂ ਖਹਿੜਾ ਛੁਡਾਉਣ ਲਈ ਮੈਂ ਸਟੇਜ ਉੱਪਰ ਚੰਦ ਪਲਾਂ ਲਈ ਜਾਣ ਵਾਸਤੇ ਰਾਜ਼ੀ ਤਾਂ ਹੋ ਗਿਆ ਪਰ ਮੁੰਡਿਆਂ ਨੂੰ ਸਾਫ ਕਹਿ ਦਿੱਤਾ ਕਿ ਆਰਕੈਸਟਰਾ ਮੰਚ ਸਾਹਮਣੇ ਨੱਚ ਲਵਾਗਾਂ, ਕਿਸੇ ਕੁੜੀ ਦਾ ਹੱਥ ਫੜ ਕੇ ਨਹੀਂ ਨੱਚਾਂਗਾ ।
ਆਖ਼ਿਰ ਉਹ ਧੱਕੇ ਨਾਲ ਮੈਨੂੰ ਸਟੇਜ ’ਤੇ ਲੈ ਗਏ ਤੇ ਉਨ੍ਹਾਂ ਵਿੱਚੋਂ ਇਕ ਨੇ ਆਰਕੈਸਟਰਾ ਲੜਕੀ ਦੇ ਕੰਨ ’ਚ ਕੁਝ ਕਿਹਾ। ਕੁੜੀ ਨੇ ਅੱਖਾਂ ਨਾਲ ਇਸ਼ਾਰਾ ਕੀਤਾ ਕਿ ਇੱਥੇ ਆ ਕੇ ਨੱਚ ਲਉ। ਮੈਂ ਭੀੜ ਤੋਂ ਦੂਰ ਕੁਝ ਪਲ ਨੱਚ ਕੇ ਛੇਤੀ ਹੀ ਮੰਚ ਤੋਂ ਹੇਠਾਂ ਉੱਤਰ ਆਇਆ। ਭੀੜ ਅਤੇ ਆਰਕੈਸਟਰਾ ਕੁੜੀਆਂ ਮਸਤੀ ਵਿੱਚ ਝੂਮ ਰਹੀਆਂ ਸਨ। ਦੋਵੇਂ ਧਿਰਾਂ ਅਜੀਬ ਤਰੀਕੇ ਨਾਲ ਛੇੜਖਾਨੀਆਂ ਕਰ ਰਹੀਆਂ ਸਨ। ਸਾਹਮਣੇ ਜੋ ਕੁਝ ਦੇਖ ਰਿਹਾ ਸਾਂ, ਸ਼ਰਮ ਨਾਲ ਅੱਖਾਂ ਝੁਕ ਗਈਆਂ। 60-65 ਸਾਲ ਦਾ ਆਦਮੀ, ਆਰਕੈਸਟਰਾ ਲੜਕੀ ਜਿਸ ਦੀ ਉਮਰ 20-22 ਵਰ੍ਹੇ ਹੋਵੇਗੀ, ਦਾ ਹੱਥ ਫੜਨ ਲਈ ਬੇਤਾਬ ਸੀ ਤੇ ਅਸ਼ਲੀਲ ਇਸ਼ਾਰੇ ਵੀ ਕਰ ਰਿਹਾ ਸੀ; ਜਿਸ ਗੀਤ ’ਤੇ ਸਾਰੇ ਨੱਚ ਰਹੇ ਸਨ, ਉਸ ਦੀ ਸ਼ਬਦਾਵਲੀ ਦਾ ਕਹਿਣਾ ਹੀ ਕੀ ਸੀ: ਹੋਇਆ ਕੀ ਜੇ ਨੱਚਦੀ ਦੀ ਬਾਂਹ ਫੜ ਲਈ ...’। ਮੰਚ ਸਾਹਮਣੇ ਬੈਠੀਆਂ ਔਰਤਾਂ ਜਿਸ ਵਿੱਚ ਨੱਚਣ ਵਾਲਿਆਂ ਦੀਆਂ ਧੀਆਂ ਭੈਣਾਂ ਵੀ ਹੋਣਗੀਆਂ, ਤੇ ਸ਼ਾਇਦ ਸੋਚ ਰਹੀਆਂ ਹੋਣ ਕਿ ਆਹ ਕੀ ਕਰ ਰਹੇ ਹਨ!
ਸੋਚ ਰਿਹਾ ਸੀ ਕਿ ਲੋਕ ਆਪਣਿਆਂ ਦੇ ਸਾਹਮਣੇ ਉਨ੍ਹਾਂ ਪੇਸ਼ੇਵਰ ਔਰਤਾਂ ਨਾਲ ਅਜਿਹੀਆਂ ਹਰਕਤਾਂ ਕਰ ਰਹੇ ਹਨ। ਗਾਇਕ, ਗੀਤਕਾਰ ਅਤੇ ਆਰਕੈਸਟਰਾ ਵਾਲਿਆਂ ਨੇ ਤਾਂ ਆਪਣਾ ਕੰਮ ਕਰ ਦਿੱਤਾ ਸੀ ਪਰ ਚਿੱਟੀ ਦਾੜ੍ਹੀ ਵਾਲਾ ਵੀ ਕੋਈ ਸੰਗ-ਸ਼ਰਮ ਨਹੀਂ ਸੀ ਮੰਨ ਰਿਹਾ।... ਸਾਡੇ ਪੁਰਖਿਆਂ ਨੇ ਤਾਂ ਅਹਿਮਦ ਸ਼ਾਹ ਅਬਦਾਲੀ ਨੂੰ ਲਲਕਾਰ ਕੇ ਦੂਜਿਆਂ ਦੀਆਂ ਧੀਆਂ ਭੈਣਾਂ ਨੂੰ ਉਸ ਦੇ ਚੁੰਗਲ ’ਚੋਂ ਛੁਡਾਇਆ ਸੀ। ਅੱਜ ਇਹ ਲੋਕ ਆਰਕੈਸਟਰਾ ਕੁੜੀਆਂ ਨੂੰ ਸ਼ਰੇਆਮ ਬੇਪੱਤ ਕਰਨ ’ਤੇ ਉਤਾਰੂ ਸਨ। ਉਦੋਂ ਸਾਡੇ ਬਹਾਦਰ ਪੁਰਖੇ ਉਨ੍ਹਾਂ ਮਜ਼ਲੂਮ ਔਰਤਾਂ ਦੇ ਹੱਕ ਵਿੱਚ ਪਹਾੜ ਵਾਂਗ ਅੜੇ ਪਰ ਅੱਜ ਇਨ੍ਹਾਂ ਦੇ ਹੱਕ ਵਿੱਚ ਖੜ੍ਹਾ ਕੋਈ ਨਜ਼ਰ ਨਹੀਂ ਆ ਰਿਹਾ ਸੀ; ਉਹ ਬੇਸਹਾਰਾ ਤੇ ਬੇਵੱਸ ਜਾਪ ਰਹੀਆਂ ਸਨ।
ਪ੍ਰੋਗਰਾਮ ਖ਼ਤਮ ਹੋਣ ’ਤੇ ਉਸ ਆਰਕੈਸਟਰਾ ਕੁੜੀ ਨੂੰ ਪੁੱਛ ਹੀ ਲਿਆ ਕਿ ਇਸ ਲਾਚਾਰੀ ਦੀ ਵਜ੍ਹਾ ਕੀ ਹੈ? ਪਹਿਲਾਂ ਤਾਂ ਉਸ ਨੇ ਹੱਸ ਕੇ ਗੱਲ ਟਾਲ ਦਿੱਤੀ, ਜਦ ਉਸ ਨੂੰ ਭੈਣ ਕਿਹਾ ਤਾਂ ਉਸ ਦੀਆਂ ਅੱਖਾਂ ਭਰ ਆਈਆਂ, ਉਹਨੇ ਦੱਸਿਆ, “ਵੀਰ ਜੀ, ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ... ਮੈਂ ਮਜਬੂਰੀਵਸ ਇਹ ਕਿੱਤਾ ਅਪਣਾਇਆ। ਬਾਪ ਕਾਫੀ ਸਮਾਂ ਪਹਿਲਾਂ ਗੁਜ਼ਰ ਗਿਆ ਸੀ, ਭਰਾ ਨਸ਼ੇੜੀ ਹੈ। ਉਹ ਸਾਨੂੰ ਮਾਵਾਂ ਧੀਆਂ ਨੂੰ ਕੁੱਟਦਾ ਮਾਰਦਾ ਹੈ। ਘਰ ਦਾ ਗੁਜ਼ਾਰਾ ਚਲਾਉਣ ਲਈ ਮੈਂ ਇੱਕ ਜਾਣਕਾਰ ਔਰਤ ਦੇ ਜ਼ਰੀਏ ਇੱਕ ਆਰਕੈਸਟਰਾ ਗਰੁੱਪ ’ਚ ਅਜਿਹਾ ਸ਼ਾਮਿਲ ਹੋਈ ਕਿ ਬਸ ਇਸ ਦਲਦਲ ਜੋਗੀ ਰਹਿ ਗਈ। ਚਿਹਰੇ ’ਤੇ ਨਕਲੀ ਮੁਸਕਾਨ ਰੱਖ ਕੇ ਲੋਕਾਂ ਦੀਆਂ ਜ਼ਿਆਦਤੀਆਂ ਸਹਿਣੀਆਂ ਪੈਦੀਆਂ। ਸਰੀਰ ਦੇ ਨਾਲ-ਨਾਲ ਰੂਹ ਤੱਕ ਜ਼ਖਮੀ ਹੋ ਜਾਂਦੀ... ਹੁਣ ਕੀ-ਕੀ ਦੱਸਾਂ ਤੁਹਾਨੂੰ...।” ਇਹ ਆਖ ਉਹ ਕੁੜੀ ਆਪਣੇ ਸਾਥੀਆਂ ਨਾਲ ਕਾਰ ਵਿੱਚ ਬੈਠ ਗਈ। ਉਸ ਦੇ ਬੋਲਾਂ ਨੇ ਝੰਜੋੜ ਦਿੱਤਾ ਸੀ।
ਹੁਣ ਜਦ ਵੀ ਕਿਸੇ ਵਿਆਹ ਸਮਾਗਮ ’ਚ ਜਾਂਦਾ ਤੇ ਆਰਕੈਸਟਰਾ ਕੁੜੀਆਂ ਨੂੰ ਨੱਚਦੀਆਂ ਦੇਖਦਾਂ ਤਾਂ ਉਸ ਕੁੜੀ ਦੀ ਦਾਸਤਾਨ ਚੇਤੇ ਆ ਜਾਂਦੀ ਹੈ ਜੋ ਬੇਚੈਨ ਕਰ ਦਿੰਦੀ ਹੈ... ਲੋਕਾਂ ਦੇ ਮਨਾਂ ਵਿੱਚੋਂ ਸੰਵੇਦਨਾ ਕਿੰਨੀ ਮਨਫ਼ੀ ਹੋ ਚੁੱਕੀ ਹੈ!
ਸੰਪਰਕ: 95173-96001