For the best experience, open
https://m.punjabitribuneonline.com
on your mobile browser.
Advertisement

ਪਿੰਡ ਦੀਆਂ ਕੁੜੀਆਂ

05:35 AM Jan 04, 2025 IST
ਪਿੰਡ ਦੀਆਂ ਕੁੜੀਆਂ
Advertisement

ਡਾ. ਪ੍ਰਵੀਨ ਬੇਗਮ

Advertisement

ਜਦੋਂ ਕਦੇ ਛੁੱਟੀਆਂ ਵਿੱਚ ਪਿੰਡ ਜਾਈਏ ਤਾਂ ਪੁਰਾਣੇ ਸ਼ਹਿਰ ਦਾ ਮੋਹ ਜਾਗ ਹੀ ਪੈਂਦਾ ਹੈ। ਇਨ੍ਹਾਂ ਛੋਟੇ ਸ਼ਹਿਰਾਂ ਨੇ ਹਾਲੇ ਵੀ ਆਪਣੇ ਦਿਲਾਂ ਵਿੱਚ ਪਿਆਰ ਭਿੱਜੀ ਅਪਣੱਤ ਤੇ ਸਾਂਝ ਸਮਾ ਰੱਖੀ ਹੈ। ਵੱਡੇ ਸ਼ਹਿਰਾਂ ਵਿੱਚ ਭਾਵੇਂ ਅਸੀਂ ਕੰਮਾਂ-ਕਾਰਾਂ ਲਈ ਵਸ ਤਾਂ ਗਏ ਹਾਂ ਪਰ ਸਾਡੀਆਂ ਜੜ੍ਹਾਂ ਇੱਕ ਖੱਬਲ ਦੀ ਤਰ੍ਹਾਂ ਇਨ੍ਹਾਂ ਛੋਟੇ ਸ਼ਹਿਰਾਂ ਵਿੱਚ ਹੀ ਲੱਗੀਆਂ ਹਨ। ਜੋ ਖਰੀਦਦਾਰੀ ਕਰਨ ਦਾ ਸੁਆਦ ਇਨ੍ਹਾਂ ਸ਼ਹਿਰਾਂ ਵਿੱਚ ਹੈ, ਉਹ ਵੱਡੇ-ਵੱਡੇ ਮਾਲਾਂ ਵਿੱਚ ਕਿੱਥੇ। ਹਰ ਦੋ-ਚਾਰ ਮਹੀਨੇ ਬਾਅਦ ਜਦੋਂ ਵੀ ਪਿੰਡ ਜਾਈਏ ਤਾਂ ਮੈਂ ‘ਨਾਭੇ ਜਾ ਕੇ ਆਉਣ’ ਦਾ ਰਾਗ ਅਲਾਪਦੀ ਰਹਿੰਦੀ ਹਾਂ। ਅਸਲ ਵਿੱਚ ਇਹ ਸ਼ਹਿਰ ਹਾਲੇ ਤੱਕ ਆਧੁਨਿਕ ਸ਼ਹਿਰੀਕਰਨ ਨਾਲ ਸਰਾਪੇ ਨਹੀਂ ਗਏ। ਖ਼ੈਰ, ਕੁਝ ਦਿਨ ਪਹਿਲਾਂ ਜਦੋਂ ਸਰਦੀ ਦੀਆਂ ਛੁੱਟੀਆਂ ਹੋਈਆਂ ਤਾਂ ਪਿੰਡ ਗਏ। ਪਿੰਡ ਤੋਂ ਫਿਰ ਨਾਭੇ ਗਏ। ਖ਼ਰੀਦੋ-ਫਰੋਖ਼ਤ ਤੋਂ ਵਿਹਲੇ ਹੋ ਕੇ ਦਿਲ ਕੀਤਾ ਆਪਣੇ ਕਾਲਜ ਵੱਲ ਗੇੜਾ ਮਾਰਿਆ ਜਾਵੇ। ਬਾਜ਼ਾਰ ’ਚੋਂ ਨਿਕਲ ਕੇ ਇੱਕ ਤੰਗ ਜਿਹੀ ਗਲੀ ਅੱਗੇ ਜਾ ਕੇ ਕਾਲਜ ਵਾਲੀ ਰੋਡ ’ਤੇ ਖ਼ਤਮ ਹੁੰਦੀ ਹੈ। ਮੇਰੀ ਧੀ ਤੇ ਭਤੀਜੀ ਵੀ ਮੇਰੇ ਨਾਲ ਸਨ। ਜਦੋਂ ਮੈਂ ਕਾਲਜ ਜਾਣ ਦੀ ਇੱਛਾ ਜ਼ਾਹਿਰ ਕੀਤੀ ਤਾਂ ਮੇਰੀ ਧੀ ਫਟਾਫਟ ਮੰਨ ਗਈ। ਉਸ ਵਿੱਚ ਵੀ ਆਪਣੀ ਮਾਂ ਦੇ ਪੁਰਾਣੇ ਕਾਲਜ ਨੂੰ ਵੇਖਣ ਦੀ ਉਤਸੁਕਤਾ ਸੀ। ਖ਼ੈਰ, ਅਸੀਂ ਜਦੋਂ ਕਾਲਜ ਦੇ ਗੇਟ ’ਤੇ ਪਹੁੰਚੇ ਤਾਂ ਉੱਤੇ ਲਿਖੇ ਬੋਰਡ ‘ਸਰਕਾਰੀ ਰਿਪੂਦਮਨ ਕਾਲਜ’ ਦੇਖ ਕੇ ਕਾਲਜੇ ਧੂਹ ਜਿਹੀ ਪਈ। ਮੈਨੂੰ ਉਹ ਦਿਨ ਯਾਦ ਕਰ ਆਪਣੀਆਂ ਅੱਖਾਂ ਕੁਝ ਸਿੱਲ੍ਹੀਆਂ ਜਿਹੀਆਂ ਜਾਪੀਆਂ, ਜਦੋਂ ਮੈਂ ਪਹਿਲੇ ਦਿਨ ਕਾਲਜ ’ਚ ਪੈਰ ਧਰਿਆ ਸੀ। ਮੈਂ ਬਹੁਤ ਡਰੀ, ਸਹਿਮੀ ਤੇ ਘਬਰਾਈ ਹੋਈ ਸੀ ਕਿਉਂਕਿ ਐਨੀਆਂ ਮਨਾਹੀਆਂ ਤੇ ਵਲਗਣਾਂ ਵਾਲੇ ਵਾਤਾਵਰਣ ਵਿੱਚੋਂ ਬਹੁਤ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਗੁੜ੍ਹਤੀ ਦੇ ਕੇ ਪਰਿਵਾਰ ਨੇ ਕਾਲਜ ਘੱਲਿਆ ਸੀ। ਸਿਰ ’ਤੇ ਚੁੱਕੀ ਇਸ ਪੰਡ ਨੇ ਮਨ ਅੰਦਰ ਹੀ ਸਹਿਮ ਬਿਠਾਈ ਰੱਖਿਆ। ਹਿੰਮਤ ਜਿਹੀ ਕਰਕੇ ਮੈਂ ਅੰਦਰ ਐਡਮਿਸ਼ਨ ਸੈੱਲ ਵਿੱਚ ਜਾ ਕੇ ਫਾਰਮ ਜਮ੍ਹਾਂ ਕਰਵਾਇਆ। ਉੱਥੋਂ ਲਾਇਬਰੇਰੀ ਕਾਰਡ ਲੈ ਕੇ ਮੈਂ ਅਗਲੇ ਕਮਰੇ ਵਿੱਚ ਚਲੀ ਗਈ। ਉੱਥੇ ਕਾਰਡ ’ਤੇ ਮੋਹਰ ਲਗਾਉਣ ਲਈ ਲਾਇਬਰੇਰੀ ਵਿੱਚ ਗਈ ਤਾਂ ਲਾਇਬ੍ਰੇਰੀਅਨ ਸਰ ਦੇ ਨਾਲ ਹੀ ਬੈਠੀ ਸਹਾਇਕ ਕਹਿ ਰਹੀ ਸੀ, ‘‘ਸਰ, ਅੱਜ-ਕੱਲ੍ਹ ਤਾਂ ਪਿੰਡਾਂ ਦੀਆਂ ਕੁੜੀਆਂ ਵੀ ਕਾਲਜ ਵਿੱਚ ਦਾਖ਼ਲਾ ਲੈਣ ਲੱਗ ਪਈਆਂ ਹਨ। ਵਿਚਾਰੀਆਂ ਨੇ ਬੀ.ਏ ਕਰਨ ਤੋਂ ਬਾਅਦ ਕੀ ਕਰਨਾ ਹੈ, ਇਸ ਬਾਰੇ ਇਨ੍ਹਾਂ ਨੂੰ ਬਹੁਤਾ ਪਤਾ ਨੀਂ ਹੁੰਦਾ। ਚਲੋ ਇੱਥੋਂ ਤੱਕ ਆਉਣਾ ਹੀ ਪਿੰਡਾਂ ਦੀਆਂ ਕੁੜੀਆਂ ਲਈ ਵੱਡੀ ਗੱਲ ਹੁੰਦੀ ਹੈ।’’ ਮੈਂ ਬਹੁਤ ਹੀ ਗਹੁ ਨਾਲ ਉਸ ਮੈਡਮ ਦੀ ਗੱਲ ਸੁਣੀ, ਸੱਚੀਂ ਮੈਨੂੰ ਬਹੁਤ ਹੀ ਅਜੀਬ ਲੱਗੀ, ਨਾਲ ਹੀ ਰੋਹ ਜਿਹਾ ਵੀ ਆਇਆ। ਪਰ ਉਸ ਸਮੇਂ ਐਨੀ ਬੋਲਣ ਦੀ ਹਿੰਮਤ ਕਿੱਥੇ ਸੀ। ਲਾਇਬਰੇਰੀ ਵਾਲੇ ਸਰ ਬਹੁਤ ਹੀ ਚੰਗੇ ਸਨ। ਮੈਂ ਅਕਸਰ ਹੀ ਫਰੀ ਕਲਾਸ ਵਿੱਚ ਲਾਇਬਰੇਰੀ ਜਾ ਕੇ ਪੜ੍ਹਦੀ ਰਹਿੰਦੀ। ਮੈਨੂੰ ਯਾਦ ਹੈ ਮੈਂ ਇੱਕ ਹਫ਼ਤੇ ਵਿੱਚ ਚਾਰ ਨਾਵਲ ਪੜ੍ਹੇ। ਬਾਕੀ ਪ੍ਰੋਫੈਸਰ ਕੁਲਦੀਪ ਸਿੰਘ ਹੁਰਾਂ ਦਾ ਪ੍ਰਭਾਵ ਹੀ ਐਨਾ ਸੀ ਕਿ ਪੜ੍ਹਨਾ ਚੰਗਾ ਲੱਗਦਾ। ਜਿੰਨੀ ਮਿਹਨਤ ਉਹ ਕਰਵਾਉਂਦੇ ਓਨੀ ਹੀ ਮਿਹਨਤ ਅਸੀਂ ਵੀ ਕਰਦੇ। ਨਾ ਮੋਬਾਈਲ ਫੋਨ ਸਨ ਤੇ ਨਾ ਹੀ ਹੋਰ ਕੋਈ ਤਕਨਾਲੋਜੀ ਦਾ ਵਿਕਰਾਲ ਰੂਪ। ਮੇਰੀ ਬੱਸ ਤਕਰੀਬਨ ਸਵਾ ਕੁ ਚਾਰ ਵਜੇ ਆਉਂਦੀ ਸੀ। ਦੋ ਕੁ ਵਜੇ ਅਸੀਂ ਵਿਹਲੇ ਹੋ ਜਾਂਦੇ। ਮੈਂ ਲਾਇਬਰੇਰੀ ’ਚ ਬੈਠ ਕੇ ਸਾਰੇ ਵਿਸ਼ਿਆਂ ਦਾ ਲਿਖਤੀ ਤੇ ਯਾਦ ਕਰਨ ਦਾ ਕੰਮ ਮੁਕਾ ਲੈਂਦੀ। ਨਾਲ ਵਾਲੇ ਸ਼ਹਿਰੀ ਮੁੰਡੇ-ਕੁੜੀਆਂ ਉੱਥੇ ਬੈਠੇ ਰਹਿੰਦੇ। ਪਤਾ ਨੀਂ ਕਿਉਂ ਮੇਰੇ ਤਾਂ ਜ਼ਿਹਨ ਵਿੱਚ ਉਸ ਸਹਾਇਕ ਬੀਬੀ ਦੀ ‘ਪਿੰਡਾਂ ਦੀਆਂ ਕੁੜੀਆਂ’ ਵਾਲੀ ਗੱਲ ਨੇ ਘਰ ਕੀਤਾ ਹੋਇਆ ਸੀ। ਮੈਂ ਬੀ.ਏ ਤੇ ਐੱਮ.ਏ ਕਾਲਜ ਵਿੱਚੋਂ ਕਰ ਕੇ ਵੀ ਯੂਨੀਵਰਸਿਟੀ ਟੌਪਰ ਰਹੀ। ਮੈਨੂੰ ਕਾਲਜ ਵਿੱਚੋਂ ਕਾਲਜ ਕਲਰ ਵੀ ਮਿਲਿਆ। ਕਾਲਜ ਦੀ ਹਰ ਗਤੀਵਿਧੀ ਵਿੱਚ ਮੈਂ ਮੋਹਰੀ ਰਹੀ। ਮੇਰੇ ਨਾਲ ਵਾਲੀਆਂ ਸਹੇਲੀਆਂ ਵੀ ਤਕਰੀਬਨ ਪਿੰਡਾਂ ਦੀਆਂ ਹੀ ਸਨ। ਸਾਰੀਆਂ ਪੜ੍ਹਾਈ ਵਿੱਚ ਬਹੁਤ ਹੀ ਹੁਸ਼ਿਆਰ ਸਨ। ਜਦੋਂ ਅਸੀਂ ਅੰਦਰ ਗਏ ਤਾਂ ਲਾਇਬਰੇਰੀ ਦੇ ਨੇੜੇ ਹੀ ਚੌਕੀਦਾਰ ਅੰਕਲ ਬੈਠੇ ਸਨ। ਬਜ਼ੁਰਗ ਜਿਹੇ ਹੋ ਗਏ ਸਨ ਤੇ ਮੈਂ ਧੀ ਨੂੰ ਕਿਹਾ ਕਿ ‘ਆ ਤੈਨੂੰ ਅੰਕਲ ਨਾਲ ਮਿਲਾਵਾਂ’, ਉਹ ਕਹਿੰਦੀ ‘ਮੰਮੀ ਇਨ੍ਹਾਂ ਨੇ ਨਹੀਂ ਪਛਾਨਣਾ ਤੁਹਾਨੂੰ’। ਮੈਂ ਅੰਕਲ ਨੂੰ ਜਦੋਂ ਫਤਹਿ ਬੁਲਾਈ। ਮੈਨੂੰ ਵੀ ਲੱਗਾ ਕਿ ਸੱਚੀ ਇਹ ਭੁੱਲ-ਭਲਾ ਗਏ ਹੋਣਗੇ। ਪਰ ਉਨ੍ਹਾਂ ਨੇ ਜਦੋਂ ਗਹੁ ਨਾਲ ਮੈਨੂੰ ਦੇਖਿਆ ਤਾਂ ਉਨ੍ਹਾਂ ਦੀ ਅੱਖਾਂ ਦੀ ਚਮਕ ਨੇ ਮੇਰੇ ਚਿਹਰੇ ’ਤੇ ਇੱਕ ਮੁਸਕਾਨ ਲਿਆਂਦੀ। ਮੈਂ ਕਿਹਾ, ‘ਬਾਊ ਜੀ ਪਛਾਣਿਆ?’ ਮੱਥੇ ’ਤੇ ਤਿਉੜੀ ਪਾ ਕਹਿੰਦੇ, ‘ਬੀਬਾ ਪ੍ਰਵੀਨ! ਲੁਬਾਣੇ ਤੋਂ’ ਮੈਂ ਹਾਂ ਵਿੱਚ ਸਿਰ ਹਿਲਾਇਆ। ਨਾਲ ਹੀ ਬੋਲੇ ‘ਮਾਸਟਰ ਜੀ ਦੀ ਕੁੜੀ’। ਮੈਨੂੰ ਸੱਚੀਂ ਬਹੁਤ ਖ਼ੁਸ਼ੀ ਹੋਈ। ਮੇਰੀ ਧੀ ਮਜ਼ਾਕ ਕਰਦੀ ਕਹਿਣ ਲੱਗੀ, ‘ਮੰਮਾ ਕਮਾਲ ਹੀ ਹੋਗੀ। ਕਿਆ ਯਾਦਦਾਸ਼ਤ ਹੈ ਬਾਬਾ ਜੀ ਦੀ’। ਅੰਕਲ ਨੂੰ ਮਿਲ ਕੇ ਮੈਂ ਲਾਇਬ੍ਰੇਰੀਅਨ ਸਰ ਕੋਲ ਪਹੁੰਚੀ। ਉਹ ਦੂਰੋਂ ਹੀ ਦੇਖ ਖੜ੍ਹੇ ਹੋ ਗਏ ਤੇ ਕਹਿੰਦੇ ‘‘ਡਾ. ਸਾਹਿਬ ਅੱਜ ਤਾਂ ਕੁਝ ਹੋਰ ਵੀ ਮੰਗ ਲੈਂਦੇ ਤਾਂ ਰੱਬ ਨੇ ਦੇ ਦੇਣਾ ਸੀ। ਮੈਂ ਅੱਜ ਸਵੇਰੇ ਹੀ ਤੁਹਾਡੀ ਗੱਲ ਕਰ ਰਿਹਾ ਸੀ। ਤੁਹਾਡੀਆਂ ਲਿਖਤਾਂ ਮੈਂ ਅਕਸਰ ਹੀ ਅਖ਼ਬਾਰਾਂ ਵਿੱਚ ਪੜ੍ਹਦਾ ਹਾਂ।’’ ਮੈਂ ਹੱਥ ਜੋੜ ਕੇ ਭਰੀਆਂ ਅੱਖਾਂ ਨਾਲ ਉਨ੍ਹਾਂ ਸਾਹਮਣੇ ਖੜ੍ਹੀ ਸੀ। ਦਿਲ ਕਰਦਾ ਸੀ ਕਿ ਉਸ ਲਾਇਬਰੇਰੀ ਨੂੰ ਆਪਣੇ ਵਿੱਚ ਸਮੋ ਲਵਾਂ ਜਿਸ ਨੇ ਅੱਜ ਪੈਰਾਂ-ਸਿਰ ਹੋਣ ਦੀ ਮਜ਼ਬੂਤ ਨੀਂਹ ਰੱਖੀ ਸੀ। ਸਰ ਨੇ ਮੇਰੇ ਗਰੁੱਪ ਦੀਆਂ ਉਨ੍ਹਾਂ ਸਾਰੀਆਂ ਪਿੰਡ ਦੀਆਂ ਕੁੜੀਆਂ ਨੂੰ ਯਾਦ ਕੀਤਾ ਜੋ ਅੱਜ ਵਧੀਆ ਅਹੁਦਿਆਂ ’ਤੇ ਹਨ। ਮੈਨੂੰ ਸੱਚੀਂ ਆਪਣੇ ਆਪ ’ਤੇ ਮਾਣ ਮਹਿਸੂਸ ਹੋ ਰਿਹਾ ਸੀ ਕਿ ਕਾਲਜ ਦਾ ਪੰਜ ਸਾਲਾਂ ਦਾ ਸਫ਼ਰ ਉਸ ਪਿੰਡ ’ਚੋਂ ਕੀਤਾ ਸੀ, ਜਿੱਥੇ ਬੱਸ ਤੱਕ ਨਹੀਂ ਸੀ ਆਉਂਦੀ। ਜੇਕਰ ਉਹ ਸਫ਼ਰ ਨਾ ਕਰਦੇ ਤਾਂ ਅੱਜ ਇੱਥੇ ਕਿਵੇਂ ਪਹੁੰਚਦੇ ਜਿੱਥੇ ਹਾਂ। ਸੋਚਾਂ ਦੀ ਤਾਰ ਤੋੜਦਿਆਂ ਲਾਇਬ੍ਰੇਰੀਅਨ ਸਰ ਤੋਂ ਜਾਣ ਦੀ ਇਜ਼ਾਜਤ ਮੰਗੀ ਤਾਂ ਉਨ੍ਹਾਂ ਨੂੰ ਵੀ ਪਤਾ ਨੀ ਉਸ ਸਹਾਇਕ ਬੀਬੀ ਦੀ ਗੱਲ ਕਿੱਥੋਂ ਯਾਦ ਆ ਗਈ ਅਖੇ ‘ਪਿੰਡਾਂ ਦੀਆਂ ਕੁੜੀਆਂ’ ਤੇ ਅਸੀਂ ਸਾਰੇ ਠਹਾਕਾ ਲਗਾ ਕੇ ਹੱਸਦੇ ਹੋਏ ਦੁਬਾਰਾ ਮਿਲਣ ਦਾ ਵਾਅਦਾ ਕਰ ਕੇ ਉੱਥੋਂ ਵਿਦਾ ਹੋਏ। ਕਾਲਜ ਦੇ ਪ੍ਰਾਪਤੀ ਬੋਰਡ ’ਤੇ ਆਪਣੀ ਮਾਂ ਦਾ ਨਾਮ ਦੇਖ ਮੇਰੀ ਧੀ ਲੋਹੜਿਆਂ ਦੀ ਖ਼ੁਸ਼ ਸੀ।
ਸੰਪਰਕ: 89689-48018

Advertisement

Advertisement
Author Image

joginder kumar

View all posts

Advertisement